
ਨਿਊਜ਼ ਵਿਸ਼ਲੇਸ਼ਣ
ਸਿੱਖ ਪੰਥ ਦੀ ਸਿਆਸਤ ਵਿੱਚ ਉਦੋਂ ਇੱਕ ਨਵਾਂ ਮੋੜ ਆਇਆ ਸੀ, ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਸੀ। ਇਸ ਫ਼ੈਸਲੇ ਨੇ ਨਾ ਸਿਰਫ਼ ਬਾਦਲ ਪਰਿਵਾਰ ਵੱਲੋਂ ਚਲਾਏ ਜਾ ਰਹੇ ਅਕਾਲੀ ਦਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਬਲਕਿ ਧਾਰਮਿਕ ਆਗੂਆਂ ਵਿੱਚ ਵੀ ਵੱਡੀ ਬਹਿਸ ਛੇੜ ਦਿੱਤੀ ਹੈ। ਖਾਸ ਕਰਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਨੂੰ ਲੈ ਕੇ ਤਿੱਖਾ ਇਤਰਾਜ਼ ਜਤਾਇਆ ਹੈ, ਜਿਸ ਨਾਲ ਪੰਥਕ ਸਿਆਸਤ ਵਿੱਚ ਨਵੇਂ ਸਵਾਲ ਖੜ੍ਹੇ ਹੋ ਗਏ ਹਨ। ਕੀ ਇਹ ਬਾਦਲ ਦਲ ਨੂੰ ਗਿਆਨੀ ਹਰਪ੍ਰੀਤ ਸਿੰਘ ਤੋਂ ਖਤਰਾ ਮਹਿਸੂਸ ਹੋ ਰਿਹਾ ਹੈ? ਕੀ ਧਾਰਮਿਕ ਅਹੁਦੇ ਛੱਡ ਕੇ ਸਿਆਸਤ ਵਿੱਚ ਆਉਣਾ ਗਲਤ ਹੈ? ਅਤੇ ਗਿਆਨੀ ਹਰਪ੍ਰੀਤ ਸਿੰਘ ਪਿੱਛੇ ਜਾਤੀ ਵਿਤਕਰੇ ਵਾਲੇ ਹਮਲੇ ਕਿਉਂ?
ਗਿਆਨੀ ਹਰਪ੍ਰੀਤ ਸਿੰਘ, ਜੋ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੀ ਰਹਿ ਚੁੱਕੇ ਹਨ ਅਤ ਸ੍ਰੀੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਵੀ ਸੇਵਾ ਨਿਭਾਈ ਹੈ, ਨੇ ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੂੰ ਲੀਡ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਧੜਾ ਉਹਨਾਂ ਆਗੂਆਂ ਨੇ ਬਣਾਇਆ ਹੈ ਜੋ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਚੁਣੌਤੀ ਦੇ ਰਹੇ ਸਨ। ਬਾਗੀ ਆਗੂਆਂ ਨੇ ਦਸੰਬਰ 2024 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਪਾਰਟੀ ਨੂੰ ਨਵੀਂ ਮੈਂਬਰਸ਼ਿਪ ਅਤੇ ਏਕਤਾ ਵੱਲ ਵਧਣ ਲਈ ਕਿਹਾ ਗਿਆ ਸੀ। ਪਰ ਬਾਦਲ ਧੜੇ ਨੇ ਇਸ ਨੂੰ ਨਜ਼ਰਅੰਦਾਜ਼ ਕਰ ਕੇ ਸੁਖਬੀਰ ਨੂੰ ਮੁੜ ਪ੍ਰਧਾਨ ਚੁਣ ਲਿਆ, ਜਿਸ ਨਾਲ ਬਾਗੀ ਗਰੁੱਪ ਨੇ ਵੱਖਰਾ ਰਾਹ ਅਪਣਾ ਲਿਆ। ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਧੜੇ ਦੇ ਪ੍ਰਧਾਨ ਵਜੋਂ ਚੁਣੇ ਜਾਣ ਨਾਲ ਪੰਥਕ ਸਿਆਸਤ ਵਿੱਚ ਹਲਚਲ ਮਚ ਗਈ ਹੈ, ਕਿਉਂਕਿ ਉਹ ਇੱਕ ਦਲਿਤ ਬੈਕਗ੍ਰਾਊਂਡ ਵਾਲੇ ਆਗੂ ਹਨ ਅਤੇ ਪੰਜਾਬ ਵਿੱਚ ਅਕਾਲੀ ਦਲ ਨੂੰ ਨਵਾਂ ਰੰਗ ਦੇ ਸਕਦੇ ਹਨ।
ਪਰ ਇਸ ਫ਼ੈਸਲੇ ਨੇ ਬਾਦਲ ਦਲ ਨੂੰ ਚੁਣੌਤੀ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੁੱਲ੍ਹ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਹੈ। ਉਹਨਾਂ ਨੇ ਕਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਅਕਾਲੀ ਦਲ ਨੂੰ ਤੋੜਨ ਦੀ ਸਾਜ਼ਿਸ਼ ਰਚ ਰਹੇ ਹਨ ਅਤੇ ਇਹ ਸਿੱਖ ਪੰਥ ਦੀ ਸਿਆਸਤ ਨੂੰ ਕਮਜ਼ੋਰ ਕਰਨ ਵਾਲਾ ਕਦਮ ਹੈ। ਬਾਦਲ ਨੇ ਇਹ ਵੀ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਨਜ਼ਰਅੰਦਾਜ਼ ਕੀਤਾ ਹੈ ਜਿਸ ਵਿੱਚ ਵੱਖਰੇ ਧੜੇ ਬਣਾਉਣ ਤੋਂ ਮਨ੍ਹਾ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਬਾਦਲ ਧੜੇ ਦੇ ਆਗੂਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਬੀ.ਜੇ.ਪੀ. ਨਾਲ ਗੁਪਤ ਸਮਝੌਤੇ ਦਾ ਦੋਸ਼ ਵੀ ਲਾਇਆ ਹੈ।
ਬਾਦਲ ਦਲ ਵੱਲੋਂ ਇਸ ਵਿਰੋਧਤਾ ਪਿੱਛੇ ਇੱਕ ਵੱਡਾ ਕਾਰਨ ਗਿਆਨੀ ਹਰਪ੍ਰੀਤ ਸਿੰਘ ਦੀ ਵਧਦੀ ਲੋਕਪ੍ਰਿਅਤਾ ਅਤੇ ਉਹਨਾਂ ਦੀ ਨਿਰਪੱਖ ਛਵੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਵਜੋਂ ਕਈ ਵਿਵਾਦਾਂ ਵਿੱਚ ਨਿਰਪੱਖ ਫ਼ੈਸਲੇ ਲਏ ਹਨ, ਜਿਵੇਂ ਕਿ ਬਾਦਲ ਦਲ ਦੇ ਗੁਨਾਹਗਾਰ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਤਲਬ ਕਰਨਾ ਅਤੇ ਪੰਥਕ ਮਸਲਿਆਂ ’ਤੇ ਤਿੱਖੇ ਬਿਆਨ ਦੇਣਾ।
ਇਸ ਨਾਲ ਬਾਦਲ ਦਲ ਨੂੰ ਡਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨਵੇਂ ਧੜੇ ਨੂੰ ਮਜ਼ਬੂਤ ਕਰ ਕੇ ਅਕਾਲੀ ਦਲ ਦੇ ਪੁਰਾਣੇ ਵੋਟ ਬੈਂਕ ਨੂੰ ਤੋੜ ਸਕਦੇ ਹਨ, ਖਾਸ ਕਰਕੇ ਦਲਿਤ ਅਤੇ ਪੰਥਕ ਵਰਗ ਵਿੱਚ।
ਗਿਆਨੀ ਰਘਬੀਰ ਸਿੰਘ ਹੁਣ ਕਿਉਂ ਸਰਗਰਮ?
ਗਿਆਨੀ ਰਘਬੀਰ ਸਿੰਘ, ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਹਨ, ਨੇ ਗਿਆਨੀ ਹਰਪ੍ਰੀਤ ਸਿੰਘ ਦੇ ਸਿਆਸਤ ਵਿੱਚ ਆਉਣ ਨੂੰ ਗਲਤ ਠਹਿਰਾਇਆ ਹੈ। ਉਹਨਾਂ ਨੇ ਕਿਹਾ ਹੈ ਕਿ ਗੁਰੂ ਰਾਮਦਾਸ ਜੀ ਦੇ ਦਰ ਦੀ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ ਅਤੇ ਇਸ ਨੂੰ ਛੱਡ ਕੇ ਕਿਸੇ ਹੋਰ ਦੀ ਚਾਕਰੀ ਵਿੱਚ ਜਾਣਾ ਠੀਕ ਨਹੀਂ। ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਉਦਾਹਰਣ ਵਜੋਂ ਪੇਸ਼ ਕੀਤਾ ਹੈ ਕਿ ਗ੍ਰੰਥੀ ਹੋ ਕੇ ਵੀ ਉਹ ਪੰਥਕ ਸੇਵਾ ਵਿੱਚ ਰਹੇ ਪਰ ਸਿਆਸੀ ਅਹੁਦੇ ਨਹੀਂ ਲਏ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜਥੇਦਾਰੀ ਦੀ ਪਦਵੀ ਪ੍ਰਧਾਨਗੀ ਨਾਲੋਂ ਵੱਡੀ ਹੈ ਅਤੇ ਗੁਰੂ ਦੇ ਦਰ ਨੂੰ ਛੱਡ ਕੇ ਸਿਆਸਤ ਵਿੱਚ ਜਾਣਾ ਅਸੰਭਵ ਹੈ। ਇਹ ਇਤਰਾਜ਼ ਭਾਵੇਂ ਧਾਰਮਿਕ ਨਜ਼ਰੀਏ ਤੋਂ ਹੈ ਪਰ ਇਸ ਨੂੰ ਬਾਦਲ ਧੜੇ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ, ਕਿਉਂਕਿ ਗਿਆਨੀ ਰਘਬੀਰ ਸਿੰਘ ਨੂੰ ਐੱਸ.ਜੀ.ਪੀ.ਸੀ. ਵੱਲੋਂ ਨਿਯੁਕਤ ਕੀਤਾ ਗਿਆ ਹੈ, ਜੋ ਬਾਦਲ ਦਲ ਦੇ ਕੰਟਰੋਲ ਵਿਚ ਹੈ।
ਪਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਇਤਰਾਜ਼ ਨੂੰ ਤਿੱਖਾ ਜਵਾਬ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਉਹ ਗੁਰੂ ਦੀ ਸੇਵਾ ਛੱਡ ਕੇ ਕੋਈ ਵਪਾਰ ਜਾਂ ਨਿੱਜੀ ਕੰਮ ਨਹੀਂ ਕਰ ਰਹੇ, ਹੋਟਲ ਨਹੀਂ ਖੋਲ੍ਹ ਰਹੇ, ਬਲਕਿ ਪੰਥ ਅਤੇ ਕੌਮ ਦੀ ਸੇਵਾ ਲਈ ਸਿਆਸਤ ਵਿੱਚ ਆਏ ਹਨ। ਉਹਨਾਂ ਨੇ ਕਿਹਾ ਕਿ ਜੇ ਵਿਅਕਤੀ ਦੀ ਸੇਵਾ ਵੱਡੀ ਹੁੰਦੀ ਤਾਂ ਉਹ ਅੱਜ ਵੀ ਜਥੇਦਾਰੀ ਕਰਦੇ ਹੁੰਦੇ ਪਰ ਪੰਥ ਦੀ ਸੇਵਾ ਉੱਥੇ ਵੀ ਕੀਤੀ ਅਤੇ ਇੱਥੇ ਵੀ ਕਰਨੀ ਹੈ। ਉਹਨਾਂ ਨੇ ਕਿਹਾ ਕਿ ਉਹ ਨਾ ਮੰਤਰੀ ਬਣਨਾ ਚਾਹੁੰਦੇ ਹਨ ਨਾ ਮੁੱਖ ਮੰਤਰੀ, ਸਿਰਫ਼ ਪੰਥ ਦੀ ਸੇਵਾ ਕਰਨੀ ਹੈ ਜਿੰਨੀ ਅਕਾਲ ਪੁਰਖ ਨੇ ਲਿਖੀ ਹੈ।
ਪੰਥਕ ਮਾਹਿਰਾਂ ਦਾ ਮੰਨਣਾ ਹੈ ਕਿ ਗਿਆਨੀ ਰਘਬੀਰ ਸਿੰਘ ਦਾ ਬਾਬਾ ਬੁੱਢਾ ਜੀ ਨੂੰ ਗ੍ਰੰਥੀਆਂ ਨਾਲ ਤੁਲਨਾ ਕਰਨਾ ਗਲਤ ਹੈ। ਬਾਬਾ ਬੁੱਢਾ ਜੀ ਸਿਰਫ਼ ਦਰਬਾਰ ਸਾਹਿਬ ਦੇ ਗ੍ਰੰਥੀ ਨਹੀਂ ਸਨ। ਉਹਨਾਂ ਨੇ ਕਿਰਤ ਕਰਕੇ ਗੁਜ਼ਾਰਾ ਕੀਤਾ ਤੇ ਗੁਰਗੱਦੀ ਦੀ ਰੱਖਿਆ ਕੀਤੀ, ਗੁਰੂ ਹਰਗੋਬਿੰਦ ਸਾਹਿਬ ਨੂੰ ਮੀਰੀ-ਪੀਰੀ ਦੀਆਂ ਤਲਵਾਰਾਂ ਪਹਿਨਾਈਆਂ ਅਤੇ ਸਿੱਖ ਪੰਥ ਨੂੰ ਸ਼ਸਤਰ ਵਿੱਦਿਆ ਵੱਲ ਤੋਰਿਆ। ਪਰ ਕੀ ਅੱਜ ਦੇ ਗ੍ਰੰਥੀ ਅਜਿਹੀ ਅਗਵਾਈ ਦੇ ਸਮਰਥ ਹਨ? ਉਹ ਤਾਂ ਲੋਭ ,ਲਾਲਚਾਂ ਕਾਰਨ ਸਿੱਖ ਸਿਧਾਂਤ ਤਿਆਗ ਕੇ ਪੰਥ ਨੂੰ ਪਿਠ ਦਿਖਾ ਜਾਂਦੇ ਹਨ। ਜਿਵੇਂ ਗਿਆਨੀ ਗੁਰਬਚਨ ਸਿੰਘ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਵਜੋਂ ਸਿਆਸੀ ਦਬਾਅ ਅਧੀਨ ਸੌਦਾ ਸਾਧ ਨੂੰ ਮਾਫ਼ ਕੀਤਾ।
ਇਸ ਸਿਆਸਤ ਵਿੱਚ ਜਾਤੀ ਵਿਤਕਰੇ ਵਾਲਾ ਪਹਿਲੂ ਵੀ ਸਾਹਮਣੇ ਆ ਰਿਹਾ ਹੈ। ਬਾਦਲ ਧੜੇ ਦੀ ਮੀਟਿੰਗ ਵਿੱਚ ਇੱਕ ਆਗੂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਰਾਸੀ ਜਾਤ ਦਾ ਕਿਹਾ ਹੈ ਅਤੇ ਐੱਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਮੌਜੂਦਗੀ ਵਿੱਚ ਇਹ ਬਿਆਨ ਦਿੱਤਾ ਗਿਆ ਪਰ ਧਾਮੀ ਨੇ ਕੁਝ ਨਹੀਂ ਬੋਲਿਆ। ਇਸ ਨੇ ਵੱਡੀ ਬਹਿਸ ਛੇੜ ਦਿੱਤੀ ਹੈ ਕਿ ਕੀ ਸਿੱਖ ਧਰਮ ਵਿੱਚ ਮਨੂ ਸਿਮਰਤੀ ਅਨੁਸਾਰ ਜਾਤੀ ਵਿਤਕਰੇ ਦਾ ਅਸੂਲ ਹੈ ਜਾਂ ਗੁਰੂ ਦੇ ਸਿਧਾਂਤ ਅਨੁਸਾਰ ਜਾਤ ਕੋਈ ਅਰਥ ਨਹੀਂ ਰਖਦੀ। ਇਸ ਜਾਤੀ ਹਉਮੈਂ ਤੇ ਵਿਤਕਰੇ ਕਾਰਨ ਸਿੱਖ ਸਿਆਸਤ ਨਿਘਰੀ ਹੈ। ਅਜਿਹਾ ਨੈਰੇਟਿਵ ਗੁਰੂ ਦੀ ਪਾਤਸ਼ਾਹੀ ਨੂੰ ਚੈਲਿੰਜ ਹੈ।
ਇਹ ਬਿਆਨ ਗੁਰੂ ਨਾਨਕ ਦੇਵ ਜੀ ਦੇ ਬਰਾਬਰੀ ਵਾਲੇ ਸਿਧਾਂਤ ਨੂੰ ਚੁਣੌਤੀ ਦਿੰਦਾ ਹੈ ਅਤੇ ਪੰਜਾਬ ਵਿੱਚ ਜਾਤੀ ਵਿਤਕਰੇ ਨੂੰ ਉਜਾਗਰ ਕਰਦਾ ਹੈ। ਗਿਆਨੀ ਹਰਪ੍ਰੀਤ ਸਿੰਘ ਇੱਕ ਦਲਿਤ ਆਗੂ ਵਜੋਂ ਉੱਭਰ ਰਹੇ ਹਨ ਜੋ ਅਕਾਲੀ ਦਲ ਨੂੰ ਨਵਾਂ ਆਧਾਰ ਦੇ ਸਕਦੇ ਹਨ ਪਰ ਬਾਦਲ ਧੜੇ ਨੂੰ ਇਹ ਪਸੰਦ ਨਹੀਂ। ਕੁਝ ਸਿਆਸੀ ਮਾਹਿਰਾਂ ਦਾ ਖਿਆਲ ਹੈ ਕਿ ਬਾਦਲ ਦਲ ਨੂੰ ਗਿਆਨੀ ਹਰਪ੍ਰੀਤ ਸਿੰਘ ਤੋਂ ਖਤਰਾ ਹੈ ਇਸ ਲਈ ਜਾਤੀ ਹਮਲੇ ਕੀਤੇ ਜਾ ਰਹੇ ਹਨ।
ਇਸ ਸਾਰੇ ਮਾਮਲੇ ਵਿੱਚ ਪੰਜਾਬ ਦੀ ਸਿਆਸਤ ਨੂੰ ਨਵਾਂ ਮੋੜ ਮਿਲ ਰਿਹਾ ਹੈ। ਬਾਦਲ ਦਲ ਦੀ ਵਿਰੋਧਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੇ ਇਤਰਾਜ਼ ਨੇ ਇਸ ਨੂੰ ਵਿਵਾਦੀ ਬਣਾ ਦਿੱਤਾ ਹੈ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਨੂੰ ਪੰਥਕ ਸੇਵਾ ਵਜੋਂ ਪੇਸ਼ ਕੀਤਾ ਹੈ। ਕੀ ਇਹ ਨਵਾਂ ਧੜਾ ਅਕਾਲੀ ਦਲ ਨੂੰ ਮੁੜ ਜਿਉਂਦਾ ਕਰੇਗਾ ਜਾਂ ਵੰਡ ਵਧਾਏਗਾ, ਇਹ ਵੇਖਣ ਵਾਲੀ ਗੱਲ ਹੈ।