ਖਾੜੀ ਦੇਸ਼ਾਂ ’ਤੇ ਡੂੰਘਾ ਅਸਰ ਪਾਵੇਗੀ ਅਮਰੀਕਾ-ਇਰਾਨ ਜੰਗ

In ਮੁੱਖ ਲੇਖ
March 07, 2026

ਮੁਖਤਾਰ ਗਿੱਲ

ਇਰਾਨ ਅਤੇ ਅਮਰੀਕਾ-ਇਜ਼ਰਾਇਲ ਵਿਚਾਲੇ ਯੁੱਧ ਦਿਨ-ਬ-ਦਿਨ ਹੋਰ ਭੜਕਦਾ ਜਾ ਰਿਹਾ ਹੈ। ਇਹ ਧਿਰਾਂ ਇੱਕ-ਦੂਜੇ ਨੂੰ ਵੱਡੇ ਪੱਧਰ ’ਤੇ ਨਿਸ਼ਾਨਾ ਬਣਾ ਰਹੀਆਂ ਹਨ। ਇਸ ਜੰਗ ਵਿੱਚ ਜਿੱਥੇ ਇਰਾਨ ਦਾ ਕਾਫ਼ੀ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ, ਓਥੇ ਹੀ ਅਮਰੀਕਾ ਤੇ ਇਜ਼ਰਾਇਲ ਵੀ ਵੱਡਾ ਨੁਕਸਾਨ ਸਹਿ ਰਹੇ ਹਨ। ਇਰਾਨ ਦੇ ਹਮਲਿਆਂ ਵਿੱਚ ਕਈ ਅਮਰੀਕਨ ਫ਼ੌਜੀ ਮਾਰੇ ਗਏ। ਅਮਰੀਕਾ ਵੱਲੋਂ ਵੱਡੇ ਪੱਧਰ ’ਤੇ ਬੰਬਾਰੀ ਕੀਤੀ ਜਾ ਰਹੀ ਹੈ ਜਦਕਿ ਇਰਾਨ ਵੱਲੋਂ ਬੰਬਾਂ ਤੇ ਮਿਜ਼ਾਈਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਉਸ ਦੇ ਹਮਲੇ ਕਾਰਨ ਸਾਊਦੀ ਅਰਬ ਦੀ ਰਿਫਾਇਨਰੀ ਬੰਦ ਕਰਨੀ ਪਈ। ਇਸ ਮਹਾਯੁੱਧ ਦਾ ਮੱਧ ਪੂਰਬ ਖ਼ਾਸ ਕਰਕੇ ਖਾੜੀ ਦੇ ਦੇਸ਼ਾਂ ਉੱਤੇ ਡੂੰਘਾ ਅਸਰ ਪਵੇਗਾ। ਖਾੜੀ ਦੇ ਦੇਸ਼ਾਂ ਵਿੱਚ ਅਮਰੀਕਾ ਦੇ 19 ਫ਼ੌਜੀ ਅੱਡੇ (ਏਅਰਬੇਸ), ਹਵਾਈ ਅੱਡੇ, ਬੰਦਰਗਾਹਾਂ ਅਤੇ ਵਪਾਰਕ ਕੇਂਦਰ ਹਨ। ਇਰਾਨ ਨੇ ਸਾਊਦੀ ਅਰਬ, ਕਤਰ, ਸੰਯੁਕਤ ਅਰਬ ਅਮੀਰਾਤ, ਬਹਿਰੀਨ, ਕੁਵੈਤ, ਇਰਾਕ, ਸਾਈਪ੍ਰਸ, ਓਮਾਨ ਵਿਚ ਸਥਿਤ ਅਮਰੀਕਾ ਦੇ ਫ਼ੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਹੈ। ਅਜੇ ਦੋ ਗੱਲਾਂ ਸਪਸ਼ਟ ਨਹੀਂ ਕਿ ਲੜਾਈ ਕਿੰਨੇ ਦਿਨਾਂ ਤੱਕ ਚੱਲੇਗੀ। ਇਸ ਤੋਂ ਇਲਾਵਾ ਕੀ ਲਿਬਨਾਨ ਦੇ ਹਿਜ਼ਬੁੱਲਾ ਅਤੇ ਯਮਨ ’ਚ ਹੂਤੀ ਇਜ਼ਰਾਈਲ ਵਿਰੁੱਧ ਹਮਲੇ ਕਰਨਗੇ?
ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਇਰਾਨ ਅਤੇ ਅਮਰੀਕਾ ਨੇ ਜੈਨੇਵਾ ਵਿੱਚ ਓਮਾਨ ਦੀ ਵਿਚੋਲਗੀ ਨਾਲ ਤੀਜੇ ਗੇੜ ਦੀ ਗੱਲਬਾਤ ਕੀਤੀ ਪਰ ਕੋਈ ਸਮਝੌਤਾ ਨਹੀਂ ਹੋਇਆ। ਅਗਲੇ ਹਫ਼ਤੇ ਆਸਟ੍ਰੀਆ ਦੀ ਰਾਜਧਾਨੀ ਵਿਆਨਾ ਵਿੱਚ ਪ੍ਰਸਤਾਵਿਤ ਗੱਲਬਾਤ ਹੋਣੀ ਸੀ। ਜੈਨੇਵਾ ਦੀ ਬੈਠਕ ਵਿੱਚ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ, ਅਮਰੀਕਾ ਦੇ ਮੱਧ-ਪੂਰਬ ਲਈ ਵਿਸ਼ੇਸ਼ ਏਲਚੀ ਸਟੀਵਨ ਵਿਟਕੌਫ ਤੇ ਟਰੰਪ ਦੇ ਜਵਾਈ ਜੇਅਰਡ ਕੁਸ਼ਨਰ ਅਤੇ ਓਮਾਨ ਦੇ ਵਿਦੇਸ਼ ਮੰਤਰੀ ਬਦਰ-ਅਲ-ਬੁਸੈਦੀ ਸ਼ਾਮਲ ਸਨ। ਡੋਨਾਲਡ ਟਰੰਪ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਸੀਮਤ ਕਰਨ ਲਈ ਸਮਝੌਤਾ ਚਾਹੁੰਦੇ ਸਨ। ਪਿਛਲੇ ਹਫ਼ਤੇ ਹੋਈ ਇਹ ਗੱਲਬਾਤ ਹਾਂ-ਪੱਖੀ ਰਹਿਣ ਸਦਕਾ ਲੱਗ ਰਿਹਾ ਸੀ ਕਿ ਇਰਾਨ ’ਤੇ ਅਮਰੀਕੀ ਹਮਲਾ ਕੁਝ ਦਿਨਾਂ ਲਈ ਟਲ ਗਿਆ ਹੈ ਪਰ ਅਮਰੀਕਾ-ਇਜ਼ਰਾਇਲ ਨੇ ਇਰਾਨ ’ਤੇ ਹਮਲਾ ਕਰ ਦਿੱਤਾ। ਅਗਲੇ ਦਿਨ ਅਮਰੀਕਾ ਤੇ ਇਜ਼ਰਾਇਲ ਨੇ ਇੱਕ ਹਵਾਈ ਹਮਲਾ ਕਰ ਕੇ ਇਰਾਨ ਦੇ ਸਰਬਉੱਚ ਧਾਰਮਿਕ ਆਗੂ ਅਯਾਤੁੱਲਾ ਅਲੀ ਖਮੇਨੇਈ ਦੀ ਹੱਤਿਆ ਕਰ ਦਿੱਤੀ। ਖਮੇਨੇਈ ਬੇਤ-ਰਹਿਬਰੀ ਪੈਲੇਸ ਵਿੱਚ ਆਪਣੇ ਸਲਾਹਕਾਰਾਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਸਨ ਜਦੋਂ ਦੋ ਹਜ਼ਾਰ ਕਿੱਲੋ ਦੇ ਬੰਕਰ ਬਸਟਰ ਨਾਲ ਹਮਲਾ ਕਰ ਕੇ ਇਰਾਨੀ ਰੱਖਿਆ ਮੰਤਰੀ ਅਤੇ ਰੈਵੋਲਿਊਸ਼ਨਰੀ ਗਾਰਡਜ਼ ਦੇ 40 ਕਮਾਂਡਰ ਵੀ ਮਾਰ ਦਿੱਤੇ। ਖਮੇਨੇਈ ਦੀ ਧੀ, ਜਵਾਈ, ਨੂੰਹ ਤੇ ਪੋਤੀ ਵੀ ਹਲਾਕ ਹੋ ਗਏ। ਮਿਨਾਥ ਵਿੱਚ ਲੜਕੀਆਂ ਦੇ ਪ੍ਰਾਇਮਰੀ ਸਕੂਲ ’ਤੇ ਹਮਲਾ ਕਰ ਕੇ ਅਨੇਕਾਂ ਵਿਦਿਆਰਥਣਾਂ ਨੂੰ ਮਾਰ ਦਿੱਤਾ ਗਿਆ।
ਖਮੇਨੇਈ ਦੀ ਹੱਤਿਆ ਖ਼ਿਲਾਫ਼ ਕਰਾਚੀ (ਪਾਕਿਸਤਾਨ) ਦੇ ਅਮਰੀਕੀ ਵਣਜ ਸਫ਼ਾਰਤਖਾਨੇ ’ਤੇ ਪ੍ਰਦਰਸ਼ਨਕਾਰੀਆਂ ਨੇ ਹਮਲਾ ਕਰ ਦਿੱਤਾ ਜਿਸ ਕਾਰਨ ਪੁਲਿਸ ਨੂੰ ਗੋਲ਼ੀ ਚਲਾਉਣੀ ਪਈ ਜਿਸ ਵਿੱਚ ਬਾਰਾਂ ਪ੍ਰਦਰਸ਼ਨਕਾਰੀ ਮਾਰੇ ਗਏ। ਸੰਯੁਕਤ ਰਾਸ਼ਟਰ ਦੇ ਦਫ਼ਤਰ ਨੂੰ ਅੱਗ ਲਾ ਦਿੱਤੀ ਗਈ। ਸ੍ਰੀਨਗਰ ਤੇ ਲਖਨਊ ਵਿੱਚ ਵੀ ਰੋਸ ਪ੍ਰਦਰਸ਼ਨ ਹੋਏ। ਖਮੇਨੇਈ ਦੀ ਸ਼ਹਾਦਤ ਖ਼ਿਲਾਫ਼ ਇਰਾਨ ਵਿੱਚ 40 ਦਿਨਾਂ ਦਾ ਸੋਗ ਅਤੇ 7 ਦਿਨਾਂ ਦੀ ਛੁੱਟੀ ਕੀਤੀ ਗਈ। ਅਮਰੀਕਾ ਦੀ ਸ਼ਹਿ, ਫ਼ੌਜੀ ਸਾਜ਼ੋ-ਸਾਮਾਨ ਅਤੇ ਆਰਥਿਕ ਮਦਦ ਨਾਲ ਇਜ਼ਰਾਇਲ ਨੇ ਪਹਿਲਾਂ ਹਮਾਸ, ਹਿਜ਼ਬੁੱਲਾ, ਹੂਤੀ, ਗਾਜ਼ਾ ਦੀ ਤਬਾਹੀ, 70 ਹਜ਼ਾਰ ਦੇ ਕਰੀਬ ਬੱਚਿਆਂ, ਔਰਤਾਂ, ਬਜ਼ੁਰਗਾਂ ਦਾ ਨਰਸੰਹਾਰ ਕੀਤਾ ਤੇ ਹਜ਼ਾਰਾਂ ਨੂੰ ਬੇਘਰ ਕਰ ਦਿੱਤਾ। ਇਨ੍ਹਾਂ ਮੁਲਕਾਂ ਨੇ ਪਿਛਲੇ ਸਾਲ ਜੂਨ ਵਿੱਚ ਇਰਾਨ ’ਤੇ ਹਮਲਾ ਕਰ ਦਿੱਤਾ ਸੀ ਪਰ ਹੁਣ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਲੱਗ-ਥਲੱਗ ਪਿਆ ਹੋਇਆ ਹੈ ਕਿਉਂਕਿ ਉਸ ਨੂੰ ਇਸ ਹਮਲੇ ਕਾਰਨ ਦੁਨੀਆ ਦੇ ਵੱਡੇ ਹਿੱਸੇ ਤੋਂ ਨੁਕਤਾਚੀਨੀ ਸਹਿਣੀ ਪੈ ਰਹੀ ਹੈ ਤੇ ਅਮਰੀਕਾ ਦੇ ਸਹਿਯੋਗੀ ਨਾਟੋ ਦੇਸ਼ ਵੀ ਉਸ ਤੋਂ ਦੂਰੀ ਬਣਾ ਰਹੇ ਹਨ। ਇਤਿਹਾਸ ’ਚ ਪਹਿਲੀ ਵਾਰ ਇਰਾਕ-ਇਰਾਨ ਇਕੱਠੇ ਨਜ਼ਰ ਆਏ।
ਪਿਛਲੇ ਕੁਝ ਮਹੀਨਿਆਂ ਤੋਂ ਅਮਰੀਕਾ-ਇਜ਼ਰਾਇਲ ਨੇ ਇਰਾਨ ਵਿਰੁੱਧ ਜਿਸ ਤਰ੍ਹਾਂ ਦਾ ਮਾਹੌਲ ਬਣਾਉਣਾ ਸ਼ੁਰੂ ਕੀਤਾ ਸੀ, ਵਾਰਤਾਵਾਂ ਦੇ ਬਾਵਜੂਦ ਉਸ ਤੋਂ ਲੱਗਦਾ ਸੀ ਕਿ ਹਾਲਾਤ ਨੂੰ ਸੰਭਾਲਣਾ ਮੁਸ਼ਕਿਲ ਹੋਵੇਗਾ। ਇਸ ਜੰਗ ਵਿੱਚ ਇਜ਼ਰਾਇਲ ਤੇ ਇਰਾਨ ਦਾ ਵਿਆਪਕ ਨੁਕਸਾਨ ਹੋਇਆ ਹੈ। ਪਹਿਲਾਂ ਅਮਰੀਕਾ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਖ਼ਤਮ ਕਰਨ ਦਾ ਇਰਾਦਾ ਰੱਖਦਾ ਸੀ ਪਰ ਹੁਣ ਇਰਾਨੀ ਸੱਤਾ ਨੂੰ ਖ਼ਤਮ ਕਰਨਾ ਦੱਸ ਰਿਹਾ ਹੈ। ਰੂਸ-ਯੂਕ੍ਰੇਨ ਯੁੱਧ ਪੰਜਵੇਂ ਸਾਲ ਵਿੱਚ ਦਾਖ਼ਲ ਹੋ ਚੁੱਕਾ ਹੈ। ਇਜ਼ਰਾਇਲ ਦੇ ਗਾਜ਼ਾ ’ਤੇ ਹਮਲੇ ਜਾਰੀ ਹਨ। ਇਸ ਦੌਰਾਨ ਪਾਕਿਸਤਾਨ-ਅਫ਼ਗਾਨਿਸਤਾਨ ਵਿਚਾਲੇ ਭੜਕੀ ਖੁੱਲ੍ਹੀ ਜੰਗ ਨੇ ਵੀ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ। ਪਾਕਿਸਤਾਨ ਨੇ ਇਸ ਫ਼ੌਜੀ ਮੁਹਿੰਮ ਨੂੰ ਆਪ੍ਰੇਸ਼ਨ ‘ਗਜ਼ਬ ਲਿਨ-ਹਕ’ ਦਾ ਨਾਂ ਦੇ ਕੇ ਅਫ਼ਗਾਨਿਸਤਾਨ ਨਾਲ ਖੁੱਲ੍ਹੀ ਜੰਗ ਦਾ ਐਲਾਨ ਕਰ ਦਿੱਤਾ ਹੈ।
ਟਰੰਪ ਨੇ ਦਾਅਵਾ ਕੀਤਾ ਸੀ ਕਿ ਇਰਾਨ ਜਲਦੀ ਇਹੋ-ਜਿਹੀ ਮਿਜ਼ਾਈਲ ਬਣਾ ਲਵੇਗਾ ਜਿਹੜੀ ਅਮਰੀਕਾ ਤੱਕ ਮਾਰ ਕਰ ਸਕਦੀ ਹੈ। ਟਰੰਪ ਵੱਲੋਂ ਇਰਾਨ ਵਿੱਚ ਰਾਜ ਪਲਟੇ ਦੀ ਪੈਰਵੀ ਕੀਤੀ ਜਾ ਰਹੀ ਸੀ। ਉਹ ਧਮਕੀ ਦੇ ਰਹੇ ਸਨ ਕਿ ਜੇਕਰ ਕੋਈ ਸਮਝੌਤਾ ਨਾ ਹੋਇਆ ਤਾਂ ਉਸ ਦੇ ਨਤੀਜੇ ਬੜੇ ਗੰਭੀਰ ਅਤੇ ਦਰਦਨਾਕ ਹੋਣਗੇ। ਅਮਰੀਕੀ ਸਦਰ ਇਹ ਵੀ ਕਹਿ ਰਿਹਾ ਸੀ ਕਿ ਜੇ ਤਹਿਰਾਨ ਨੇ ਆਪਣਾ ਪਰਮਾਣੂ ਪ੍ਰੋਗਰਾਮ ਬੰਦ ਨਾ ਕੀਤਾ ਤਾਂ ਉਹ ਬਲ ਪ੍ਰਯੋਗ ਕਰੇਗਾ। ਅਮਰੀਕਾ ਨੇ ਅਰਬ ਸਾਗਰ ਵਿੱਚ ਆਪਣਾ ਜੰਗੀ ਬੇੜਾ ਤਾਇਨਾਤ ਕੀਤਾ ਅਤੇ 50 ਫਾਈਟਰ ਜੈੱਟ ਖਾੜੀ ਭੇਜੇ। ਦੋ ਕੈਰੀਅਰ ਸਟ੍ਰਾਈਕ ਗਰੁੱਪ, 13 ਜੰਗੀ ਬੇੜੇ ਅਤੇ ਏਅਰ ਡਿਫੈਂਸ ਸਿਸਟਮ ਤਾਇਨਾਤ ਕੀਤੇ। ਖਾੜੀ ਦੇਸ਼ਾਂ ਵਿੱਚ ਅਮਰੀਕਾ ਦੇ 19 ਫ਼ੌਜੀ ਅੱਡੇ ਹਨ। ਉਨ੍ਹਾਂ ਵਿੱਚ ਅਮਰੀਕਾ ਦੇ 50 ਹਜ਼ਾਰ ਫ਼ੌਜੀ ਹਨ।
ਇਰਾਨ ਦੀ ਰਣਨੀਤੀ ਬਹੁਤ ਗਜ਼ਬ ਦੀ ਹੈ ਜਿਸ ਤੋਂ ਅਮਰੀਕਾ ਤੇ ਇਜ਼ਰਾਇਲ ਦੇ ਮਨਸੂਬੇ ਪੂਰੇ ਨਹੀਂ ਹੋ ਰਹੇ। ਇਰਾਨ ਅਰਬ ਸਾਗਰ ਵਿੱਚ ਤਾਇਨਾਤ ਅਮਰੀਕਾ ਦੇ ਵੱਡੇ ਜੰਗੀ ਬੇੜਿਆਂ ’ਤੇ ਡ੍ਰੋਨਾਂ ਰਾਹੀਂ ਹਮਲੇ ਕਰ ਰਿਹਾ ਹੈ ਤਾਂ ਜੋ ਸੁਰੱਖਿਆ ਸਿਸਟਮ ਉਸ ਦੀਆਂ ਮਿਜ਼ਾਈਲਾਂ ਰੋਕਣ ’ਚ ਨਾਕਾਮ ਰਹਿਣ। ਉਹ ਆਪਣੀ ਇਸ ਰਣਨੀਤੀ ਸਦਕਾ ਦੁਸ਼ਮਣ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਰਾਨ ਨੇ ਹੋਰਮੁਜ਼ ਜਲ ਮਾਰਗ ਨੂੰ ਬੰਦ ਕਰ ਦਿੱਤਾ ਹੈ ਜਿਸ ਰਾਹੀਂ ਭਾਰਤ ਸਮੇਤ ਦੁਨੀਆ ਦੇ ਇੱਕ ਵੱਡੇ ਹਿੱਸੇ ਨੂੰ ਤੇਲ ਸਪਲਾਈ ਹੁੰਦਾ ਹੈ। ਅਮਰੀਕਾ ਦੇ ਏਅਰਬੇਸ ਇਰਾਨ ਦੀਆਂ ਮਿਜ਼ਾਈਲਾਂ ਦੀ ਮਾਰ ਹੇਠ ਹਨ। ਇਰਾਨ ਦਾ ਕਹਿਣਾ ਹੈ ਕਿ ਪ੍ਰਮਾਣੂ ਮੁੱਦੇ ’ਤੇ ਉਹ ਆਤਮ ਸਮਰਪਣ ਨਹੀਂ ਕਰੇਗਾ। ਵਿਆਨਾ ’ਚ ਤੀਜੇ ਗੇੜ ਦੀ ਗੱਲਬਾਤ ਦੌਰਾਨ ਇਰਾਨ ਨੇ ਨਰਮ ਰੁਖ਼ ਅਪਣਾਉਂਦਿਆਂ ਕਿਹਾ ਸੀ ਕਿ ਉਹ ਬੈਲਿਸਟਿਕ ਮਿਜ਼ਾਈਲਾਂ ਦੇ ਜ਼ਖ਼ੀਰੇ ਨੂੰ ਘੱਟ ਕਰ ਦੇਵੇਗਾ ਪਰ ਉਹ ਆਪਣੀਆਂ ਮਿਜ਼ਾਈਲਾਂ ਪੂਰੀ ਤਰ੍ਹਾਂ ਖ਼ਤਮ ਕਰਨ ’ਤੇ ਸਹਿਮਤ ਨਹੀਂ ਸੀ।
ਸਭ ਤੋਂ ਮਹੱਤਵਪੂਰਨ ਇਹ ਹੈ ਕਿ ਜੈਨੇਵਾ ਵਿੱਚ ਓਮਾਨ ਦੀ ਵਿਚੋਲਗੀ ਵਿੱਚ ਬੈਠੇ ਅਮਰੀਕਾ ਦੇ ਰਣਨੀਤੀਕਾਰ ਇਜ਼ਰਾਇਲ ਦੇ ਮਾਰੂ ਹਥਿਆਰਾਂ ਅਤੇ ਮਿਜ਼ਾਈਲਾਂ ਦਾ ਮੁੱਦਾ ਨਹੀਂ ਚੁੱਕਿਆ। ਇਹ ਨਹੀਂ ਪੁੱਛਿਆ ਜਾਂਦਾ ਕਿ ਇਜ਼ਰਾਇਲ ਕੋਲ 90 ਪ੍ਰਮਾਣੂ ਹਥਿਆਰ (ਬੰਬ) ਹਨ ਜਾਂ ਦੋ ਸੌ। ਉਹ ਅਜਿਹੇ ਹਥਿਆਰਾਂ ਦੀ ਨਾ ਤਾਂ ਪੁਸ਼ਟੀ ਕਰਦੇ ਹਨ ਅਤੇ ਨਾ ਹੀ ਖੰਡਨ। ਮੰਨਿਆ ਜਾਂਦਾ ਹੈ ਕਿ ਉਹ ਮਿਜ਼ਾਈਲਾਂ, ਪਣਡੁੱਬੀਆਂ ਅਤੇ ਜੰਗੀ ਜਹਾਜ਼ਾਂ ਦੇ ਬੇੜੇ ਤੋਂ ਪ੍ਰਮਾਣੂ ਹਥਿਆਰ ਦਾਗਣ ਦੇ ਸਮੱਰਥ ਹੈ। ਸੰਨ 2024 ਵਿੱਚ ਇਜ਼ਰਾਇਲ ਨੇ ਆਪਣੇ ਪ੍ਰਮਾਣੂ ਬੰਬਾਂ ਦੇ ਨਿਰਮਾਣ ਅਤੇ ਰੱਖ-ਰਖਾਅ ’ਤੇ 11 ਬਿਲੀਅਨ ਡਾਲਰ ਖ਼ਰਚ ਕੀਤੇ ਸਨ। ਜੇਕਰ ਇਜ਼ਰਾਇਲ ਨੇ ਅਮਰੀਕਾ ਨਾਲ ਸਾਂਝੇ ਤੌਰ ’ਤੇ ਪ੍ਰਮਾਣੂ ਧਮਕੀ ਨੂੰ ਲੈ ਕੇ ਇਰਾਨ ’ਤੇ ਹਮਲਾ ਕੀਤਾ ਹੈ ਤਾਂ ਉਸ ਤਰ੍ਹਾਂ ਦੀ ਧਮਕੀ ਪਾਕਿਸਤਾਨ ਕਈ ਵਾਰ ਭਾਰਤ ਨੂੰ ਦੇ ਚੁੱਕਾ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਕਈ ਵਾਰ ਇਸ ਦਾਅਵੇ ਨੂੰ ਦੁਹਰਾਅ ਚੁੱਕੇ ਹਨ ਕਿ ਪਿਛਲੇ ਸਾਲ ਮਈ ’ਚ ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੀ ਜੰਗ ਨੂੰ ਰੁਕਵਾਉਣ ਲਈ ਉਨ੍ਹਾਂ ਨੇ ਦੋਵਾਂ ਮੁਲਕਾਂ ਨਾਲ ਵਪਾਰ ਰੋਕਣ ਦੀ ਧਮਕੀ ਦਿੱਤੀ ਸੀ ਤਾਂ ਹੀ ਦੋਵੇਂ ਦੇਸ਼ ਜੰਗਬੰਦੀ ਲਈ ਸਹਿਮਤ ਹੋਏ ਸਨ। ਟਰੰਪ 12 ਮਹੀਨਿਆਂ ਦੇ ਕਾਰਜਕਾਲ ’ਚ 7 ਦੇਸ਼ਾਂ ’ਤੇ ਹਮਲੇ ਕਰ ਚੁੱਕੇ ਹਨ ਅਤੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੂੰ ਬੰਦੀ ਬਣਾਇਆ ਹੈ। ਟਰੰਪ ਦੀ ਇਸ ਕਾਰਵਾਈ ਸਬੰਧੀ ਕੌਮਾਂਤਰੀ ਅਮਨ-ਪਸੰਦ ਭਾਈਚਾਰੇ ਨੇ ਚੁੱਪ ਵੱਟੀ ਹੋਈ ਹੈ। ਅਮਰੀਕਾ ਦੀ ਘੂਰੀ ਅਤੇ ਇਜ਼ਰਾਇਲ ਨਾਲ ਰਣਨੀਤਕ ਸਬੰਧਾਂ ਕਰਕੇ ਭਾਰਤ ਦੀ ਚੁੱਪ ਦੀ ਵੀ ਸਮਝ ਆਉਂਦੀ ਹੈ। ਕਾਂਗਰਸ, ਭਾਰਤੀ ਕਮਿਊਨਿਸਟ ਪਾਰਟੀ, ਸੀਪੀਆਈ, ਸੀਪੀਆਈ (ਐੱਮ) ਆਦਿ ਨੇ ਅਮਰੀਕਾ-ਇਜ਼ਰਾਇਲ ਦੇ ਇਰਾਨ ’ਤੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਭਾਰਤ ਆਪਣੀ ਸਥਿਤੀ ਸਪਸ਼ਟ ਕਰੇ ਜਦਕਿ ਚੀਨ ਤੇ ਰੂਸ ਖੁੱਲ੍ਹ ਕੇ ਇਰਾਨ ਦੇ ਪੱਖ ਵਿੱਚ ਖੜ੍ਹੇ ਹੋਏ ਹਨ। ਇਸ ਜੰਗ ਨਾਲ ਮੱਧ-ਪੂਰਬ ਤੇ ਖਾੜੀ ਦੇ ਦੇਸ਼ ਪ੍ਰਭਾਵਿਤ ਹੋ ਰਹੇ ਹਨ। ਇਰਾਨ ਦੀ ਤਬਾਹੀ, ਰੱਖਿਆ ਮੰਤਰੀ, ਫ਼ੌਜ ਮੁਖੀ ਅਤੇ ਸੁਪਰੀਮੋ ਖਮੇਨੇਈ ਦੀ ਹੱਤਿਆ ਨਾਲ ਕੌਮਾਂਤਰੀ ਪੱਧਰ ’ਤੇ ਕਿਸ ਤਰ੍ਹਾਂ ਦੇ ਸਮੀਕਰਨ ਬਣਨਗੇ, ਕਿੰਨੇ ਦੇਸ਼ਾਂ ਵਿਚਾਲੇ ਮੋਰਚੇਬੰਦੀ ਹੋਵੇਗੀ ਅਤੇ ਜੰਗ ਕਿੰਨੇ ਵੱਡੇ ਦਾਇਰੇ ਵਿੱਚ ਫੈਲੇਗੀ, ਇਹ ਸਵਾਲ ਵਿਸ਼ਵ ਭਰ ਵਿੱਚ ਚਿੰਤਾ ਦਾ ਵਿਸ਼ਾ ਬਣਨ ਵਾਲੇ ਹਨ।

Loading