ਖੇਤੀ ਲਾਗਤ ਵਿੱਚ ਵਾਧਾ ਕਰੇ ਸਰਕਾਰ

In ਮੁੱਖ ਲੇਖ
January 30, 2026

ਭਗਵਾਨ ਦਾਸ

ਕਿਸਾਨਾਂ ਦੀ ਆਮਦਨ ’ਚ ਕੋਈ ਵਿਸ਼ੇਸ਼ ਵਾਧਾ ਨਹੀਂ ਹੋ ਰਿਹਾ, ਉਲਟਾ ਉਨ੍ਹਾਂ ਸਿਰ ਕਰਜ਼ਾ ਵਧ ਰਿਹਾ ਹੈ। ਮੋਟਰਾਂ ਦੀ ਗਿਣਤੀ 14.5 ਲੱਖ ਤੋਂ ਉੱਪਰ ਹੋ ਗਈ ਹੈ। ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੈ। ਬੋਰ ਹੋਰ ਡੂੰਘੇ ਕਰਾਉਣ ਲਈ ਕਿਸਾਨਾਂ ਨੂੰ ਖ਼ਰਚਾ ਕਰਨਾ ਪੈ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਰਵੇਖਣ ਤੋਂ ਪ੍ਰਤੱਖ ਹੁੰਦਾ ਹੈ ਕਿ ਰਾਜ ਦੇ ਬਹੁਤੇ ਜ਼ਿਲ੍ਹਿਆਂ ’ਚ ਜ਼ਮੀਨੀ ਪਾਣੀ ਦਾ ਪੱਧਰ ਹਰ ਸਾਲ ਇੱਕ ਮੀਟਰ ਤੱਕ ਥੱਲੇ ਜਾ ਰਿਹਾ ਹੈ। ਹਰ ਸਾਲ ਝੋਨੇ ਦੀ ਕਾਸ਼ਤ ਥੱਲੇ ਰਕਬਾ ਵਧਣ ਕਾਰਨ ਪਾਣੀ ਦੀ ਲੋੜ ਵਧਦੀ ਜਾ ਰਹੀ ਹੈ। ਫ਼ਸਲੀ ਵਿਭਿੰਨਤਾ ’ਚ ਕੋਈ ਸਫ਼ਲਤਾ ਪ੍ਰਾਪਤ ਨਹੀਂ ਹੋ ਰਹੀ। ਇਸ ਲਈ ਵੀ ਕਿਸਾਨਾਂ ਦੀ ਆਮਦਨ ਪ੍ਰਭਾਵਿਤ ਹੋ ਰਹੀ ਹੈ।
ਕਿਸਾਨਾਂ ਵੱਲੋਂ ਝੋਨਾ ਕਣਕ ਦਾ ਫ਼ਸਲੀ ਚੱਕਰ ਅਪਣਾਏ ਜਾਣ ਕਾਰਨ ਖੇਤੀ ਇਕ ਪੜਾਅ ’ਤੇ ਖੜ੍ਹੀ ਨਜ਼ਰ ਆ ਰਹੀ ਹੈ। ਜੀ.ਡੀ.ਪੀ. ’ਚ ਖੇਤੀ ਦਾ ਯੋਗਦਾਨ ਘਟ ਕੇ 14 ਫ਼ੀਸਦੀ ’ਤੇ ਆ ਗਿਆ, ਜਦਕਿ ਦੋ ਤਿਹਾਈ ਵਸੋਂ ਦੀ ਨਿਰਭਰਤਾ ਖੇਤੀ ’ਤੇ ਹੈ। ਪੰਜਾਬ ’ਚ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਰਹੀ ਹੈ, ਜੋ ਗੰਭੀਰ ਸਮੱਸਿਆ ਹੈ। ਕਣਕ ਉਤਪਾਦਨ ਅਤੇ ਕੇਂਦਰੀ ਅੰਨ-ਭੰਡਾਰ ’ਚ ਯੋਗਦਾਨ ਪਾਉਣ ਵਿੱਚ ਪੰਜਾਬ ਮੋਹਰੀ ਸੂਬਾ ਸੀ, ਜੋ ਹੁਣ ਪਛੜ ਗਿਆ। ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਹਰਿਆਣਾ ਜਿਹੇ ਰਾਜ ਅੱਗੇ ਵਧ ਰਹੇ ਹਨ। ਪਿਛਲੀ ਸ਼ਤਾਬਦੀ ’ਚ ਸਬਜ਼ ਇਨਕਲਾਬ ਤੋਂ ਬਾਅਦ ਖੇਤੀ ਦਾ ਵਿਕਾਸ ਤਾਂ ਹੋਇਆ ਪਰ, ਉਹ ਹੰਢਣਸਾਰ ਨਹੀਂ ਸੀ। 1980 85 ਦਰਮਿਆਨ ਖੇਤੀ ਵਿਕਾਸ ਦਰ ਭਾਰਤ ਦੀ ਆਰਥਿਕਤਾ ਦੀ ਵਿਕਾਸ ਦਰ ਨਾਲੋਂ ਵੱਧ ਰਹੀ, ਪਰ 1997 98 ’ਚ ਦੋ ਫ਼ੀਸਦੀ ’ਤੇ ਆ ਗਈ, ਜਦਕਿ ਭਾਰਤ ਦੀ ਆਰਥਿਕਤਾ ਦੀ ਵਿਕਾਸ ਦਰ 8 ਫ਼ੀਸਦੀ ਤੱਕ ਪਹੁੰਚ ਗਈ। 2002 03 ਵਿਚ ਭਾਰਤ ਨੇ ਕਣਕ ਬਰਾਮਦ ਕੀਤੀ। 2007- 08 ’ਚ ਫਿਰ ਦਰਾਮਦ ਕੀਤੀ। ਉਸ ਤੋਂ ਬਾਅਦ ਭਾਵੇਂ ਦੇਸ਼ ਆਤਮਨਿਰਭਰ ਤੇ ਨਿਰਯਾਤ ਕਰਨ ਦੇ ਕਾਬਲ ਹੋ ਗਿਆ, ਜਿਸ ’ਚ ਪੰਜਾਬ ਦਾ ਵੱਡਾ ਯੋਗਦਾਨ ਹੈ।
2022 ’ਚ ਭਾਵੇਂ ਮਾਰਚ ਵਿੱਚ ਵਧੇਰੇ ਗਰਮੀ ਪੈਣ ਕਾਰਨ ਕਣਕ ਦੀ ਉਤਪਾਦਕਤਾ ਘਟਣ ਨਾਲ ਦੇਸ਼ ’ਚ ਕਣਕ ਦੀ ਕਮੀ ਆਈ ਤੇ ਅੰਨ-ਭੰਡਾਰ ਘਟ ਗਏ। ਦੇਸ਼ ਵਿੱਚ ਕਣਕ ਦੀ ਉਤਪਾਦਕਤਾ 2020 21 ’ਚ ਵੀ 3,521 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਤੋਂ ਘਟ ਕੇ 3,484 ਕਿਲੋਗ੍ਰਾਮ ’ਤੇ ਆ ਗਈ ਅਤੇ ਉਤਪਾਦਨ 109.59 ਮਿਲੀਅਨ ਟਨ ਤੋਂ ਘਟ ਕੇ 106.84 ਮਿਲੀਅਨ ਟਨ ’ਤੇ ਆ ਗਿਆ। ਇਸੇ ਤਰ੍ਹਾਂ ਪੰਜਾਬ ’ਚ ਇਸੇ ਸਮੇਂ ਦੌਰਾਨ ਉਤਪਾਦਕਤਾ 4,868 ਕਿਲੋਗ੍ਰਾਮ ਤੋਂ ਘਟ ਕੇ 4,216 ਕਿਲੋਗ੍ਰਾਮ ਪ੍ਰਤੀ ਹੈਕਟੇਅਰ ’ਤੇ ਆ ਗਈ। ਕਣਕ ਬਾਹਰ ਭੇਜਣ ’ਤੇ ਪਾਬੰਦੀਆਂ ਲਾਉਣੀਆਂ ਪਈਆਂ। ਕਣਕ ਦਾ ਉਤਪਾਦਨ ਵਧਾਉਣ ਲਈ ਉਪਰਾਲੇ ਤੇਜ਼ ਕਰਨੇ ਪਏ। ਭਾਰਤ ਦਾ ਭੂਗੋਲਿਕ ਰਕਬਾ ਵਿਸ਼ਵ ਦਾ 2.3 ਫ਼ੀਸਦੀ ਹੈ, ਪਾਣੀ 4.2 ਫ਼ੀਸਦੀ ਹੈ, ਜੰਗਲਾਤ ਹੇਠ ਕੇਵਲ ਇਕ ਫ਼ੀਸਦੀ ਹੈ ਤੇ ਆਬਾਦੀ 18 ਫ਼ੀਸਦੀ ਹੈ। ਕਾਸ਼ਤ ਯੋਗ ਰਕਬੇ ’ਚ ਕੋਈ ਬਹੁਤਾ ਵਾਧਾ ਹੋਣਾ ਸੰਭਵ ਨਹੀਂ ਹੈ। ਦੇਸ਼ ’ਚ ਕਾਫੀ ਰਕਬਾ ਅਜੇ ਵੀ ਬਰਾਨੀ ਹੈ, ਜਿਸ ਪੱਖੋਂ ਪੰਜਾਬ ਅੱਗੇ ਹੈ। ਪੰਜਾਬ ਵਿਚ 99 ਫ਼ੀਸਦੀ ਰਕਬਾ ਸਿੰਜਾਈ ਅਧੀਨ ਹੈ। ਝੋਨੇ ਦੀ ਕਾਸ਼ਤ ਥੱਲੇ ਹਰ ਸਾਲ ਵਧਦੇ ਰਕਬੇ ਨੂੰ ਮੁੱਖ ਰੱਖਦਿਆਂ ਅਤੇ ਫ਼ਸਲੀ ਚੱਕਰ ’ਚ ਕੋਈ ਤਬਦੀਲੀ ਨਾ ਆਉਣ ਦੇ ਮੱਦੇਨਜ਼ਰ ਪਾਣੀ ਦੀ ਵਰਤੋਂ ਬੜੀ ਸੂਝ ਬੂਝ ਨਾਲ ਕਰਨੀ ਚਾਹੀਦੀ ਹੈ। ਮੁਫ਼ਤ ਬਿਜਲੀ ਹੋਣ ਕਾਰਨ ਟਿਊਬਵੈੱਲ ਨਿਰੰਤਰ ਚਲਦੇ ਰਹਿੰਦੇ ਹਨ ਤੇ ਪਾਣੀ (ਜੋ ਕਈ ਵਾਰ ਲੋੜੀਂਦਾ ਨਹੀਂ ਹੁੰਦਾ) ਜ਼ਾਇਆ ਜਾਂਦਾ ਹੈ। ਮਾਹਿਰਾਂ ਨੇ ਜਿਸ ਵਿੱਚ ਅੰਤਰਰਾਸ਼ਟਰੀ ਚੌਲਾਂ ਦੇ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼ ਅਤੇ ਪੀ.ਏ.ਯੂ. ਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਐਚ.ਐਸ. ਜੌਹਲ ਨੇ ਸਰਕਾਰ ਨੂੰ ਸਲਾਹ ਦਿੱਤੀ ਸੀ ਕਿ ਟਿਊਬਵੈੱਲਾਂ ਨੂੰ ਮੁਫ਼ਤ ਬਿਜਲੀ ਬੰਦ ਕਰ ਕੇ ਪਾਣੀ ਬਚਾਉਣ ਦੀਆਂ ਹੋਰ ਤਕਨੀਕਾਂ ਜਿਵੇਂ ਤੁਪਕਾ ਸਿੰਜਾਈ, ਛਿੜਕਾਅ ਨਾਲ ਸਿੰਜਾਈ ਆਦਿ ਵਰਤੋਂ ’ਚ ਲਿਆ ਕੇ ਕਿਸਾਨਾਂ ਦੀ ਮਦਦ ਕਰਨ ਵਜੋਂ ਜਾਰੀ ਕੀਤੀਆਂ ਜਾਣ। ਇਸ ਨਾਲ ਪਾਣੀ ਦੀ ਬੱਚਤ ਹੋਵੇਗੀ, ਪਰ ਕੁਝ ਰਾਜਨੀਤਕ ਕਾਰਨਾਂ ਕਰਕੇ ਅਜਿਹਾ ਨਹੀਂ ਕੀਤਾ ਜਾ ਸਕਿਆ। ਮੌਸਮ ’ਚ ਆ ਰਹੀ ਸੁਭਾਵਿਕ ਤਬਦੀਲੀ, ਤਪਸ਼ ਤੇ ਵਾਤਾਵਰਨ ਦਾ ਪ੍ਰਦੂਸ਼ਣ, ਬੇਮੌਸਮੇ ਮੀਂਹ, ਪਰਾਲੀ ਨੂੰ ਅੱਗ ਲਾਉਣਾ ਵੀ ਖੇਤੀ ਦੀਆਂ ਵੱਡੀਆਂ ਮੁਸ਼ਕਿਲਾਂ ਹਨ। ਛੋਟੇ ਕਿਸਾਨਾਂ ਲਈ ਅਜਿਹੇ ਫ਼ਸਲੀ ਚੱਕਰ ਲੱਭਣੇ ਜੋ ਕਿਸਾਨਾਂ ਨੂੰ ਝੋਨਾ ਕਣਕ ਨਾਲੋਂ ਵਧੇਰੇ ਆਮਦਨ ਦੇਣ, ਖੋਜਾਂ ਨੂੰ ਅਜਿਹੀ ਦਿਸ਼ਾ ਵੱਲ ਕੇਂਦਰਿਤ ਕਰਜ਼ ਦੀ ਲੋੜ ਹੈ।
ਸਰਕਾਰ ਵੱਲੋਂ ਖੇਤੀ ਲਾਗਤ ’ਚ ਵਾਧਾ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ਵਧੇ। ਆਮਦਨ ਵਧਾਉਣ ਲਈ ਉਤਪਾਦਕਤਾ ਵਧਾਉਣ ਤੋਂ ਇਲਾਵਾ ਖੇਤੀ ਖ਼ਰਚਿਆਂ ਨੂੰ ਘਟਾਉਣਾ ਵੀ ਜ਼ਰੂਰੀ ਹੈ। ਇਸ ਵੇਲੇ ਖੇਤੀ ਖ਼ਰਚੇ ਜਿਨ੍ਹਾਂ ’ਚ ਬੀਜ, ਖਾਦ, ਕੀੜੇਮਾਰ ਦਵਾਈਆਂ, ਖੇਤ ਮਜ਼ਦੂਰਾਂ ਦੀ ਦਿਹਾੜੀ ਤੇ ਸਿੰਜਾਈ ਦੇ ਖ਼ਰਚੇ ਸ਼ਾਮਿਲ ਹਨ, ਲਗਾਤਾਰ ਵਧ ਰਹੇ ਹਨ। ਰਸਾਇਣਕ ਖਾਦਾਂ ਦਾ ਇਸਤੇਮਾਲ ਮਾਹਿਰਾਂ ਵੱਲੋਂ ਕੀਤੀਆਂ ਗਈਆਂ ਸਿਫ਼ਾਰਸ਼ਾਂ ਅਨੁਸਾਰ ਨਹੀਂ ਹੋ ਰਿਹਾ। ਉਤਪਾਦਕਤਾ ਵਧਾਉਣ ਲਈ ਗੁਣਵੱਤਾ ਵਾਲੇ ਬੀਜਾਂ ਦਾ ਵਿਸ਼ੇਸ਼ ਰੋਲ ਹੈ। ਗੁਣਵੱਤਾ ਵਾਲੀਆਂ ਵਧੇਰੇ ਝਾੜ ਦੇਣ ਵਾਲੀਆਂ ਕਣਕ, ਝੋਨਾ ਤੇ ਬਾਸਮਤੀ ਦੀਆਂ ਕਿਸਮਾਂ ਦੇ ਬੀਜ, ਮਿਆਰੀ ਦਵਾਈਆਂ ਜਿਵੇਂ ਸਟੈਂਡਰਡ ਦੀਆਂ ਯੂ.ਪੀ.ਐਲ. ਕੰਪਨੀਆਂ ਤੋਂ ਬਣੀਆਂ ਪ੍ਰੋਵੈਕਸ ਤੇ ਇਲੈਕਟਰਾਨ ਆਦਿ ਨਾਲ ਸੋਧ ਕੇ ਬੀਜਣੇ ਵਧੇਰੇ ਝਾੜ ਲੈਣ ਲਈ ਅਤੇ ਬਿਮਾਰੀਆਂ ਨੂੰ ਦੂਰ ਰੱਖਣ ਲਈ ਜ਼ਰੂਰੀ ਹਨ। ਜੇਕਰ ਬੀਜ ਚੰਗਾ ਹੋਵੇਗਾ ਤਾਂ ਹੀ ਖਾਦ ਅਤੇ ਹੋਰ ਤੱਤ ਆਪਣਾ ਅਸਰ ਦਿਖਾਉਣਗੇ। ਰਸਾਇਣਕ ਖਾਦ ਜੋ ਅਹਿਮ ਸਮੱਗਰੀ ਗਿਣੀ ਜਾਂਦੀ ਹੈ, ਕਿਸਾਨਾਂ ਨੂੰ ਸਿਫ਼ਾਰਸ਼ ਕੀਤੀ ਮਿਕਦਾਰ ਵਿਚ ਹੀ ਪਾਉਣੀ ਚਾਹੀਦੀ ਹੈ, ਜਿਸ ਨਾਲ ਕਿਸਾਨਾਂ ਦੀ ਬੱਚਤ ਹੋਵੇਗੀ। ਜੋ ਕਿਸਾਨ ਹੁਣ ਦੋ ਦੀ ਬਜਾਏ ਤਿੰਨ ਫ਼ਸਲਾਂ ਲੈਣ ਲੱਗ ਪਏ ਹਨ, ਉਨ੍ਹਾਂ ਨੂੰ ਇਕ ਫ਼ਸਲ ਫਲੀਦਾਰ ਲੈ ਕੇ ਨਾਈਟ੍ਰੋਜਨ ਦੀ ਖ਼ੁਰਾਕ ਘਟਾ ਦੇਣੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਦੀ ਆਮਦਨ ਵਧੇਗੀ। ਜ਼ੀਰੋ ਟਿਲੇਜ ਤਕਨੀਕ ਨਾਲ ਘੱਟ ਵਾਹੀ, ਲੇਜ਼ਰ ਕਰਾਹੇ ਨਾਲ ਜ਼ਮੀਨ ਨੂੰ ਪੱਧਰਾ ਕਰਨਾ ਅਤੇ ਫ਼ਸਲਾਂ ਦੀ ਰਹਿੰਦ ਖੁੰਹਦ ਦਾ ਯੋਗ ਪ੍ਰਬੰਧਨ ਵੀ ਉਤਪਾਦਕਤਾ ’ਚ ਵਾਧਾ ਕਰਦਾ ਹੈ। ਲੇਜ਼ਰ ਕਰਾਹੇ ਨਾਲ ਜ਼ਮੀਨ ਪੱਧਰ ਕਰਾਉਣ ’ਤੇ ਪਾਣੀ ਦੀ ਵੀ ਬੱਚਤ ਹੁੰਦੀ ਹੈ। ਸਮੇਂ ਸਿਰ ਬਿਜਾਈ ਕਰਨ ਨਾਲ ਉਤਪਾਦਕਤਾ ਵਧਦੀ ਹੈ। ਸਮੇਂ ਸਿਰ ਬਿਜਾਈ ਅਨੁਸਾਰ ਹੀ ਕਣਕ ਤੇ ਝੋਨੇ ਦੀ ਕਿਸਮ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ। ਇਸ ਨਾਲ ਵੀ ਉਤਪਾਦਕਤਾ ਵਧੇਗੀ।

Loading