ਡਾਕਟਰ ਕੇਸਰ ਸਿੰਘ ਭੰਗੂ :
ਹਰੀ ਕ੍ਰਾਂਤੀ ਦੇ ਸਮੇਂ 'ਚ ਪੰਜਾਬ ਦੇ ਖੇਤੀ ਸੈਕਟਰ ਨੇ ਅਥਾਹ ਵਿਕਾਸ ਕੀਤਾ। ਇਸ ਨਾਲ ਅਨਾਜਾਂ ਦੀ ਕੁਲ ਪੈਦਾਵਾਰ ਅਤੇ ਪ੍ਰਤੀ ਏਕੜ ਪੈਦਾਵਾਰ 'ਚ ਬਹੁਤ ਵਾਧਾ ਹੋਇਆ ਅਤੇ ਨਤੀਜੇ ਵਜੋਂ ਸੂਬਾ ਦੇਸ਼ ਦਾ ਅੰਨਦਾਤਾ ਬਣ ਗਿਆ, ਕਿਉਂਕਿ ਪੰਜਾਬ ਨੇ ਉਨ੍ਹਾਂ ਸਮਿਆਂ 'ਚ ਦੇਸ਼ ਦੇ ਅੰਨ ਭੰਡਾਰ 'ਚ 35-40 ਪ੍ਰਤੀਸ਼ਤ ਚੌਲਾਂ ਅਤੇ 45-70 ਪ੍ਰਤੀਸ਼ਤ ਕਣਕ ਦਾ ਯੋਗਦਾਨ ਪਾ ਕੇ ਦੇਸ਼ ਨੂੰ ਲੋੜੀਂਦੀ ਅੰਨ ਸੁਰੱਖਿਆ ਪ੍ਰਦਾਨ ਕਰਵਾਈ। ਹੁਣ ਵੀ ਪੰਜਾਬ ਲਗਭਗ 18-22 ਪ੍ਰਤੀਸ਼ਤ ਚੌਲ ਅਤੇ 45 ਪ੍ਰਤੀਸ਼ਤ ਦੇ ਨੇੜੇ ਕਣਕ ਦੇਸ਼ ਦੇ ਅੰਨ ਭੰਡਾਰ 'ਚ ਦੇ ਰਿਹਾ ਹੈ। ਪੰਜਾਬ ਦੇ ਖੇਤੀ ਸੈਕਟਰ ਦਾ ਅਥਾਹ ਵਿਕਾਸ, ਖੇਤੀ ਲਈ ਸਿੰਚਾਈ ਦੀਆਂ ਪੱਕੀਆਂ ਸਹੂਲਤਾਂ, ਉੱਤਮ ਬੀਜਾਂ, ਰਸਾਇਣਕ ਖਾਦਾਂ, ਕੀਟਨਾਸ਼ਕ ਅਤੇ ਨਦੀਨਨਾਸ਼ਕ ਦਵਾਈਆਂ, ਖੇਤੀ ਕੰਮਾਂ ਦਾ ਮਸ਼ੀਨੀਕਰਨ, ਨਵੀਆਂ ਖੇਤੀ ਅਤੇ ਖੋਜ ਤਕਨੀਕਾਂ ਅਤੇ ਪੰਜਾਬ ਦੀ ਮਿਹਨਤਕਸ਼ ਕਿਸਾਨੀ ਕਰਕੇ ਸੰਭਵ ਹੋਇਆ, ਪਰ ਹੁਣ ਪਿਛਲੇ ਸਮੇਂ ਦੌਰਾਨ ਪੰਜਾਬ 'ਚ ਖੇਤੀ ਹੇਠਲਾ ਰਕਬਾ, ਕੁੱਲ ਪੈਦਾਵਾਰ ਅਤੇ ਪ੍ਰਤੀ ਏਕੜ ਪੈਦਾਵਾਰ ਦਾ ਅਧਿਐਨ ਸਪੱਸ਼ਟ ਕਰਦਾ ਹੈ ਕਿ ਪੰਜਾਬ ਦੀ ਖੇਤੀ ਚੌਲਾਂ ਅਤੇ ਕਣਕ ਦੀ ਖੇਤੀ ਹੀ ਬਣ ਗਈ ਹੈ। ਲਗਾਤਾਰ ਲੰਮੇ ਸਮੇਂ ਲਈ ਅਪਣਾਏ ਗਏ ਇਸ ਤਰ੍ਹਾਂ ਦੇ ਫ਼ਸਲੀ ਚੱਕਰ ਕਾਰਨ ਚੌਲਾਂ ਅਤੇ ਕਣਕ ਦੀ ਕੁੱਲ ਪੈਦਾਵਾਰ ਅਤੇ ਪ੍ਰਤੀ ਏਕੜ ਪੈਦਾਵਾਰ 'ਚ ਹੀ ਖੜੋਤ ਨਹੀਂ ਆਈ, ਸਗੋਂ ਸਿੰਚਾਈ ਲਈ ਪਾਣੀ ਦੀ ਘਾਟ ਦਾ ਮੰਡਰਾਉਣਾ, ਖੇਤੀ ਲਾਗਤਾਂ ਦਾ ਹੱਦੋਂ ਵਧ ਜਾਣਾ, ਖੇਤੀ ਤੋਂ ਕਿਸਾਨਾਂ ਦੀ ਆਮਦਨ ਦਾ ਘੱਟ ਹੋਣਾ ਅਤੇ ਵਾਤਾਵਰਨ ਦੇ ਪਲੀਤ ਹੋਣ ਦੀਆਂ ਸਮੱਸਿਆਵਾਂ ਵੀ ਪੈਦਾ ਹੋ ਗਈਆਂ ਹਨ। ਨਤੀਜੇ ਵਜੋਂ ਪੰਜਾਬ ਦੀ ਖੇਤੀ ਦੇ ਸੰਕਟਗ੍ਰਸਤ ਹੋਣ ਕਾਰਨ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਲੋਂ ਖ਼ੁਦਕੁਸ਼ੀਆਂ ਕਰਨ ਵਰਗਾ ਦੁਖਦਾਇਕ ਵਰਤਾਰਾ ਸਾਹਮਣੇ ਆਇਆ, ਜੋ ਕਿ ਬਿਨਾਂ ਕਿਸੇ ਰੋਕ-ਟੋਕ ਤੋਂ ਨਿਰੰਤਰ ਜਾਰੀ ਹੈ। ਇਸ ਲਈ ਸਮਾਂ ਅਤੇ ਸਮੱਸਿਆ ਮੰਗ ਕਰਦੀ ਹੈ ਕਿ ਢੁੱਕਵੀਆਂ ਖੇਤੀ ਨੀਤੀਆਂ ਰਾਹੀਂ ਅਤੇ ਖੇਤੀ ਕਰਨ ਦੇ ਢੰਗ-ਤਰੀਕਿਆਂ 'ਚ ਲੋੜੀਂਦੀਆਂ ਤਬਦੀਲੀਆਂ ਕਰਕੇ ਪੰਜਾਬ ਦੀ ਖੇਤੀ ਨੂੰ ਸੰਕਟ 'ਚੋਂ ਕੱਢਿਆ ਜਾਵੇ।
ਪੰਜਾਬ ਖੇਤੀ ਦੇ ਮੌਜੂਦਾ ਸੰਕਟ ਨੂੰ ਮਾਹਿਰਾਂ ਨੇ 1980ਵਿਆਂ 'ਚ ਹੀ ਭਾਂਪ ਲਿਆ ਸੀ, ਕਿਉਂਕਿ ਉਸ ਸਮੇਂ ਖੇਤੀ ਦੀ ਉਤਪਾਦਕਤਾ 'ਚ ਖੜ੍ਹੋਤ ਆਉਣੀ ਸ਼ੁਰੂ ਹੋ ਗਈ ਸੀ। ਖੇਤੀ ਸੰਕਟ ਦੇ ਮੁੱਖ ਕਾਰਨਾਂ 'ਚ, ਖੇਤੀ ਦੀ ਉਤਪਾਦਕਤਾ 'ਚ ਖੜ੍ਹੋਤ, ਖੇਤੀ ਲਾਗਤਾਂ ਦਾ ਹੱਦੋਂ ਵਧ ਜਾਣਾ, ਕਿਸਾਨਾਂ ਦੀ ਖੇਤੀ ਤੋਂ ਆਮਦਨ ਦਾ ਘਟ ਜਾਣਾ, ਕੁਦਰਤੀ ਅਤੇ ਹੋਰ ਕਾਰਨਾਂ ਕਰਕੇ ਲਗਾਤਾਰ ਫ਼ਸਲਾਂ ਦਾ ਮਾਰੇ ਜਾਣਾ, ਖੇਤੀ ਮਸ਼ੀਨਾਂ ਦੀ ਲੋੜੋਂ ਵੱਧ ਵਰਤੋਂ ਕਰਨਾ, ਖੇਤੀ ਮਸ਼ੀਨਰੀ ਦੀ ਸਮਰੱਥਾ ਨਾਲੋਂ ਘੱਟ ਵਰਤੋਂ ਕਰਨੀ ਅਤੇ ਖੇਤੀ ਵਸਤਾਂ ਦੀਆਂ ਨਿਗੁਣੀਆਂ ਕੀਮਤਾਂ ਦੇ ਨਾਲ-ਨਾਲ ਮੰਡੀਕਰਨ ਦੀਆਂ ਸਮੱਸਿਆਵਾਂ ਸ਼ਾਮਿਲ ਹਨ। ਇਸ ਦੇ ਨਾਲ ਹੀ ਦੇਸ਼ 'ਚ ਅੰਤਰਰਾਸ਼ਟਰੀ ਸੰਸਥਾਵਾਂ ਦੇ ਦਬਾਅ ਹੇਠ ਨਵੀਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਨਾਲ ਪੰਜਾਬ ਖੇਤੀ ਦਾ ਸੰਕਟ ਹੋਰ ਗਹਿਰਾ ਗਿਆ। ਇਹ ਵੀ ਵਰਨਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਰਾਜਨੀਤਕ ਨੇਤਾਵਾਂ ਅਤੇ ਕਿਸਾਨਾਂ ਦੇ ਹਿਤਾਂ 'ਚ ਵਖਰੇਵੇਂ ਅਤੇ ਟਕਰਾਓ ਆ ਗਏ ਹਨ। ਇਸ ਦਾ ਮੁੱਖ ਕਾਰਨ ਰਾਜਨੀਤਕ ਨੇਤਾ, ਜੋ ਕਿ ਕਿਸਾਨਾਂ ਦੇ ਨੇਤਾ ਵੀ ਹੁੰਦੇ ਸੀ, ਦੀ ਆਮਦਨ ਦੇ ਸਾਧਨ ਖੇਤੀ ਤੋਂ ਬਦਲ ਕੇ ਹੋਰ ਵਪਾਰਕ ਵਸੀਲੇ ਹੋ ਗਏ ਹਨ। ਇਹ ਕਿਹਾ ਜਾ ਸਕਦਾ ਹੈ ਕਿ ਅੱਜਕੱਲ੍ਹ ਰਾਜਨੀਤਕ ਨੇਤਾਵਾਂ ਲਈ ਖੇਤੀ ਅਤੇ ਕਿਸਾਨਾਂ ਦੇ ਮਸਲੇ ਹਾਸ਼ੀਏ 'ਤੇ ਚਲੇ ਗਏ ਹਨ ਅਤੇ ਰਾਜਨੀਤਕ ਨੇਤਾ ਕੇਵਲ ਵੋਟਾਂ ਵੇਲੇ ਹੀ ਖੇਤੀ ਅਤੇ ਕਿਸਾਨ ਪੱਖੀ ਹੋਣ ਦੀ ਗੱਲ ਕਰਦੇ ਹਨ। ਇਹ ਵੀ ਸਪੱਸ਼ਟ ਹੈ ਕਿ ਖੇਤੀ ਸੰਕਟ ਦਾ ਸਭ ਤੋਂ ਮਾਰੂ ਅਸਰ ਸੀਮਾਂਤ ਅਤੇ ਛੋਟੇ ਕਿਸਾਨਾਂ ਉੱਤੇ ਹੀ ਪਿਆ ਹੈ, ਨਤੀਜੇ ਵਜੋਂ ਕਿਸਾਨੀ ਦਾ ਇਹ ਵਰਗ ਘੋਰ ਖੇਤੀ ਸੰਕਟ ਨੂੰ ਨਾ ਸਹਾਰਦਾ ਹੋਇਆ ਖ਼ੁਦਕੁਸ਼ੀਆਂ ਦੇ ਰਾਹ ਪਿਆ ਹੈ।
ਉਪਰੋਕਤ ਸਥਿਤੀ ਦੇ ਸੰਦਰਭ ਵਿਚ ਪੰਜਾਬ ਖੇਤੀ 'ਚ ਕੁਝ ਨੀਤੀਗਤ ਤਬਦੀਲੀਆਂ, ਨਵੀਆਂ ਤਕਨੀਕਾਂ ਅਤੇ ਕਾਢਾਂ ਨੂੰ ਅਪਣਾ ਕੇ ਕੁਝ ਹੱਦ ਤੱਕ ਖੇਤੀ ਸੰਕਟ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਨਵੀਂ ਬਣਨ ਵਾਲੀ ਖੇਤੀ ਨੀਤੀ 'ਚ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਕੁਦਰਤੀ ਖੇਤੀ, ਖੇਤੀ ਵਿਭਿੰਨਤਾ ਅਤੇ ਕੁਝ ਲਾਹੇਵੰਦ ਖੇਤੀ ਸਹਾਇਕ ਧੰਦਿਆਂ ਨੂੰ ਅਪਣਾਉਣਾ ਸ਼ਾਮਿਲ ਹਨ।
ਧਿਆਨਯੋਗ ਕੁਝ ਮੁੱਦੇ : ਸਭ ਤੋਂ ਪਹਿਲਾਂ ਸੂਬੇ ਦੀ ਖੇਤੀਬਾੜੀ ਨੀਤੀ ਬਣਾਉਣ ਸਮੇਂ ਕੁਝ ਮਹੱਤਵਪੂਰਨ ਮੁੱਦਿਆਂ ਨੂੰ ਧਿਆਨ 'ਚ ਰੱਖਦੇ ਹੋਏ ਹੀ ਨੀਤੀ ਬਣਾਉਣੀ ਚਾਹੀਦੀ ਹੈ, ਜਿਵੇਂ ਕਿ ਕੁਦਰਤੀ ਅਤੇ ਰਵਾਇਤੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ, ਪਰ ਅਜਿਹਾ ਕਰਦੇ ਸਮੇਂ ਸੂਬੇ ਤੇ ਦੇਸ਼ 'ਚ ਖਾਧ ਸੁਰੱਖਿਆ ਮੁਹੱਈਆ ਕਰਵਾਉਣ ਲਈ ਅਨਾਜ ਦੀ ਪੈਦਾਵਾਰ ਦਾ ਧਿਆਨ ਵੀ ਰੱਖਣਾ ਹੋਵੇਗਾ। ਇਸ ਕਿਸਮ ਦੀ ਖੇਤੀ ਨੂੰ ਸੂਬੇ ਦੀ ਖੇਤੀਬਾੜੀ ਨੀਤੀ ਦੇ ਅਨੁਸਾਰ ਹੀ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਖੇਤੀਬਾੜੀ ਨੀਤੀ 'ਚ ਖੇਤੀ ਵੰਨ-ਸੁਵੰਨਤਾ ਨੂੰ ਹੁਲਾਰਾ ਦੇਣਾ ਚਾਹੀਦਾ ਹੈ ਤਾਂ ਕਿ ਝੋਨੇ ਦੀ ਥਾਂ 'ਤੇ ਬਦਲਵੀਆਂ ਫ਼ਸਲਾਂ ਬੀਜੀਆਂ ਜਾ ਸਕਣ, ਅਜਿਹਾ ਕਰਨ ਨਾਲ ਪਾਣੀ ਦੀ ਵਧੇਰੇ ਬੱਚਤ ਹੋਵੇਗੀ ਅਤੇ ਵਾਤਾਵਰਨ ਨੂੰ ਵੀ ਹੌਲ਼ੀ-ਹੌਲ਼ੀ ਵਿਗੜਨ ਤੋਂ ਬਚਾਇਆ ਜਾ ਸਕਦਾ ਹੈ, ਪਰ ਬਦਲਵੀਆਂ ਫ਼ਸਲਾਂ ਦੇ ਲਾਹੇਵੰਦ ਭਾਅ ਅਤੇ ਯਕੀਨੀ ਖਰੀਦ ਬਣਾਉਣਾ ਲਾਜ਼ਮੀ ਹੋਣਾ ਚਾਹੀਦਾ ਹੈ। ਖੇਤੀਬਾੜੀ ਨੀਤੀ ਤਹਿਤ ਸੂਬੇ 'ਚ ਪਿੰਡ ਪੱਧਰ 'ਤੇ ਸੀਵਰ ਦੇ ਪਾਣੀ ਤੋਂ ਦੇਸੀ ਖਾਦ ਤਿਆਰ ਕਰਨੀ ਚਾਹੀਦੀ ਹੈ ਅਤੇ ਸਾਫ਼ ਕੀਤਾ ਪਾਣੀ ਪਿੰਡ 'ਚ ਖੇਤੀ ਦੀ ਸਿੰਚਾਈ ਲਈ ਵਰਤਿਆ ਜਾਣਾ ਚਾਹੀਦਾ ਹੈ, ਜਿਵੇਂ ਕਿ ਪੰਜਾਬ ਵਿਚ ਇਸ ਕਿਸਮ ਦੀਆਂ ਕਈ ਪਿੰਡਾਂ 'ਚ ਉਦਹਾਰਨਾਂ ਮਿਲਦੀਆਂ ਹਨ। ਸੂਬੇ 'ਚ ਬਹੁਤ ਸਾਰੇ ਕਿਸਾਨਾਂ ਨੇ ਆਪਣੇ ਤੌਰ 'ਤੇ ਜਾਂ ਕੁਝ ਸੰਸਥਾਵਾਂ ਦੀ ਮਦਦ ਨਾਲ ਖੇਤੀ ਦੇ ਨਾਲ-ਨਾਲ ਖੇਤੀ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ 'ਚ ਭਾਰੀ ਵਾਧਾ ਕੀਤਾ ਹੈ, ਇਸ ਲਈ ਖੇਤੀ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਇਨ੍ਹਾਂ ਨੂੰ ਖੇਤੀਬਾੜੀ ਨੀਤੀ 'ਚ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਇਨ੍ਹਾਂ ਧੰਦਿਆਂ 'ਚ ਮੁੱਖ ਤੌਰ 'ਤੇ ਡੇਅਰੀ, ਸੂਰ ਪਾਲਣ, ਮੱਛੀ ਪਾਲਣ, ਬੱਕਰੀਆਂ ਪਾਲਣ, ਸ਼ਹਿਦ ਦੀਆਂ ਮੱਖੀਆਂ ਪਾਲਣ, ਖੁੰਬਾਂ ਦੀ ਕਾਸ਼ਤ ਆਦਿ ਹਨ। ਖੇਤੀਬਾੜੀ ਨੀਤੀ ਤਹਿਤ ਇਨ੍ਹਾਂ ਧੰਦਿਆਂ ਦੇ ਉਤਪਾਦਨ ਦੀ ਯਕੀਨੀ ਖਰੀਦ ਅਤੇ ਲਾਹੇਵੰਦ ਭਾਅ ਦੇਣੇ ਬਹੁਤ ਲਾਜ਼ਮੀ ਹੋਣਾ ਚਾਹੀਦਾ ਹੈ।
ਖੇਤੀਬਾੜੀ ਨੀਤੀ ਤਹਿਤ ਸਭ ਤੋਂ ਜ਼ਰੂਰੀ ਗੱਲ ਹੈ ਕਿ ਖੇਤੀਬਾੜੀ ਖੇਤਰ 'ਚ ਸਰਕਾਰੀ ਨਿਵੇਸ਼ ਨੂੰ ਵਧਾਇਆ ਜਾਵੇ, ਜਿਸ ਨਾਲ ਸੂਬੇ 'ਚ ਖੇਤੀਬਾੜੀ ਲਈ ਯੋਗ ਮੁੱਢਲਾ ਢਾਂਚਾ ਸਮੇਂ ਦੇ ਹਾਣ ਦਾ ਵਿਕਸਤ ਕੀਤਾ ਜਾ ਸਕੇ। ਨਾਲ ਹੀ ਕਿਸਾਨਾਂ ਨੂੰ ਸਹੀ ਮਾਤਰਾ 'ਚ ਅਤੇ ਬਹੁਤ ਹੀ ਘੱਟ ਦਰਾਂ 'ਤੇ ਕਰਜ਼ੇ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ ਅਤੇ ਇਨ੍ਹਾਂ ਕਰਜ਼ਿਆਂ 'ਤੇ ਢੁੱਕਵੀਂਆ ਸਬਸਿਡੀਆਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਕੁਦਰਤੀ ਜਾਂ ਹੋਰ ਕਾਰਨਾਂ ਕਰਕੇ ਫ਼ਸਲਾਂ ਦੇ ਮਾਰੇ ਜਾਣ 'ਤੇ ਕਿਸਾਨਾਂ ਨੂੰ ਢੁੱਕਵੀਂ ਆਰਥਿਕ ਮਦਦ ਦੇਣੀ ਚਾਹੀਦੀ ਹੈ, ਇਸ ਲਈ ਕਿਸਾਨ ਪੱਖੀ ਫ਼ਸਲ ਬੀਮਾ ਯੋਜਨਾ ਬਣਾਉਣੀ ਚਾਹੀਦੀ ਹੈ।
ਖੇਤੀ ਨੀਤੀ ਲਈ ਸੁਝਾਏ ਗਏ ਮੁੱਦਿਆਂ ਦੀਆਂ ਕੁਝ ਚੰਗੀਆਂ ਮਿਸਾਲਾਂ ਸੂਬੇ 'ਚ ਮਿਲਦੀਆਂ ਹਨ, ਉਨ੍ਹਾਂ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ ਹੈ। ਕੁਝ ਕੁ ਮਿਸਾਲਾਂ ਇਸ ਤਰ੍ਹਾਂ ਹਨ-
ਕੁਦਰਤੀ/ਰਵਾਇਤੀ ਖੇਤੀ : ਪੰਜਾਬ 'ਚ ਬਹੁਤ ਸਾਰੇ ਕਿਸਾਨਾਂ ਨੇ ਕੁਦਰਤੀ/ਰਵਾਇਤੀ ਖੇਤੀ ਸ਼ੁਰੂ ਕੀਤੀ ਹੈ, ਉਦਾਹਰਨ ਦੇ ਤੌਰ 'ਤੇ ਬਠਿੰਡਾ ਦੇ ਇਕ ਕਿਸਾਨ ਜਿਸ ਕੋਲ 11 ਕਿੱਲੇ ਜ਼ਮੀਨ ਹੈ, ਉਹ ਪਿਛਲੇ 20 ਸਾਲਾਂ ਤੋਂ ਕੁਦਰਤੀ ਅਤੇ ਰਵਾਇਤੀ ਖੇਤੀ ਕਰ ਰਿਹਾ ਹੈ। ਸ਼ੁਰੂ-ਸ਼ੁਰੂ 'ਚ ਕੁਝ ਦਿੱਕਤਾਂ ਆਈਆਂ, ਪਰ ਹੁਣ ਉਹ ਆਪਣੀ ਖੇਤੀ ਤੋਂ ਸੰਤੁਸ਼ਟ ਹੈ ਅਤੇ ਹੋਰਨਾਂ ਕਿਸਾਨਾਂ ਨੂੰ ਕੁਦਰਤੀ ਅਤੇ ਰਵਾਇਤੀ ਖੇਤੀ ਲਈ ਪ੍ਰੇਰਿਤ ਕਰਦਾ ਹੈ।
ਖੇਤੀ ਵਿਭਿੰਨਤਾ : ਹੁਸ਼ਿਆਰਪੁਰ ਜ਼ਿਲ੍ਹੇ ਦੇ ਭੁੰਗਾ ਬਲਾਕ ਦੇ ਢੋਲਬਾਹਾ ਨੇੜਲੇ ਪਿੰਡਾਂ ਦੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਪਤਾ ਲੱਗਾ ਕਿ ਉਹ ਖੇਤੀ ਵਿਭਿੰਨਤਾ ਤਹਿਤ ਪਿਆਜ਼, ਮੂੰਗਫਲੀ ਅਤੇ ਬਾਗ਼ਬਾਨੀ ਦੀਆਂ ਫ਼ਸਲਾਂ ਬੀਜ ਕੇ ਚੋਖਾ ਮੁਨਾਫ਼ਾ ਕਮਾ ਰਹੇ ਹਨ। ਇਨ੍ਹਾਂ ਕਿਸਾਨਾਂ ਨੇ ਸਿੰਚਾਈ ਲਈ ਵੀ ਫੁਆਰਾ ਅਤੇ ਡਰਿੱਪ ਵਿਧੀ ਅਪਣਾਈ ਹੈ, ਜਿਸ ਨਾਲ ਪਾਣੀ ਦੀ ਸੰਭਾਲ ਅਤੇ ਬੱਚਤ ਹੋ ਰਹੀ ਹੈ, ਇਸ ਕੰਮ ਲਈ ਸਰਕਾਰ ਵਲੋਂ ਸਬਸਿਡੀ ਵੀ ਦਿੱਤੀ ਗਈ ਹੈ।
ਸੀਵਰੇਜ ਤੋਂ ਖਾਦ ਅਤੇ ਖੇਤੀ ਲਈ ਪਾਣੀ ਦੀ ਵਰਤੋਂ : ਲੁਧਿਆਣਾ ਜ਼ਿਲ੍ਹੇ ਦੀ ਜਗਰਾਉਂ ਤਹਿਸੀਲ ਦੇ ਚਕਰ ਪਿੰਡ 'ਚ ਇਕ ਬਿਲਕੁਲ ਵੱਖਰੀ ਕਿਸਮ ਨਾਲ ਪੂਰੇ ਪਿੰਡ ਦੇ ਘਰਾਂ ਦਾ ਸੀਵਰੇਜ ਅਤੇ ਮੀਂਹ ਦਾ ਪਾਣੀ ਵੱਖਰੀਆਂ ਵੱਖਰੀਆਂ ਪਾਇਪਾਂ ਰਾਹੀਂ ਤਿੰਨ ਤਲਾਬਾਂ 'ਚ ਇਕੱਠਾ ਕੀਤਾ ਜਾਂਦਾ ਹੈ। ਸੀਵਰੇਜ ਦੇ ਪਾਣੀ 'ਚੋਂ ਦੇਸੀ ਰੂੜੀ ਤਿਆਰ ਕਰਕੇ ਪਿੰਡ ਦੇ ਖੇਤਾਂ 'ਚ ਪਾਈ ਜਾਂਦੀ ਹੈ ਅਤੇ ਸੀਵਰੇਜ ਦਾ ਸਾਫ਼ ਪਾਣੀ ਅਤੇ ਮੀਂਹ ਦਾ ਇਕੱਠਾ ਕੀਤਾ ਪਾਣੀ ਪੰਪਾਂ ਰਾਹੀਂ ਪਿੰਡ ਦੇ ਖੇਤਾਂ ਦੀ ਸਿੰਚਾਈ ਲਈ ਵਰਤਿਆ ਜਾਂਦਾ ਹੈ। ਪਿੰਡ 'ਚ ਇਕ ਲੱਖ ਦੇ ਕਰੀਬ ਬੂਟੇ ਲਗਾਏ ਗਏ ਹਨ ਅਤੇ ਸਾਰੇ ਪਿੰਡ 'ਚ ਸਟਰੀਟ ਲਾਈਟਾਂ ਅਤੇ ਸਾਫ਼-ਸਫ਼ਾਈ ਦਾ ਚੰਗਾ ਪ੍ਰਬੰਧ ਕੀਤਾ ਗਿਆ ਹੈ।
ਖੇਤੀ ਸਹਾਇਕ ਧੰਦੇ : ਪੰਜਾਬ 'ਚ ਕਾਫ਼ੀ ਕਿਸਾਨਾਂ ਨੇ ਆਪਣੇ ਪੱਧਰ 'ਤੇ ਜਾਂ ਕੁਝ ਸੰਸਥਾਵਾਂ ਦੀ ਮਦਦ ਨਾਲ ਲਾਹੇਵੰਦ ਸਹਾਇਕ ਖੇਤੀ ਧੰਦਿਆਂ ਨੂੰ ਅਪਣਾ ਕੇ ਆਪਣੀ ਆਮਦਨ ਵਧਾ ਲਈ ਹੈ। ਇਨ੍ਹਾਂ 'ਚ ਡੇਅਰੀ ਦਾ ਧੰਦਾ ਸਭ ਤੋਂ ਵੱਧ ਲਾਹੇਵੰਦ ਅਤੇ ਪ੍ਰਚੱਲਿਤ ਹੈ। ਇਸ ਕੰਮ ਲਈ ਇਕ ਟਰੱਸਟ ਦੀ ਮਦਦ ਨਾਲ ਦੁੱਧ ਦੀ ਉਤਪਾਦਕਤਾ ਅਤੇ ਗੁਣਵੱਤਾ ਵਧਾਉਣ ਲਈ ਮੱਝਾਂ ਨੂੰ ਚੰਗੀ ਨਸਲ ਦੇ ਟੀਕੇ ਲਗਾਏ ਜਾਂਦੇ ਹਨ। ਕਾਫ਼ੀ ਕਿਸਾਨਾਂ ਨੇ ਸ਼ਹਿਦ ਦੀਆਂ ਮੱਖੀਆਂ, ਖੁੰਬਾਂ ਅਤੇ ਸਟ੍ਰਾਬੇਰੀ ਦੇ ਲਾਹੇਵੰਦ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ 'ਚ ਵਾਧਾ ਕਰ ਲਿਆ ਹੈ। ਅੰਤ 'ਚ ਕਿਹਾ ਜਾ ਸਕਦਾ ਹੈ ਪੰਜਾਬ ਖੇਤੀ ਦੇ ਡੂੰਘੇ ਹੋ ਰਹੇ ਆਰਥਿਕ ਸੰਕਟ ਨੂੰ ਲੰਮੇ ਅਤੇ ਛੋਟੇ ਸਮੇਂ ਦੀਆਂ ਬਹੁਪਰਤੀ ਨੀਤੀਆਂ ਰਾਹੀਂ ਹੱਲ ਕੀਤਾ ਜਾ ਸਕਦਾ ਹੈ।
![]()
