ਖੜਗੇ ਵੱਲੋਂ ਮੋਦੀ ਨੂੰ ਅਸਲ ਮੁੱਦਿਆਂ ’ਤੇ ਗੱਲ ਕਰਨ ਦੀ ਚੁਣੌਤੀ

In ਮੁੱਖ ਖ਼ਬਰਾਂ
November 05, 2024
ਨਵੀਂ ਦਿੱਲੀ, 5 ਨਵੰਬਰ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਲੋਕ ਵਿਰੋਧੀ ਨੀਤੀਆਂ ਰਾਹੀਂ ਆਰਥਿਕ ਗੜਬੜ ਪੈਦਾ ਕਰਨ ਤੇ ਫਰਜ਼ੀ ਬਿਰਤਾਂਤ ਘੜਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਵਿਰੋਧੀ ਧਿਰ ਖ਼ਿਲਾਫ਼ ‘ਝੂਠ ਬੋਲਣ’ ਦੀ ਬਜਾਏ ਆਪਣੀਆਂ ਭਵਿੱਖੀ ਚੋਣ ਰੈਲੀਆਂ ਵਿੱਚ ਆਮ ਲੋਕਾਂ ਸਾਹਮਣੇ ਖੜ੍ਹੇ ਅਸਲ ਮੁੱਦਿਆਂ ਬਾਰੇ ਗੱਲ ਕਰਨੀ ਚਾਹੀਦੀ ਹੈ। ਖੜਗੇ ਨੇ ਦਾਅਵਾ ਕੀਤਾ ਕਿ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਭਾਰਤੀ ਅਰਥਚਾਰੇ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਖੜਗੇ ਨੇ ਸੋਸ਼ਲ ਮੀਡੀਆ ‘ਐਕਸ’ ਉੱਤੇ ਕਿਹਾ, ‘‘ਮੋਦੀ ਜੀ, ਫਰਜ਼ੀ ਬਿਰਤਾਂਤ ਅਸਲ ਭਲਾਈ ਦਾ ਬਦਲ ਨਹੀਂ ਹੋ ਸਕਦਾ। ਤੁਸੀਂ ਜੋ ਆਰਥਿਕ ਗੜਬੜ ਪੈਦਾ ਕੀਤੀ ਹੈ, ਇੱਥੋਂ ਤੱਕ ਕਿ ਤਿਉਹਾਰੀ ਖੁਸ਼ੀਆਂ ਵੀ ਘੱਟ ਖਪਤ, ਉੱਚੀ ਮਹਿੰਗਾਈ ਦਰ, ਵਧਦੀ ਗੈਰ-ਬਰਾਬਰੀ, ਘੱਟ ਨਿਵੇਸ਼ ਅਤੇ ਤਨਖ਼ਾਹ ਦੀ ਸਮੱਸਿਆ ਨਾਲ ਜੂਝ ਰਹੇ ਭਾਰਤੀ ਅਰਥਚਾਰੇ ਦਾ ਉਤਸ਼ਾਹ ਨਹੀਂ ਵਧਾ ਸਕੀਆਂ।’’ ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਗ਼ਰੀਬਾਂ ਤੇ ਮੱਧ ਵਰਗ ’ਤੇ ਲੱਕ ਤੋੜਵੀਂ ਮਹਿੰਗਾਈ ਥੋਪ ਰਹੀ ਹੈ ਤੇ ਬੇਲੋੜੇ ਟੈਕਸਾਂ ਰਾਹੀਂ ਬੱਚਤ ਨੂੰ ਖ਼ਤਮ ਕਰ ਕੇ ਉਨ੍ਹਾਂ ਨੂੰ ਵੱਡਾ ਝਟਕਾ ਦੇ ਰਹੀ ਹੈ।

Loading