ਐਡਵੋਕੇਟ ਹਰਜਿੰਦਰ ਸਿੰਘ ਧਾਮੀ
ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਨ 1699 ਦੀ ਵਿਸਾਖੀ ਦਾ ਦਿਨ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਉਘੜਵੇਂ ਰੂਪ ’ਚ ਦਰਜ ਹੈ। ਇਸ ਦਿਨ ਦਸਮੇਸ਼ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰ ਕੇ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਇੱਕ ਕ੍ਰਾਂਤੀਕਾਰੀ ਅਧਿਆਇ ਜੋੜਿਆ ਸੀ।
ਖ਼ਾਲਸਾ ਸਾਜਨਾ ਦਾ ਇਤਿਹਾਸ ਸਿੱਖ ਕੌਮ ਲਈ ਇੱਕ ਗੌਰਵਮਈ ਗਾਥਾ ਹੈ, ਜਿਸ ਨਾਲ ਹਰ ਸਿੱਖ ਅੰਦਰ ਵਿਲੱਖਣ ਅਤੇ ਨਿਰਾਲੀ ਹੋਂਦ ਹਸਤੀ ਦਾ ਅਹਿਸਾਸ ਪੈਦਾ ਹੁੰਦਾ ਹੈ। ਖ਼ਾਲਸਾ ਆਦਰਸ਼ਕ ਮਨੁੱਖ ਹੈ, ਜਿਸ ਦਾ ਜੀਵਨ ਸਮਾਜ ਲਈ ਪ੍ਰੇਰਣਾਮਈ ਹੋਣ ਦੇ ਨਾਲ-ਨਾਲ ਹੱਕ ਸੱਚ ਦੀ ਰਖਵਾਲੀ ਲਈ ਵੀ ਮਿਸਾਲੀ ਹੈ। ਖ਼ਾਲਸੇ ਦੀ ਘਾੜਤ ਵਿੱਚ ਦਸ ਗੁਰੂ ਸਾਹਿਬਾਨ ਦੀ ਪਵਿੱਤਰ ਵਿਚਾਰਧਾਰਾ ਸ਼ਾਮਿਲ ਹੈ। ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖ਼ਾਲਸਾ ਰੂਪੀ ਆਦਰਸ਼ਕ ਮਨੁੱਖ ਲਈ ਪਹਿਲੀ ਸ਼ਰਤ ਇਹ ਨਿਸਚਤ ਕੀਤੀ ਸੀ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥
(ਅੰਗ 1412)
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਹ ਬਚਨ ਧਰਮ ਖੇਤਰ ਅੰਦਰ ਪ੍ਰਵਾਨ ਚੜ੍ਹਨ ਵਾਲਿਆਂ ਲਈ ਆਦਰਸ਼ ਹਨ। ਇਸ ’ਚ ਆਪਾ ਨਿਸ਼ਾਵਰ ਕਰਨ ਦੀ ਜੁਗਤ ਅਤੇ ਪ੍ਰੇਰਨਾ ਦਰਜ ਹੈ। ਪਹਿਲੇ ਪਾਤਿਸ਼ਾਹ ਤੋਂ ਬਾਅਦ ’ਚ ਬਾਕੀ ਗੁਰੂ ਸਾਹਿਬਾਨ ਨੇ ਵੀ ਸਿੱਖਾਂ ਨੂੰ ਇਹੋ ਪਾਠ ਦ੍ਰਿੜ੍ਹ ਕਰਵਾਇਆ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਨੂੰ ਵਿਸਾਖੀ ਦੇ ਦਿਹਾੜੇ ’ਤੇ ਖ਼ਾਲਸੇ ਦੀ ਸਿਰਜਣਾ ਕਰ ਕੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਅਰਥ ਪ੍ਰਦਾਨ ਕੀਤੇ। ਦਸਵੇਂ ਪਾਤਿਸ਼ਾਹ ਜੀ ਦੇ ਇਸ ਅਦੁੱਤੀ ਕਾਰਜ ਨੇ ਸਦੀਆਂ ਤੋਂ ਲਿਤਾੜੇ, ਗ਼ੁਲਾਮੀ ਵਾਲਾ ਜੀਵਨ ਜੀਅ ਰਹੇ ਲੋਕਾਂ ਨੂੰ ਆਤਮ ਵਿਸ਼ਵਾਸੀ ਬਣਾ ਕੇ ਅਰਸ਼ ’ਤੇ ਪਹੁੰਚਾ ਦਿੱਤਾ। ਸ੍ਰੀ ਅਨੰਦਪੁਰ ਸਾਹਿਬ ਵਿਖੇ 1699 ਦੀ ਵਿਸਾਖੀ ਦਾ ਇਹ ਦਿਨ ਜਬਰ, ਜ਼ੁਲਮ, ਬੇਇਨਸਾਫ਼ੀ, ਵਿਤਕਰੇ, ਝੂਠ, ਪਾਖੰਡ, ਅਨਿਆਂ ਆਦਿ ਵਿਰੁੱਧ ਇੱਕ ਵੱਡੇ ਸੰਘਰਸ਼ ਦੀ ਸ਼ੁਰੂਆਤ ਸਿੱਧ ਹੋਇਆ। ਇਹ ਦਿਹਾੜਾ ਅਨੋਖਾ ਨਜ਼ਾਰਾ ਪੇਸ਼ ਕਰਨ ਵਾਲਾ ਵੀ ਸੀ, ਕਿਉਂਕਿ ਇਸ ਦਿਨ ਜਿੱਥੇ ਇੱਕ ਪਾਸੇ ਗੁਰੂ ਜੀ ਵੱਲੋਂ ਸਾਜੇ ਪੰਜ ਪਿਆਰੇ ਗੁਰੂ ਸਾਹਿਬ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਨਿਹਾਲ ਹੋਏ, ਉੱਥੇ ਹੀ ਦੂਸਰੇ ਪਾਸੇ ਗੁਰੂ ਸਾਹਿਬ ਜੀ ਨੇ ਵੀ ਖ਼ਾਲਸੇ ਪਾਸੋਂ ਆਪ ਅੰਮ੍ਰਿਤਪਾਨ ਕਰ ਕੇ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਨਿਵੇਕਲੀ ਮਿਸਾਲ ਕਾਇਮ ਕੀਤੀ। ਇਸ ਨਾਲ ਗੁਰੂ ਤੇ ਚੇਲੇ ਦਾ ਅਜਿਹਾ ਨਵਾਂ ਰੂਪ ਸਾਹਮਣੇ ਆਇਆ, ਜਿਸ ’ਚ ਗੁਰੂ-ਚੇਲੇ ’ਚ ਕੋਈ ਭਿੰਨ-ਭੇਦ ਨਹੀਂ ਹੈ। ਭਾਈ ਗੁਰਦਾਸ ਜੀ ਇਸ ਦ੍ਰਿਸ਼ ਨੂੰ ਵਾਹ-ਵਾਹ ਕਹਿ ਕੇ ਵਡਿਆਉਂਦੇ ਹਨ:
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜਿਆ ਖ਼ਾਲਸਾ ਹਰ ਕਿਸਮ ਦੀ ਸ਼ਖ਼ਸੀ ਗ਼ੁਲਾਮੀ ਤੋਂ ਆਜ਼ਾਦ ਹੋ ਕੇ ਅਕਾਲ ਪੁਰਖ ਵਾਹਿਗੁਰੂ ਨਾਲ ਸਿੱਧੇ ਰੂਪ ’ਚ ਸੰਬੰਧਿਤ ਹੈ, ਜੋ ਪਰਮਾਤਮਾ ਦੀ ਆਪਣੀ ਰਜ਼ਾ ’ਚੋਂ ਹੀ ਪ੍ਰਗਟ ਹੋਇਆ ਹੈ:
ਖ਼ਾਲਸਾ ਅਕਾਲ ਪੁਰਖ ਕੀ ਫ਼ੌਜ।
ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ।
ਖ਼ਾਲਸੇ ਦਾ ਅਰਥ ਸ਼ੁੱਧ, ਨਿਰਮਲ ਅਤੇ ਬਿਨਾਂ ਮਿਲਾਵਟ ਤੋਂ ਹੈ। ਖ਼ਾਲਸਾ ਝੂਠ, ਬੇਈਮਾਨੀ, ਵਲ-ਫਰੇਬ ਤੋਂ ਦੂਰ ਮਨੁੱਖਤਾ ਦਾ ਸੱਚਾ ਹਮਦਰਦ ਹੈ। ਇਹ ਇੱਕ ਅਕਾਲ ਪੁਰਖ ਦਾ ਪੁਜਾਰੀ ਹੈ। ਖ਼ਾਲਸਾ ਪੰਜ ਕਕਾਰੀ ਰਹਿਣੀ ਦਾ ਧਾਰਨੀ ਹੈ। ਸੱਚਾ ਤੇ ਧਰਮੀ ਜੀਵਨ ਜਿਊਣਾ ਖ਼ਾਲਸੇ ਦਾ ਨੇਮ ਹੈ। ਧਰਮ ਅਤੇ ਸਦਾਚਾਰ ਦੇ ਸੁਮੇਲ ਖ਼ਾਲਸੇ ਦੀ ਆਵਾਜ਼ ਹਮੇਸ਼ਾ ਹੀ ਹੱਕ ਤੇ ਸੱਚ ਲਈ ਉੱਠਦੀ ਹੈ। ਜਬਰ ਤੇ ਜ਼ੁਲਮ ਵਿਰੁੱਧ ਡਟਣਾ ਖ਼ਾਲਸੇ ਦਾ ਪਰਮ ਧਰਮ ਤੇ ਕਰਤੱਵ ਹੈ। ਉੱਚੀ-ਸੁੱਚੀ ਜੀਵਨ-ਜਾਚ ਇਸ ਦੀ ਲਖਾਇਕ ਹੈ। ਦਸਮੇਸ਼ ਪਿਤਾ ਜੀ ਨੇ ਖ਼ਾਲਸੇ ਦੀ ਸਿਰਜਣਾ ਕਰ ਕੇ ਸੰਸਾਰ ਨੂੰ ਸੰਤ-ਸਿਪਾਹੀ ਦਾ ਅਜਿਹਾ ਨਵੀਨ, ਸ਼ਕਤੀਸ਼ਾਲੀ ਤੇ ਵਿਲੱਖਣ ਜੀਵਨ-ਸਿਧਾਂਤ ਦਿੱਤਾ, ਜਿਹੜਾ ਹੁਣ ਤੱਕ ਸ਼ਹਾਦਤਾਂ ਤੇ ਕੁਰਬਾਨੀਆਂ ਦੀਆਂ ਨਿੱਤ-ਨਵੀਆਂ ਸਿਖ਼ਰਾਂ ਛੋਂਹਦਾ ਆ ਰਿਹਾ ਹੈ।
ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ, ਸਿੱਖ ਰਹਿਤ ਦੀ ਪਰਪੱਕਤਾ ਅਤੇ ਗੁਰਮਤਿ ਸਿਧਾਂਤਾਂ ਦੀ ਪਹਿਰੇਦਾਰੀ ਖ਼ਾਲਸਾਈ ਜੀਵਨ ਦਾ ਅਹਿਮ ਵਿਧਾਨ ਹੈ। ਇਸੇ ਰੌਸ਼ਨੀ ’ਚ ਜੀਵਨ ਜਿਊਣਾ ਹਰ ਸਿੱਖ ਦਾ ਫ਼ਰਜ਼ ਹੈ। ਖ਼ਾਲਸਾ ਸਾਜਨਾ ਦਿਵਸ ਦੇ ਇਤਿਹਾਸਕ ਮੌਕੇ ’ਤੇ ਮੈਂ ਸੰਗਤਾਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਅਪੀਲ ਕਰਦਾ ਹਾਂ ਕਿ ਆਓ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ਿਸ਼ ਕੀਤੀ ਖੰਡੇ-ਬਾਟੇ ਦੀ ਪਾਹੁਲ ਛਕ ਕੇ ਖ਼ਾਲਸਾਈ ਰਹਿਣੀ ਦੇ ਧਾਰਨੀ ਬਣੀਏ, ਕਿਉਂਕਿ ਆਪਣੇ ਇਤਿਹਾਸ ਅਤੇ ਵਿਰਸੇ ਤੋਂ ਟੁੱਟ ਕੇ ਕੋਈ ਵੀ ਆਪਣੀ ਪਛਾਣ ਨਾਲ ਅੱਗੇ ਨਹੀਂ ਵੱਧ ਸਕਦਾ। ਵਿਸ਼ਵ ’ਚ ਵਿਚਰਦਿਆਂ ਆਪਣੇ ਸੱਭਿਆਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਅਗਵਾਈ ਹੀ ਮਨੁੱਖ ਨੂੰ ਆਪਣੇ ਵਿਸ਼ੇਸ਼ ਹੋਣ ਦਾ ਮਾਣ ਦਿਵਾ ਸਕਦੀ ਹੈ।
ਸਿੱਖ ਕੌਮ ਦੇ ਇਤਿਹਾਸਕ, ਸਿਧਾਂਤਕ ਅਤੇ ਵਿਰਾਸਤੀ ਗੁਣਾਂ ਦੀ ਅਮੀਰੀ ਦਾ ਮਾਣ ਹਰ ਸਿੱਖ ਨੂੰ ਸਵੈਮਾਣ ਅਤੇ ਇੱਜ਼ਤ ਨਾਲ ਜਿਊਣ ਦੀ ਪ੍ਰੇਰਨਾ ਦਿੰਦਾ ਹੈ। ਵੱਖ-ਵੱਖ ਸਮਿਆਂ ’ਚ ਆਈਆਂ ਮੁਸੀਬਤਾਂ ਸਮੇਂ ਸਿੱਖ ਕੌਮ ਨੇ ਪੀੜਤ ਮਾਨਵਤਾ ਨਾਲ ਖੜ੍ਹ ਕੇ ਇਹ ਸਿੱਧ ਕੀਤਾ ਹੈ ਕਿ ਮਨੁੱਖੀ ਬਰਾਬਰਤਾ ਅਤੇ ਇਕਸਾਰਤਾ ਦਾ ਜੋ ਪਾਠ ਖ਼ਾਲਸੇ ਨੂੰ ਗੁਰੂ ਸਾਹਿਬ ਨੇ ਪੜ੍ਹਾਇਆ, ਉਹ ਵਿਸ਼ਵ ਦੇ ਧਰਮ ਇਤਿਹਾਸ ’ਚ ਮੋਹਰੀ ਹੈ, ਵਿਲੱਖਣ ਹੈ। ਅੱਜ ਸਿੱਖ ਨੌਜੁਆਨੀ ਨੂੰ ਆਪਣੇ ਇਸ ਖ਼ਾਲਸਾਈ ਵਿਰਸੇ ਪ੍ਰਤੀ ਜਾਗਰੂਕ ਅਤੇ ਸੁਚੇਤ ਕਰਦੇ ਰਹਿਣਾ ਹੋਰ ਵੀ ਜ਼ਿਆਦਾ ਮਹੱਤਵਪੂਰਨ ਬਣ ਜਾਂਦਾ ਹੈ, ਕਿਉਂਕਿ ਵਰਤਮਾਨ ਸਮੇਂ ਤਕਨੀਕ ਅਤੇ ਸੰਚਾਰ ਸਾਧਨਾ ਦੀ ਤੇਜ਼ੀ ਮਨੁੱਖ ਨੂੰ ਨੈਤਿਕਤਾ ਨਾਲੋਂ ਤੋੜਨ ਵਾਲੇ ਪਾਸੇ ਲਿਜਾ ਰਹੀ ਹੈ। ਸਿੱਖੀ ਦੇ ਵਿਲੱਖਣ ਸਿਧਾਂਤ ਅਤੇ ਮਾਨਵ ਹਿੱਤਕਾਰੀ ਫ਼ਲਸਫ਼ਾ ਅਜੋਕੀਆਂ ਮਨੁੱਖੀ ਚਿੰਤਾਵਾਂ ਦੇ ਖ਼ਾਤਮੇ ਲਈ ਮਾਰਗ ਦਰਸ਼ਕ ਹਨ। ਲੋੜ ਇਸ ਗੱਲ ਹੈ ਕਿ ਅਸੀਂ ਸਮੂਹਕ ਯਤਨਾਂ ਨਾਲ ਖ਼ਾਲਸਾਈ ਵਿਚਾਰਧਾਰਾ ਨੂੰ ਅੱਗੇ ਵਧਾਈਏ।
-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
![]()
