ਓਟਾਵਾ/ਏ.ਟੀ.ਨਿਊਜ਼: ਜਿਵੇਂ ਹੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਹਫ਼ਤੇ ਵਪਾਰਕ ਗੱਲਬਾਤ ਲਈ ਭਾਰਤ ਜਾ ਰਹੇ ਹਨ, ਉਸੇ ਵੇਲੇ ਵੈਨਕੂਵਰ ਪੁਲਿਸ ਨੇ ਇੱਕ ਕੈਨੇਡੀਅਨ ਸਿੱਖ ਆਗੂ ਨੂੰ ਉਸਦੀ ਜਾਨ ਤੋਂ ਖ਼ਤਰਾ ਹੋਣ ਦੀ ਚਿਤਾਵਨੀ ਦਿੱਤੀ ਹੈ। ਸਿੱਖ ਫ਼ੈਡਰੇਸ਼ਨ ਆਫ਼ ਕੈਨੇਡਾ ਦੇ ਹੈੱਡ ਮਨਿੰਦਰ ਸਿੰਘ, ਜੋ ਸਰੀ ਵਿੱਚ ਰਹਿੰਦੇ ਹਨ, ਉਨ੍ਹਾਂ ਕੋਲ ਪਿਛਲੇ ਦਿਨੀਂ ਪੁਲਿਸ ਵਾਲਾ ਆਇਆ ਅਤੇ ਸਿੱਧਾ ਦੱਸਿਆ ਕਿ ਤੁਹਾਡੀ ਜਾਨ ਨੂੰ ਖ਼ਤਰਾ ਹੈ। ਨਾ ਸਿਰਫ਼ ਉਹ ਖੁਦ ਬਲਕਿ ਉਨ੍ਹਾਂ ਦੀ ਪਤਨੀ ਤੇ ਬੱਚੇ ਵੀ ਇਸ ਖ਼ਤਰੇ ਵਿੱਚ ਹਨ। ਇਹ ਖ਼ਬਰ ਨਾਲ ਪੂਰੇ ਕੈਨੇਡਾ ਦੇ ਸਿੱਖ ਭਾਈਚਾਰੇ ਵਿੱਚ ਚਰਚਾ ਛਿੜ ਗਈ ਹੈ ਕਿ ਇਸ ਧਮਕੀ ਪਿੱਛੇ ਅਸਲ ਵਿੱਚ ਕਿਹੜੀ ਤਾਕਤ ਹੈ ਅਤੇ ਪੁਲਿਸ ਵਾਲਿਆਂ ਨੇ ਇਸ ਬਾਰੇ ਕੀ ਥਿਊਰੀ ਬਣਾਈ ਹੈ।
ਸਿੰਘ ਨੇ ਇਸ ਘਟਨਾ ਦਾ ਆਡੀਓ ਰਿਕਾਰਡਿੰਗ ਤੇ ਆਫ਼ਿਸਰ ਦਾ ਵਿਜ਼ਿਟਿੰਗ ਕਾਰਡ ਵੀ ਗਲੋਬਲ ਨਿਊਜ਼ ਕੈਨੇਡਾ ਨਾਲ ਸਾਂਝਾ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੁਲਿਸ ਵਾਲੇ ਨੇ ਬਿਲਕੁਲ ਸਾਫ਼ ਗੱਲ ਕੀਤੀ ਕਿ ਇੱਕ ਗੁਪਤ ਸੂਤਰਾਂ ਤੋਂ ਇਹ ਜਾਣਕਾਰੀ ਆਈ ਹੈ ਤੇ ਇਸ ਲਈ ਤੁਹਾਨੂੰ ਚਿਤਾਵਨੀ ਦੇਣੀ ਬਣਦੀ ਹੈ। ਇਸ ਤੋਂ ਪਹਿਲਾਂ ਵੀ ਮਨਿੰਦਰ ਸਿੰਘ ਨੂੰ ਧਮਕੀਆਂ ਮਿਲਦੀਆਂ ਰਹੀਆਂ ਹਨ ਪਰ ਇਸ ਵਾਰ ਫ਼ੈਮਿਲੀ ਨੂੰ ਵੀ ਖ਼ਤਰਾ ਹੈ। ਸਿੰਘ ਖੁਦ ਇੱਕ ਬੋਲਡ ਆਗੂ ਹਨ ਜੋ ਭਾਰਤ ਵਿੱਚ ਸਿੱਖਾਂ ਤੇ ਹੋ ਰਹੇ ਅਣਮਨੁੱਖੀ ਵਿਵਹਾਰ ਬਾਰੇ ਖੁੱਲ੍ਹ ਕੇ ਬੋਲਦੇ ਹਨ ਤੇ ਖ਼ਾਲਿਸਤਾਨ ਵਰਗੀ ਮੰਗ ਲਈ ਆਵਾਜ਼ ਉਠਾਉਂਦੇ ਹਨ। ਇਸ ਲਈ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਧਮਕੀ ਉਨ੍ਹਾਂ ਦੀ ਰਾਜਨੀਤਿਕ ਗਤੀਵਿਧੀਆਂ ਕਰਕੇ ਹੀ ਆਈ ਹੈ।
ਪੁਲਿਸ ਵਾਲਿਆਂ ਨੇ ਇਸ ਨੂੰ ਆਪਣੀ ਰੁਟੀਨ ‘ਡਿਊਟੀ ਟੂ ਵਾਰਨ’ ਵਾਲੀ ਕਾਰਵਾਈ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਨੂੰ ਗੰਭੀਰ ਖ਼ਤਰਾ ਹੋਣ ਬਾਰੇ ਭਰੋਸੇਯੋਗ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਚਿਤਾਵਨੀ ਦੇ ਦਿੰਦੇ ਹਨ। ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਚਿਤਾਵਨੀ ਬਿਲਕੁਲ ਗੰਭੀਰ ਹੈ ਤੇ ਉਹ ਆਪਣੀ ਫ਼ੈਮਿਲੀ ਦੀ ਸੁਰੱਖਿਆ ਲਈ ਚਿੰਤਤ ਹਨ।
ਪੁਲਿਸ ਨੇ ਇਸ ਬਾਰੇ ਕੋਈ ਖਾਸ ਨਾਮ ਜਾਂ ਤਾਕਤ ਨਹੀਂ ਲਿਆ ਪਰ ਖ਼ਾਲਿਸਤਾਨੀਆਂ ਦਾ ਮੰਨਣਾ ਹੈ ਕਿ ਪਿਛਲੀਆਂ ਘਟਨਾਵਾਂ ਤੋਂ ਲੱਗਦਾ ਹੈ ਕਿ ਇਹ ਭਾਰਤੀ ਸਰਕਾਰ ਨਾਲ ਲਿੰਕ ਰੱਖਦੀਆਂ ਧਮਕੀਆਂ ਹਨ। ਆਰ.ਸੀ.ਐੱਮ.ਪੀ. ਨੇ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਧਮਕੀਆਂ ਬਾਰੇ ਰਿਪੋਰਟ ਵਿੱਚ ਕਿਹਾ ਸੀ ਕਿ ਭਾਰਤੀ ਏਜੰਸੀਆਂ ਕੈਨੇਡਾ ਵਿੱਚ ਆਪਣੇ ਵਿਰੋਧੀਆਂ ਨੂੰ ਟਾਰਗੇਟ ਕਰ ਰਹੀਆਂ ਹਨ। ਖਾਸ ਕਰਕੇ ਲਾਰੈਂਸ ਬਿਸ਼ਨੋਈ ਗੈਂਗ ਵਰਗੀਆਂ ਅਪਰਾਧੀ ਗਰੋਹਾਂ ਨੂੰ ਵਰਤ ਕੇ ਉਨ੍ਹਾਂ ਤੋਂ ਕਤਲ ਕਰਵਾਉਂਦੀਆਂ ਹਨ। ਇਹ ਗੈਂਗ ਕੈਨੇਡਾ ਵਿੱਚ ਐਕਸਟੌਰਸ਼ਨ, ਕਤਲ ਤੇ ਹੋਰ ਗੰਭੀਰ ਜੁਰਮ ਕਰਦਾ ਹੈ।
ਮਨਿੰਦਰ ਸਿੰਘ ਨੇ ਕਿਹਾ ਕਿ ਭਾਰਤ ਆਪਣੇ ਕੈਨੇਡੀਅਨ ਵਿਰੋਧੀਆਂ ਨੂੰ ਚੁੱਪ ਕਰਾਉਣ ਲਈ ਅਪਰਾਧੀ ਗੈਂਗਸ ਨੂੰ ਵਰਤਦਾ ਹੈ। ਉਹ ਕਹਿੰਦੇ ਹਨ ਕਿ ਭਾਰਤ ਲਾਰੈਂਸ ਬਿਸ਼ਨੋਈ ਤੇ ਉਸਦੇ ਕੈਨੇਡੀਅਨ ਲੈਫ਼ਟੀਨੈਂਟ ਗੋਲਡੀ ਬਰਾੜ ਵਰਗੇ ਲੋਕਾਂ ਰਾਹੀਂ ਇਹ ਸਾਰਾ ਕ੍ਰਾਈਮ ਕਰਵਾਉਂਦਾ ਹੈ। ਇਸ ਤੋਂ ਪਹਿਲਾਂ 2022 ਵਿੱਚ ਮਨਿੰਦਰ ਸਿੰਘ ਤੇ ਹਰਦੀਪ ਸਿੰਘ ਨਿੱਝਰ ਨੂੰ ਪਹਿਲੀ ਵਾਰ ਇਸ ਤਰ੍ਹਾਂ ਚਿਤਾਵਨੀ ਮਿਲੀ ਸੀ। ਫ਼ਿਰ 2023 ਵਿੱਚ ਨਿੱਝਰ ਨੂੰ ਸਰੀ ਵਿੱਚ ਗੁਰਦੁਆਰੇ ਤੋਂ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਆਰ.ਸੀ.ਐੱਮ.ਪੀ. ਤੇ ਐਫ਼.ਬੀ.ਆਈ. ਨੇ ਇਸ ਵਿੱਚ ਭਾਰਤੀ ਇੰਟੈਲੀਜੈਂਸ ਦਾ ਹੱਥ ਦੱਸਿਆ ਸੀ। ਉਸ ਤੋਂ ਬਾਅਦ ਕੈਨੇਡਾ ਨੇ ਛੇ ਭਾਰਤੀ ਡਿਪਲੋਮੈਟਾਂ ਨੂੰ ਬਾਹਰ ਕੱਢਿਆ ਸੀ।
ਇਸ ਧਮਕੀ ਨੇ ਫ਼ਿਰ ਤੋਂ ਕੈਨੇਡਾ ਤੇ ਭਾਰਤ ਵਿਚਾਲੇ ਤਣਾਅ ਵਧਾ ਦਿੱਤਾ ਹੈ। ਮਨਿੰਦਰ ਸਿੰਘ ਇਸ ਘਟਨਾ ਨੂੰ ਪੀ.ਐੱਮ. ਮਾਰਕ ਕਾਰਨੀ ਦੀ ਭਾਰਤ ਯਾਤਰਾ ਨਾਲ ਜੋੜ ਰਹੇ ਹਨ। ਉਹ ਕਹਿੰਦੇ ਹਨ ਕਿ ਅਮਰੀਕਾ ਵਿੱਚ ਟਰੰਪ ਵੱਲੋਂ ਟੈਰਿਫ਼ ਲਾਉਣ ਕਰਕੇ ਕੈਨੇਡਾ ਨੂੰ ਨਵੇਂ ਟ੍ਰੇਡ ਪਾਰਟਨਰ ਲੱਭਣੇ ਪੈ ਰਹੇ ਹਨ ਤੇ ਭਾਰਤ ਉਨ੍ਹਾਂ ਵਿਚੋਂ ਇੱਕ ਹੈ। ਪਰ ਇਸ ਤੋਂ ਪਹਿਲਾਂ ਭਾਰਤ ਵੱਲੋਂ ਫ਼ਾਰੇਨ ਇੰਟਰਫ਼ਿਅਰੈਂਸ, ਡਿਸਇਨਫ਼ਰਮੇਸ਼ਨ ਤੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਵਰਗੀਆਂ ਸਮੱਸਿਆਵਾਂ ਹੱਲ ਨਹੀਂ ਹੋਈਆਂ।
ਭਾਰਤੀ ਹਾਈ ਕਮਿਸ਼ਨਰ ਡੀਨੇਸ਼ ਪਟਨਾਇਕ ਨੇ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕੈਨੇਡਾ ਦੀ ਆਪਣੀ ਸਮੱਸਿਆ ਹੈ। ਪਰ ਸਿੱਖ ਭਾਈਚਾਰਾ ਇਸ ਤੋਂ ਬਹੁਤ ਨਾਖੁਸ਼ ਹੈ ਤੇ ਕਹਿ ਰਿਹਾ ਹੈ ਕਿ ਕੈਨੇਡਾ ਸਰਕਾਰ ਨੂੰ ਆਪਣੇ ਲੋਕਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਮਨਿੰਦਰ ਸਿੰਘ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਆਪਣੀ ਰਾਜਨੀਤਿਕ ਗੱਲਬਾਤ ਤੋਂ ਪਿੱਛੇ ਨਹੀਂ ਹਟਣਗੇ ਤੇ ਖ਼ਾਲਿਸਤਾਨ ਵਰਗੀ ਮੰਗ ਲਈ ਲੜਦੇ ਰਹਿਣਗੇ।
![]()
