ਗਾਜ਼ਾ ’ਚ ਫ਼ੌਜੀ ਬਫਰ ਜ਼ੋਨ ਦਾ ਘੇਰਾ ਦੁੱਗਣਾ ਹੋਇਆ

In ਮੁੱਖ ਖ਼ਬਰਾਂ
April 08, 2025
ਤਲ ਅਵੀਵ/ਏ.ਟੀ.ਨਿਊਜ਼: ਹਮਾਸ ਖ਼ਿਲਾਫ਼ ਪਿਛਲੇ ਮਹੀਨੇ ਮੁੜ ਤੋਂ ਜੰਗ ਸ਼ੁਰੂ ਹੋਣ ਮਗਰੋਂ ਇਜ਼ਰਾਇਲ ਨੇ ਗਾਜ਼ਾ ਦੇ 50 ਫ਼ੀਸਦੀ ਤੋਂ ਜ਼ਿਆਦਾ ਹਿੱਸੇ ’ਤੇ ਆਪਣਾ ਕਬਜ਼ਾ ਕਰ ਲਿਆ ਹੈ। ਫ਼ੌਜ ਵੱਲੋਂ ਕਬਜ਼ੇ ’ਚ ਲਿਆ ਗਿਆ ਵੱਡਾ ਹਿੱਸਾ ਗਾਜ਼ਾ ਸਰਹੱਦ ਦੇ ਨੇੜੇ ਹੈ, ਜਿਥੇ ਫਲਸਤੀਨੀ ਘਰਾਂ, ਖੇਤੀ ਵਾਲੀ ਜ਼ਮੀਨ ਅਤੇ ਬੁਨਿਆਦੀ ਢਾਂਚੇ ਨੂੰ ਇਸ ਹੱਦ ਤੱਕ ਤਬਾਹ ਕਰ ਦਿੱਤਾ ਗਿਆ ਹੈ ਕਿ ਹੁਣ ਉਥੇ ਰਹਿਣਾ ਮੁਸ਼ਕਿਲ ਹੈ। ਹਾਲੀਆ ਹਫ਼ਤੇ ’ਚ ਇਸ ਫ਼ੌਜੀ ਬਫਰ ਜ਼ੋਨ ਦਾ ਘੇਰਾ ਦੁੱਗਣਾ ਹੋ ਗਿਆ ਹੈ। ਇਜ਼ਰਾਇਲ ਮੁਤਾਬਕ ਉਸ ਦੀ ਇਹ ਕਾਰਵਾਈ ਆਰਜ਼ੀ ਤੌਰ ’ਤੇ ਜ਼ਰੂਰੀ ਹੈ ਤਾਂ ਜੋ 7 ਅਕਤੂਬਰ, 2023 ਨੂੰ ਹੋਏ ਹਮਲੇ ਦੌਰਾਨ ਬੰਦੀ ਬਣਾਏ ਗਏ ਸਾਰੇ ਲੋਕਾਂ ਨੂੰ ਰਿਹਾਅ ਕਰਨ ਲਈ ਹਮਾਸ ’ਤੇ ਦਬਾਅ ਬਣਾਇਆ ਜਾ ਸਕੇ। ਮਨੁੱਖੀ ਹੱਕਾਂ ਬਾਰੇ ਗੁੱਟਾਂ ਅਤੇ ਗਾਜ਼ਾ ਸਬੰਧੀ ਮਾਮਲਿਆਂ ਦੇ ਮਾਹਿਰਾਂ ਨੇ ਕਿਹਾ ਕਿ ਇਜ਼ਰਾਇਲ ਦੇ ਕਬਜ਼ੇ ਵਾਲੀ ਜ਼ਮੀਨ ’ਚ ਖ਼ਿੱਤੇ ਦੇ ਉੱਤਰ ਨੂੰ ਦੱਖਣ ਨਾਲ ਵੰਡਣ ਵਾਲਾ ਗਲਿਆਰਾ ਵੀ ਸ਼ਾਮਲ ਹੈ। ਇਜ਼ਰਾਇਲ ਦੇ ਪੰਜ ਫ਼ੌਜੀਆਂ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਬਫਰ ਜ਼ੋਨ ਦਾ ਵਿਸਤਾਰ 18 ਮਹੀਨੇ ਪਹਿਲਾਂ ਜੰਗ ਸ਼ੁਰੂ ਹੋਣ ਮਗਰੋਂ ਜਾਰੀ ਹੈ। ਟੈਂਕ ਦਸਤੇ ਨਾਲ ਤਾਇਨਾਤ ਇੱਕ ਫ਼ੌਜੀ ਨੇ ਕਿਹਾ ਕਿ ਉਨ੍ਹਾਂ ਉਹ ਸਾਰਾ ਕੁਝ ਤਬਾਹ ਕਰ ਦਿੱਤਾ, ਜੋ ਉਹ ਕਰ ਸਕਦੇ ਸਨ। ਉਸ ਨੇ ਕਿਹਾ ਕਿ ਫ਼ਲਸਤੀਨੀ ਕਦੇ ਵੀ ਵਾਪਸ ਨਹੀਂ ਆਉਣਗੇ। ਸੈਟੇਲਾਈਟ ਤੋਂ ਮਿਲੀਆਂ ਤਸਵੀਰਾਂ ਮੁਤਾਬਕ ਜਿਨ੍ਹਾਂ ਇਲਾਕਿਆਂ ’ਚ ਕਦੇ ਸੰਘਣੀ ਆਬਾਦੀ ਸੀ, ਉਹ ਹੁਣ ਮਲਬੇ ’ਚ ਤਬਦੀਲ ਹੋ ਗਏ ਹਨ ਅਤੇ ਜੰਗਬੰਦੀ ਸਮਝੌਤਾ ਖ਼ਤਮ ਹੋਣ ਮਗਰੋਂ ਉਥੇ ਕਰੀਬ ਇੱਕ ਦਰਜਨ ਨਵੀਆਂ ਇਜ਼ਰਾਇਲੀ ਫੌਜੀ ਚੌਕੀਆਂ ਬਣ ਗਈਆਂ ਹਨ।

Loading