ਗਾਜ਼ਾ ਤੇ ਯੁਕਰੇਨ ਵਿੱਚ ਜੰਗ ਖਤਮ ਕਰਨ ਲਈ ਸ਼ਾਂਤੀ ਯਤਨਾਂ ਦੀ ਲੋੜ-ਟਰੰਪ

In ਅਮਰੀਕਾ
September 25, 2025

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਯੁਕਤ ਰਾਸ਼ਟਰ ਆਮ
ਅਜਲਾਸ ਨੂੰ ਸੰਬੋਧਨ ਕਰਦਿਆਂ ਗਾਜ਼ਾ ਤੇ ਯੁਕਰੇਨ ਵਿੱਚ ਜੰਗ ਖਤਮ ਕਰਨ ਲਈ ਸ਼ਾਂਤੀ ਯਤਨਾਂ ਦੀ ਲੋੜ ਉਪਰ ਜੋਰ ਦਿੱਤਾ।
ਉਨਾਂ ਨੇ ਜਿਆਦਾ ਕੁਝ ਨਾ ਕਰਨ ਲਈ ਸੰਯੁਕਤ ਰਾਸ਼ਟਰ ਦੀ ਅਲੋਚਨਾ ਕੀਤੀ। ਟਰੰਪ ਨੇ ਗਾਜ਼ਾ ਵਿੱਚ ਤੁਰੰਤ ਜੰਗਬੰਦੀ ਦਾ ਸੱਦਾ
ਦਿੰਦਿਆਂ ਹਮਾਸ ਨੂੰ ਕਿਹਾ ਕਿ ਉਹ ਬੰਦੀ ਬਣਾਏ ਗਏ ਇਜਰਾਈਲ ਦੇ ਕੁਝ ਦਰਜ਼ਨ ਨਾਗਰਿਕਾਂ ਨੂੰ ਰਿਹਾਅ ਕਰੇ ਚਾਹੇ ਉਹ ਜਿੰਦਾ
ਹਨ ਜਾਂ ਮੁਰਦਾ। ਟਰੰਪ ਨੇ ਵੱਡੀ ਪੱਧਰ ‘ਤੇ ਰਹੀ ਇਮੀਗ੍ਰੇਸ਼ਨ ਤੇ ਵਾਤਵਰਣ ਸਮਝੌਤਿਆਂ ਦੀ ਅਲੋਚਨਾ ਕੀਤੀ । ਉਨਾਂ ਕਿਹਾ ਕਿ ਮੈ
ਇਥੇ ਇਸ ਅਜਲਾਸ ਵਿੱਚ ਸ਼ਾਮਿਲ ਕਿਸੇ ਵੀ ਦੇਸ਼ ਵੱਲ ਅਮਰੀਕੀਨ ਲੀਡਰਸ਼ਿੱਪ ਦਾ ਮਿੱਤਰਤਾ ਦਾ ਹੱਥ ਵਧਾਉਣ ਆਇਆ ਹਾਂ ਜੋ
ਵਿਸ਼ਵ ਨੂੰ ਹੋਰ ਸੁਰੱਖਿਅਤ ਤੇ ਖੁਸ਼ਹਾਲ ਬਣਾਉਣ ਲਈ ਸਾਡੇ ਨਾਲ ਸ਼ਾਮਿਲ ਹੋਣਾ ਚਹੁੰਦਾ ਹੈ। ਨਾਲ ਹੀ ਉਨਾਂ ਸਪੱਸ਼ਟ ਕੀਤਾ ਕਿ
ਸਾਨੂੰ ਬੀਤੇ ਦੀ ਅਸਫਲ ਪਹੁੰਚ ਨੂੰ ਰੱਦ ਕਰਨਾ ਪਵੇਗਾ ਤੇ ਇਤਿਹਾਸ ਵਿੱਚ ਕੁਝ ਵੱਡੇ ਖਤਰਿਆਂ ਦਾ ਸਾਹਮਣਾ ਕਰਨ ਲਈ ਇਕੱਠੇ
ਕੰਮ ਕਰਨਾ ਪਵੇਗਾ। ਉਨਾਂ ਨੇ ਸੰਯੁਕਤ ਰਾਸ਼ਟਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਉਹ ਵਿਸ਼ਵ ਵਿੱਚ ਟਕਰਾਅ ਹੱਲ ਕਰਨ ਦੀ
ਬਜਾਏ ਇਕ ਪਾਸੇ ਬੈਠ ਕੇ ਪੱਤਰ ਲਿਖਣ ਤੱਕ ਹੀ ਸੀਮਿਤ ਰਿਹਾ ਹੈ। ਟਰੰਪ ਨੇ ਕਿਹਾ ਸੰਯੁਕਤ ਰਾਸ਼ਟਰ ਨੇ ਸਖਤ ਭਾਸ਼ਾ ਵਾਲੇ
ਪੱਤਰ ਜਰੂਰ ਲਿਖੇ ਹਨ ਪਰੰਤੂ ਉਨਾਂ ਉਪਰ ਕਦੀ ਵੀ ਅਮਲ ਨਹੀਂ ਕੀਤਾ। ਇਹ ਕੇਵਲ ਖਾਲੀ ਸ਼ਬਦ ਹਨ ਤੇ ਖਾਲੀ ਸ਼ਬਦ ਜੰਗ
ਦਾ ਮਸਲਾ ਹੱਲ ਨਹੀਂ ਕਰ ਸਕਦੇ। ਟਰੰਪ ਨੇ ਯੂਰਪੀ ਦੇਸ਼ਾਂ ਨੂੰ ਬੇਨਤੀ ਕੀਤੀ ਕਿ ਉਹ ਹਜਾਰਾਂ ਪ੍ਰਵਾਸੀਆਂ ਦੇ ਕਾਫਲਿਆਂ ਨੂੰ ਰੋਕਣ
ਲਈ ਆਪਣੀਆਂ ਸਰਹੱਦਾਂ ਬੰਦ ਕਰ ਦੇਣ ਜਿਵੇਂ ਕਿ ਮੈ ਕੀਤਾ ਹੈ। ਉਨਾਂ ਕਿਹਾ ਕਿ ਅਸੀਂ ਸਫਲਤਾ ਪੂਰਵਕ ਸਰਹੱਦਾਂ ਬੰਦ ਕੀਤੀਆਂ
ਹਨ ਤੇ ਇਸ ਸਬੰਧੀ ਸਾਡਾ ਸੁਨੇਹਾ ਸਾਫ ਹੈ ਕਿ ਜੇਕਰ ਤੁਸੀਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਆਉਂਦੇ ਹੋ ਤਾਂ ਤੁਸੀਂ ਜੇਲ
ਜਾਵੋਗੇ ਜਾਂ ਜਿਥੋਂ ਆਏ ਹੋ , ਉਥੇ ਵਾਪਿਸ ਜਾਵੋਗੇ।

Loading