ਪ੍ਰੋਫ਼ੈਸਰ ਬਲਵਿੰਦਰ ਪਾਲ ਸਿੰਘ
9815700916
ਸਵਰਨਜੀਤ ਸਿੰਘ ਖਾਲਸਾ ਦੀ ਨੌਰਵਿਚ ਨਗਰ ਵਿੱਚ ਮੇਅਰ ਵਜੋਂ ਜਿੱਤ ਨਾ ਸਿਰਫ਼ ਇੱਕ ਸ਼ਹਿਰ ਦੀ, ਸਗੋਂ ਪੂਰੇ ਪੰਥ ਤੇ ਪੰਜਾਬ ਲਈ ਰੌਸ਼ਨੀ ਬਣ ਗਈ ਕਿ ਸਿੱਖ ਕਿਰਦਾਰ ਸਦਕਾ ਲੋਕਾਂ ਨੂੰ ਜਿਤਿਆ ਜਾ ਸਕਦਾ ਜੋ ਸਤਿਗੁਰੂ ਦਾ ਉਪਦੇਸ਼ ਹੈ।
ਨੌਰਵਿਚ ਦੀ ਰਾਤ ਚਮਕ ਉੱਠੀ
ਰਾਤ ਦੇ ਬਾਰ੍ਹਾਂ ਵਜੇ, ਜਦੋਂ ਲਾ ਸਟੈੱਲਾ ਪਿੱਜ਼ੇਰੀਆ ਤੋਂ ਡੈਮੋਕਰੈਟਸ ਦਾ ਜ਼ੋਰਦਾਰ ਹੁੰਗਾਰਾ ਉੱਠਿਆ, ਤਾਂ ਸਵਰਨਜੀਤ ਸਿੰਘ ਖ਼ਾਲਸਾ ਆਪਣੇ ਸਾਥੀਆਂ ਨਾਲ ਸੜਕ ਪਾਰ ਕਰਕੇ ਨੌਰਵਿਚ ਸਿਟੀ ਹਾਲ ਦੇ ਅਹਾਤੇ ਵਿੱਚ ਪਹੁੰਚੇ। ਉੱਥੇ ਠੰਡੀ ਹਵਾ ਵਿੱਚ ਵੀ ਜਿੱਤ ਦੀ ਗਰਮੀ ਸੀ। 2458 ਵੋਟਾਂ ਨਾਲ ਸਵਰਨਜੀਤ ਸਿੰਘ ਖਾਲਸਾ ਟਰੇਸੀ ਗੋਲਡ ਨੂੰ ਹਰਾ ਕੇ ਇਹ ਸੀਟ ਹਾਸਲ ਕੀਤੀ। ਨਾਰਵਿਚ ਵਿੱਚ ਸਿਰਫ਼ 10 ਸਿੱਖ ਪਰਿਵਾਰ ਹੀ ਰਹਿੰਦੇ ਹਨ, ਫ਼ਿਰ ਵੀ ਸਵਰਨਜੀਤ ਨੇ ਆਪਣੀ ਮਿਹਨਤ ਅਤੇ ਸਿੱਖ ਪਛਾਣ ਨੂੰ ਸਤਿਕਾਰ ਦੇਣ ਵਾਲੀ ਮੁਹਿੰਮ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।ਪਾਰਟੀ ਦਾ ਸਮਰਥਨ, ਲੋਕਾਂ ਨਾਲ ਪਿਆਰ—ਸਭ ਸਵਰਨਜੀਤ ਸਿੰਘ ਖ਼ਾਲਸਾ ਦੇ ਹੱਕ ਵਿੱਚ ਭੁਗਤ ਗਿਆ। ਪਰ ਸਭ ਤੋਂ ਵੱਡੀ ਗੱਲ—ਉਹ ਕਨੈਕਟੀਕਟ ਦੇ ਪਹਿਲੇ ਸਿੱਖ ਮੇਅਰ ਬਣੇ।
ਜਨਮ ਤੋਂ ਜਿੱਤ ਤੱਕ ਦਾ ਸਫ਼ਰ—ਇੱਕ ਲੋਕ ਗੀਤ ਵਾਂਗ
ਸਵਰਨਜੀਤ ਦਾ ਜਨਮ ਜਲੰਧਰ ਵਿੱਚ ਹੋਇਆ। ਉਹ ਅੰਮ੍ਰਿਤਧਾਰੀ ਸਿੱਖ ਹੈ ਅਤੇ ਪੰਜਾਬ ਦੀ ਮਿੱਟੀ ਨਾਲ ਡੂੰਘਾ ਜੁੜਾਅ ਰੱਖਦਾ ਹੈ। ਉਸ ਦਾ ਪਰਿਵਾਰ ਦਿੱਲੀ ਅਤੇ ਪੰਜਾਬ ਵਿੱਚ ਸਿੱਖ ਧਾਰਮਿਕ-ਰਾਜਨੀਤਕ ਗਤੀਵਿਧੀਆਂ ਵਿੱਚ ਬਹੁਤ ਸਰਗਰਮ ਰਿਹਾ ਹੈ। ਉਸ ਦੇ ਪਿਤਾ ਪਰਮਿੰਦਰ ਪਾਲ ਸਿੰਘ ਖ਼ਾਲਸਾ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਮੁਖੀ ਹਨ। ਸਵਰਨਜੀਤ ਦੇ ਦਾਦਾ ਜੀ ਇੰਦਰਪਾਲ ਸਿੰਘ ਖ਼ਾਲਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਰਹੇ।
ਸਾਲ 2007 ਵਿੱਚ ਸਵਰਨਜੀਤ ਨੇ ਡੀ.ਏ.ਵੀ. ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਜਲੰਧਰ ਤੋਂ ਇੰਜੀਨੀਅਰਿੰਗ ਦੀ ਡਿਗਰੀ ਲਈ ਅਤੇ ਉਚੇਰੀ ਪੜ੍ਹਾਈ ਲਈ ਅਮਰੀਕਾ ਚਲੇ ਗਏ। ਨਿਊ ਜਰਸੀ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਕੰਪਿਊਟਰ ਸਾਇੰਸ ਵਿੱਚ ਮਾਸਟਰਜ਼ ਕੀਤੀ। ਸਾਲ 2010 ਵਿੱਚ ਉਹ ਨਾਰਵਿਚ ਵਿੱਚ ਵੱਸ ਗਏ ਅਤੇ ਉਸਾਰੀ ਦੇ ਕਾਰੋਬਾਰ ਵਿੱਚ ਸਫ਼ਲਤਾ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸਥਾਨਕ ਰਾਜਨੀਤੀ ਵਿੱਚ ਕਦਮ ਰੱਖਿਆ ਅਤੇ ਦੋ ਵਾਰ ਕੌਂਸਲਮੈਨ ਵਜੋਂ ਚੁਣੇ ਗਏ।
9/11 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਅਮਰੀਕਾ ਵਿੱਚ ਸਿੱਖਾਂ ਨੂੰ ਨਫ਼ਰਤ ਵਾਲੇ ਅਪਰਾਧਾਂ ਦਾ ਸਾਹਮਣਾ ਕਰਨਾ ਪਿਆ। ਸਵਰਨਜੀਤ ਸਿੰਘ ਖ਼ਾਲਸਾ ਨੇ ਇਸ ਮੁਸ਼ਕਿਲ ਵੇਲੇ ਵਿੱਚ ਸਿੱਖ ਪਛਾਣ ਨੂੰ ਸਪੱਸ਼ਟ ਕਰਨ ਦੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਨੇ ਪੁਲਿਸ, ਫ਼ਾਇਰਮੈਨ, ਟਰਾਂਸਪੋਰਟ ਸਕਿਓਰਿਟੀ ਐਡਮਿਨਿਸਟ੍ਰੇਸ਼ਨ (ਟੀ.ਐੱਸ.ਏ.) ਅਤੇ ਹੋਰਾਂ ਨੂੰ ਸਿੱਖ ਧਰਮ ਬਾਰੇ ਸਿਖਲਾਈ ਦਿੱਤੀ। ਉਨ੍ਹਾਂ ਨੇ ਪੰਜ ਕਕਾਰਾਂ, ਖਾਸ ਕਰਕੇ ਕਿਰਪਾਨ ਬਾਰੇ ਜਾਗਰੂਕਤਾ ਪੈਦਾ ਕੀਤੀ। ਸਵਰਨਜੀਤ ਨੇ ਇਸ ਨਸਲਵਾਦੀ ਨਫ਼ਰਤੀ ਮੁਹਿੰਮ ਵਿਰੁਧ ਲਗਭਗ 1,200 ਪੇਸ਼ਕਾਰੀਆਂ ਕੀਤੀਆਂ। ਇਸ ਤੋਂ ਇਲਾਵਾ ਮੀਡੀਆ ਮੁਹਿੰਮਾਂ ਚਲਾਈਆਂ ਅਤੇ ਹਾਈਵੇਅ ਤੇ ਬਿਲਬੋਰਡ ਲਗਵਾਏ।
ਇਨ੍ਹਾਂ ਕੋਸ਼ਿਸ਼ਾਂ ਕਾਰਨ ਸਾਲ 2016 ਵਿੱਚ ਐੱਫ਼.ਬੀ.ਆਈ. ਨੇ ਸਵਰਨਜੀਤ ਸਿੰਘ ਖ਼ਾਲਸਾ ਨੂੰ ਡਾਇਰੈਕਟਰਜ਼ ਕਮਿਊਨਿਟੀ ਲੀਡਰਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ। ਉਹ 56 ਵਿਜੇਤਾਵਾਂ ਵਿੱਚੋਂ ਇਕਲੌਤੇ ਭਾਰਤੀ ਸਨ। ਇਹ ਅਵਾਰਡ ਉਸ ਵੇਲੇ ਦੇ ਐੱਫ਼.ਬੀ.ਆਈ. ਡਾਇਰੈਕਟਰ ਜੇਮਜ਼ ਬੀ. ਕੋਮੇ ਵੱਲੋਂ ਵਾਸ਼ਿੰਗਟਨ ਡੀ.ਸੀ. ਵਿੱਚ ਐੱਫ਼.ਬੀ.ਆਈ. ਮੁੱਖ ਦਫ਼ਤਰ ਵਿੱਚ ਦਿੱਤਾ ਗਿਆ।
ਐੱਫ਼.ਬੀ.ਆਈ. ਦੇ ਹਵਾਲੇ ਵਿੱਚ ਲਿਖਿਆ ਗਿਆ ਸੀ: “ਸਵਰਨਜੀਤ ਖਾਲਸਾ ਨੂੰ ਨਿਊ ਹੈਵਨ ਡਿਵੀਜ਼ਨ ਵੱਲੋਂ ਸਹਿਣਸ਼ੀਲਤਾ, ਵਿਭਿੰਨਤਾ ਦਾ ਸਤਿਕਾਰ ਅਤੇ ਸ਼ਾਂਤੀਪੂਰਨ ਸਮਾਜ ਵਿੱਚ ਰਹਿਣ ਦੇ ਤਰੀਕੇ ਸਿਖਾਉਣ ਦੇ ਮਿਸ਼ਨ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਉਸ ਦਾ ਮੁੱਖ ਉਦੇਸ਼ ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਸ਼ਹਿਰੀ ਖੇਤਰਾਂ ਦੇ ਲੋਕਾਂ ਤੱਕ ਪਹੁੰਚਾਉਣਾ ਹੈ ਤਾਂ ਜੋ ਗਲਤਫ਼ਹਿਮੀਆਂ ਦੂਰ ਹੋਣ।
ਇਸ ਅਵਾਰਡ ਨੇ ਸਵਰਨਜੀਤ ਨੂੰ ਸਥਾਨਕ ਪੱਧਰ ਤੇ ਹੋਰ ਮਾਣ-ਸਨਮਾਨ ਦਿਵਾਇਆ। ਉਨ੍ਹਾਂ ਨੇ ਆਪਣੀ ਮੁਹਿੰਮ ਨੂੰ ਸਿਰਫ਼ ਸਿੱਖ ਪਛਾਣ ਤੱਕ ਸੀਮਤ ਨਹੀਂ ਰੱਖਿਆ, ਸਗੋਂ ਸਾਰੇ ਭਾਈਚਾਰਿਆਂ ਵਿੱਚ ਸਹਿਣਸ਼ੀਲਤਾ ਅਤੇ ਸਤਿਕਾਰ ਦਾ ਸੁਨੇਹਾ ਫ਼ੈਲਾਇਆ। ਨਾਰਵਿਚ ਵਿੱਚ ਉਨ੍ਹਾਂ ਨੇ ਸਥਾਨਕ ਮੁੱਦਿਆਂ ’ਤੇ ਧਿਆਨ ਦਿੱਤਾ – ਸਕੂਲਾਂ ਦੀ ਬਿਹਤਰੀ, ਸੜਕਾਂ ਦੀ ਮੁਰੰਮਤ, ਵਪਾਰ ਨੂੰ ਵਧਾਉਣਾ ਅਤੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਾ। ਇਸੇ ਕਰਕੇ ਉਹ ਦੋ ਵਾਰ ਕੌਂਸਲਰ ਬਣੇ ਅਤੇ ਹੁਣ ਮੇਅਰ ਵੀ।
ਸਵਰਨਜੀਤ ਦੀ ਜਿੱਤ ਨੇ ਪੰਜਾਬ ਅਤੇ ਭਾਰਤੀ ਮੂਲ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪੈਦਾ ਕੀਤੀ ਹੈ। ਸਵਰਨਜੀਤ ਸਿੰਘ ਦੇ ਪਿਤਾ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ “ਸਾਡਾ ਪਰਿਵਾਰ ਸਦਾ ਸਿੱਖ ਸੇਵਾ ਵਿੱਚ ਲੱਗਾ ਰਿਹਾ। ਸਵਰਨਜੀਤ ਨੇ ਵਿਦੇਸ਼ ਵਿੱਚ ਵੀ ਸਿੱਖੀ ਦਾ ਮਾਣ ਵਧਾਇਆ। ਉਸ ਨੇ ਸਿੱਖ ਪਛਾਣ ਨੂੰ ਨਾ ਸਿਰਫ਼ ਬਚਾਇਆ, ਸਗੋਂ ਇਸ ਨੂੰ ਸਤਿਕਾਰ ਦਾ ਪ੍ਰਤੀਕ ਬਣਾਇਆ। ਸਵਰਜੀਤ ਸਿੰਘ 2007 ਵਿੱਚ ਪੜ੍ਹਾਈ ਲਈ ਅਮਰੀਕਾ ਆਏ ਸਨ। ਉਨ੍ਹਾਂ ਨੇ ਜਲੰਧਰ ਦੇ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਤੋਂ ਇੰਜੀਨੀਅਰਿੰਗ ਕੀਤੀ ਅਤੇ ਫ਼ਿਰ ਅਮਰੀਕਾ ਵਿੱਚ ਕੰਪਿਊਟਰ ਇੰਜੀਨੀਅਰਿੰਗ ਵਿੱਚ ਮਾਸਟਰਜ਼ ਕੀਤੀ।ਸਵਰਜੀਤ ਸਿੰਘ ਖ਼ਾਲਸਾ ਦਾ 2009 ਵਿੱਚ ਲੁਧਿਆਣਾ ਦੀ ਸਿੱਖ ਬੀਬੀ ਗੁਣਤਸ ਨਾਲ ਵਿਆਹ ਹੋਇਆ ਸੀ। ਉਹਨਾਂ ਦੀਆਂ ਦੋ ਧੀਆਂ ਹਨ, ਵੱਡੀ ਲੜਕੀ ਨੌਰਵਿਚ ਪਬਲਿਕ ਸਕੂਲ ਵਿੱਚ ਪੜ੍ਹਦੀ ਹੈ। ਪਰਿਵਾਰ ਨੌਰਵਿਚ ਦੇ ਨੌਰਵਿਚਟਾਊਨ ਇਲਾਕੇ ਵਿੱਚ ਰਹਿੰਦਾ ਹੈ।
ਕਾਰੋਬਾਰ ਦੀ ਗੱਲ ਕਰੀਏ ਤਾਂ ਸਵਰਜੀਤ ਸਿੰਘ ਖ਼ਾਲਸਾ ਨੇ ਨੌਰਵਿਚ ਅੰਦਰ12 ਸਾਲ ਤੱਕ ਪੈਟਰੋਲ ਪੰਪ ਚਲਾਇਆ ਸੀ ਤੇ ਹੁਣ ਰੀਅਲ ਐਸਟੇਟ ਡੇਵਲਪਰ ਅਤੇ ਕੰਸਟ੍ਰਕਸ਼ਨ ਕਾਰੋਬਾਰ ਚਲਾਉਂਦੇ ਹਨ।”
ਨਾਰਵਿਚ ਸ਼ਹਿਰ ਦੀ ਆਬਾਦੀ ਲਗਭਗ 40,000 ਹੈ। ਇੱਥੇ ਸਿੱਖ ਘੱਟ ਹਨ, ਪਰ ਸਵਰਨਜੀਤ ਨੇ ਸਾਰੇ ਵਰਗਾਂ ਨਾਲ ਮਿਲ ਕੇ ਕੰਮ ਕੀਤਾ। ਉਨ੍ਹਾਂ ਦੀ ਮੁਹਿੰਮ ਵਿੱਚ ਸਿੱਖੀ ਦੇ ਸਿਧਾਂਤ ‘ਸਰਬਤ ਦਾ ਭਲਾ, ਵੰਡ ਛਕਣਾ, ਕਿਰਤ ਕਰਨੀ’ ਨੂੰ ਸਥਾਨਕ ਮੁੱਦਿਆਂ ਨਾਲ ਜੋੜਿਆ।
ਅਮਰੀਕਾ ਵਿੱਚ ਸਿੱਖ ਭਾਈਚਾਰਾ ਲਗਾਤਾਰ ਵਧ ਰਿਹਾ ਹੈ। ਪਰ 9/11 ਤੋਂ ਬਾਅਦ ਨਸਲਵਾਦੀ ਵਰਤਾਰਿਆਂ ਤੇ ਵਾਰਦਾਤਾਂ ਨੇ ਏਸ਼ੀਅਨਾਂ ਖਾਸ ਕਰਕੇ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ। ਸਵਰਨਜੀਤ ਸਿੰਘ ਖ਼ਾਲਸਾ ਨੇ ਇਸ ਨੂੰ ਮੌਕੇ ਵਜੋਂ ਵਰਤਿਆ ਅਤੇ ਨਸਲਵਾਦ ਵਿਰੁੱਧ ਜਾਗਰੂਕਤਾ ਫ਼ੈਲਾਈ। ਅੱਜ ਅਮਰੀਕਾ ਵਿੱਚ ਸਿੱਖ ਪੁਲਿਸ ਅਫ਼ਸਰ, ਫ਼ੌਜੀ ਅਤੇ ਰਾਜਨੀਤਿਕ ਆਗੂ ਬਣ ਰਹੇ ਹਨ। ਸਵਰਨਜੀਤ ਸਿੰਘ ਖ਼ਾਲਸਾ ਦੀ ਜਿੱਤ ਇਸੇ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।
ਉਹ ਮੇਅਰ ਵਜੋਂ ਨਾਰਵਿਚ ਨੂੰ ਹੋਰ ਸੁੰਦਰ, ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦੇ ਹਨ। ਸਕੂਲਾਂ ਵਿੱਚ ਵਿਭਿੰਨਤਾ ਦੀ ਸਿੱਖਿਆ, ਵਪਾਰ ਨੂੰ ਵਧਾਉਣ ਲਈ ਨਵੇਂ ਪ੍ਰੋਜੈਕਟ ਅਤੇ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਣਾ ਉਨ੍ਹਾਂ ਦੀਆਂ ਤਰਜੀਹਾਂ ਹਨ।
ਜਲੰਧਰ ਤੋਂ ਨਿਊ ਜਰਸੀ, ਫ਼ਿਰ ਨਾਰਵਿਚ ਤੱਕ ਸਵਰਨਜੀਤ ਸਿੰਘ ਖ਼ਾਲਸਾ ਦਾ ਸਫ਼ਰ ਪ੍ਰੇਰਨਾ ਦਾ ਸਰੋਤ ਹੈ। ਉਸ ਨੇ ਸਾਬਤ ਕੀਤਾ ਕਿ ਸਿੱਖ ਪਛਾਣ ਨਾਲ ਕੋਈ ਸਮਝੌਤਾ ਨਹੀਂ ਕੀਤਾ, ਤਾਂ ਵੀ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ। ਉਸ ਦੀ ਜਿੱਤ ਨਾ ਸਿਰਫ਼ ਸਿੱਖਾਂ ਲਈ, ਸਗੋਂ ਸਾਰੇ ਘੱਟ ਗਿਣਤੀ ਭਾਈਚਾਰਿਆਂ ਲਈ ਮਿਸਾਲ ਹੈ।
ਉਹਨਾਂ ਦਾ ਸਫ਼ਰ ਇੱਕ ਲੋਕ ਗੀਤ ਵਾਂਗ ਹੈ ਜੋ ਗੁਜਰਾਤੀਆਂ, ਗੋਰਿਆਂ, ਚੀਨੀਆਂ,ਏਸ਼ੀਅਨਾਂ,ਪੰਜਾਬੀਆਂ ਵਿੱਚ ਗੂੰਜਿਆ।
ਪੰਥਕ ਜਥੇਬੰਦੀਆਂ ਵੱਲੋਂ ਸਵਾਗਤ
ਬਾਬਾ ਸਰਬਜੋਤ ਸਿੰਘ ਬੇਦੀ, ਸਿੱਖ ਵਿਦਵਾਨ ਸ੍ਰ. ਗੁਰਤੇਜ ਸਿੰਘ ਆਈ.ਏ.ਐਸ ਨੇ ਕਿਹਾ ਕਿ “ਇਹ ਜਿੱਤ ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸਵਰਨਜੀਤ ਸਿੰਘ ਖ਼ਾਲਸਾ ਨੇ ਅਮਰੀਕੀ ਲੋਕਤੰਤਰ ਦੇ ਮੰਚ ਉੱਤੇ ਸਿੱਖੀ ਦਾ ਝੰਡਾ ਬੁਲੰਦ ਕੀਤਾ। ਉਹਨਾਂ ਦੀ ਮਿਹਨਤ, ਇਮਾਨਦਾਰੀ ਤੇ ਸਮਰਪਣ ਨੇ ਸਾਬਤ ਕੀਤਾ ਕਿ ਗੁਰੂ ਦਾ ਖ਼ਾਲਸਾ ਕਿਸੇ ਵੀ ਮੁਲਕ ਵਿੱਚ ਅਗਵਾਈ ਕਰ ਸਕਦਾ।”
.ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਤਖ਼ਤ ਦਮਦਮਾ ਸਾਹਿਬ, ਸੁਖਦੇਵ ਸਿੰਘ ਭੌਰ, ਮੈਂਬਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਇਹ ਸਿੱਖ ਇਤਿਹਾਸ ਦਾ ਸੁਨਹਿਰੀ ਪੰਨਾ ਹੈ। ਸਵਰਨਜੀਤ ਸਿੰਘ ਖ਼ਾਲਸਾ ਨੇ 1984 ਦੇ ਦਰਦ ਨੂੰ ਸ਼ਕਤੀ ਬਣਾ ਕੇ ਅਮਰੀਕਾ ਵਿੱਚ ਮਨੁੱਖੀ ਅਧਿਕਾਰਾਂ ਦੀ ਮੁਹਿੰਮ ਚਲਾਕੇ ਪੰਥ ਤੇ ਪੰਜਾਬ ਦ ਨਾਂਅ ਰੌਸ਼ਨ ਕੀਤਾ। ਉਹਨਾਂ ਦੀ ਜਿੱਤ ਸਾਬਤ ਕਰਦੀ ਹੈ ਕਿ ਸਰਬਤ ਦਾ ਭਲਾ ਕਰਨ ਵਾਲਾ ਗੁਰਸਿੱਖ ਸੰਸਾਰ ਦੀ ਅਗਵਾਈ ਕਰ ਸਕਦਾ ਹੈ।”
ਰਜਿੰਦਰ ਸਿੰਘ ਪੁਰੇਵਾਲ, ਚੇਅਰਮੈਨ ਪੰਜਾਬ ਟਾਈਮਜ਼ ਯੂ.ਕੇ., ਭਾਈ ਮਲਕੀਅਤ ਸਿੰਘ, ਨੌਟਿੰਘਮ ਯੂ.ਕੇ ,ਰਣਜੀਤ ਸਿੰਘ ਰਾਣਾ ਯੂਕੇ ਨੇ ਕਿਹਾ, “ਅਮਰੀਕਾ ਵਿੱਚ 5 ਲੱਖ ਸਿੱਖਾਂ ਵਿੱਚੋਂ ਸਵਰਨਜੀਤ ਸਿੰਘ ਇੱਕ ਮਿਸਾਲ ਬਣੇ। ਉਹਨਾਂ ਨੇ ਸਥਾਨਕ ਲੋਕਾਂ ਨਾਲ ਚੰਗੇ ਸਬੰਧ ਬਣਾ ਕੇ ਸਿੱਖੀ ਦਾ ਅਕਸ ਉੱਚਾ ਕੀਤਾ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਵੱਲੋਂ ਸਵਰਨਜੀਤ ਸਿੰਘ ਖ਼ਾਲਸਾ ਦਾ ਸਨਮਾਨ ਹੋਣਾ ਚਾਹੀਦਾ।”
ਬਲਕਰਨ ਸਿੰਘ ਗਿੱਲ, ਗੁਰੂ ਨਾਨਕ ਸਿੱਖ ਸੈਂਟਰ ਬਰੰਪਟਨ, ਲੇਖਕ ਡਾ. ਪੂਰਨ ਸਿੰਘ ਗਿਲ, ਡਾ. ਗੁਰਵਿੰਦਰ ਸਿੰਘ ਧਾਲੀਵਾਲ ਬੀਸੀ ਕੈਨੇਡਾ ਨੇ ਕਿਹਾ, “ਸਵਰਨਜੀਤ ਸਿੰਘ ਦੀ ਜਿੱਤ ਸਿੱਖ ਨੌਜਵਾਨਾਂ ਲਈ ਪ੍ਰੇਰਨਾ ਹੈ। ਉਹਨਾਂ ਨੇ ਦਿਖਾਇਆ ਕਿ ਸਿੱਖੀ ਦੇ ਸਿਧਾਂਤਾਂ ਨਾਲ ਵਿਦੇਸ਼ ਵਿੱਚ ਵੀ ਸਿਖਰ ਛੂਹੇ ਜਾ ਸਕਦੇ।ਇਹ ਜਿੱਤ ਸਿੱਖੀ ਦੀ ਰੌਸ਼ਨੀ ਅਮਰੀਕੀ ਲੋਕਤੰਤਰ ਵਿੱਚ ਫ਼ੈਲਾਉਂਦੀ ਹੈ। ਪਵਨ ਕੁਮਾਰ ਟੀਨੂੰ, ਸੀਨੀਅਰ ਨੇਤਾ ਆਪ ਪਾਰਟੀ ਨੇ ਕਿਹਾ “ਸਵਰਨਜੀਤ ਸਿੰਘ ਨੇ ਸੰਨ ਆਫ਼ ਸਾਇਲ ਬਣਕੇ ਪੰਜਾਬ ਤੇ ਵਤਨ ਦਾ ਨਾਂਅ ਰੌਸ਼ਨ ਕੀਤਾ।”
ਸਰਦਾਰ ਮਨਮੋਹਨ ਸਿੰਘ, ਪ੍ਰਧਾਨ ਗੁਰਦੁਆਰਾ ਹੈਮਟਿਨ ਅਮਰੀਕਾ, ਭਾਈ ਮਿਹਰਬਾਨ ਸਿੰਘ, ਲੇਖਕ ਅਮਰੀਕਾ, ਸਰਦਾਰ ਪ੍ਰਿਤਪਾਲ ਸਿੰਘ ਰਿੰਚਮੰਡ ਨੇ ਕਿਹਾ ਕਿ “ਇਹ ਸਿੱਖੀ ਦੀ ਜਿੱਤ ਹੈ। ਸਵਰਨਜੀਤ ਸਿੰਘ ਨੇ ਅਮਰੀਕੀ ਸਮਾਜ ਵਿੱਚ ਸਿੱਖੀ ਦਾ ਅਕਸ ਉੱਚਾ ਕੀਤਾ ਹੈ। ਉਸਨੇ ਸਿੱਖ ਨੌਜਵਾਨਾਂ ਲਈ ਚੜ੍ਹਦੀਕਲਾ ਦਾ ਰਾਹ ਦਿਖਾਇਆ।”
ਸੁਖਦੇਵ ਸਿੰਘ, ਬਿਲਡਰ ਏ.ਜੀ.ਆਈ. ਜਲੰਧਰ, ਨੇ ਕਿਹਾ ਕਿ “ਸਵਰਨਜੀਤ ਸਿੰਘ ਖ਼ਾਲਸਾ ਨੇ ਪੰਜਾਬ ਦਾ ਸਿਰ ਉੱਚਾ ਕੀਤਾ।”
ਸਵਰਨਜੀਤ ਸਿੰਘ ਖ਼ਾਲਸਾ ਨੂੰ ਮੁਬਾਰਕਾਂ ਦੇਣ ਵਾਲਿਆਂ ਵਿੱਚ ਮੋਹਨ ਸਿੰਘ ਸਿਆਟਲ,ਪ੍ਰਿੰਸੀਪਲ ਆਰ.ਐਸ. ਮਹਿਤਾ, ਚਰਨਜੀਤ ਸਿੰਘ ਗੋਲਡੀ, ਹਰਦੀਪ ਸਿੰਘ ਭਾਟੀਆ, ਸਰਦਾਰ ਹਰਦੀਪ ਸਿੰਘ ਗੋਲਡੀ ਨਿਊਜਰਸੀ ਆਦਿ ਸ਼ਾਮਲ ਸਨ।
![]()
