
ਬਿ੍ਰਟੇਨ ਦੇ ਪੱਛਮੀ ਲੰਡਨ ਦੇ ਸ਼ੈਫ਼ਰਡਜ਼ ਬੁਸ਼ ਵਿਖੇ ਸਥਿਤ ਖ਼ਾਲਸਾ ਜਥਾ ਗੁਰਦੁਆਰਾ, ਜੋ 1913 ਵਿੱਚ ਸਥਾਪਿਤ ਹੋਇਆ ਸੀ। ਇਹ ਯੂ. ਕੇ. ਦਾ ਸਭ ਤੋਂ ਪੁਰਾਣਾ ਸਿੱਖ ਗੁਰਦੁਆਰਾ ਹੈ। ਪਰ ਅੱਜਕੱਲ੍ਹ ਇਹ ਨਸਲਵਾਦ ਕਾਰਨ ਇਤਿਹਾਸਕ ਧਾਰਮਿਕ ਸਥਾਨ ਸੁਰੱਖਿਆ ਦੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਗੁਰਦੁਆਰੇ ਦੇ ਟਰੱਸਟੀ ਮਨਦੀਪ ਸਿੰਘ ਦੱਸਦੇ ਹਨ ਕਿ ਹਾਲ ਹੀ ਵਿੱਚ ਸਿੱਖ ਭਾਈਚਾਰੇ ਵਿਰੁੱਧ ਵਧੀ ਹਿੰਸਾ ਅਤੇ ਨਸਲੀ ਅਪਰਾਧਾਂ ਨੇ ਭਾਈਚਾਰੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਨ੍ਹਾਂ ਨੂੰ 1970 ਦੇ ਦਹਾਕੇ ਦੀ ਯਾਦ ਆਉਂਦੀ ਹੈ, ਜਦੋਂ ਨੈਸ਼ਨਲ ਫ਼ਰੰਟ ਵਰਗੇ ਸੰਗਠਨਾਂ ਦੇ ਨਸਲਵਾਦੀ ਹਮਲਿਆਂ ਨੇ ਘੱਟ-ਗਿਣਤੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਇਆ ਸੀ। ਉਹ ਕਹਿੰਦੇ ਹਨ ਕਿ ਹੁਣ ਸੋਸ਼ਲ ਮੀਡੀਆ ਨੇ ਨਫ਼ਰਤ ਨੂੰ ਹੋਰ ਵਧਾ ਦਿੱਤਾ ਹੈ, ਜਿਸ ਨਾਲ ਸਥਿਤੀ ਹੋਰ ਗੰਭੀਰ ਹੋ ਗਈ ਹੈ।
ਇਸ ਗੁਰਦੁਆਰੇ ਨੇ ਸੁਰੱਖਿਆ ਲਈ ਸੀ.ਸੀ.ਟੀ.ਵੀ., ਲੋਹੇ ਦੇ ਗੇਟ ਅਤੇ 24 ਘੰਟੇ ਸੁਰੱਖਿਆ ਗਾਰਡਾਂ ਦੇ ਪ੍ਰਬੰਧ ਕੀਤੇ ਹਨ, ਜਿਨ੍ਹਾਂ ’ਤੇ ਸਾਲਾਨਾ 40,000 ਪੌਂਡ ਦਾ ਖਰਚ ਆਉਣ ਦਾ ਅਨੁਮਾਨ ਹੈ। ਇਹ ਸਾਰਾ ਖਰਚ ਸੰਗਤ ਦੇ ਦਾਨ ਨਾਲ ਪੂਰਾ ਕੀਤਾ ਜਾ ਰਿਹਾ ਹੈ।
ਪਰ ਮਨਦੀਪ ਸਿੰਘ ਅਤੇ ਗੁਰਦੁਆਰੇ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਆਨੰਦ ਦੀ ਮੰਗ ਹੈ ਕਿ ਸਰਕਾਰ ਗੁਰਦੁਆਰਿਆਂ ਨੂੰ ਵੀ ਮਸਜਿਦਾਂ ਅਤੇ ਯਹੂਦੀਆਂ ਦੇ ਧਾਰਮਿਕ ਅਸਥਾਨ ਸਿਨਾਗੌਗਾਂ ਵਾਂਗ ਸੁਰੱਖਿਆ ਗ੍ਰਾਂਟਾਂ ਦੇਵੇ, ਜੋ ਪਹਿਲਾਂ ਹੀ ਗ੍ਰਹਿ ਦਫ਼ਤਰ ਤੋਂ ਅਜਿਹੀ ਸਹਾਇਤਾ ਪ੍ਰਾਪਤ ਕਰ ਰਹੀਆਂ ਹਨ।ਉਹ ਸਵਾਲ ਕਰਦੇ ਹਨ, ‘ਜਦੋਂ ਮਸਜਿਦਾਂ ਅਤੇ ਸਿਨਾਗੌਗਾਂ ਦੇ ਸੁਰੱਖਿਆ ਖਰਚੇ ਸਰਕਾਰ ਕਵਰ ਕਰਦੀ ਹੈ, ਤਾਂ ਗੁਰਦੁਆਰਿਆਂ ਨਾਲ ਇਹ ਅਸਮਾਨਤਾ ਕਿਉਂ?’
ਗ੍ਰਹਿ ਦਫ਼ਤਰ ਦੇ ਬੁਲਾਰੇ ਨੇ ਜਵਾਬ ਵਿੱਚ ਕਿਹਾ ਕਿ ਸਰਕਾਰ ਪੂਜਾ ਸਥਾਨਾਂ ਦੀ ਸੁਰੱਖਿਆ ਲਈ ਪੁਲਿਸ ਨੂੰ ਵਧੇਰੇ ਸ਼ਕਤੀਆਂ ਦੇ ਰਹੀ ਹੈ ਅਤੇ ਗੁਰਦੁਆਰੇ ‘ਪਲੇਸ ਆਫ਼ ਵਰਸ਼ਿਪ ਪ੍ਰੋਟੈਕਟਿਵ ਸਿਕਿਓਰਿਟੀ ਸਕੀਮ’ ਅਧੀਨ ਅਰਜ਼ੀ ਦੇ ਸਕਦੇ ਹਨ। ਪਰ ਇਹ ਸਕੀਮ ਸੁਰੱਖਿਆ ਕਰਮਚਾਰੀਆਂ ਦੇ ਖਰਚਿਆਂ ਨੂੰ ਕਵਰ ਨਹੀਂ ਕਰਦੀ, ਜੋ ਗੁਰਦੁਆਰਿਆਂ ਲਈ ਵੱਡੀ ਸਮੱਸਿਆ ਹੈ। ਸ਼ਾਇਦ ਇਸ ਸਕੀਮ ਵਿੱਚ ਸਹੂਲਤ ਘਟਾ ਦਿਤੀ ਹੈ।
ਮੈਟਰੋਪੋਲੀਟਨ ਪੁਲਿਸ ਦੇ ਅੰਕੜਿਆਂ ਅਨੁਸਾਰ, ਅਗਸਤ 2025 ਤੱਕ ਲੰਡਨ ਵਿੱਚ ਸਾਲ ਭਰ ਵਿੱਚ 21,054 ਤੋਂ ਵੱਧ ਨਫ਼ਰਤੀ ਅਪਰਾਧ ਦਰਜ ਕੀਤੇ ਗਏ ਸਨ। ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਿੱਚ 17.4% ਦੀ ਕਮੀ ਆਈ ਹੈ, ਪਰ ਜੂਨ, ਜੁਲਾਈ ਅਤੇ ਅਗਸਤ 2025 ਵਿੱਚ ਹਰ ਮਹੀਨੇ 2,000 ਤੋਂ ਵੱਧ ਨਫ਼ਰਤੀ ਅਪਰਾਧ ਦਰਜ ਹੋਏ, ਜੋ ਔਸਤ ਤੋਂ ਕਿਤੇ ਵੱਧ ਸਨ। ਟਰਾਂਸਪੋਰਟ ਫ਼ਾਰ ਲੰਡਨ ਦੇ ਅੰਕੜੇ ਦੱਸਦੇ ਹਨ ਕਿ ਐਲਿਜ਼ਾਬੈਥ ਲਾਈਨ ’ਤੇ ਨਫ਼ਰਤੀ ਅਪਰਾਧਾਂ ਦੀਆਂ ਰਿਪੋਰਟਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ 50% ਦਾ ਵਾਧਾ ਹੋਇਆ ਹੈ, ਜਦਕਿ ਪੂਰੇ ਟਰਾਂਸਪੋਰਟ ਨੈੱਟਵਰਕ ਵਿੱਚ 28% ਵਾਧਾ ਦਰਜ ਕੀਤਾ ਗਿਆ।
ਮਨਦੀਪ ਸਿੰਘ ਨੇ ਹਾਲ ਹੀ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ 9 ਸਤੰਬਰ ਨੂੰ ਓਲਡਬਰੀ ਵਿੱਚ ਇੱਕ ਸਿੱਖ ਔਰਤ ਨਾਲ ਬਲਾਤਕਾਰ, ਵੁਲਵਰਹੈਂਪਟਨ ਵਿੱਚ ਦੋ ਸਿੱਖ ਟੈਕਸੀ ਡਰਾਈਵਰਾਂ ’ਤੇ ਹਮਲਾ ਅਤੇ ਬਿ੍ਰਸਟਲ ਵਿੱਚ ਇੱਕ 9 ਸਾਲ ਦੀ ਸਿੱਖ ਬੱਚੀ ਨੂੰ ਏਅਰ ਗੰਨ ਨਾਲ ਗੋਲੀ ਮਾਰਨ ਦੀਆਂ ਘਟਨਾਵਾਂ ਨੇ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦੇ ਨਾਲ ਹੀ, ਪਰਵਾਸੀਆਂ ਦੇ ਹੋਟਲਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਅਤੇ ਸੱਜੇ-ਪੱਖੀ ਸੰਗਠਨਾਂ ਦੇ ਮਾਰਚ, ਜਿਵੇਂ ਕਿ ਯੂਨਾਈਟ ਦਿ ਕਿੰਗਡਮ, ਨੇ ਸਥਿਤੀ ਨੂੰ ਹੋਰ ਵਿਗਾੜਿਆ ਹੈ। ਮਨਦੀਪ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਨੇ ਨਸਲਵਾਦੀ ਸੁਨੇਹਿਆਂ ਨੂੰ ਵਧਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ, ਜਿਸ ਨਾਲ ਨਫ਼ਰਤ ਦੀਆਂ ਘਟਨਾਵਾਂ ਵਧੀਆਂ ਹਨ। ਪਰ ਸੁਆਲ ਇਹ ਹੈ ਕਿ ਸਰਕਾਰ ਇਸ ਸਬੰਧੀ ਚੁੱਪ ਕਿਉਂ ਹੈ?
ਖ਼ਾਲਸਾ ਜਥਾ ਗੁਰਦੁਆਰਾ ਸਿਰਫ਼ ਧਾਰਮਿਕ ਸਥਾਨ ਹੀ ਨਹੀਂ, ਸਗੋਂ ਸਮਾਜਿਕ ਸੇਵਾ ਦਾ ਵੀ ਵੱਡਾ ਕੇਂਦਰ ਹੈ। ਕੋਵਿਡ ਮਹਾਮਾਰੀ ਦੌਰਾਨ ਇਸ ਗੁਰਦੁਆਰੇ ਨੇ ਇੱਕ ਦਿਨ ਵਿੱਚ 500 ਲੋੜਵੰਦਾਂ ਨੂੰ ਭੋਜਨ ਪਹੁੰਚਾਇਆ ਸੀ। ਅੱਜਕੱਲ੍ਹ ਹਰ ਹਫ਼ਤੇ 1,000 ਲੋਕਾਂ ਨੂੰ ਫ਼ੂਡਬੈਂਕਾਂ ਰਾਹੀਂ ਭੋਜਨ ਵੰਡਿਆ ਜਾ ਰਿਹਾ ਹੈ। ਗੁਰਦੁਆਰੇ ਦੇ ਵਲੰਟੀਅਰ ਰਵੀ ਸਿੰਘ ਬਖਸ਼ੀ, ਜੋ ਸਿੱਖ ਅਤੇ ਬਿ੍ਰਟਿਸ਼ ਹੋਣ ’ਤੇ ਮਾਣ ਮਹਿਸੂਸ ਕਰਦੇ ਹਨ, ਕਹਿੰਦੇ ਹਨ ਕਿ ਸਾਰੀ ਉਮਰ ਮੈਂ ਨਸਲਵਾਦੀ ਦੁਰਵਿਵਹਾਰ ਸਹਿਣ ਕੀਤਾ। ਮੈਨੂੰ ਅਕਸਰ ਕਿਹਾ ਜਾਂਦਾ ਸੀ ਕਿ ਆਪਣੇ ਦੇਸ਼ ਵਾਪਸ ਜਾਓ, ਪਰ ਮੇਰਾ ਜਨਮ ਇੱਥੇ ਹੀ ਹੋਇਆ ਸੀ।