ਖ਼ਾਲਸਾ ਗੁਰੂ ਦੀ ਅਨੁਸ਼ਾਸਿਤ ਫ਼ੌਜ : ਜਥੇਦਾਰ ਗੜਗੱਜ

In ਮੁੱਖ ਖ਼ਬਰਾਂ
February 28, 2026

ਸ੍ਰੀ ਆਨੰਦਪੁਰ ਸਾਹਿਬ/ਏ.ਟੀ.ਨਿਊਜ਼: ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਹੋਲਾ ਮਹੱਲਾ ਦੀ ਆਰੰਭਤਾ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਹੋਲਾ ਮਹੱਲਾ ਖ਼ਾਲਸਾ ਪੰਥ ਦਾ ਵਿਲੱਖਣ ਅਤੇ ਇਤਿਹਾਸਕ ਕੌਮੀ ਤਿਉਹਾਰ ਹੈ, ਜੋ ਸਿੱਖ ਕੌਮ ਨੂੰ ਆਪਣੀ ਸ਼ੂਰਵੀਰ ਪਰੰਪਰਾ, ਜੰਗੀ ਕਲਾਵਾਂ ਅਤੇ ਗੁਰਮਤਿ ਅਧਾਰਿਤ ਜੀਵਨ ਸ਼ੈਲੀ ਨਾਲ ਜੋੜਦਾ ਹੈ।
ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਿਰਫ਼ ਰਸਮੀ ਉਤਸਵ ਨਹੀਂ, ਸਗੋਂ ਖ਼ਾਲਸਾਈ ਅਨੁਸ਼ਾਸਨ, ਚੜ੍ਹਦੀ ਕਲਾ ਅਤੇ ਕੌਮੀ ਏਕਤਾ ਦਾ ਪ੍ਰਤੀਕ ਹੈ।
ਇਸ ਮੌਕੇ ਉਨ੍ਹਾਂ ਜ਼ੂਡੀਓ ਸਟੋਰ ਵਿੱਚ ਵਾਪਰੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸੇ ਵੀ ਸਿੱਖ ਦੇ ਕਕਾਰ ਉਤਾਰਨ ਜਾਂ ਉਸ ਦੀ ਧਾਰਮਿਕ ਪਛਾਣ ਨਾਲ ਛੇੜਛਾੜ ਕਰਨ ਵਾਲਿਆਂ ਖ਼ਿਲਾਫ਼ ਸਰਕਾਰਾਂ ਨੂੰ ਸਖ਼ਤ ਅਤੇ ਮਿਸਾਲੀ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਕਰਨ ਦੀ ਹਿੰਮਤ ਨਾ ਕਰੇ।
ਉਨ੍ਹਾਂ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਹੋਲਾ ਮਹੱਲਾ ਮੌਕੇ ਗੁਰੂ ਘਰਾਂ ਵਿੱਚ ਨਤਮਸਤਕ ਹੋਣ ਜਾਣ ਵਾਲੇ ਨੌਜਵਾਨਾਂ ਦੇ ਨਿਸ਼ਾਨ ਸਾਹਿਬ ਜਾਂ ਹੋਰ ਧਾਰਮਿਕ ਪ੍ਰਤੀਕਾਂ ਨਾਲ ਕੋਈ ਛੇੜਛਾੜ ਨਾ ਹੋਵੇ ਅਤੇ ਪੂਰੀ ਸੰਵੇਦਨਸ਼ੀਲਤਾ ਨਾਲ ਸੁਰੱਖਿਆ ਯਕੀਨੀ ਬਣਾਈ ਜਾਵੇ।
ਜਥੇਦਾਰ ਗੜਗੱਜ ਨੇ ਕਿਹਾ ਕਿ ਪੰਜਾਬੀ ਨੌਜਵਾਨ ਹੁੱਲੜਬਾਜ਼ ਨਹੀਂ, ਸਗੋਂ ਖ਼ਾਲਸਾ ਗੁਰੂ ਦੀ ਅਨੁਸ਼ਾਸਿਤ ਫ਼ੌਜ ਹਨ, ਜੋ ਹਮੇਸ਼ਾਂ ਮਰਯਾਦਾ ਅਤੇ ਜਾਬਤੇ ਵਿੱਚ ਰਹਿੰਦੇ ਹਨ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਸ ਵਾਰ ਵੀ ਹੋਲਾ ਮਹੱਲਾ ਖਾਲਸਾਈ ਸ਼ਾਨ, ਅਨੁਸ਼ਾਸਨ ਅਤੇ ਆਤਮਿਕ ਉਤਸ਼ਾਹ ਨਾਲ ਮਨਾਇਆ ਜਾਵੇਗਾ ਅਤੇ ਸੰਸਾਰ ਭਰ ਵਿੱਚ ਸਿੱਖ ਕੌਮ ਦੀ ਵਿਲੱਖਣ ਪਛਾਣ ਨੂੰ ਹੋਰ ਮਜ਼ਬੂਤ ਕਰੇਗਾ।

Loading