
ਡਾ. ਸੁਖਦਰਸ਼ਨ ਸਿੰਘ ਚਹਿਲ
ਛੋਟਾ ਕੱਦ, ਗਠੀਲਾ ਸਰੀਰ ਤੇ ਪੱਕਾ ਰੰਗ ਕਦੇ ਵੀ ਮੁਹੰਮਦ ਸਦੀਕ ਦੀ ਪਛਾਣ ਨਹੀਂ ਬਣੇ ਸਗੋਂ ਉਸ ਦੀ ਸੱਭਿਅਕ ਗਾਇਕੀ ਤੇ ਦਿਲਕਸ਼ ਅਦਾਵਾਂ ਨੇ ਉਸ ਦੀ ਸ਼ਖ਼ਸੀਅਤ ਨੂੰ ਇੰਨਾ ਨਿਖਾਰ ਦਿੱਤਾ ਕਿ ਦੁਨੀਆ ਭਰ ’ਚ ਵਸਦੇ ਪੰਜਾਬੀ ਉਸ ਨੂੰ ਆਪਣਾ ਗਾਇਕ ਕਹਿਣ ’ਚ ਫ਼ਖ਼ਰ ਮਹਿਸੂਸ ਕਰਦੇ ਹਨ। ਉਸ ਨੇ ਗਾਇਕੀ ਦੇ ਨਾਲ-ਨਾਲ ਫ਼ਿਲਮਾਂ ’ਚ ਵੀ ਨਾਮਣਾ ਖੱਟਿਆ ਹੈ ਤੇ ਰਾਜਨੀਤੀ ’ਚ ਵੀ। ਉਸ ਦੀ ਗਾਇਕੀ ਬਾਰੇ ਧਾਰਨਾ ਬਣ ਚੁੱਕੀ ਹੈ ਕਿ ਜਦੋਂ ਤੂੰਬੀ ਦੀ ਟੁਣਕਾਰ ਦੇ ਨਾਲ-ਨਾਲ ਉਸ ਦੀ ਪੱਗ ਦਾ ਤੁਰਲਾ ਹਿੱਲਣ ਲੱਗ ਜਾਂਦਾ ਹੈ ਤਾਂ ਸਮਝੋ ਉਹ ਆਪਣੇ ਸਾਜ਼ੀਆਂ ਨਾਲ ਇਕਸੁਰ ਹੋ ਗਿਆ ਹੈ। ਪੰਜਾਬੀਆਂ ਦੀਆਂ ਚਾਰ ਪੀੜ੍ਹੀਆਂ ਦਾ ਮਨੋਰੰਜਨ ਕਰਨ ਵਾਲੇ ਇਸ ਯੁੱਗ ਗਾਇਕ ਨਾਲ ਪਿਛਲੇ ਦਿਨੀਂ ਇੱਕ ਰੂਬੁਰੂ ਸਮਾਗਮ ਦੌਰਾਨ ਖੁੱਲ੍ਹੀਆਂ ਗੱਲਾਂ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਉਸ ਨੇ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਅਣਛੋਹੇ ਪਲ ਸਾਂਝੇ ਕੀਤੇ।
ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਬਾਰੇ ਮੁਹੰਮਦ ਸਦੀਕ ਦੱਸਦਾ ਹੈ ਕਿ ‘ਲੋੜ ਕਾਢ ਦੀ ਮਾਂ ਹੈ’ ਵਾਲੀ ਕਹਾਵਤ ਨੇ ਉਸ ਨੂੰ ਗਾਇਕੀ ਵੱਲ ਤੋਰਿਆ। ਘਰ ਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਸਨ ਕਿ ਉਸ ਨੂੰ ਬਚਪਨ ਤੋਂ ਹੀ ਪੜ੍ਹਾਈ ਦੇ ਨਾਲ-ਨਾਲ ਰੋਜ਼ੀ-ਰੋਟੀ ਲਈ ਮਾਪਿਆਂ ਨਾਲ ਹੱਥ ਵਟਾਉਣਾ ਪਿਆ। ਉਹ ਸਕੂਲ ਦੀ ਸਭਾ ’ਚ ਹਰ ਸਨਿੱਚਰਵਾਰ ਕੋਈ ਨਾ ਕੋਈ ਗੀਤ ਗਾਉਂਦਾ। ਅਧਿਆਪਕਾਂ ਤੇ ਸਾਥੀਆਂ ਵੱਲੋਂ ਭਰਪੂਰ ਹੱਲਾਸ਼ੇਰੀ ਮਿਲਦੀ ਜਿਸ ਨਾਲ ਉਹ ਅਗਲੀ ਵਾਰ ਹੋਰ ਮਿਹਨਤ ਨਾਲ ਗਾਉਣ ਦੀ ਤਿਆਰੀ ਕਰਕੇ ਆਉਂਦਾ। ਜਦੋਂ ਉਸ ਵੇਲੇ ਪੈਪਸੂ ਦੇ ਮੁੱਖ ਮੰਤਰੀ ਬਾਬੂ ਬ੍ਰਿਸ਼ ਭਾਨ ਉਨ੍ਹਾਂ ਦੇ ਪਿੰਡ ਕੁੱਪ ਕਲਾਂ ਵਿਖੇ ਆਏ ਤਾਂ ਅਧਿਆਪਕਾਂ ਦੇ ਕਹਿਣ ’ਤੇ ਸਦੀਕ ਨੂੰ ਉਨ੍ਹਾਂ ਸਾਹਮਣੇ ਗਾਉਣ ਦਾ ਮੌਕਾ ਮਿਲਿਆ। ਉਹ ਬੱਚਾ ਹੋਣ ਕਰਕੇ ਭੈਅ ਤੇ ਸੰਗ ਤੋਂ ਮੁਕਤ ਸੀ। ਮੁੱਖ ਮੰਤਰੀ ਦੀ ਹਾਜ਼ਰੀ ’ਚ ਉਸ ਨੇ ਜਦੋਂ ਮੁਹੰਮਦ ਰਫ਼ੀ ਦਾ ਗਾਇਆ ਗੀਤ ‘ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ’ ਦਾ ਗਾਇਆ ਤਾਂ ਮੁੱਖ ਮੰਤਰੀ ਨੇ ਖ਼ੁਸ਼ ਹੋ ਕੇ ਸੌ ਰੁਪਏ ਦਾ ਨੋਟ ਇਨਾਮ ’ਚ ਦਿੱਤਾ। ਉਸ ਵੇਲੇ ਇੱਕ ਰੁਪਏ ਦਾ ਇਨਾਮ ਵੀ ਵੱਡਾ ਸਮਝਿਆ ਜਾਂਦਾ ਸੀ ਤੇ ਉੁਸ ਨੂੰ ਸੌ ਗੁਣਾ ਵੱਡਾ ਇਨਾਮ ਮਿਲਿਆ।
ਉਸ ਵੇਲੇ ਅਨੁਸਾਰ ਬਾਲਕ ਸਦੀਕ ਨੂੰ ਬਹੁਤ ਵੱਡਾ ਇਨਾਮ ਮਿਲਣ ਕਾਰਨ ਇਲਾਕੇ ’ਚ ਉਸ ਦੀ ਪਛਾਣ ਹੋ ਗਈ, ਪਰ ਉਹ ਇਸ ਪ੍ਰਸਿੱਧੀ ਬਾਰੇ ਬੇਖ਼ਬਰ ਸੀ। ਉਹ ਦੱਸਦਾ ਹੈ ਕਿ ਇਹ ਨੋਟ ਜਦੋਂ ਉਸ ਨੇ ਆਪਣੀ ਮਾਂ ਨੂੰ ਫ਼ੜਾਇਆ ਤਾਂ ਉਹ ਕਿੰਨਾ ਚਿਰ ਨੋਟ ਨੂੰ ਦੇਖੀ ਗਈ ਤੇ ਉਸ ਨੂੰ ਆਂਢਣਾਂ-ਗੁਆਂਢਣਾਂ ਨੇ ਵਧਾਈਆਂ ਦਿੱਤੀਆਂ ਤੇ ਕਿਹਾ, ‘‘ਤੇਰਾ ਪੁੱਤ ਸਦੀਕਾ ਤਾਂ ਜੰਮਦਾ ਹੀ ਕਮਾਉਣ ਲੱਗ ਗਿਆ।’’ ਇਸ ਘਟਨਾ ਤੋਂ ਬਾਅਦ ਸਦੀਕੇ ਦੇ ਮਾਪਿਆਂ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਦੇ ਪੁੱਤ ਲਈ ਚਾਰ ਪੈਸੇ ਕਮਾਉਣ ਦਾ ਸਭ ਤੋਂ ਵਧੀਆ ਤੇ ਸੌਖਾ ਸਾਧਨ ਗਾਇਕੀ ਹੈ। ਥੋੜ੍ਹੇ ਹੀ ਸਮੇਂ ਬਾਅਦ ਜਿਉਂ ਹੀ ਉਸ ਨੇ ਪੰਜਵੀਂ ਜਮਾਤ ਪਾਸ ਕੀਤੀ ਤਾਂ ਮਾਪਿਆਂ ਨੇ ਮਾਲੇਰਕੋਟਲਾ ਵਿਖੇ ਪਟਿਆਲਾ ਘਰਾਣੇ ਦੇ ਉਸਤਾਦ ਜ਼ਾਕਿਰ ਹੁਸੈਨ ਕੋਲ ਸੰਗੀਤ ਦੀ ਤਾਲੀਮ ਲੈਣ ਲਈ ਭੇਜ ਦਿੱਤਾ। ਸਦੀਕ ਨੇ ਕਾਫ਼ੀ ਸਮਾਂ ਸੰਗੀਤ ਦੀ ਸਿੱਖਿਆ ਲਈ, ਪਰ ਇਹ ਪ੍ਰਪੱਕਤਾ ਦੇ ਪੱਧਰ ਵਾਲੀ ਲੋੜ ਤੋਂ ਘੱਟ ਸੀ। ਘਰੇਲੂ ਮਜਬੂਰੀਆਂ ਕਾਰਨ ਉਹ ਵਾਪਸ ਪਿੰਡ ਆ ਗਿਆ, ਪਰ ਇਸ ਤੋਂ ਬਾਅਦ ਆਪਣੀ ਗਾਇਕੀ ਨੂੰ ਨਿਖਾਰਨ ਤੇ ਇਸ ’ਚ ਪ੍ਰਪੱਕਤਾ ਲਿਆਉਣ ਲਈ ਨਿਰੰਤਰ ਰਿਆਜ਼ ਕਰਨ ਲੱਗਾ।
ਗਾਇਕੀ ਦੇ ਕਮਾਈ ਦਾ ਸਾਧਨ ਬਣਨ ਦਾ ਕਿੱਸਾ ਇਸ ਤਰ੍ਹਾਂ ਹੈ ਕਿ ਉਨ੍ਹਾਂ ਦਿਨਾਂ ’ਚ ਉੱਤਰ ਪ੍ਰਦੇਸ਼ ਦੀਆਂ ਨਾਟਕ ਮੰਡਲੀਆਂ ਪੰਜਾਬ ’ਚ ਰਾਮਲੀਲਾ ਤੇ ਹੋਰ ਨਾਟਕ ਕਰਨ ਲਈ ਆਉਂਦੀਆਂ ਸਨ। ਉਨ੍ਹਾਂ ਦੇ ਪਿੰਡ ਕੁੱਪ ਕਲਾਂ ਵਿਖੇ ਅਜਿਹੀ ਮੰਡਲੀ ਜਦੋਂ ਆਪਣੀ ਪੇਸ਼ਕਾਰੀ ਦੇਣ ਆਈ ਤਾਂ ਕਿਸੇ ਨੇ ਉਨ੍ਹਾਂ ਨੂੰ ਮੁਹੰਮਦ ਸਦੀਕ ਦੀ ਗਾਇਕੀ ਬਾਰੇ ਦੱਸਿਆ। ਇਸ ਤਰ੍ਹਾਂ ਮੰਡਲੀ ਵਾਲਿਆਂ ਨੇ ਉਸ ਨੂੰ ਸਟੇਜ ’ਤੇ ਗਾਉਣ ਦਾ ਮੌਕਾ ਦਿੱਤਾ ਤਾਂ ਉਨ੍ਹਾਂ ਦੀ ਨਜ਼ਰ ’ਚ ਸਦੀਕ ਵਧੀਆ ਗਾਇਕ ਸਾਬਤ ਹੋਇਆ ਤੇ ਉਨ੍ਹਾਂ ਨੇ ਉਸ ਨੂੰ ਪੰਦਰਾਂ ਰੁਪਏ ਪ੍ਰਤੀ ਮਹੀਨਾ ਦੇ ਮਿਹਨਤਾਨੇ ’ਤੇ ਆਪਣੀ ਟੀਮ ’ਚ ਸ਼ਾਮਲ ਕਰ ਲਿਆ। ਉਸ ਸਮੇਂ ਇਹ ਰਾਸ਼ੀ ਚੋਖੀ ਮੰਨੀ ਜਾਂਦੀ ਸੀ, ਉਹ ਵੀ ਇੱਕ ਬੱਚੇ ਲਈ। ਉਹ 7-8 ਸਾਲ ਮੰਡਲੀ ਦੇ ਪ੍ਰੋਗਰਾਮਾਂ ’ਚ ਗਾਉਂਦਾ ਤੇ ਛੋਟੇ-ਛੋਟੇ ਰੋਲ ਵੀ ਕਰਦਾ ਰਿਹਾ।ਅਜੋਕੀ ਗਾਇਕੀ ਬਾਰੇ ਸਦੀਕ ਦਾ ਕਹਿਣਾ ਹੈ ਕਿ ਹੁਣ ਸੰਗੀਤ ਭਾਰੂ ਹੈ ਅਤੇ ਗਾਇਕੀ ਤੇ ਸ਼ਾਇਰੀ ਦਾ ਸਥਾਨ ਹੇਠ ਆ ਗਿਆ ਹੈ। ਉਸ ਦਾ ਕਹਿਣਾ ਹੈ ਕਿ ਸਰੋਤਿਆਂ ਦਾ ਜਾਗਰੂਕ ਹੋਣਾ ਹੀ ਇਸ ਨੂੰ ਠੱਲ੍ਹ ਪਾ ਸਕਦਾ ਹੈ।