ਖ਼ਾਲਸਾ ਰਾਜ ਦੀ ਵਿਰਾਸਤ ਲਾਹੌਰ ਕਿਲੇ ਦੀ ‘ਪ੍ਰਿੰਸੈੱਸ ਬੰਬਾ ਗੈਲਰੀ’

In ਖਾਸ ਰਿਪੋਰਟ
March 27, 2026

ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ
ਲਾਹੌਰ ਕਦੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੀ ਰਾਜਧਾਨੀ ਸੀ, ਅੱਜ ਵੀ ਸਿੱਖ ਇਤਿਹਾਸ ਦੇ ਬੇਅੰਤ ਨਿਸ਼ਾਨ ਸਾਂਭ ਕੇ ਬੈਠੀ ਹੈ ਪਰ ਇਨ੍ਹਾਂ ਨਿਸ਼ਾਨੀਆਂ ਵਿੱਚੋਂ ਕੁਝ ਖਾਮੋਸ਼ੀ ਨਾਲ ਮਿਟ ਚੁੱਕੀਆਂ ਹਨ। ਇਨ੍ਹਾਂ ਵਿੱਚ ਇੱਕ ਨਾਮ ਹੈ ਪ੍ਰਿੰਸੈੱਸ ਬੰਬਾ ਸੋਫੀਆ ਸਦਰਲੈਂਡ ਦਾ, ਜੋ ਸਿੱਖ ਰਾਜ ਦੀ ਆਖ਼ਰੀ ਪੀੜ੍ਹੀ ਨਾਲ ਸੰਬੰਧਿਤ ਸੀ।
ਪ੍ਰਿੰਸੈੱਸ ਬੰਬਾ ਦਾ ਜਨਮ 1869 ਵਿੱਚ ਲੰਡਨ ਵਿੱਚ ਹੋਇਆ ਸੀ। ਉਹ ਮਹਾਰਾਜਾ ਦਲੀਪ ਸਿੰਘ ਦੀ ਵੱਡੀ ਧੀ ਸੀ, ਜੋ 1849 ਵਿੱਚ ਪੰਜਾਬ ਦਾ ਬ੍ਰਿਟਿਸ਼ ਕਬਜ਼ੇ ਤੋਂ ਬਾਅਦ ਇੰਗਲੈਂਡ ਲਿਜਾਏ ਗਏ ਸਨ। ਬੰਬਾ ਦੀ ਪਰਵਰਿਸ਼ ਬ੍ਰਿਟਿਸ਼ ਮਾਹੌਲ ਵਿੱਚ ਹੋਈ ਸੀ, ਪਰ ਉਸ ਦੇ ਜੀਵਨ ਦਾ ਇੱਕ ਵੱਡਾ ਮੋੜ ਉਸ ਵੇਲੇ ਆਇਆ ਸੀ ਜਦੋਂ ਉਸ ਨੇ ਆਪਣੇ ਵਿਰਾਸਤੀ ਮੁੱਲਾਂ ਨੂੰ ਸਮਝਣ ਲਈ ਭਾਰਤ, ਖਾਸ ਕਰਕੇ ਲਾਹੌਰ, ਨਾਲ ਨਾਤਾ ਜੋੜਿਆ ਸੀ। ਸ਼ਹਿਜ਼ਾਦੀ ਬੰਬਾ ਦੀ ਲਾਹੌਰ ਫੇਰੀ ਅਤੇ ਬਾਅਦ ਵਿੱਚ ਉੱਥੇ ਪੱਕੇ ਤੌਰ ’ਤੇ ਵਸਣ ਦਾ ਉਦੇਸ਼ ਕੋਈ ਸਾਧਾਰਨ ਯਾਤਰਾ ਨਹੀਂ ਸੀ। ਇਸ ਦੇ ਪਿੱਛੇ ਇੱਕ ਡੂੰਘੀ ਇਤਿਹਾਸਕ ਪੀੜ ਅਤੇ ‘ਖੋਹੇ ਹੋਏ ਸਿੱਖ ਰਾਜ’ ਦੀ ਵਾਪਸੀ ਬਾਰੇ ਤੜਫ ਸੀ।
ਮਹਾਰਾਜਾ ਦਲੀਪ ਸਿੰਘ ਨੂੰ ਬਚਪਨ ਵਿੱਚ ਧੋਖੇ ਨਾਲ ਇਸਾਈ ਬਣਾ ਕੇ ਇੰਗਲੈਂਡ ਲਿਜਾਇਆ ਗਿਆ ਸੀ। ਉਹ ਆਪਣੀ ਮੌਤ ਤੱਕ ਪੰਜਾਬ ਵਾਪਸ ਆਉਣ ਅਤੇ ਆਪਣੀ ਸਿੱਖ ਪਛਾਣ ਬਹਾਲ ਕਰਨ ਲਈ ਤੜਫਦੇ ਰਹੇ ਸਨ। ਰਾਜਕੁਮਾਰੀ ਬੰਬਾ ਨੇ ਆਪਣੇ ਪਿਤਾ ਦੀ ਇਸੇ ‘ਅਧੂਰੀ ਵਾਪਸੀ’ ਨੂੰ ਪੂਰਾ ਕਰਨ ਦਾ ਸੰਕਲਪ ਲਿਆ ਸੀ। ਉਹ ਆਪਣੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸਬੰਧਿਤ ਬੇਸ਼ਕੀਮਤੀ ਵਸਤਾਂ, ਤਸਵੀਰਾਂ ਅਤੇ ਦਸਤਾਵੇਜ਼ ਲੈ ਕੇ ਆਈ ਸੀ ਤਾਂ ਜੋ ਉਨ੍ਹਾਂ ਨੂੰ ਉਸੇ ਧਰਤੀ ’ਤੇ ਸੁਰੱਖਿਅਤ ਰੱਖਿਆ ਜਾ ਸਕੇ ਜਿੱਥੋਂ ਬ੍ਰਿਟਿਸ਼ ਰਾਜ ਵਲੋਂ ਲੁੱਟ ਕੇ ਲਿਜਾਏ ਗਏ ਸਨ।
ਬ੍ਰਿਟਿਸ਼ ਸਰਕਾਰ ਲਈ ਬੰਬਾ ਦਾ ਲਾਹੌਰ ਆਉਣਾ ਇੱਕ ਵੱਡੀ ਚੁਣੌਤੀ ਸੀ। ਉਹ ਇੱਥੇ ਆ ਕੇ ਇਹ ਦੱਸਣਾ ਚਾਹੁੰਦੀ ਸੀ ਕਿ ਸਿੱਖ ਰਾਜਵੰਸ਼ ਅਜੇ ਖ਼ਤਮ ਨਹੀਂ ਹੋਇਆ। ਉਸ ਦਾ ਲਾਹੌਰ ਵਿੱਚ ਰਹਿਣਾ ਅੰਗਰੇਜ਼ਾਂ ਦੀਆਂ ਅੱਖਾਂ ਵਿੱਚ ਰੜਕਦਾ ਸੀ, ਕਿਉਂਕਿ ਉਹ ਸਿੱਖਾਂ ਲਈ ‘ਰਾਜਸੀ ਉਮੀਦ’ ਦਾ ਪ੍ਰਤੀਕ ਸੀ। ਉਸ ਦਾ ਇੱਕ ਮੁੱਖ ਮਕਸਦ ਆਪਣੀ ਦਾਦੀ ਮਹਾਰਾਣੀ ਜਿੰਦ ਕੌਰ ਦੀਆਂ ਅਸਥੀਆਂ ਨੂੰ ਲਾਹੌਰ ਲਿਆ ਕੇ, ਉਹਨਾਂ ਦੇ ਪਤੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਕੋਲ ਸਥਾਪਿਤ ਕਰਨਾ ਸੀ, ਜੋ ਕਿ ਬ੍ਰਿਟਿਸ਼ ਰਾਜ ਨੇ ਕਦੇ ਹੋਣ ਨਹੀਂ ਦਿੱਤਾ ਸੀ।
1915 ਵਿੱਚ ਡਾ. ਡੇਵਿਡ ਵਾਟਰਜ਼ ਸਦਰਲੈਂਡ ਨਾਲ ਵਿਆਹ ਤੋਂ ਬਾਅਦ ਬੰਬਾ ਲਾਹੌਰ ਵਿੱਚ ਵੱਸ ਗਈ ਸੀ। ਉਸ ਨੇ ਮਾਡਲ ਟਾਊਨ ਵਿੱਚ ‘ਗੁਲਜ਼ਾਰ’ ਨਾਮ ਦੀ ਕੋਠੀ ਖਰੀਦੀ ਸੀ। ਸਥਾਨਕ ਇਤਿਹਾਸਕਾਰਾਂ ਦੇ ਅਨੁਸਾਰ, “ਗੁਲਜ਼ਾਰ ਇੱਕ ਸਮੇਂ ਲਾਹੌਰ ਦੀਆਂ ਖੂਬਸੂਰਤ ਕੋਠੀਆਂ ਵਿੱਚ ਗਿਣੀ ਜਾਂਦੀ ਸੀ, ਜਿੱਥੇ ਬਾਗਬਾਨੀ ਅਤੇ ਸੱਭਿਆਚਾਰਕ ਰੁਚੀ ਦਿਖਾਈ ਦਿੰਦੀ ਸੀ।”
1947 ਦੀ ਭਾਰਤ ਦੀ ਵੰਡ 1947 ਦੌਰਾਨ ਜਦੋਂ ਲੱਖਾਂ ਲੋਕ ਹਿਜਰਤ ਕਰ ਰਹੇ ਸਨ, ਬੰਬਾ ਨੇ ਲਾਹੌਰ ਨਾ ਛੱਡਣ ਦਾ ਫੈਸਲਾ ਕੀਤਾ। ਇਹ ਉਸ ਦੇ ਸ਼ਹਿਰ ਨਾਲ ਡੂੰਘੇ ਰਿਸ਼ਤੇ ਤੇ ਮੋਹ ਨੂੰ ਦਰਸਾਉਂਦਾ ਹੈ। ਉਹ ਸਿਰਫ਼ ਇਤਿਹਾਸ ਦਾ ਹਿੱਸਾ ਨਹੀਂ ਸੀ, ਉਹ ਖੁਦ ਉਸ ਇਤਿਹਾਸ ਨੂੰ ਜੀ ਰਹੀ ਸੀ।”
‘ਗੁਲਜ਼ਾਰ’ ਦੀ ਹੋਂਦ ਮਿਟਣਾ
10 ਮਾਰਚ 1957 ਨੂੰ 88 ਸਾਲ ਦੀ ਉਮਰ ਵਿੱਚ ਇਸੇ ਘਰ ਵਿੱਚ ਬੰਬਾ ਨੇ ਆਖ਼ਰੀ ਸਾਹ ਲਿਆ ਸੀ। ਉਸ ਦੇ ਜਨਾਜ਼ੇ ਵਿੱਚ ਵੀ ਬਹੁਤ ਘੱਟ ਲੋਕ ਸ਼ਾਮਲ ਸਨ। ਉਸ ਦੀਆਂ ਅੰਤਿਮ ਰਸਮਾਂ ਤੋਂ ਬਾਅਦ ਉਨ੍ਹਾਂ ਨੂੰ ਲਾਹੌਰ ਦੇ ਜੇਲ੍ਹ ਰੋਡ ਸਥਿਤ ਗੌਰਾ ਅੰਗਰੇਜ਼ੀ ਕਬਰਸਤਾਨ ਵਿੱਚ ਦਫ਼ਨਾਇਆ ਗਿਆ ਸੀ।
ਬੰਬਾ ਦੀ ਮੌਤ (1957) ਤੋਂ ਬਾਅਦ ਉਸ ਦੀ ਜਾਇਦਾਦ ਨਿੱਜੀ ਹੱਥਾਂ ਵਿੱਚ ਚਲੀ ਗਈ ਸੀ। ਇਤਿਹਾਸਕ ਦਸਤਾਵੇਜ਼ਾਂ ਅਨੁਸਾਰ, ਸ਼ਹਿਜ਼ਾਦੀ ਬੰਬਾ ਨੇ ਆਪਣੀ ਮੌਤ ਤੋਂ ਲਗਭਗ 15 ਮਹੀਨੇ ਪਹਿਲਾਂ, ਨਵੰਬਰ 1955 ਵਿੱਚ ਆਪਣੀ ਵਸੀਅਤ ਬਦਲ ਦਿੱਤੀ ਸੀ। ਉਨ੍ਹਾਂ ਨੇ ਆਪਣੀ ਕੋਠੀ ‘ਗੁਲਜ਼ਾਰ’, ਪਲਾਟ ਨੰਬਰ 103 ਅਤੇ ਯੂਕੇ ਸਥਿਤ ਆਪਣੀਆਂ ਸਾਰੀਆਂ ਕੀਮਤੀ ਵਸਤਾਂ ਦੇ ਪ੍ਰਬੰਧਕੀ ਹੱਕ ਆਪਣੇ ਇੱਕ ਵਫ਼ਾਦਾਰ ਸਹਾਇਕ ਕਰੀਮ ਬਖਸ਼ ਸਪਰਾ ਦੇ ਨਾਮ ਕਰ ਦਿੱਤੇ ਸਨ। ਮਾਡਲ ਟਾਊਨ ਦਾ ਹਾਊਸ ਨੰਬਰ 104, ਜਿਸ ਨੂੰ ਬੰਬਾ ਨੇ ‘ਗੁਲਜ਼ਾਰ’ ਨਾਮ ਦਿੱਤਾ ਸੀ, ਕੇਵਲ ਇੱਕ ਕੋਠੀ ਨਹੀਂ ਸੀ। ਇਹ ਸਿੱਖ ਰਾਜ ਦੀ ਆਖ਼ਰੀ ਸ਼ਹਿਜ਼ਾਦੀ ਦੀ ਯਾਦਗਾਰੀ ਵਿਰਾਸਤ ਸੀ। 2020 ਵਿੱਚ ਇਸ ਨੂੰ ਢਾਹ ਕੇ ਜ਼ਮੀਨਦੋਜ਼ ਕਰ ਦੇਣਾ ਸਾਡੀ ਮੌਜੂਦਾ ਵਿਰਾਸਤੀ ਸੂਝ ’ਤੇ ਕਰਾਰੀ ਚਪੇੜ ਹੈ।
ਇਸ ਘਰ ਨੂੰ ਬਚਾਉਣ ਲਈ ਕਿਸੇ ਵੀ ਸਿੱਖ ਜਥੇਬੰਦੀ ਨੇ ਪਾਕਿਸਤਾਨ ਸਰਕਾਰ ਜਾਂ ਅਦਾਲਤ ਵਿੱਚ ਕੋਈ ਵੱਡੀ ਪਹੁੰਚ ਨਹੀਂ ਕੀਤੀ। ਕੀ ਅਸੀਂ ਇੰਨੇ ਗਰੀਬ ਹੋ ਗਏ ਹਾਂ ਕਿ ਇੱਕ ਇਤਿਹਾਸਕ ਮਹਿਲ ਦੀ ਮੈਨਟੀਨੈਂਸ ਦਾ ਖ਼ਰਚਾ ਨਹੀਂ ਚੁੱਕ ਸਕਦੇ ਸੀ? ਮੁਨਸ਼ੀ ਕਰੀਮ ਬਖਸ਼ ਦੇ ਵਾਰਸਾਂ ਨੇ ਇਸ ਨੂੰ ਵੇਚ ਦਿੱਤਾ, ਕਿਉਂਕਿ ਉਨ੍ਹਾਂ ਲਈ ਇਹ ਮਹਿਜ਼ ‘ਪ੍ਰਾਪਰਟੀ’ ਸੀ, ਪਰ ਸਿੱਖਾਂ ਲਈ ਇਹ ‘ਰਾਜਸੀ ਵਿਰਾਸਤ’ ਸੀ।
ਅੱਜ ਵੀ ਬੰਬਾ ਨਾਲ ਜੁੜੀਆਂ ਕੁਝ ਚੀਜ਼ਾਂ ਲਾਹੌਰ ਕਿਲ੍ਹਾ ਵਿੱਚ ਮੌਜੂਦ ਹਨ।
1960 ਵਿੱਚ ਪਾਕਿਸਤਾਨ ਸਰਕਾਰ ਨੇ ਕਰੀਮ ਬਖਸ਼ ਸਪਰਾ ਨੂੰ 14,000 ਪੌਂਡ ਦੀ ਅਦਾਇਗੀ ਕਰਕੇ ਸ਼ਹਿਜ਼ਾਦੀ ਦੀਆਂ ਸਾਰੀਆਂ ਕੀਮਤੀ ਇਤਿਹਾਸਕ ਵਸਤਾਂ ਖਰੀਦ ਲਈਆਂ ਸਨ।
ਇਸ ਸੰਗ੍ਰਹਿ ਵਿੱਚ 18 ਤੇਲ ਚਿੱਤਰ , 14 ਵਾਟਰ ਕਲਰ ਪੇਂਟਿੰਗਾਂ, ਹਾਥੀ ਦੰਦ ਦੀਆਂ ਬਣੀਆਂ 22 ਮੂਰਤੀਆਂ ਅਤੇ ਕਈ ਧਾਤੂ ਦੀਆਂ ਵਸਤਾਂ ਸ਼ਾਮਲ ਹਨ। ਮਹਾਰਾਜਾ ਰਣਜੀਤ ਸਿੰਘ, ਰਾਣੀ ਜਿੰਦਾਂ, ਸ਼ਹਿਜ਼ਾਦਾ ਨੌਨਿਹਾਲ ਸਿੰਘ ਅਤੇ ਮਹਾਰਾਜਾ ਸ਼ੇਰ ਸਿੰਘ ਦੇ ਦਰਬਾਰ ਦੀਆਂ ਸ਼ਾਨਦਾਰ ਪੇਂਟਿੰਗਾਂ ਹਨ। ਮਹਾਰਾਜਾ ਰਣਜੀਤ ਸਿੰਘ ਦੀ ਹਾਥੀ ’ਤੇ ਸਵਾਰੀ ਦਾ ਇੱਕ ਖ਼ੂਬਸੂਰਤ ਮਾਡਲ ਮੌਜੂਦ ਹੈ।
ਇਹ ਸਾਰੀਆਂ ਚੀਜ਼ਾਂ ਅੱਜ ਲਾਹੌਰ ਦੇ ਸ਼ਾਹੀ ਕਿਲੇ ਵਿੱਚ ਬਣੀ ‘ਸਿੱਖ ਆਰਟ ਗੈਲਰੀ’ ਵਿੱਚ ‘ਪ੍ਰਿੰਸੈੱਸ ਬੰਬਾ ਕਲੈਕਸ਼ਨ’ ਦੇ ਨਾਮ ਹੇਠ ਸੁਰੱਖਿਅਤ ਰੱਖੀਆਂ ਗਈਆਂ ਹਨ।
ਇਹ ਕਲੈਕਸ਼ਨ ਉਸ ਦੀ ਜ਼ਿੰਦਗੀ ਅਤੇ ਉਸ ਦੇ ਸਮੇਂ ਦੀ ਇੱਕ ਝਲਕ ਪੇਸ਼ ਕਰਦਾ ਹੈ ਪਰ ਪਾਕਿਸਤਾਨੀ ਪੁਰਾਤੱਤਵ ਵਿਭਾਗ ਦੀ ਲਾਪਰਵਾਹੀ ਕਾਰਨ ਸ਼ਹਿਜ਼ਾਦੀ ਬੰਬਾ ਦਾ ਇਹ ਖ਼ਜ਼ਾਨਾ ਧੂੜ ਫੱਕ ਰਿਹਾ ਹੈ ਅਤੇ ਤਾਲਿਆਂ ਪਿੱਛੇ ਕੈਦ ਹੈ। ਰਿਪੋਰਟਾਂ ਅਨੁਸਾਰ, ਇਸ ਗੈਲਰੀ ਨੂੰ ਸਿਰਫ਼ ਖ਼ਾਸ ਮੌਕਿਆਂ ’ਤੇ ਵੀ.ਆਈ.ਪੀ. ਮਹਿਮਾਨਾਂ ਜਾਂ ਉੱਚ ਅਧਿਕਾਰੀਆਂ ਲਈ ਹੀ ਖੋਲ੍ਹਿਆ ਜਾਂਦਾ ਹੈ। ਆਮ ਸੈਲਾਨੀ ਅਤੇ ਇਤਿਹਾਸ ਪ੍ਰੇਮੀ ਇਸ ਨੂੰ ਦੇਖਣ ਤੋਂ ਵਾਂਝੇ ਹਨ।
ਗੈਲਰੀ ਦੇ ਅੰਦਰ ਨਾ ਤਾਂ ਰੌਸ਼ਨੀ ਦਾ ਉਚਿਤ ਪ੍ਰਬੰਧ ਹੈ ਅਤੇ ਨਾ ਹੀ ਬਿਜਲੀ ਦੀ ਸਹੂਲਤ। ਸੂਰਜ ਦੀ ਮੱਧਮ ਰੌਸ਼ਨੀ ਹੀ ਇਸ ਹਨੇਰੇ ਹਾਲ ਦਾ ਇੱਕੋ-ਇੱਕ ਸਹਾਰਾ ਹੈ। ਗੈਲਰੀ ਦਾ ਦੌਰਾ ਕਰਨ ਵਾਲੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਉੱਥੇ ਰੱਖੀਆਂ ਕਲਾਕ੍ਰਿਤੀਆਂ ਅਤੇ ਸ਼ੀਸ਼ੇ ਦੇ ਕੇਸਾਂ ’ਤੇ ਧੂੜ ਦੀਆਂ ਮੋਟੀਆਂ ਪਰਤਾਂ ਜੰਮੀਆਂ ਹੋਈਆਂ ਹਨ। ਇਨ੍ਹਾਂ ਇਤਿਹਾਸਕ ਚੀਜ਼ਾਂ ਦੀ ਸਫ਼ਾਈ ਜਾਂ ਸੰਭਾਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ।
ਜਦੋਂ ਪੂਰੀ ਦੁਨੀਆ ਵਿੱਚ ਅਜਿਹੀਆਂ ਇਤਿਹਾਸਕ ਥਾਵਾਂ ਨੂੰ ਸੈਰ-ਸਪਾਟੇ ਲਈ ਪ੍ਰਮੋਟ ਕੀਤਾ ਜਾਂਦਾ ਹੈ, ਤਾਂ ਪਾਕਿਸਤਾਨ ਵਿੱਚ ਇਸ ਨੂੰ ਤਾਲੇ ਲਗਾ ਕੇ ਕਿਉਂ ਰੱਖਿਆ ਗਿਆ ਹੈ? ਕੀ ਪ੍ਰਬੰਧਕੀ ਨਾਕਾਮੀ ਨੂੰ ਲੁਕਾਉਣ ਲਈ ਵਿਰਾਸਤ ਨੂੰ ਜਨਤਾ ਤੋਂ ਦੂਰ ਰੱਖਿਆ ਜਾ ਰਿਹਾ ਹੈ? ਇਸ ਗੈਲਰੀ ਨੂੰ ਟਿਕਟ ਲਗਾ ਕੇ ਆਮ ਲੋਕਾਂ ਲਈ ਖੋਲ੍ਹਿਆ ਜਾਵੇ ਤਾਂ ਜੋ ਇਸ ਦੀ ਸੰਭਾਲ ਲਈ ਫੰਡ ਜੁਟਾਇਆ ਜਾ ਸਕੇ।ਇਨ੍ਹਾਂ ਪੁਰਾਤਨ ਪੇਂਟਿੰਗਾਂ ਅਤੇ ਵਸਤਾਂ ਨੂੰ ਮਾਹਰਾਂ ਦੀ ਨਿਗਰਾਨੀ ਹੇਠ ਸਾਫ਼ ਕਰਵਾਇਆ ਜਾਵੇ। ਗੈਲਰੀ ਵਿੱਚ ਰੌਸ਼ਨੀ ਅਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ।
ਸਿੱਖ ਇਤਿਹਾਸ ਅਕਸਰ ਗੁਰਦੁਆਰਿਆਂ ਤੱਕ ਸੀਮਿਤ ਕਰ ਦਿੱਤਾ ਜਾਂਦਾ ਹੈ, ਪਰ ਹਕੀਕਤ ਵਿੱਚ ਇਹ ਇੱਕ ਵੱਡਾ ਸੱਭਿਆਚਾਰਕ ਅਤੇ ਰਾਜਸੀ ਇਤਿਹਾਸ ਹੈ। ਪ੍ਰਿੰਸੈੱਸ ਬੰਬਾ ਦੀ ਸਾਖੀ ਇਹ ਯਾਦ ਦਿਵਾਉਂਦੀ ਹੈ ਕਿ ਵਿਰਾਸਤ ਸਿਰਫ਼ ਇਮਾਰਤਾਂ ਨਹੀਂ ਹੁੰਦੀਆਂ ਇਹ ਪਛਾਣ, ਯਾਦ ਅਤੇ ਇਤਿਹਾਸ ਦੀ ਲੜੀ ਹੁੰਦੀ ਹੈ। ਲਾਹੌਰ ਵਿੱਚ ਬੰਬਾ ਦੀਆਂ ਗੁੰਮ ਹੋ ਰਹੀਆਂ ਨਿਸ਼ਾਨੀਆਂ ਸਾਨੂੰ ਇੱਕ ਖਾਮੋਸ਼ ਸੱਚ ਦੱਸਦੀਆਂ ਹਨ ਕਿ ਵਿਰਾਸਤ ਜੇ ਸੰਭਾਲੀ ਨਾ ਜਾਵੇ, ਤਾਂ ਉਹ ਹੌਲੀ-ਹੌਲੀ ਮਿਟ ਜਾਂਦੀ ਹੈ।

Loading