ਬੜਾ ਹੀ ਅਜੀਬ ਤਣਾਅ ਭਰਿਆ ਮਾਹੌਲ ਹੈ ਸਿੱਖ ਜਗਤ ਵਿੱਚ। ਕਿਉਂ ਹੈ? ਕੀ ਇਸ ਕੁੜੱਤਣ ਭਰੇ ਮਾਹੌਲ ਤੋਂ ਬਚਿਆ ਨਹੀਂ ਸੀ ਜਾ ਸਕਦਾ? ਉੱਤਰ ਹੈ ਬਚਿਆ ਜਾ ਸਕਦਾ ਸੀ। ਕਿਵੇਂ? ਗੁਰਬਾਣੀ ਗੁਰੂ ਜੀ ਦੀ ਸੋਝੀ ’ਤੇ ਅਮਲ ਕਰ ਕੇ। ਗੁਰੂ ਬਚਨ ਸਾਡਾ ਸਦੀਆਂ ਤੋਂ ਮਾਰਗਦਰਸ਼ਨ ਕਰ ਰਹੇ ਹਨ। ਅਸੀਂ ਓਥੋਂ ਸਮਝ-ਸੋਝੀ ਲੈਣ ਪੱਖੋਂ ਪਛੜਦੇ ਆ ਰਹੇ ਹਾਂ। ਸਾਡੇ ਪੁਰਖਿਆਂ ਕੋਲ ਗੁਰਬਾਣੀ ਗੁਰੂ ਜੀ ਦੀ ਸਮਝ, ਪਿਆਰ ਤੇ ਵਿਸ਼ਵਾਸ ਜਿੱਥੇ ਵਧੇਰੇ ਸੀ ਓਥੇ ਹੀ ਉਨ੍ਹਾਂ ਕੋਲ ਅਮਲ ਦਾ ਪੱਖ ਬਹੁਤ ਮਜ਼ਬੂਤ ਸੀ। ਅੱਜ ਅਸੀਂ ਗੁਰਬਾਣੀ ਗੁਰੂ ਰੂਹ ਦੇ ਤਲ ਭਾਵ ਅਮਲੀ ਜੀਵਨ ਵਿੱਚ ਨਹੀਂ ਜੀਅ ਰਹੇ। ਸਾਡੇ ਵਿੱਚ ਪੰਥ-ਪ੍ਰਸਤੀ ਦੀ ਭਾਵਨਾ ਤੇ ਪੰਥ ਸੇਵਾ ਦੀ ਸੂਝ ਦਿਨ-ਬ-ਦਿਨ ਘਟਦੀ ਆ ਰਹੀ ਹੈ। ਨਤੀਜੇ ਵਰਤਮਾਨ ਸਮੇਂ ਦੇ ਹਉਮੈ ਭਰੇ ਫ਼ੈਸਲੇ ਤੇ ਪਸਰ ਰਿਹਾ ਦਵੰਦ ਹੈ ਜਿਸ ਤੋਂ ਸੰਸਾਰ ਭਰ ਵਿੱਚ ਵਸਦੇ ਸਿੱਖ ਪੀੜਤ ਹਨ। ਦੋਸ਼ ਵਿਅਕਤੀਗਤ ਨਹੀਂ ਹਨ, ਸੰਸਥਾਗਤ ਹਨ।
ਕਮੀ ਇਹ ਹੈ ਕਿ ਖ਼ੁਦ ਅੰਦਰ ਝਾਤ ਮਾਰ ਕੇ ਆਪਣੇ ਦੋਸ਼ ਸਵੀਕਾਰ ਕਰਨ ਦੀ ਹਿੰਮਤ ਜੋ ਸਚਿਆਰ, ਇਮਾਨਦਾਰ ਤੇ ਵਫ਼ਾਦਾਰ ਮਨੁੱਖ ਵਿਚ ਰੱਬੀ ਦਾਤ ਵਜੋਂ ਜਨਮਦੀ ਹੈ, ਉਹ ਸਾਡੇ ਵਿੱਚ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਤਾਬਦੀ ਵਰ੍ਹੇ ਵਿੱਚ ਇਸ ਦੀ ਕਾਰਜਕਰਨੀ ਵੱਲੋਂ ਜੋ ਕੁਝ ਪਿਛਲੇ ਸਮੇਂ ਤੋਂ ਪ੍ਰਬੰਧ ਦੁਆਰਾ ਕੀਤਾ ਜਾ ਰਿਹਾ ਹੈ, ਇਸ ਨਾਲ ਪੂਰੇ ਖ਼ਾਲਸਾ ਪੰਥ ਅੰਦਰ ਪੀੜਾ ਹੀ ਪੀੜਾ ਵਧਦੀ ਹੋਈ ਬੇਹੱਦ ਪੀੜਤ ਕਰ ਰਹੀ ਹੈ। ਕਿਉਂ ਇਹ ਸੱਜਣ ਇਸ ਤਰ੍ਹਾਂ ਕਰ ਰਹੇ ਹਨ? ਬਹੁਤਾਤ ਵਿੱਚ ਸਭ ਨੂੰ ਸਮਝ ਹੈ ਕਿ ਇਹ ਸੱਜਣ ਪੰਥਕ ਸੋਚ ਨਾਲੋਂ ਟੁੱਟੇ ਹੋਏ ਹਨ। ਇਨ੍ਹਾਂ ਲਈ ਧਰਮ ਦੀ ਮਹੱਤਤਾ ਨਹੀਂ, ਧੜੇ ਦੀ ਅਹਿਮੀਅਤ ਹੈ। ਇਨ੍ਹਾਂ ਸੱਜਣਾਂ ਨੇ ਅੱਖਾਂ ’ਤੇ ਪੱਟੀ ਬੰਨ੍ਹ ਲਈ ਹੈ ਤੇ ਇਹ ਸੋਚ ਪਾਲ਼ ਰਹੇ ਹਨ ਕਿ ਜੋ ਕੁਝ ਅਸੀਂ ਕਰਾਂਗੇ, ਉਸ ਨੂੰ ਕਿਹੜਾ ਕਿਸੇ ਨੇ ਰੱਦ ਕਰ ਲੈਣਾ ਹੈ। ਇਹ ਬੇਸਮਝੀ ਭਰਿਆ ਹੰਕਾਰ ਹੈ ਜਿਸ ਬਾਰੇ ਗੁਰਬਾਣੀ ਗੁਰੂ ਜੀ ਦਾ ਉਪਦੇਸ਼ ਹੈ: “ਹਉ ਸੂਰਾ ਪਰਧਾਨੁ ਹਉ ਕੋ ਨਾਹੀ ਮੁਝਹਿ ਸਮਾਨੀ॥” ਇਹ ਮੰਨ ਕੇ ਚੱਲ ਰਹੇ ਹਨ ਸਾਨੂੰ ਕੌਣ ਹੈ ਰੋਕਣ-ਟੋਕਣ ਵਾਲਾ? ਇਨ੍ਹਾਂ ਦੀ ਬੁੱਧੀ ’ਤੇ ਤੰਗਦਿਲੀ ਦਾ ਪਰਦਾ ਪਿਆ ਹੋਇਆ ਹੈ। “ਆਹ ਜਥੇਦਾਰ ਲਾਹ ਦਿਉ! ਆਹ ਸੱਜਣ ਜਥੇਦਾਰ ਲਾ ਦਿਉ!” ਸਿੱਖ ਸੰਗਤਾਂ ਵਿੱਚ ਵੀ ਜੇਕਰ ਥੋੜ੍ਹਾ ਧਿਆਨ ਨਾਲ ਵੇਖੀਏ ਤਾਂ ਪਿਛਲੇ ਕਈ ਦਹਾਕਿਆਂ ਤੋਂ ਗੁਰਬਾਣੀ ਗੁਰੂ ਦੀ ਸਮਝ-ਸੂਝ ਵਾਲੀ ਪੰਥ-ਪ੍ਰਸਤੀ ਵਿੱਚ ਘਾਟ ਆਉਣ ਦਾ ਦੌਰ ਜਾਰੀ ਹੈ। ਸੰਗਤੀ ਤੌਰ ’ਤੇ ਅਸੀਂ ਪੰਥਕ ਜੱਥੇਬੰਦੀ ਵਾਲੀ ਪਕੜ ਪੱਖੋਂ ਸੁਰਤ ਪਾਸੇ ਕਰ ਕੇ ਵਿਅਕਤੀ ਵਿਸ਼ੇਸ਼ ਆਪਣੇ ਮੰਨਣੇ ਸ਼ੁਰੂ ਕੀਤੇ ਹੋਏ ਹਨ। ਸੰਗਤੀ ਫ਼ੈਸਲੇ ਲੈਣ ਵਾਲੀ ਗੁਰੂ ਬਖ਼ਸ਼ੀ ਜੁਗਤਿ ਨੂੰ ਹੌਲੀ-ਹੌਲੀ ਤਿਆਗਦੇ ਜਾ ਰਹੇ ਹਾਂ। ਸਮਾਜਿਕ, ਧਾਰਮਿਕ ਤੇ ਰਾਜਨੀਤਕ ਖੇਤਰ ਅੰਦਰ ਵਿਅਕਤੀ ਸਥਾਪਤ ਕਰਨ ਦੀ ਭੁੱਲ ਦਰ ਭੁੱਲ ਜਾਰੀ ਹੈ। ਜਦੋਂ ਤੱਕ ਅਸੀਂ ਸਿੱਖ ਕਹਾਉਣ ਦਾ ਮਾਣ ਰੱਖਣ ਵਾਲੇ ਮਨ, ਬਚਨ ਤੇ ਕਰਮ ਕਰ ਕੇ ਸ਼ਬਦ ਗੁਰੂ ਗੁਰਬਾਣੀ ਨਾਲ ਸੁਰਤਿ ਦਾ ਪੱਕਾ ਜੋੜ ਗੁਰੂ ਨਦਰਿ ਸਦਕਾ ਨਹੀਂ ਜੋੜਦੇ ਉਦੋਂ ਤੱਕ ਧੱਕੇ ਦਰ ਧੱਕੇ ਮਾਰਨ ਵਾਲਾ ਭੈੜ ਸਾਡਾ ਪਿੱਛਾ ਨਹੀਂ ਛੱਡੇਗਾ ਸਗੋਂ ਇਹ ਆਏ ਦਿਨ ਵਿਕਰਾਲ ਹੁੰਦਾ ਜਾਵੇਗਾ। ਜਿਸ ਦਾ ਜ਼ਾਹਰਾ ਰੂਪ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੇ ਤਾਨਾਸ਼ਾਹ ਰਵੱਈਏ ਰਾਹੀਂ ਵੇਖ-ਭੋਗਦੇ ਹੋਏ ਹਾਲ ਪਾਰਿਆ ਕਰ ਰਹੇ ਹਾਂ। ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਹਟਾਉਣ ਦਾ ਢੰਗ ਤਰੀਕਾ ਵੀ ਬੇਮਰਿਆਦਾ ਭਰਿਆ ਸੀ।
ਕਾਰਨ ਉਸ ਵਕਤ ਦੁਵੱਲੇ ਸਨ। ਭਾਈ ਸਾਹਿਬ ਪੰਥਕ ਨਿਰਣੇ ਪੰਥਕ ਸਾਂਝ ਬਿਨਾਂ ਲੈਣ ਲੱਗ ਪਏ ਸਨ। ਸਾਥੀ-ਸਹਿਯੋਗੀਆਂ ਨੂੰ ਪਾਸੇ ਕਰ ਦਿੱਤਾ ਸੀ। ਸੰਨ 2000 ਯਾਦ ਰੱਖੀਏ। ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਥ ਵੱਲੋਂ ਬੈਠਾਏ ਸੱਜਣ ਗਿਆਨੀ ਪੂਰਨ ਸਿੰਘ ਜੀ ਨੇ ਵਕਤ ਦੇ ਪ੍ਰਬੰਧ ਨੂੰ ਕਿਵੇਂ ਅਧਿਕਾਰਾਂ ਦੀ ਦੁਰਵਰਤੋ ਕਰਦਿਆਂ ਕਿੱਡੇ ਵੱਡੇ ਇਮਤਿਹਾਨ ’ਚ ਪਾ ਦਿੱਤਾ ਸੀ। ਸੁਹਿਰਦ ਪ੍ਰਬੰਧ ਦਾ ਪ੍ਰਗਟਾਵਾ ਕਰਦਿਆਂ ਜਦੋਂ ਬਦਲਾਅ ਕੀਤਾ ਗਿਆ ਸੀ ਤਾਂ ਪੰਥਕ ਪਿਆਰ ਵਾਲਿਆਂ ਦੂਰਅੰਦੇਸ਼ ਗੁਰਸਿੱਖਾਂ ਨੇ ਸਭ ਤੋਂ ਪਹਿਲਾਂ ਨਿਰਣਾ ਨਵੇਂ ਥਾਪੇ ਗਏ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਇਹ ਕਰਨ ਲਈ ਬੇਨਤੀ ਕੀਤੀ ਸੀ ਕਿ ਜਥੇਦਾਰਾਂ ਦੀ ਯੋਗਤਾ, ਅਧਿਕਾਰ, ਨਿਯੁਕਤੀ ਤੇ ਸੇਵਾ ਮੁਕਤੀ ਲਈ ਪੰਥਕ ਜੁਗਤਿ ਤਿਆਰ ਕਰਵਾਈ ਜਾਵੇ। ਉਨ੍ਹਾਂ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਸੀ ਕਿ ਤੁਰੰਤ ਐਸਾ ਪ੍ਰਬੰਧਕੀ ਨਿਯਮ ਤਿਆਰ ਕਰਵਾ ਕੇ ਪੰਥਕ ਤੌਰ ’ਤੇ ਸਹਿਮਤੀ ਲਈ ਜਾਵੇ। ਇਸ ਨੂੰ ਅੱਗੇ ਵਧਾਉਂਦਿਆਂ ਜਸਵਿੰਦਰ ਸਿੰਘ ਐਡਵੋਕੇਟ ਮੈਂਬਰ ਸ਼੍ਰੋਮਣੀ ਕਮੇਟੀ ਨੇ ਆਮ ਇਜਲਾਸ ਐੱਸ.ਜੀ.ਪੀ.ਸੀ. ਵਿੱਚ ਮਤਾ ਪੇਸ਼ ਕਰ ਕੇ ਪਾਸ ਕਰਵਾਇਆ ਸੀ ਤੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਦੁੱਖ ਉਸ ਮੌਕੇ ਹੋਇਆ ਜਦ ਨਿੱਜਪ੍ਰਸਤ ਚੰਦ ਆਗੂਆਂ ਨੇ ਐਸਾ ਹੋਣ ਨੂੰ ਆਪਣੀ ਖ਼ੁਦਮੁਖਤਾਰੀ ਲਈ ਖ਼ਤਰਾ ਮੰਨਿਆ। ਤਿੰਨ ਮੈਂਬਰੀ ਕਮੇਟੀ ਨੂੰ ਕੰਮ ਹੀ ਨਹੀਂ ਸੀ ਕਰਨ ਦਿੱਤਾ ਜਿਸ ਦੀ ਸਜ਼ਾ ਅੱਜ ਸਾਰਾ ਪੰਥ ਭੁਗਤ ਰਿਹਾ ਹੈ। ਅੱਜ ਵੀ ਦੁੱਖ ਭੋਗਦਿਆਂ ਚਰਚਾ ਪ੍ਰਬੰਧ ਖੜ੍ਹਾ ਕਰਨ ਦੀ ਨਹੀਂ ਹੋ ਰਹੀ। ਅਸੀਂ ਵਿਅਕਤੀਆਂ ’ਤੇ ਚਰਚਾ ਕਰਨ ਵਿੱਚ ਵਧੇਰੇ ਯਕੀਨ ਕਰਦੇ ਦਿਸ ਰਹੇ ਹਾਂ। ਜਥੇਦਾਰ ਹਰਪ੍ਰੀਤ ਸਿੰਘ ਦੀ ਚਰਚਾ, ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਚਰਚਾ, ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀ ਚਰਚਾ ਤੇ ਹੁਣ ਗਿਆਨੀ ਕੁਲਦੀਪ ਸਿੰਘ ਦੀ ਚਰਚਾ ਵੱਖ-ਵੱਖ ਤਰੀਕੇ ਨਾਲ ਕਰਨ ਦਾ ਦੌਰ ਸ਼ੁਰੂ ਹੈ। ਚਰਚਾ ਕਰਦਿਆਂ ਅਸੀਂ ਮਰਿਆਦਾ-ਜੁਗਤਿ ਦੀ ਥਾਂ ਵਿਅਕਤੀ ਦੇ ਹਮਾਇਤੀ ਹੋਣ ਲੱਗਦੇ ਹਾਂ।
ਕਿਸੇ ਨਾ ਕਿਸੇ ਰੂਪ ਵਿੱਚ ਅਸੀਂ ਤੇਰੇ-ਮੇਰੇ ਦੀਆਂ ਲਕੀਰਾਂ ਮਾਰ ਕੇ ਇੱਕ-ਦੂਜੇ ਪ੍ਰਤੀ ਨਫ਼ਰਤ ਪਾਲ਼ ਕੇ ਤਣਾਅ ਦਾ ਸ਼ਿਕਾਰ ਹੁੰਦੇ ਵੀ ਹਾਂ ਤੇ ਦੂਜਿਆਂ ਨੂੰ ਵੀ ਕਰਦੇ ਹਾਂ। ਇਸ ਦਸ਼ਾ ’ਚ ਵਿਚਰਦਿਆਂ ਅਸੀਂ ਪੰਥਕ ਸੇਵਾ ਕਰਨ ਤੋਂ ਖੁੰਝ ਜਾਂਦੇ ਹਾਂ। ਵਰਤਮਾਨ ਮੰਗ ਕਰਦਾ ਹੈ ਕਿ ਅਸੀਂ ਗੁਰਬਾਣੀ ਗੁਰੂ ਜੀ ਨੂੰ ਸਮਰਪਣ ਸਚਿਆਰ ਸਿੱਖ ਦੇ ਰੂਪ ਵਿੱਚ ਖ਼ੁਦ ਲਈਏ। ਹਰ ਸਿੱਖ ਪੰਥਕ ਜ਼ਿੰਮੇਵਾਰੀ ਦਾ ਰੂਹ ਦੇ ਤਲ ’ਤੇ ਅਹਿਸਾਸ ਕਰੇ। ਇਤਿਹਾਸ ਦੇ ਅਮੀਰ ਪੰਨਿਆਂ ਤੋਂ ਪੰਥ-ਪ੍ਰਸਤੀ ਦਾ ਅਮਲੀ ਰੂਪ ਜੋ ਅਸੀਂ ਆਪਣੇ ਪੁਰਖਿਆਂ ਦੇ ਜੀਵਨ ਇਤਿਹਾਸ ਵਿੱਚੋਂ ਪੜ੍ਹਦੇ-ਸੁਣਦੇ ਹਾਂ, ਉਸ ਦਾ ਅਮਲੀ ਝਲਕਾਰਾ ਸਾਡੇ ਸਿੱਖ ਜੀਵਨ ਵਿੱਚੋਂ ਸੰਸਾਰ ਨੂੰ ਮਿਲੇ। ਹੁਣ ਸਾਨੂੰ ਪੰਥਕ ਤੌਰ ’ਤੇ ਦੋ ਮਹੱਤਵਪੂਰਨ ਪੰਥਕ ਕੰਮ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ। ਪਹਿਲਾ ਪੰਥਕ ਕੰਮ ਹੈ : ਅਕਾਲ ਤਖ਼ਤ ਸਾਹਿਬ ਦੀ ਗੁਰੂ ਬਖਸ਼ੀ ਪ੍ਰਭੂ ਸੰਪੰਨਤਾ ਦੀ ਸੰਭਾਲ ਵਾਲਾ ਪ੍ਰਬੰਧ ਸਾਰੇ ਸੰਸਾਰ ’ਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਤਹਿਤ ਤਿਆਰ ਕਰੀਏ ਕਿਉਂਕਿ ਸ਼੍ਰੋਮਣੀ ਕਮੇਟੀ ਪੂਰੇ ਪੰਥ ਦੀ ਹੁਣ ਨੁਮਾਇੰਦਗੀ ਨਹੀਂ ਕਰਦੀ। ਦੂਜਾ ਪੰਥਕ ਕੰਮ ਹੈ : ਸੰਨ 2000 ਵਿੱਚ ਜੋ ਆਦੇਸ਼ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਤਾ ਗਿਆ ਸੀ ਕਿ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਲਈ ਪੰਥਕ ਢੰਗ ਤਿਆਰ ਕੀਤਾ ਜਾਵੇ। ਯੋਗਤਾ, ਕਾਰਜ-ਖੇਤਰ, ਨਿਯੁਕਤੀ ਤੇ ਸੇਵਾ ਮੁਕਤੀ ਦੇ ਸਰਬੋਤਮ ਨਿਯਮ ਤਿਆਰ ਹੋਣ। ਪਦਵੀਆਂ ਦਾ ਸਤਿਕਾਰ ਨਿਯੁਕਤੀ ਵੇਲੇ ਤੇ ਸੇਵਾ ਮੁਕਤੀ ਵੇਲੇ ਬਰਾਬਰ ਰਹੇ। ਐਸਾ ਹੋ ਸਕਣਾ ਸੰਭਵ ਸੀ ਤੇ ਹੈ ਅਤੇ ਸਦਾ ਹੀ ਸੰਭਵ ਰਹੇਗਾ।
-ਗਿਆਨੀ ਕੇਵਲ ਸਿੰਘ
-(ਸਾਬਕਾ ਜਥੇਦਾਰ, ਤਖ਼ਤ ਸ੍ਰੀ ਦਮਦਮਾ ਸਾਹਿਬ)।
![]()
