ਡਾ. ਸੁਰਿੰਦਰ ਮੰਡ (ਪ੍ਰੋਫ਼ੈਸਰ)
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਰਾਨ ਉੱਤੇ ਹਮਲੇ ਦੇ ਇੱਕ ਮਹੀਨੇ ਉਪਰੰਤ ਆਪਣੇ ਕੌਮ ਦੇ ਨਾਮ ਸੰਦੇਸ਼ ਵਿੱਚ ਐਲਾਨ ਕੀਤਾ ਕਿ ਇਰਾਨ ਨਾਲ ਜੰਗ ਜਿੱਤੀ ਪਈ ਹੈ ਤੇ ਬਸ ਦੋ ਤਿੰਨ ਹਫਤਿਆਂ ਤੱਕ ਹੋਰ ਚੱਲੇਗੀ।
ਉਸਨੇ ਇਰਾਨੀ ਨੇਵੀ, ਰਾਡਾਰ, ਹਵਾਈ ਤਾਕਤ, ਪ੍ਰਮਾਣੂ ਕੇਂਦਰ ਅਤੇ ਮਿਜ਼ਾਈਲ ਲਾਂਚ ਸਿਸਟਮ ਤਬਾਹ ਕਰ ਦੇਣ ਦਾ ਦਾਅਵਾ ਕੀਤਾ। ਫੜ੍ਹ ਵੀ ਮਾਰੀ ਕਿ ਇਰਾਨ 6 ਅਪ੍ਰੈਲ ਤੱਕ ਸਮਝੌਤੇ ਲਈ ਝੁਕੇ, ਨਹੀਂ ਤਾਂ ਬੰਬਾਰੀ ਨਾਲ ਪੱਥਰ ਯੁੱਗ ਵਿੱਚ ਪੁਚਾ ਦਿਆਂਗਾ ਪਰ ਟਰੰਪ ਨੇ ਆਪਣੇ ਸੰਬੋਧਨ ਵਿੱਚ ਇਰਾਨ ਅੰਦਰ ਕਿਸੇ ਤਰ੍ਹਾਂ ਦੇ ਗਰਾਊਂਡ ਉਪਰੇਸ਼ਨ ਕਰਨ ਦਾ ਨਾਮ ਨਹੀਂ ਸੀ ਲਿਆ ਅਤੇ ਹਾਰਮੂਜ਼ ਸਮੁੰਦਰੀ ਲਾਂਘਾ ਖੁਲ੍ਹਵਾਉਣ ਬਾਰੇ ਵੀ ਆਖਿਆ ਕਿ ਅਮਰੀਕਾ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ। ਜਿਨ੍ਹਾਂ ਨੇ ਓਧਰੋਂ ਲੰਘਣਾ ਜਾਂ ਤੇਲ ਲੰਘਾਉਣਾ ਉਹ ਕਰਨ ਜੋ ਕਰਨਾ। ਇਸ ਨਾਲ ਖਾੜੀ ਦੇ ਅਰਬ ਦੇਸ਼ਾਂ ਨੂੰ ਸਭ ਤੋਂ ਵੱਡਾ ਝਟਕਾ ਲੱਗਾ ਹੋਵੇਗਾ ਕਿਉਂਕਿ ਉਹਨਾਂ ਨੇ ਤਾਂ ਸਭ ਖੁਰਾਕੀ ਤੇ ਲੋੜ ਦਾ ਸਾਰਾ ਕੁਝ ਵੀ ਮੰਗਾਉਣਾ ਹੁੰਦਾ। ਉਹਨਾਂ ਨੂੰ ਤਾਂ ਆਪਣੀ ਧਰਤੀ ਉੱਤੇ ਅਮਰੀਕੀ ਫ਼ੌਜੀ ਅੱਡੇ ਬਣਵਾਉਣ ਕਾਰਨ ਹੀ ਜੰਗ ਦਾ ਸੇਕ ਲੱਗ ਰਿਹਾ, ਵਰਨਾ ਇਰਾਨ ਨਾਲ ਕੋਈ ਝਗੜਾ ਹੀ ਨਹੀਂ ਸੀ। ਟਰੰਪ ਨੇ ਇਹ ਵੀ ਕਿਹਾ ਕਿ ਇਰਾਨ ਸਰਕਾਰ ਬਦਲਨੀ ਸਾਡਾ ਮਕਸਦ ਹੀ ਨਹੀਂ ਸੀ। ਸੁਣਕੇ ਲੱਗਾ ਜਿਵੇਂ ਪਹਿਲਾਂ ਵੀ ਤੇ ਹੁਣ ਵੀ ਇਰਾਨ ਨੂੰ ਸਿਰਫ ਤਬਾਹ ਕਰਨਾ ਹੀ ਜੰਗ ਦਾ ਅਸਲੀ ਮਕਸਦ ਹੋਵੇ।
ਟਰੰਪ ਦੇ ਸੰਬੋਧਨ ਉਪਰੰਤ ਦੋਵਾਂ ਪਾਸਿਓਂ ਹਮਲੇ ਹੋਰ ਪ੍ਰਚੰਡ ਹੋ ਗਏ ਹਨ। ਜਾਨੀ ਮਾਲੀ ਨੁਕਸਾਨ ਵਧਿਆ ਹੈ। 18 ਅਮਰੀਕੀ ਕੰਪਨੀਆਂ ਉੱਤੇ ਖਾੜੀ ਦੇਸ਼ਾਂ ਵਿੱਚ ਹਮਲੇ ਕਾਰਨ ਇਮਾਰਤਾਂ ਖਾਲੀ ਹੋ ਗਈਆਂ ਹਨ। ਇਜ਼ਰਾਇਲ ਅਮਰੀਕਾ 200 ਜਹਾਜ਼ਾਂ ਨਾਲ ਲਗਾਤਾਰ ਵਿਨਾਸ਼ਕਾਰੀ ਹਮਲੇ ਕਰ ਰਹੇ ਹਨ, ਜਦਕਿ ਇਰਾਨ, ਲਿਬਨਾਨੀ ਹਿਜ਼ਬੁੱਲਾ ਅਤੇ ਯਮਨ ਦੇ ਹੂਤੀ ਮੋੜਵਾਂ ਮਾਰੂ ਜਵਾਬ ਦੇ ਕੇ ਹੈਰਾਨ ਕਰ ਰਹੇ ਹਨ। ਇੱਕ ਦਿਨ ਵਿੱਚ ਹੀ ਅਮਰੀਕਾ ਦੇ ਚਾਰ ਲੜਾਕੂ ਜਹਾਜ਼ ਅਤੇ ਤਿੰਨ ਹੈਲੀਕਾਪਟਰ ਇਰਾਨ ਨੇ ਮਾਰ ਗਿਰਾਏ ਹਨ। ਇਰਾਨ ਦੁਆਲੇ ਅਮਰੀਕੀ ਫ਼ੌਜੀ ਜਮਾਵੜਾ, ਹਮਲੇ ਅਤੇ ਤਬਾਹੀ ਵੀ ਜਾਰੀ ਹੈ।
ਇਸਲਾਮਾਬਾਦ ਸਮਝੌਤਾ ਵਾਰਤਾ ਦੀ ਚਰਚਾ ਫਿਲਹਾਲ ਠੱਪ ਹੈ। ਇਸਰਾਈਲ ਤਾਂ ਪਹਿਲਾਂ ਤੋਂ ਹੀ ਇਰਾਨ ਨਾਲ ਕਿਸੇ ਵੀ ਸਮਝੌਤੇ ਦਾ ਸਖ਼ਤ ਵਿਰੋਧੀ ਹੈ, ਤੇ ਅਮਰੀਕੀ ਸ਼ਮੂਲੀਅਤ ਵਾਲੀ ਇਸ ਜੰਗ ਨੂੰ ਇਰਾਨ ਦੀ ਤਬਾਹੀ ਦੇ ਇੱਕ ਸੁਨਹਿਰੀ ਮੌਕੇ ਵਜੋਂ ਵੇਖ ਰਿਹਾ। ਇਰਾਨ ਅਗਾਂਹ ਲਈ ਸੁਰੱਖਿਆ ਗਰੰਟੀ ਅਤੇ ਆਪਣੇ ਬਾਬਤ ਹਰ ਪੱਖੋਂ ਨਿਆਈਂ ਵਤੀਰੇ ਤੋਂ ਬਿਨਾ ਸਮਝੌਤਾ ਨਹੀਂ ਕਰਨਾ ਚਹੁੰਦਾ। ਮੇਰਾ ਖਿਆਲ ਕਿ ਇਰਾਨ ਦਾ ਅਮਰੀਕਾ ਨਾਲ ਤਾਂ ਕਦੀ ਨਾ ਕਦੀ ਸਮਝੌਤਾ ਹੋ ਸਕਦਾ, ਪਰ ਨੇਤਨਯਾਹੂ ਦੇ ਹੁੰਦਿਆਂ ਇਜ਼ਰਾਇਲ ਨਾਲ ਸੰਭਵ ਨਹੀਂ।
ਇੰਝ ਦੋਵੇਂ ਧਿਰਾਂ ਆਪਸੀ ਸਹਿਮਤੀ ਬਣਨ ਪੱਖੋਂ ਉਸ ਤੋਂ ਵੀ ਦੂਰ ਚਲੇ ਗਈਆਂ ਹਨ, ਜਿੱਥੇ ਜੰਗ ਲੱਗਣ ਤੋਂ ਪਹਿਲਾਂ ਸਨ। ਬੇਵਿਸ਼ਵਾਸੀ ਸਿਖਰ ਉੱਤੇ ਹੈ। ਜੰਗ ਹਰ ਤਰ੍ਹਾਂ ਦੀਆਂ ਹੱਦਾਂ ਲੰਘ ਜਾਣ ਵਾਲੇ ਪਾਸੇ ਤੁਰਦੀ ਦਿੱਸਦੀ ਹੈ।
ਅਮਰੀਕਾ ਦੀ ‘ਬਿਊਰੋ ਆਫ ਕਾਊਂਟਰ ਟੈਰਿਰਿਜ਼ਮ’ ਦੇ ਮੁਖੀ ਕੈਂਟ ਨੇ ਵੀ ਇਹ ਆਖ ਕੇ ਅਸਤੀਫਾ ਦੇ ਚੁੱਕਾ ਕਿ ਇਰਾਨ ਕੋਲੋਂ ਅਮਰੀਕਾ ਨੂੰ ਕੋਈ ਖ਼ਤਰਾ ਨਹੀਂ ਸੀ, ਇਰਾਨ ਉੱਤੇ ਹਮਲਾ ਟਰੰਪ ਤੇ ਨੇਤਨਯਾਹੂ ਦੀ ਜ਼ਿਆਦਤੀ ਹੈ,
ਇਹ ਅਮਰੀਕਾ ਦੇ ਹਿੱਤ ਵਿੱਚ ਨਹੀਂ। ਦੁਨੀਆਂ ਦੇ 100 ਪ੍ਰਮੁੱਖ ਕਾਨੂੰਨੀ ਮਾਹਰਾਂ ਨੇ ਸਾਂਝਾ ਬਿਆਨ ਦਿੱਤਾ ਹੈ ਕਿ ਅਮਰੀਕਾ ਇਜ਼ਰਾਇਲ ਵੱਲੋਂ ਇਹ ਹਮਲਾ ਯੂ.ਐਨ ਚਾਰਟਰ ਦੀ ਘੋਰ ਉਲੰਘਣਾ ਹੈ।
ਮੈਂ ਇੱਕ ਲੇਖ ‘ਏਸ਼ੀਆ ਵਿੱਚ ਦਨਦਨਾਉਂਦਾ ਅਮਰੀਕੀ ਸਾਮਰਾਜ’ ਵਿੱਚ ਹੀ ਲਿਖਿਆ ਸੀ ਕਿ “ਇਹ ਖਿੱਤਾ ਤੇਲ ਭੰਡਾਰਾਂ ਨਾਲ ਮਾਲਾਮਾਲ ਹੈ…. ਇਸ ਖਿੱਤੇ ਵਿੱਚ ਹਰ ਤਰ੍ਹਾਂ ਦੀ ਫ਼ੌਜੀ ਚੁਣੌਤੀ ਨੂੰ ਉੱਗਣ ਨਾ ਦੇਣਾ ਅਮਰੀਕਾ ਦੀ ਯੁੱਧ ਨੀਤੀ ਹੈ। ਕੋਈ ਵੱਡੀ ਗੱਲ ਨਹੀਂ ਜੇ ਇਰਾਕ ਉੱਤੇ ਹਮਲੇ ਤੋਂ ਬਾਅਦ ਇਰਾਨ, ਉੱਤਰੀ ਕੋਰੀਆ, ਜਾਂ ਲੀਬੀਆ ਉੱਤੇ ਵੀ ਹਮਲਾ ਕਰ ਦਿੱਤਾ ਜਾਵੇ।
ਸੋਵੀਅਤ ਯੂਨੀਅਨ ਦੇ 15 ਦੇਸ਼ਾਂ ਵਿੱਚ ਵੰਡੇ ਜਾਣ ਉਪਰੰਤ 1992 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਬੁਸ਼ ਨੇ ਆਪਣੀ ਪਾਰਲੀਮੈਂਟ ਵਿੱਚ ਐਲਾਨ ਕੀਤਾ ਸੀ ਕਿ, “ਜਦੋਂ ਮੈਂ ਅਮਰੀਕਾ ਦਾ ਪ੍ਰਧਾਨ ਬਣਿਆਂ ਸੀ ਤਾਂ ਦੁਨੀਆਂ ਵਿੱਚ ਦੋ ਮਹਾਂਸ਼ਕਤੀਆਂ ਸਨ। ਮੈਂ ਫ਼ਖ਼ਰ ਨਾਲ ਐਲਾਨ ਕਰ ਰਿਹਾ ਹਾਂ ਕਿ ਦੂਜੀ ਮਹਾਂਸ਼ਕਤੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਅਮਰੀਕਾ ਹੀ ਇਕੋ ਇੱਕ ਮਹਾਂਸ਼ਕਤੀ ਹੈ।
‘ਇਕੋ ਇੱਕ ਮਹਾਂਸ਼ਕਤੀ’ ਹੋਣ ਵਾਲਾ ਨਸ਼ਾ ਟਰੰਪ ਦੇ ਆਉਣ ਤੋਂ ਬਾਅਦ ਤਾਂ ਏਨਾ ਸਿਰ ਨੂੰ ਚੜ੍ਹ ਗਿਆ ਕਿ ਆਪਣੇ ਫ਼ੌਜੀ ਗਠਜੋੜ ‘ਨਾਟੋ’ ਦੇ ਮੈਂਬਰ ਦੇਸ਼ਾਂ (ਗਰੀਨਲੈਂਡ, ਕੈਨੇਡਾ) ਉੱਤੇ ਕਬਜ਼ਾ ਕਰ ਲੈਣ ਦੇ ਬਿਆਨ, ਦੁਨੀਆਂ ਉੱਤੇ ਇਕਪਾਸੜ ਟੈਰਿਫ ਵਧਾਉਣ ਦੇ ਚਲਨ ਨੇ ‘ਨਾਟੋ’ ਗਠਜੋੜ ਨੂੰ ਅੰਦਰੋਂ ਕਮਜ਼ੋਰ ਕਰ ਦਿੱਤਾ ਹੈ। ਏਸੇ ਲਈ ਟਰੰਪ ਦੀਆਂ ਵਾਰ ਵਾਰ ਅਪੀਲਾਂ ਦੇ ਬਾਵਜੂਦ ਕੋਈ ਵੀ ‘ਨਾਟੋ’ ਦੇਸ਼ ਅਮਰੀਕਾ ਨਾਲ ਇਰਾਨ ਵਿਰੁੱਧ ਲੜਨ ਲਈ ਨਹੀਂ ਆਇਆ। ਸਗੋਂ ਫਰਾਂਸ, ਸਪੇਨ, ਇਟਲੀ, ਜਰਮਨ, ਇੰਗਲੈਂਡ, ਸਵਿਟਜ਼ਰਲੈਂਡ, ਜਪਾਨ, ਆਸਟ੍ਰੇਲੀਆ,ਆਸਟ੍ਰੀਆ ਨੇ ਆਖਿਆ ਕਿ ਇਹ ਸਾਡੀ ਜੰਗ ਨਹੀਂ। ਇਟਲੀ ਨੇ ਤਾਂ ਅਮਰੀਕੀ ਜਹਾਜ਼ ਆਪਣੀ ਧਰਤੀ ’ਤੇ ਨਹੀਂ ਉਤਰਨ ਦਿੱਤੇ।
ਅਮਰੀਕਾ ਨੇ ਵੀ ਅੱਗੋਂ ਆਖ ਦਿੱਤਾ ਕਿ ਯੂਕ੍ਰੇਨ ਵੀ ਫਿਰ ਸਾਡੀ ਜੰਗ ਨਹੀਂ। ਸ਼ਾਇਦ ਹੁਣ ‘ਨਾਟੋ’ ਦਾ ਵਜੂਦ ਪਹਿਲਾਂ ਵਾਲਾ ਨਹੀਂ ਰਹਿ ਸਕੇਗਾ। ਸਿਆਸੀ ਪੱਖੋਂ ਇਹ ਜੰਗ ਅਮਰੀਕਾ ਨੂੰ ਸਭ ਤੋਂ ਵੱਧ ਮਹਿੰਗੀ ਪਵੇਗੀ।
ਆਮ ਲੋਕ ਸੋਚਦੇ ਕਿ ਜੇ ਪ੍ਰਮਾਣੂ ਬੰਬਾਂ ਨਾਲ ਲੈਸ ਮੁਲਕਾਂ ਨੇ ਇਹ ਧੌਂਸ ਵਖਾ ਕੇ ਦੂਜੇ ਮੁਲਕਾਂ ਦਾ ਇਰਾਨ ਵਾਲਾ ਹਾਲ ਕਰਨਾ ਹੈ, ਤਾਂ ਫਿਰ ‘ਮਰਦਾ ਕੀ ਨਹੀਂ ਕਰਦਾ’ ਦੇ ਅਖਾਣ ਮੁਤਾਬਕ ਉਹਨਾਂ ਕੋਲ ਵੀ ਅੱਗੋਂ ਉੱਤਰੀ ਕੋਰੀਆ ਵਾਂਗ ਐਟਮ ਬੰਬ ਬਣਾ ਕੇ ਆਪਣਾ ਬਚਾਅ ਕਰ ਲੈਣ ਤੋਂ ਸਿਵਾ ਹੋਰ ਚਾਰਾ ਵੀ ਕੀ ਹੈ ਟਰੰਪ ਤਾਂ ਕਹਿ ਚੁੱਕਾ ਕਿ ਜ਼ਰਾ ਕੁ ਇੰਤਜ਼ਾਰ ਕਰੋ, ਇਰਾਨੀ ਤੇਲ ਵੀ ਸਾਡਾ ਹੋਵੇਗਾ।
ਇਜ਼ਰਾਇਲ ਇਸ ਜੰਗ ਦੀ ਆੜ ਵਿੱਚ ‘ਗਰੇਟਰ ਇਜ਼ਰਾਇਲ’ ਅਜੰਡੇ ਤਹਿਤ ਲਿਬਨਾਨ ਦੇ ਦੱਖਣੀ ਇਲਾਕੇ ਉੱਤੇ ‘ਲਿਤਾਨੀ’ ਦਰਿਆ ਜੋ ਇਜ਼ਰਾਇਲੀ ਹੱਦ ਤੋਂ 30 ਕਿਲੋਮੀਟਰ ਦੂਰ ਹੈ, ਤਕ ਕਬਜ਼ਾ ਕਰਨ ਲਈ ਵੀ ਹਮਲੇ ਕਰ ਰਿਹਾ ਹੈ। ਇਜ਼ਰਾਇਲ ਦੀ ਸਰਕਾਰ ਨੇ ਨਵਾਂ ਕਨੂੰਨ ਪਾਸ ਕੀਤਾ ਹੈ ਕਿ ਹਿਰਾਸਤ ਵਿਚਲੇ ਸਜ਼ਾਯਾਫ਼ਤਾ ਲੋਕਾਂ (ਯਹੂਦੀਆਂ ਨੂੰ ਨਹੀਂ) ਨੂੰ 90 ਦਿਨਾਂ ਦੇ ਅੰਦਰ ਅੰਦਰ ਫ਼ਾਂਸੀ ਦੇ ਦਿੱਤੀ ਜਾ ਸਕੇਗੀ। ਇਸ ਨਸਲੀ ਜਬਰ ਉੱਤੇ ਯੂਰਪੀ ਦੇਸ਼ ਵੀ ਭੜਕ ਗਏ ਹਨ। ਸਭ ਮੁਸਲਿਮ ਦੇਸ਼ ਡਹਿੰਬਰੇ ਤੇ ਚੁੱਪ ਹਨ। ਇਜ਼ਰਾਇਲ ਆਸ ਪਾਸ ‘ਪੁਆੜੇ ਦੀ ਜੜ੍ਹ’ ਮੁਲਕ ਵਾਂਗ ਹਰਕਤਾਂ ਕਰ ਰਿਹਾ।
ਜਦਕਿ ਇਰਾਨ ਵਾਸਤੇ ਇਹ ਥੋਪੀ ਗਈ ਜੰਗ ਲੜਨਾ ਆਪਣੀ ਹੋਂਦ ਅਤੇ ਅਣਖ ਨੂੰ ਬਚਾਉਣ ਦਾ ਕੌਮੀ ਯੁੱਧ ਬਣ ਗਿਆ ਹੈ। ਇਰਾਨ ਦੇ ਹੌਸਲੇ ਬੁਲੰਦ ਹਨ। ਇਜ਼ਰਾਇਲੀ ਜਨਤਾ ਇੱਕ ਤਰ੍ਹਾਂ ਬੰਕਰਾਂ ਵਿੱਚ ਹੈ। ਇੱਕ ਕਰੋੜ ਅਮਰੀਕੀ ਜਨਤਾ ਜੰਗ ਵਿਰੋਧੀ ਮੁਜਾਹਰਿਆਂ ਵਿੱਚ ਸ਼ਾਮਲ ਹੋਈ ਹੈ। ਤਾਜ਼ੀ ਖ਼ਬਰ ਕਿ ਟਰੰਪ ਨੇ ਅਮਰੀਕੀ ਸੈਨਾਵਾਂ ਦੇ ਮੁਖੀ ਰੈਂਡੀ ਜਾਰਜ਼ ਅਤੇ ਸੋਲਿਸਟਰ ਜਨਰਲ ਪਾਮ ਬੈਂਡੀ ਨੂੰ ਅਹੁਦਿਆਂ ਤੋਂ ਹਟਾ ਦਿੱਤਾ ਹੈ। ਅਹੁਦਿਓਂ ਹਟਾਏ ਫ਼ੌਜ ਮੁਖੀ ਨੇ ਟਰੰਪ ਉੱਤੇ ਨਿਸ਼ਾਨਾ ਸਾਧਦਿਆਂ ਪੱਤਰ ਲਿਖਿਆ ਹੈ ਕਿ ਅਮਰੀਕੀ ਸੈਨਾਵਾਂ ਦਾ ਸੁਪਰੀਮ ਕਮਾਂਡਰ ਚਰਿੱਤਰਵਾਨ ਹੋਣਾ ਚਾਹੀਦਾ ਹੈ। ਓਥੋਂ ਦੇ ਸਰਵੇਖਣਾਂ ਵਿੱਚ ਯੁੱਧ ਕਾਰਨ ਟਰੰਪ ਦਾ ਸਮਰਥਨ 35 % ਰਹਿ ਗਿਆ ਹੈ। ਯੂ. ਐਨ, ਸਕੱਤਰ ਜਨਰਲ ਗੁਟੇਰੇਸ ਨੇ ਅਮਰੀਕਾ ਇਜ਼ਰਾਇਲ ਨੂੰ ਹਮਲੇ ਫ਼ੌਰੀ ਰੋਕਣ ਲਈ ਆਖਿਆ ਹੈ। ਅਮਰੀਕੀ ਮੈਗਜ਼ੀਨ ‘ਟਾਈਮਜ਼’ ਨੇ ਆਪਣੇ ‘ਕਵਰ ਪੰਨੇ’ ਉੱਤੇ ਟਰੰਪ ਦੀ ਫੋਟੋ ਲਾ ਕੇ ਉੱਪਰ ਲਿਖਿਆ ਹੈ ਕਿ “ਟਰੰਪ ਬਾਹਰ ਨਿਕਲਣ ਦਾ ਰਸਤਾ ਲੱਭ ਰਿਹਾ”।
ਇੱਕ ਮਹੀਨੇ ਦੀ ਲੜਾਈ ਦਾ ਨਿਚੋੜ ਇਹ ਹੈ ਕਿ ਅਮਰੀਕਾ ਇਜ਼ਰਾਇਲ ਆਪਣੇ ਸਰਕਾਰ ਬਦਲਣ ਦੇ ਐਲਾਨਾਂ ਤੋਂ ਮੁੱਕਰ ਗਏ ਹਨ। ਸਗੋਂ ਉਲਟਾ ਇਰਾਨੀ ਆਗੂਆਂ ਦੇ ਕਤਲਾਂ ਦੇ ਬਾਵਜੂਦ ਅਮਰੀਕੀ ਏਜੰਸੀ ‘ਰਾਈਟਰਜ਼’
ਦੀ ਰਿਪੋਰਟ ਹੈ ਕਿ ਇਰਾਨ ਸਰਕਾਰ ਨੂੰ ਲੋਕਾਂ ਦੀ ਹਮਾਇਤ ਬਹੁਤ ਵਧ ਗਈ ਹੈ। ਪ੍ਰਮਾਣੂੰ ਮੁੱਦੇ ਬਾਰੇ ਤਾਂ ਸੰਭਾਵਨਾ ਹੈ ਕਿ ਇਰਾਨ ਪ੍ਰਮਾਣੂੰ ਬੰਬ ਬਣਾਉਣ ਨੂੰ ਹੁਣ ਆਪਣੀ ਜ਼ਰੂਰਤ ਵਜੋਂ ਪੇਸ਼ ਕਰਨ ਵੱਲ ਵਧੇਗਾ। ਇਰਾਨ ਦੀ ਮਿਜ਼ਾਈਲ
ਡਰੋਨ ਸ਼ਕਤੀ ਅਜਿੱਤ ਜਾਪਣ ਲੱਗੀ ਹੈ। ਟਰੰਪ ਜਦੋਂ ਸੰਬੋਧਨ ਵਿੱਚ ਕਹਿ ਰਿਹਾ ਸੀ ਕਿ ਇਰਾਨ ਦੀ ਲੜਨ ਸ਼ਕਤੀ ਖ਼ਤਮ ਕਰ ਦਿੱਤੀ ਗਈ ਹੈ, ਉਸ ਤੋਂ 34 ਮਿੰਟ ਬਾਅਦ ਇਰਾਨ ਨੇ ਜੋ ਇਜ਼ਰਾਇਲ ਉੱਤੇ ਹਮਲਾ ਕੀਤਾ, ਉਸ ਬਾਰੇ ਇਜ਼ਰਾਇਲ ਨੇ ਕਿਹਾ ਕਿ ਇਹ ਅੱਜ ਤਕ ਦਾ ਸਭ ਤੋਂ ਵੱਡਾ ਹਮਲਾ ਸੀ। ਦੂਜੇ ਬੰਨੇ ਅਮਰੀਕਾ ਇਜ਼ਰਾਇਲ ਵੀ ਇਰਾਨ ਦੀ ਮੁਕੰਮਲ ਬਰਬਾਦੀ ਕਰਨ ਵੱਲ ਵਧ ਰਹੇ ਹਨ।
ਹਾਰਮੂਜ਼ ਸਮੁੰਦਰੀ ਲਾਂਘਾ ਅਮਰੀਕਾ ਇਜ਼ਰਾਇਲ ਤੇ ਉਹਨਾਂ ਦੇ ਸਹਿਯੋਗੀਆਂ ਲਈ ਇਰਾਨ ਨੇ ਫਿਲਹਾਲ ਬੰਦ ਕਰ ਦਿੱਤਾ ਹੈ। ਮੱਧ ਪੂਰਬੀ ਅਰਬ ਦੇਸ਼ਾਂ ਦਾ ਕਾਰੋਬਾਰ ਚੌਪਟ ਹੋਣ ਵੱਲ ਹੈ। ਅਰਬ ਦੇਸ਼ਾਂ ਵਿਚਲੇ ਅਮਰੀਕੀ ਫ਼ੌਜੀ ਅੱਡਿਆਂ ਦਾ ਬਹੁਤ ਨੁਕਸਾਨ ਹੋਇਆ ਹੈ, ਇਕੋ ਇੱਕ ਮਹਾਂਸ਼ਕਤੀ ਵਾਲਾ ਭਰਮ ਟੁੱਟਾ ਹੈ।
ਇਰਾਨ ਦਾ ਪੈਂਤੜਾ ਹੈ ਕਿ ਉਹ ਹੁਣ ਕਿਸੇ ਧੋਖੇ ਵਿੱਚ ਨਹੀਂ ਆਵੇਗਾ। ਜਦਕਿ ਟਰੰਪ ਇੱਕ ਪਾਸੇ ਡੀਲ ਕਰਨ ਲਈ ਧਮਕਾ ਰਿਹਾ ਤੇ ਦੂਜੇ ਪਾਸੇ ਕਿਸੇ ਅਪਰੇਸ਼ਨ ਲਈ ਘੇਰਾਬੰਦੀ ਵੀ ਜ਼ੋਰ-ਸ਼ੋਰ ਨਾਲ ਜਾਰੀ ਹੈ। ਟਰੰਪ ਦੀ ਗੱਲ ’ਤੇ ਹੁਣ ਕੋਈ ਯਕੀਨ ਨਹੀਂ ਕਰਦਾ।
ਸੰਸਾਰ ਭਰ ਵਿੱਚ ਤੇਲ ਗੈਸ ਦਾ ਵੱਡਾ ਸੰਕਟ ਆ ਚੁੱਕਾ ਦਿੱਸ ਰਿਹਾ। 85 ਦੇਸ਼ਾਂ ਵਿੱਚ ਤੇਲ ਦੇ ਭਾਅ 50 % ਤੱਕ ਵਧ ਚੁੱਕੇ ਹਨ। ਸ਼ੇਅਰ ਬਜ਼ਾਰ ਮੂਧੇ ਮੂੰਹ ਡਿੱਗੇ ਪਏ ਹਨ। ਮਹਿੰਗਾਈ ਤੇਜੀ ਨਾਲ ਵਧੀ। ਹਾਹਾਕਾਰ ਮੱਚੀ ਪਈ ਹੈ। ਰੂਸ ਨੇ ਇੱਕ ਅਪ੍ਰੈਲ ਤੋਂ ਅਗਲੇ 4 ਮਹੀਨਿਆਂ ਲਈ ਆਪਣੀ ਤੇਲ ਗੈਸ ਦੇ ਨਿਰਯਾਤ ਉੱਤੇ ਰੋਕ ਲਾ ਦਿੱਤੀ ਹੈ।
ਇਹ ਖ਼ਤਰਨਾਕ ਹਾਲਾਤ ਹਤਾਸ਼ਾ ਵਿੱਚ ਕੋਈ ਵੀ ਮੋੜ ਲੈ ਸਕਦੇ ਹਨ।
ਲੋਕੋ, ਬੰਦੇ ਵੱਲੋਂ ਸਾਰੀ ਕੁਦਰਤੀ ਲੀਲਾ ਨੂੰ ਫ਼ਨਾਹ ਕਰਨ ਲਈ ਐਟਮ ਬੰਬ ਬਣਾਉਣੇ ਧਰਤੀ ਵਿਰੋਧੀ ਗੁਨਾਹ ਹੈ। ਕਾਸ਼! ਇਨਸਾਨ ਆਪਣਾ ਮੂਲ ਪਛਾਣ ਕੇ ਧਰਤੀ ਮਾਂ ਨਾਲ, ਕੁਦਰਤ ਨਾਲ ਆਪਣਾ ਪਿਆਰਾ ਰਿਸ਼ਤਾ ਬਣਾ ਲਵੇ।
![]()
