
ਅੰਮ੍ਰਿਤਸਰ/ਏ.ਟੀ.ਨਿਊਜ਼:
ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਪਿਛਲੇ ਦਿਨੀਂ ਰਾਤ ਸਮੇਂ ਉਡਾਣ ਰਾਹੀਂ ਅਮਰੀਕਾ ਲਈ ਰਵਾਨਾ ਹੋ ਗਏ। ਉਹ ਸੈਕਰਾਮੈਂਟੋ ਸ਼ਹਿਰ ਵਿੱਚ ਗੁਰਮਤਿ ਸਮਾਗਮ ਵਿੱਚ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ 24 ਅਪ੍ਰੈਲ ਨੂੰ ਨਵੀਂ ਦਿੱਲੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ ਅਮਰੀਕਾ ਜਾਣਾ ਸੀ ਪਰ ਜਹਾਜ਼ ਵਿੱਚ ਮਾੜੇ ਪ੍ਰਬੰਧਾਂ ਅਤੇ ਅਮਲੇ ਵੱਲੋਂ ਦੁਰਵਿਹਾਰ ਕੀਤੇ ਜਾਣ ਦੇ ਰੋਸ ਵਜੋਂ ਉਨ੍ਹਾਂ ਨੇ ਉਡਾਣ ਛੱਡ ਦਿੱਤੀ ਸੀ। ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਏਅਰ ਇੰਡੀਆ ਖ਼ਿਲਾਫ਼ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਦੇ ਸੈਕਰੋਮੈਂਟੋ ਵਿੱਚ ਗੁਰਮਤਿ ਸਮਾਗਮ ਹੋ ਰਿਹਾ ਹੈ। ਸਮਾਗਮ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ। ਇਸ ਸਬੰਧ ਵਿੱਚ ਉਨ੍ਹਾਂ ਨੇ ਏਅਰ ਇੰਡੀਆ ਦੇ ਜਹਾਜ਼ ਰਾਹੀਂ ਜਾਣ ਵਾਸਤੇ ਇੱਕ ਬਿਜ਼ਨਸ ਅਤੇ ਦੋ ਇਕੌਨਮੀ ਸ਼੍ਰੇਣੀ ਦੀਆਂ ਸੀਟਾਂ ਬੁੱਕ ਕਰਾਈਆਂ ਸਨ। ਉਨ੍ਹਾਂ ਕਿਹਾ ਕਿ ਸਬੰਧਤ ਜਹਾਜ਼ ਵਿੱਚ ਇਕੌਨਮੀ ਸ਼੍ਰੇਣੀ ਦੀਆਂ ਸੀਟਾਂ ਫਟੀਆਂ ਹੋਈਆਂ ਸਨ ਤੇ ਬਿਜ਼ਨਸ ਕਲਾਸ ਵਿੱਚੋਂ ਬਦਬੂ ਆ ਰਹੀ ਸੀ। ਉਨ੍ਹਾਂ ਜਹਾਜ਼ ਦੇ ਅਮਲੇ ਕੋਲ ਸ਼ਿਕਾਇਤ ਕੀਤੀ ਪਰ ਉਨ੍ਹਾਂ ਦੁਰਵਿਹਾਰ ਕੀਤਾ ਤੇ ਉਨ੍ਹਾਂ ਦਾ ਪਾਸਪੋਰਟ ਲੈ ਲਿਆ। ਰੋਸ ਵਜੋਂ ਉਨ੍ਹਾਂ ਨੇ ਇਹ ਹਵਾਈ ਉਡਾਣ ਛੱਡ ਦਿੱਤੀ ਸੀ।