ਗਾਜ਼ਾ: ਇਜ਼ਰਾਇਲ ਵੱਲੋਂ ਕੀਤੇ ਹਮਲੇ ’ਚ 100 ਤੋਂ ਵੱਧ ਮੌਤਾਂ

ਦੀਰ ਅਲ-ਬਲਾਹ (ਗਾਜ਼ਾ ਪੱਟੀ)/ਏ.ਟੀ.ਨਿਊਜ਼ : ਗਾਜ਼ਾ ਪੱਟੀ ਵਿੱਚ ਪਿਛਲੀ ਰਾਤ ਇਜ਼ਰਾਇਲ ਵੱਲੋਂ ਕੀਤੇ ਗਏ ਜ਼ੋਰਦਾਰ ਹਮਲਿਆਂ ਕਾਰਨ ਘੱਟੋ-ਘੱਟ 103 ਲੋਕ ਮਾਰੇ ਗਏ ਹਨ। ਇਹ ਜਾਣਕਾਰੀ ਪ੍ਰਭਾਵਿਤ ਇਲਾਕਿਆਂ ਦੇ ਹਸਪਤਾਲਾਂ ਅਤੇ ਡਾਕਟਰਾਂ ਨੇ ਦਿੱਤੀ ਹੈ। ਜਾਣਕਾਰੀ ਮੁਤਾਬਕ ਇਜ਼ਰਾਇਲ ਇਸ ਖੇਤਰ ਵਿੱਚ ਆਪਣੀ ਜੰਗ ਨੂੰ ਹੋਰ ਤੇਜ਼ ਕਰ ਰਿਹਾ ਹੈ ਅਤੇ ਬੀਤੇ 19 ਮਹੀਨਿਆਂ ਤੋਂ ਵੱਧ ਸਮੇਂ ਤੋਂ ਜਾਰੀ ਇਸ ਜੰਗ ਨੂੰ ਰੋਕਣ ਦਾ ਉਸ ਵੱਲੋਂ ਕੋਈ ਸੰਕੇਤ ਨਹੀਂ ਦਿੱਤਾ ਜਾ ਰਿਹਾ। ਖਾਨ ਯੂਨਿਸ ਸ਼ਹਿਰ ਦੇ ਨਾਸਰ ਹਸਪਤਾਲ ਦੇ ਅਨੁਸਾਰ, ਦੱਖਣੀ ਗਾਜ਼ਾ ਵਿੱਚ ਉੱਜੜੇ ਲੋਕਾਂ ਨੂੰ ਪਨਾਹ ਦੇਣ ਵਾਲੇ ਘਰਾਂ ਅਤੇ ਤੰਬੂਆਂ ’ਤੇ ਹੋਏ ਹਵਾਈ ਹਮਲਿਆਂ ਵਿੱਚ 20 ਤੋਂ ਵੱਧ ਲੋਕ ਮਾਰੇ ਗਏ। ਗਾਜ਼ਾ ਸਿਹਤ ਮੰਤਰਾਲੇ ਦੀਆਂ ਐਮਰਜੈਂਸੀ ਸੇਵਾਵਾਂ ਦੇ ਅਨੁਸਾਰ ਉੱਤਰੀ ਗਾਜ਼ਾ ਵਿੱਚ ਜਬਾਲੀਆ ਸ਼ਰਨਾਰਥੀ ਕੈਂਪ ਵਿੱਚ ਇੱਕ ਘਰ ’ਤੇ ਹੋਏ ਹਮਲੇ ਵਿੱਚ ਇੱਕੋ ਪਰਿਵਾਰ ਦੇ ਨੌਂ ਲੋਕਾਂ ਦੀ ਮੌਤ ਹੋ ਗਈ। ਹਮਾਸ ਦੁਆਰਾ ਚਲਾਈ ਜਾ ਰਹੀ ਸਰਕਾਰ ਦੇ ਅਧੀਨ ਕੰਮ ਕਰਨ ਵਾਲੀ ਸਿਵਲ ਡਿਫੈਂਸ ਦੇ ਅਨੁਸਾਰ, ਜਬਾਲੀਆ ਵਿੱਚ ਇੱਕ ਪਰਿਵਾਰ ਦੇ ਘਰ ’ਤੇ ਇੱਕ ਹੋਰ ਹਮਲੇ ਵਿੱਚ 10 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਸੱਤ ਬੱਚੇ ਅਤੇ ਇੱਕ ਔਰਤ ਸ਼ਾਮਲ ਸੀ। ਇਜ਼ਰਾਇਲੀ ਫੌਜ ਨੇ ਰਾਤ ਭਰ ਹੋਏ ਹਮਲਿਆਂ ’ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ। ਗ਼ੌਰਤਲਬ ਹੈ ਕਿ ਇਜ਼ਰਾਇਲ ਆਪਣੇ ਨਵੇਂ ਫ਼ੌਜੀ ਅਪਰੇਸ਼ਨ ‘ਗੀਡੀਔਨਜ਼ ਚੈਰੀਅਟਜ਼’ ਤਹਿਤ ਇਹ ਹਮਲੇ ਕਰ ਰਿਹਾ ਹੈ ਤੇ ਉਸ ਨੇ ਜੰਗ ਹੋਰ ਤੇਜ਼ ਕਰ ਦਿੱਤੀ ਹੈ। ਇਜ਼ਰਾਇਲ ਦਾ ਕਹਿਣਾ ਹੈ ਕਿ ਉਹ ਖੇਤਰ ’ਤੇ ਕਬਜ਼ਾ ਕਰਨ, ਲੱਖਾਂ ਫਲਸਤੀਨੀਆਂ ਨੂੰ ਗਾਜ਼ਾ ਦੇ ਦੱਖਣ ਵਿੱਚ ਧੱਕਣ ਅਤੇ ਸਹਾਇਤਾ ਦੀ ਵੰਡ ’ਤੇ ਵਧੇਰੇ ਕੰਟਰੋਲ ਕਰਨ ਦੀ ਯੋਜਨਾ ਬਣਾ ਰਿਹਾ ਹੈ।

Loading