ਗਾਜ਼ਾ ਸ਼ਹਿਰ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ ਇਜ਼ਰਾਇਲ

In ਮੁੱਖ ਖ਼ਬਰਾਂ
August 13, 2025

ਯਰੂਸ਼ਲਮ/ਏ.ਟੀ.ਨਿਊਜ਼: ਇਜ਼ਰਾਇਲ ਦੀ ਹਮਾਸ ਨਾਲ ਚੱਲ ਰਹੀ 22 ਮਹੀਨਿਆਂ ਦੀ ਜੰਗ ਨੂੰ ਹੋਰ ਤੇਜ਼ ਕਰਨ ਦੇ ਫੈਸਲੇ ਦਾ ਅਰਥ ਉਸ ਦੀ ਗਾਜ਼ਾ ਸ਼ਹਿਰ ’ਤੇ ਕਬਜ਼ਾ ਕਰਨ ਦੀ ਯੋਜਨਾ ਹੈ। ਇਸ ਕਾਰਨ ਫਲਸਤੀਨੀ ਨਾਗਰਿਕਾਂ ਅਤੇ ਗਾਜ਼ਾ ਵਿੱਚ ਬੰਦੀ ਬਣਾਏ ਇਜ਼ਰਾਇਲੀ ਨਾਗਰਿਕਾਂ ’ਚ ਦਹਿਸ਼ਤ ਫ਼ੈਲ ਗਈ ਹੈ। ਇਸ ਫ਼ੈਸਲੇ ਨੇ ਸੰਘਰਸ਼ ਖ਼ਤਮ ਕਰਨ ਦੇ ਕੌਮਾਂਤਰੀ ਦਬਾਅ ਨੂੰ ਹੋਰ ਵਧਾ ਦਿੱਤਾ ਹੈ।
ਇਜ਼ਰਾਇਲ ਦੀਆਂ ਹਵਾਈ ਅਤੇ ਜ਼ਮੀਨੀ ਕਾਰਵਾਈਆਂ ਕਾਰਨ ਗਾਜ਼ਾ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਹਨ। ਜ਼ਿਆਦਾਤਰ ਆਬਾਦੀ ਬੇਘਰ ਹੋ ਚੁੱਕੀ ਹੈ। ਵੱਡੇ ਖੇਤਰ ਤਬਾਹ ਹੋ ਚੁੱਕੇ ਹਨ ਅਤੇ ਇਲਾਕੇ ’ਚ ਭੁੱਖਮਰੀ ਫ਼ੈਲ ਗਈ ਹੈ। ਇੱਕ ਹੋਰ ਵੱਡੀ ਜ਼ਮੀਨੀ ਕਾਰਵਾਈ ਕਦੋਂ ਸ਼ੁਰੂ ਹੋਵੇਗੀ, ਇਹ ਸਪੱਸ਼ਟ ਨਹੀਂ ਹੈ। ਇਸ ਲਈ ਹਜ਼ਾਰਾਂ ਫ਼ੌਜੀਆਂ ਨੂੰ ਤਿਆਰ ਕਰਨਾ ਅਤੇ ਨਾਗਰਿਕਾਂ ਨੂੰ ਜ਼ਬਰਦਸਤੀ ਕੱਢਣਾ ਪਵੇਗਾ, ਜਿਸ ਨਾਲ ਗਾਜ਼ਾ ਦਾ ਮਾਨਵਤਾਵਾਦੀ ਸੰਕਟ ਹੋਰ ਬਦਤਰ ਹੋ ਜਾਵੇਗਾ। ਇਸ ਯੋਜਨਾ ਤੋਂ ਜਾਣੂ ਅਧਿਕਾਰੀ ਨੇ ਦੱਸਿਆ ਕਿ ਗਾਜ਼ਾ ਸ਼ਹਿਰ ’ਤੇ ਕਬਜ਼ਾ ਕਰਨ ਦੀ ਕਾਰਵਾਈ ‘ਹੌਲੀ-ਹੌਲੀ’ ਹੋਵੇਗੀ ਅਤੇ ਇਸ ਦੀ ਕੋਈ ਸ਼ੁਰੂਆਤੀ ਤਰੀਕ ਨਹੀਂ ਹੈ। ਉੱਧਰ, ਹਮਾਸ ਨੇ ਇਜ਼ਰਾਇਲ ਦੀਆਂ ਇਨ੍ਹਾਂ ਯੋਜਨਾਵਾਂ ਨੂੰ ਰੱਦ ਕਰ ਦਿੱਤਾ। ਬਿਆਨ ਵਿੱਚ ਸਮੂਹ ਨੇ ਕਿਹਾ, ‘‘ਫਲਸਤੀਨੀ ਲੋਕਾਂ ਵਿਰੁੱਧ ਹਮਲੇ ਨੂੰ ਵਿਆਪਕ ਤੇ ਤੇਜ਼ ਕਰਨਾ ਸੌਖਾ ਨਹੀਂ ਹੋਵੇਗਾ।’

Loading