ਖੇਡ ਜਗਤ ਦਾ ਧਰੂ ਤਾਰਾ ਦੌੜਾਕ ਫ਼ੌਜਾ ਸਿੰਘ

In ਖਾਸ ਰਿਪੋਰਟ
July 15, 2025

ਵਿਸ਼ਵ ਦੇ ਖੇਡ ਜਗਤ ਵਿੱਚ ਉਸ ਸਮੇਂ ਸੋਗ ਦੀ ਲਹਿਰ ਫ਼ੈਲ ਗਈ, ਜਦੋਂ ਮੈਰਾਥਨ ਦੇ ਬਾਦਸ਼ਾਹ ਅਤੇ ਖੇਡ ਜਗਤ ਦੇ ਧਰੂ ਤਾਰੇ ਦੌੜਾਕ ਬਾਬਾ ਫ਼ੌਜਾ ਸਿੰਘ ਦਾ ਦੇਹਾਂਤ ਹੋ ਗਿਆ। ਬੁਢਾਪੇ ਦੀ ਜਿਸ ਉਮਰੇ ਵੱਡੀ ਗਿਣਤੀ ਲੋਕ ਆਪਣੇ ਗੋਡਿਆਂ ਦੇ ਦਰਦ ਨਾਲ ਜੂਝਦਿਆਂ ਮੰਜੇ ਨਾਲ ਮੰਜਾ ਹੋ ਜਾਂਦੇ ਹਨ, ਉਸ ਉਮਰੇ ਬਾਬਾ ਫ਼ੌਜਾ ਸਿੰਘ ਨੇ ਦੌੜਾਂ ਦੇ ਖੇਤਰ ਵਿੱਚ ਵਿਸ਼ਵ ਰਿਕਾਰਡ ਬਣਾਏ। 114 ਸਾਲ ਦੀ ਉਮਰ ਦੌਰਾਨ ਆਪਣੀ ਜ਼ਿੰਦਗੀ ਦੇ ਆਖ਼ਰੀ ਪਲ ਤੱਕ ਬਾਬਾ ਫ਼ੌਜਾ ਸਿੰਘ ਦੌੜਾਂ ਨਾਲ ਜੁੜੇ ਰਹੇ। ਅੰਤਲੇ ਸਮੇਂ ਵੀ ਉਹ ਘਰ ਦੇ ਬਾਹਰ ਸੈਰ ਕਰ ਰਹੇ ਸਨ ਕਿ ਹੋਣੀ ਨੇ ਉਹਨਾਂ ਨੂੰ ਸਾਡੇ ਤੋਂ ਖੋਹ ਲਿਆ।
ਬਾਬਾ ਫ਼ੌਜਾ ਸਿੰਘ ਨੂੰ ਇਹ ਮਾਣ ਪ੍ਰਾਪਤ ਸੀ ਕਿ ਉਹ ਸਾਲ 2004, 2008 ਤੇ 2012 ਵਿੱਚ ਉਲੰਪਿਕ ਖੇਡਾਂ ਦੀ ਮਸ਼ਾਲ ਲੈ ਕੇ ਦੌੜੇ ਸਨ। ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਨੇ ਉਹਨਾਂ ਨੂੰ ਸੌ ਸਾਲ ਦਾ ਸਿਟੀਜ਼ਨ ਹੋਣ ਦੀ ਵਧਾਈ ਦਿੰਦਿਆਂ ਸ਼ਾਹੀ ਮਹਿਲ ’ਚ ਖਾਣੇ ’ਤੇ ਸੱਦਿਆ ਸੀ।ਇਹ ਮਾਣ ਬਹੁਤ ਘੱਟ ਪੰਜਾਬੀ ਸਿੱਖਾਂ ਨੂੂੰ ਪ੍ਰਾਪਤ ਹੋਇਆ ਹੈ। ਬਾਬਾ ਫ਼ੌਜਾ ਸਿੰਘ ਨੇ ਦਸਤਾਰ ਸਜਾ ਕੇ ਮੈਰਾਥਨ ਦੌੜਾਂ ਲਗਾਉਂਦਿਆਂ ਪੂਰੇ ਵਿਸ਼ਵ ਵਿੱਚ ਦਸਤਾਰ ਦੀ ਸ਼ੋਭਾ ਵਧਾਈ। ਬਾਬਾ ਫ਼ੌਜਾ ਸਿੰਘ ਜਦੋਂ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਦੌੜਦੇ ਸਨ ਤਾਂ ਖੇਡ ਮੈਦਾਨ ਵੀ ਉਹਨਾਂ ਨੂੰ ਰਾਹ ਛੱਡ ਦਿੰਦਾ ਸੀ। ਉਹ ਬੁਢਾਪੇ ਵਿੱਚ ਵੀ ਬਹੁਤ ਤੇਜ਼ ਰਫ਼ਤਾਰ ਨਾਲ ਦੌੜਦੇ ਸਨ। ਉਹਨਾਂ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਬਿਆਸ ਪਿੰਡ ’ਚ ਪਹਿਲੀ ਅਪ੍ਰੈਲ 1911 ਨੂੰ ਹੋਇਆ ਸੀ। ਫ਼ੌਜਾ ਸਿੰਘ ਪੜ੍ਹੇ-ਲਿਖੇ ਨਹੀਂ ਸਨ ਅਤੇ ਪੰਜਾਬੀ ਬੋਲਣੀ ਜਾਣਦੇ ਸਨ ਪਰ ਪੜ੍ਹਨੀ ਨਹੀਂ। ਜਵਾਨ ਹੋਣ ’ਤੇ ਉਨ੍ਹਾਂ ’ਚ ਦੌੜਨ ਦਾ ਸ਼ੌਕ ਪੈਦਾ ਹੋ ਗਿਆ। ਉਹ 1947 ਵਿੱਚ ਭਾਰਤ-ਪਾਕਿਸਤਾਨ ਵੰਡ ਤੋਂ ਕਾਫ਼ੀ ਦੁਖੀ ਹੋਏ। ਉਹ 16 ਅਕਤੂਬਰ 2011 ਨੂੰ ਟੋਰਾਂਟੋ ਮੈਰਾਥਨ 8 ਘੰਟੇ 11 ਮਿੰਟ ਤੇ 6 ਸਕਿੰਟ ਵਿੱਚ ਪੂਰੀ ਕਰਕੇ ਵਿਸ਼ਵ ਦੇ ਪਹਿਲੇ 100 ਸਾਲਾ ਬਜ਼ੁਰਗ ਦੌੜਾਕ ਬਣੇ ਸਨ। ਹਾਲਾਂਕਿ, ਜਨਮ ਸਰਟੀਫ਼ਿਕੇਟ ਨਾ ਹੋਣ ਕਾਰਨ ਉਹਨਾਂ ਦਾ ਨਾਮ ਗਿੰਨੀਜ਼ ਬੁੱਕ ਵਿੱਚ ਦਰਜ ਨਹੀਂ ਹੋ ਸਕਿਆ। ਬਾਅਦ ਵਿੱਚ ਉਹਨਾਂ ਨੇ ਆਪਣਾ ਬ੍ਰਿਟਿਸ਼ ਪਾਸਪੋਰਟ ਅਤੇ ਮਹਾਰਾਣੀ ਐਲਿਜ਼ਬੈੱਥ ਵਲੋਂ 100ਵੇਂ ਜਨਮ ਦਿਨ ’ਤੇ ਭੇਜੀ ਚਿੱਠੀ ਦਿਖਾਈ, ਜਿਸ ਤੋਂ ਬਾਅਦ ਉਹਨਾਂ ਦਾ ਨਾਂਅ ਗਿੰਨੀਜ਼ ਵਰਲਡ ਰਿਕਾਰਡਜ਼ ’ਚ ਦਰਜ ਕੀਤਾ ਗਿਆ। ਫ਼ੌਜਾ ਸਿੰਘ ਨੇ ਸਾਲ 2000 ਵਿੱਚ 89 ਸਾਲ ਦੀ ਉਮਰ ਵਿੱਚ ਲੰਡਨ ਮੈਰਾਥਨ ਤੋਂ ਦੌੜਨ ਦੀ ਸ਼ੁਰੂਆਤ ਕੀਤੀ ਸੀ। ਸਾਲ 2003 ਵਿੱਚ 92 ਸਾਲ ਦੀ ਉਮਰ ਵਿੱਚ ਉਹਨਾਂ ਨੇ 90 ਸਾਲਾਂ ਤੋਂ ਵੱਧ ਉਮਰ ਦੇ ਬਾਬਿਆਂ ਦੀ ਦੌੜ ’ਚ ਹਿੱਸਾ ਲਿਆ ਅਤੇ 5 ਘੰਟੇ 40 ਮਿੰਟਾਂ ਦਾ ਵਿਸ਼ਵ ਰਿਕਾਰਡ ਬਣਾਇਆ। ਇਸ ਮਗਰੋਂ ਸਾਲ 2003 ’ਚ ਲੰਡਨ ਮੈਰਾਥਨ ਉਨ੍ਹਾਂ ਨੇ 6 ਘੰਟੇ 2 ਮਿੰਟ ਵਿੱਚ ਪੂਰੀ ਕੀਤੀ। ਇਸ ਤਰ੍ਹਾਂ ਉਹਨਾਂ ਨੇ ਮੈਰਾਥਨ ਵਿੱਚ ਹਿੱਸਾ ਲੈਣਾ ਜਾਰੀ ਰੱਖਿਆ ਅਤੇ 2012 ਤੱਕ ਉਹਨਾਂ ਨੇ ਲੰਡਨ ਦੀਆਂ ਛੇ ਮੈਰਾਥਨਜ਼ ਵਿੱਚ ਹਿੱਸਾ ਲਿਆ। ਉਹਨਾਂ ਦੀਆਂ ਮੈਰਾਥਨਜ਼ ਦੇ ਖੇਤਰ ’ਚ ਪ੍ਰਾਪਤੀਆਂ ਦੀ ਬਦੌਲਤ 13 ਨਵੰਬਰ 2003 ਨੂੰ ਅਮਰੀਕਾ ਦੇ ਗਰੁੱਪ ਨੈਸ਼ਨਲ ਐਥਨਿਕ ਕੋਲੀਸ਼ਨ ਨੇ ‘ਏਲਿਸ ਆਈਲੈਂਡ ਮੈਡਲ ਆਫ਼ ਆਨਰ’ ਨਾਲ ਸਨਮਾਨਿਤ ਕੀਤਾ ਸੀ। ਇਸ ਗਰੁੱਪ ਦੇ ਚੇਅਰਮੈਨ ਵਿਲੀਅਮ ਫ਼ੁਗਾਜ਼ੀ ਨੇ ਵੀ ਫ਼ੌਜਾ ਸਿੰਘ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਸਭ ਤੋਂ ਵੱਡਾ ਪ੍ਰੇਰਨਾ ਸਰੋਤ ਹਨ। ਇਸ ਤੋਂ ਬਾਅਦ ਬਰਤਾਨੀਆ ਦੇ ਇੱਕ ਸੰਗਠਨ ਵੱਲੋਂ ਉਨ੍ਹਾਂ ਨੂੰ ‘ਪ੍ਰਾਈਡ ਆਫ਼ ਇੰਡੀਆ’ ਦਾ ਖ਼ਿਤਾਬ ਦਿੱਤਾ ਗਿਆ। ਦੌੜਾਕ ਫ਼ੌਜਾ ਸਿੰਘ ਨੂੰ ਪਿਆਰ ਨਾਲ ‘ਟਰਬਨਡ ਟੋਰਨਾਡੋ’ ਵੀ ਕਿਹਾ ਜਾਂਦਾ ਸੀ। ਆਪਣੇ 14 ਸਾਲਾਂ (2000 ਤੋਂ 2013) ਦੇ ਕੈਰੀਅਰ ਵਿੱਚ ਉਹਨਾਂ ਨੇ ਕੁੱਲ ਨੌਂ ਪੂਰੀਆਂ ਮੈਰਾਥਨ ਦੌੜੀਆਂ। ਉਹ ਐਡੀਡਾਸ ਮੁਹਿੰਮ ‘ਇਮਪੌਸੀਬਲ ਇਜ਼ ਨਥਿੰਗ’ ਦਾ ਚਿਹਰਾ ਵੀ ਬਣੇ, ਜਿਸ ਵਿੱਚ ਮੁੱਕੇਬਾਜ਼ੀ ਦੇ ਮਹਾਨ ਖਿਡਾਰੀ ਮੁਹੰਮਦ ਅਲੀ ਅਤੇ ਫੁੱਟਬਾਲ ਦੇ ਮਹਾਨ ਖਿਡਾਰੀ ਡੇਵਿਡ ਬੈਕਹਮ ਵੀ ਸ਼ਾਮਲ ਸਨ।
ਫ਼ੌਜਾ ਸਿੰਘ ਨੇ ਲੰਡਨ ਦੀਆਂ ਪੰਜ, ਟੋਰਾਂਟੋ ਦੀਆਂ ਦੋ ਤੇ ਨਿਊਯਾਰਕ ਦੀ ਇੱਕ ਮੈਰਾਥਨ ਦੇ ਨਾਲ ਕਈ ਹਾਫ਼ ਮੈਰਾਥਨਾਂ ਤੇ ਹੋਰ ਦੌੜਾਂ ਵੀ ਜਿੱਤੀਆਂ ਸਨ। 94 ਮਿੰਟਾਂ ’ਚ ਯੂ.ਕੇ. ਦੇ 200, 400, 800 ਤੇ 3000 ਮੀਟਰ ਦੌੜਾਂ ਦੇ ਨਵੇਂ ਰਿਕਾਰਡ ਬਣਾਏ ਸਨ। ਸੌ ਸਾਲ ਦੀ ਉਮਰ ਟੱਪ ਕੇ ਟੋਰਾਂਟੋ ਵਿੱਚ ਦੌੜਦਿਆਂ ਉਸ ਨੇ ਇੱਕੋ ਦਿਨ ਅੱਠ ਦੌੜਾਂ ਲਾਈਆਂ ਤੇ ਪੰਜ ਵਿਸ਼ਵ ਰਿਕਾਰਡ ਬਣਾਏ।ਉਹ ਸੌ ਸਾਲ ਤੋਂ ਵਡੇਰੀ ਉਮਰ ਦੇ ਪਹਿਲੇ ਵਿਅਕਤੀ ਸਨ ਜਿਸ ਨੇ 16 ਅਕਤੂਬਰ 2011 ਨੂੰ ਟੋਰਾਂਟੋ ਦੀ ਵਾਟਰ ਫ਼ਰੰਟ ਮੈਰਾਥਨ ਪੂਰੀ ਦੌੜੀ। ਉੱਥੇ ਉਸ ਨੇ 42.2 ਕਿਲੋਮੀਟਰ ਦਾ ਪੰਧ 8 ਘੰਟੇ 11 ਮਿੰਟ 6 ਸਕਿੰਟ ਵਿੱਚ ਮੁਕਾਇਆ।
ਫ਼ੌਜਾ ਸਿੰਘ ਦੀ ਵਡਿਆਈ ਇਸ ਗੱਲ ’ਚ ਨਹੀਂ ਕਿ ਉਹ ਲੰਮੀਆਂ ਦੌੜਾਂ ਦੌੜਦਾ ਰਿਹਾ ਸਗੋਂ ਇਸ ਵਿੱਚ ਸੀ ਕਿ ਸੌ ਸਾਲਾਂ ਦਾ ਹੋ ਕੇ ਵੀ ਦੌੜੀ ਗਿਆ! 2000 ਵਿੱਚ ਲੰਡਨ ਦੀ ਫ਼ਲੋਰਾ ਮੈਰਾਥਨ ਲਾਉਂਦਿਆਂ ਉਹ 80 ਸਾਲ ਤੋਂ ਵਡੇਰੀ ਉਮਰ ਵਾਲਿਆਂ ਲਈ 6 ਘੰਟੇ 54 ਮਿੰਟ ਦਾ ਨਵਾਂ ਰਿਕਾਰਡ ਰੱਖ ਕੇ ਖ਼ਬਰਾਂ ਵਿੱਚ ਆਇਆ ਸੀ। ਉਦੋਂ ਪੱਗ ’ਤੇ ਖੰਡਾ ਲਾ ਕੇ ਝੂਲਦੀ ਦਾੜ੍ਹੀ ਨਾਲ ਦੌੜਦੇ ਫ਼ੌਜਾ ਸਿੰਘ ਦੀਆਂ ਤਸਵੀਰਾਂ ਲੰਡਨ ਦੀਆਂ ਸੜਕਾਂ ’ਤੇ ਲੱਗ ਗਈਆਂ ਸਨ। ਨਾਲ ਲਿਖਿਆ ਗਿਆ ਸੀ: ‘‘ਕੁਝ ਵੀ ਅਸੰਭਵ ਨਹੀਂ।’’ 2003 ਵਿੱਚ ਟੋਰਾਂਟੋ ’ਚ ਉਸ ਨੇ 42.2 ਕਿਲੋਮੀਟਰ ਦੀ ਦੌੜ 5 ਘੰਟੇ 40 ਮਿੰਟ 04 ਸਕਿੰਟ ਵਿੱਚ ਪੂਰੀ ਕੀਤੀ। 2004 ’ਚ ਟੋਰਾਂਟੋ ਦੀ ਹਾਫ਼ ਮੈਰਾਥਨ ਦੌੜਦਿਆਂ ਉਸ ਨੇ 2 ਘੰਟੇ 29.59 ਮਿੰਟ ਦਾ ਨਵਾਂ ਵਿਸ਼ਵ ਰਿਕਾਰਡ ਬਣਾਇਆ ਸੀ। 2012 ਵਿੱਚ ਉਹ ਆਖ਼ਰੀ ਮੈਰਾਥਨ ਦੌੜ ਹਾਂਗਕਾਂਗ ’ਚ ਦੌੜਿਆ ਤਾਂ ਚੈਰਿਟੀ ਲਈ 25,800 ਡਾਲਰ ’ਕੱਠੇ ਹੋਏ ਜੋ ਉਸ ਨੇ ਉੱਥੇ ਹੀ ਦਾਨ ਕਰ ਦਿੱਤੇ। ਉਸ ਨੇ ਲੰਡਨ ਦੀ ਮੈਰਾਥਨ ਵਿੱਚ 80 ਸਾਲ ਤੋਂ ਵੱਡੀ ਉਮਰ ਦੇ ਦੌੜਾਕਾਂ ’ਚ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ ਸੀ।ਬਾਬਾ ਫ਼ੌਜਾ ਸਿੰਘ ਨੇ ਦੌੜਾਂ ਦੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਅਨੇਕਾਂ ਵਿਸ਼ਵ ਰਿਕਾਰਡ ਬਣਾਏ ਸਨ, ਜਿਹਨਾਂ ਦੀ ਅਜੇ ਤੱਕ ਕੋਈ ਬਰਾਬਰੀ ਨਹੀਂ ਕਰ ਸਕਿਆ। ਉਹ ਵਿਸ਼ਵ ਦੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਅਤੇ ਬਜ਼ੁਰਗਾਂ ਲਈ ਪ੍ਰੇਰਨਾ ਸਰੋਤ ਸਨ, ਕਿਉਂਕਿ ਉਹ ਆਪਣੀ ਅੰਤਲੇ ਸਮੇਂ ਤੱਕ ਦੌੜਾਂ ਨਾਲ ਜੁੜੇ ਰਹੇ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਹਾਰ ਨਹੀਂ ਮੰਨੀ ਅਤੇ ਹਰ ਦੌੜ ਵਿੱਚ ਉਹਨਾਂ ਨੇ ਆਪਣਾ ਪਹਿਲਾਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ। ਕਈ ਦੌੜਾਂ ਵਿੱਚ ਤਾਂ ਉਹਨਾਂ ਨੇ ਆਪਣੇ ਪਿਛਲੇ ਰਿਕਾਰਡ ਵੀ ਤੋੜੇ।
ਦੌੜਾਕ ਫ਼ੌਜਾ ਸਿੰਘ ਨੇ ਮੈਰਾਥਨ ਦੌੜਦਿਆਂ ਸਿਰਫ਼ ਆਪਣਾ ਹੀ ਨਹੀਂ ਸਗੋਂ ਆਪਣੇ ਪਿੰਡ, ਪੰਜਾਬ ਅਤੇ ਦੇਸ਼ ਦਾ ਨਾਂਅ ਵੀ ਪੂਰੀ ਦੁਨੀਆਂ ਵਿੱਚ ਰੌਸ਼ਣ ਕੀਤਾ। ਉਹਨਾਂ ਦੀਆਂ ਖੇਡ ਪ੍ਰਾਪਤੀਆਂ ਤੋਂ ਉਭਰਦੇ ਖਿਡਾਰੀ ਅਤੇ ਦੌੜਾਕ ਬਹੁਤ ਪ੍ਰੇਰਨਾ ਅਤੇ ਸਿੱਖਿਆ ਲੈ ਸਕਦੇ ਹਨ। ਬੁਢਾਪੇ ਦੌਰਾਨ 114 ਸਾਲ ਦੀ ਉਮਰ ਤੱਕ ਦੀਆਂ ਉਹਨਾਂ ਦੀ ਖੇਡ ਪ੍ਰਾਪਤੀਆਂ ਵੇਖ ਕੇ ਕਿਹਾ ਜਾ ਸਕਦਾ ਹੈ ਕਿ ‘ਜ਼ਿੰਦਗੀ ’ਚ ਕੁਝ ਵੀ ਅਸੰਭਵ ਨਹੀਂ।’

Loading