ਨਿਊਯਾਰਕ/ ਏ.ਟੀ.ਨਿਊਜ਼:
ਭਾਰਤ ਵਿੱਚ ਜਨਮੀ ਅਮਰੀਕੀ ਸਿਆਸਤਦਾਨ ਗਜ਼ਾਲਾ ਹਾਸ਼ਮੀ (61) ਵਰਜੀਨੀਆ ਦੀ ਲੈਫਟੀਨੈਂਟ ਗਵਰਨਰ ਚੁਣੀ ਗਈ ਹੈ। ਹਾਸ਼ਮੀ ਰਾਜ ਦੇ ਉੱਚ ਸਿਆਸੀ ਅਹੁਦੇ ਲਈ ਚੁਣੇ ਜਾਣ ਵਾਲੀ ਪਹਿਲੀ ਮੁਸਲਿਮ ਅਤੇ ਦੱਖਣੀ ਏਸ਼ਿਆਈ ਅਮਰੀਕੀ ਬਣ ਗਈ ਹੈ। ਡੈਮੋਕਰੈਟ ਉਮੀਦਵਾਰ ਹਾਸ਼ਮੀ ਨੇ 14,65,634 ਵੋਟਾਂ (54.2 ਫੀਸਦੀ) ਮਿਲੀਆਂ। ਹਾਸ਼ਮੀ ਨੇ ਰਿਪਬਲਿਕਨ ਉਮੀਦਵਾਰ ਜੌਨ ਰੀਡ ਨੂੰ ਹਰਾਇਆ। ਰੀਡ ਨੂੰ 1,232,242 ਵੋਟਾਂ ਪਈਆਂ।
ਹਾਸ਼ਮੀ, ਜੋ ਵਰਜੀਨੀਆ ਰਾਜ ਦੀ ਸੈਨੇਟਰ ਹੈ, 2025 ਦੀਆਂ ਚੋਣਾਂ ਵਿੱਚ ਮੁੱਖ ਰਾਸ਼ਟਰੀ ਅਹੁਦਿਆਂ ਲਈ 30 ਤੋਂ ਵੱਧ ਭਾਰਤੀ-ਅਮਰੀਕੀ ਅਤੇ ਦੱਖਣੀ ਏਸ਼ਿਆਈ ਉਮੀਦਵਾਰਾਂ ਵਿੱਚੋਂ ਇੱਕ ਸੀ। ਹਾਸ਼ਮੀ ਦੀ ਚੋਣ ਨੂੰ ਨੇੜਿਓਂ ਦੇਖਿਆ ਜਾ ਰਿਹਾ ਸੀ ਕਿਉਂਕਿ ਉਹ ਰਾਜ ਦੇ ਉੱਚ ਅਹੁਦੇ ਲਈ ਚੋਣ ਲੜ ਰਹੀ ਸੀ। ਹਾਸ਼ਮੀ ਵਰਜੀਨੀਆ ਸੈਨੇਟ ਵਿੱਚ ਸੇਵਾ ਕਰਨ ਵਾਲੀ ਪਹਿਲੀ ਮੁਸਲਿਮ ਅਤੇ ਪਹਿਲੀ ਦੱਖਣੀ ਏਸ਼ਿਆਈ ਅਮਰੀਕੀ ਹੈ।
ਹਾਸ਼ਮੀ ਦੀ ਅਧਿਕਾਰਤ ਪ੍ਰੋਫਾਈਲ ਮੁਤਾਬਕ ਉਹ ਇੱਕ ਤਜਰਬੇਕਾਰ ਸਿੱਖਿਅਕ ਅਤੇ ਸਮਾਵੇਸ਼ੀ ਕਦਰਾਂ-ਕੀਮਤਾਂ ਅਤੇ ਸਮਾਜਿਕ ਨਿਆਂ ਦੀ ਪੈਰੋਕਾਰ ਹੋਣ ਦੇ ਨਾਤੇ, ਉਸ ਦੀਆਂ ਵਿਧਾਨਕ ਤਰਜੀਹਾਂ ਵਿੱਚ ਜਨਤਕ ਸਿੱਖਿਆ, ਵੋਟਿੰਗ ਅਧਿਕਾਰ ਅਤੇ ਲੋਕਤੰਤਰ ਦੀ ਸੰਭਾਲ, ਪ੍ਰਜਨਨ ਆਜ਼ਾਦੀ, ਬੰਦੂਕ ਹਿੰਸਾ ਦੀ ਰੋਕਥਾਮ, ਵਾਤਾਵਰਣ, ਰਿਹਾਇਸ਼ ਅਤੇ ਕਿਫਾਇਤੀ ਸਿਹਤ ਸੰਭਾਲ ਪਹੁੰਚ ਸ਼ਾਮਲ ਹਨ।
ਭਾਈਚਾਰਕ ਸੰਗਠਨ ‘ਦਿ ਇੰਡੀਅਨ ਅਮਰੀਕਨ ਇਮਪੈਕਟ ਫੰਡ’ ਨੇ ਹਾਸ਼ਮੀ ਨੂੰ ਵਰਜੀਨੀਆ ਦੇ ਲੈਫਟੀਨੈਂਟ ਗਵਰਨਰ ਦੀ ਚੋਣ ਵਿਚ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ ਹੈ। ਹਾਸ਼ਮੀ ਪਹਿਲੀ ਵਾਰ ਨਵੰਬਰ 2019 ਵਿੱਚ ਇਸ ਅਹੁਦੇ ਲਈ ਚੁਣੇ ਗਏ ਸਨ। ਉਨ੍ਹਾਂ ਨੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ, ਜਿਸ ਨਾਲ ਡੈਮੋਕਰੇਟਸ ਨੂੰ ਸਾਲਾਂ ਵਿੱਚ ਪਹਿਲੀ ਵਾਰ ਬਹੁਮਤ ਮਿਲਿਆ ਅਤੇ ਸਿਆਸੀ ਸਮੀਖਿਅਕ ਹੈਰਾਨ ਰਹਿ ਗਏ।
ਹਾਸ਼ਮੀ ਚਾਰ ਸਾਲ ਦੀ ਸੀ ਜਦੋਂ ਉਹ ਭਾਰਤ ਤੋਂ ਆਪਣੀ ਮਾਂ ਅਤੇ ਵੱਡੇ ਭਰਾ ਨਾਲ ਅਮਰੀਕਾ ਆਪਣੇ ਪਿਤਾ ਕੋਲ ਚਲੀ ਗਈ। ਉਸ ਦੇ ਪਿਤਾ ਉਦੋੋਂ ਜਾਰਜੀਆ ਵਿੱਚ ਅੰਤਰਰਾਸ਼ਟਰੀ ਸਬੰਧਾਂ ਵਿੱਚ ਆਪਣੀ ਪੀਐੱਚ.ਡੀ ਅਤੇ ਆਪਣੇ ਯੂਨੀਵਰਸਿਟੀ ਅਧਿਆਪਨ ਕੈਰੀਅਰ ਦੀ ਸ਼ੁਰੂਆਤ ਕਰ ਰਿਹਾ ਸੀ। ਹਾਸ਼ਮੀ ਉਸ ਛੋਟੇ ਜਿਹੇ ਕਾਲਜ ਕਸਬੇ ਵਿੱਚ ਵੱਡੀ ਹੋਈ। ਹਾਸ਼ਮੀ ਨੇ ਗਰੈਜੂਏਟ ਹੋਣ ਤੇ ਕਈ ਸਕਾਰਲਸ਼ਿਪਾਂ ਤੇ ਫੈਲੋੋਸ਼ਿਪਾਂ ਪ੍ਰਾਪਤ ਕਰਨ ਮਗਰੋਂ ਜਾਰਜੀਆ ਦੱਖਣੀ ਯੂਨੀਵਰਸਿਟੀ ਤੋਂ ਆਨਰਜ਼ ਨਾਲ ਬੀਏ ਅਤੇ ਅਟਲਾਂਟਾ ਵਿੱਚ ਐਮੋਰੀ ਯੂਨੀਵਰਸਿਟੀ ਤੋਂ ਅਮਰੀਕੀ ਸਾਹਿਤ ਵਿੱਚ ਪੀਐੱਚ.ਡੀ ਕੀਤੀ।
ਹਾਸ਼ਮੀ ਅਤੇ ਉਸ ਦਾ ਪਤੀ, ਅਜ਼ਹਰ, 1991 ਵਿੱਚ ਨਵ-ਵਿਆਹੇ ਜੋੜੇ ਵਜੋਂ ਰਿਚਮੰਡ ਖੇਤਰ ਵਿੱਚ ਚਲੇ ਗਏ ਸਨ, ਅਤੇ ਉਸ ਨੇ ਲਗਪਗ 30 ਸਾਲ ਪ੍ਰੋਫੈਸਰ ਵਜੋਂ ਬਿਤਾਏ। ਪਹਿਲਾਂ ਰਿਚਮੰਡ ਯੂਨੀਵਰਸਿਟੀ ਅਤੇ ਫਿਰ ਰੇਨੋਲਡਜ਼ ਕਮਿਊਨਿਟੀ ਕਾਲਜ ਵਿੱਚ ਪੜ੍ਹਾਇਆ। ਰੇਨੋਲਡਜ਼ ਵਿੱਚ ਰਹਿੰਦਿਆਂ, ਉਸ ਨੇ ਸੈਂਟਰ ਫਾਰ ਐਕਸੀਲੈਂਸ ਇਨ ਟੀਚਿੰਗ ਐਂਡ ਲਰਨਿੰਗ ਦੀ ਸੰਸਥਾਪਕ ਨਿਰਦੇਸ਼ਕ ਵਜੋਂ ਵੀ ਸੇਵਾ ਨਿਭਾਈ।
![]()
