ਪੰਜਾਬ ਦੀ ਕਿਸਾਨੀ ਅਕਸਰ ਕਣਕ ਅਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਅਤੇ ਇਸ ਨਾਲ ਜੁੜੇ ਸੰਕਟਾਂ ਕਰਕੇ ਚਰਚਾ ਵਿੱਚ ਰਹਿੰਦੀ ਹੈ ਪਰ ਸੰਗਰੂਰ ਜ਼ਿਲ੍ਹੇ ਦੇ ਦਿੜਬਾ ਹਲਕੇ ਦਾ ਇੱਕ ਛੋਟਾ ਜਿਹਾ ਪਿੰਡ ਗਿਦੜਿਆਣੀ (ਦਰਿਆਣੀ) ਖੇਤੀਬਾੜੀ ਦੇ ਖੇਤਰ ਵਿੱਚ ਇੱਕ ਨਵੀਂ ਮਿਸਾਲ ਪੈਦਾ ਕਰ ਰਿਹਾ ਹੈ। ਇੱਥੋਂ ਦੇ ਕਿਸਾਨਾਂ ਨੇ ਰਵਾਇਤੀ ਫ਼ਸਲਾਂ ਨੂੰ ਅਲਵਿਦਾ ਕਹਿ ਕੇ ਫ਼ੁੱਲਾਂ ਦੀ ਖੇਤੀ ਨੂੰ ਅਪਣਾਇਆ ਹੈ, ਜਿਸ ਦੇ ਬੀਜ ਅੱਜ ਅਮਰੀਕਾ ਅਤੇ ਯੂਰਪ ਵਰਗੇ ਵਿਦੇਸ਼ੀ ਬਾਜ਼ਾਰਾਂ ਦੀ ਸ਼ਾਨ ਬਣ ਰਹੇ ਹਨ।
ਪਿੰਡ ਵਿੱਚ ਫ਼ੁੱਲਾਂ ਦੀ ਖੇਤੀ ਦਾ ਮੁੱਢ ਸਾਲ 1999 ਵਿੱਚ ਬੱਝਿਆ ਸੀ। ਸ਼ੁਰੂਆਤ ਵਿੱਚ ਕੁਝ ਮੁੱਠੀ ਭਰ ਕਿਸਾਨਾਂ ਨੇ ਇਹ ਹਿੰਮਤ ਦਿਖਾਈ, ਪਰ ਅੱਜ ਕਰੀਬ 15 ਪਰਿਵਾਰ ਸਿੱਧੇ ਤੌਰ ’ਤੇ ਇਸ ਕਿੱਤੇ ਨਾਲ ਜੁੜੇ ਹੋਏ ਹਨ। 18 ਏਕੜ ਵਿੱਚ ਖੇਤੀ ਕਰ ਰਹੇ ਅਗਾਂਹਵਧੂ ਕਿਸਾਨ ਜਗਦੀਪ ਸਿੰਘ ਵਰਗੇ ਪੜ੍ਹੇ-ਲਿਖੇ ਨੌਜਵਾਨ ਹੁਣ ਇਸ ਖੇਤਰ ਵਿੱਚ ਮਾਹਿਰ ਬਣ ਚੁੱਕੇ ਹਨ। ਜਗਦੀਪ ਸਿੰਘ ਦਾ ਕਹਿਣਾ ਹੈ, ‘ਇਹ ਖੇਤੀ ਮੁੱਖ ਤੌਰ ’ਤੇ ਨਿੱਜੀ ਕੰਪਨੀਆਂ ਨਾਲ ਕੰਟ੍ਰੈਕਟ ਦੇ ਅਧਾਰ ’ਤੇ ਕੀਤੀ ਜਾਂਦੀ ਹੈ। ਕਿਸਾਨ ਫ਼ੁੱਲਾਂ ਦੇ ਬੀਜ ਤਿਆਰ ਕਰਕੇ ਕੰਪਨੀਆਂ ਨੂੰ ਵੇਚਦੇ ਹਨ।ਇਸ ਸਮੇਂ ਪਿੰਡ ਵਿੱਚ ਲਗਭਗ 10 ਕਿਸਮਾਂ ਦੇ ਫ਼ੁੱਲ ਉਗਾਏ ਜਾ ਰਹੇ ਹਨ। ਜਗਦੀਪ ਸਿੰਘ ਦੇ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਪਿੰਡ ਫ਼ੁੱਲਾਂ ਦੀ ਖੇਤੀ ਵਿੱਚ ਪੂਰੇ ਪੰਜਾਬ ਵਿੱਚ ਦੂਜੇ ਨੰਬਰ ’ਤੇ ਆਉਂਦਾ ਹੈ। ਇਹ ਬੀਜ ਵਿਦੇਸ਼ਾਂ ਅਮਰੀਕਾ, ਆਸਟ੍ਰੇਲੀਆ ਅਤੇ ਯੂਰਪ ਵਿੱਚ ਬਰਾਮਦ ਹੁੰਦੇ ਹਨ, ਜਿਸ ਨਾਲ ਕਿਸਾਨਾਂ ਨੂੰ ਨਵਾਂ ਬਾਜ਼ਾਰ ਮਿਲਿਆ ਹੈ। ਇਨ੍ਹਾਂ ਦੀ ਵਰਤੋਂ ਸਜਾਵਟ ਅਤੇ ਦਵਾਈਆਂ ਦੇ ਤੌਰ ’ਤੇ ਕੀਤੀ ਜਾਂਦੀ ਹੈ। ਜੇ ਮੰਗ ਵਧੇਗੀ ਤਾਂ ਕਿਸਾਨ ਵੀ ਇਸ ਖੇਤੀ ਨੂੰ ਵਧਾਉਣ ਲਈ ਤਿਆਰ ਹਨ। ਉਹ ਇਹ ਵੀ ਦੱਸਦੇ ਹਨ ਕਿ ਪੰਜਾਬ ਸਰਕਾਰ ਦੇ ਬਾਗ਼ਵਾਨੀ ਵਿਭਾਗ ਵੱਲੋਂ ਇਸ ਖੇਤੀ ਲਈ ਸਬਸਿਡੀ ਵੀ ਦਿੱਤੀ ਜਾਂਦੀ ਹੈ।
ਇਸ ਖੇਤੀ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦਾ ਮੰਡੀਕਰਨ ਹੈ। ਕਿਸਾਨ ਨਿੱਜੀ ਕੰਪਨੀਆਂ ਨਾਲ ਕੰਟ੍ਰੈਕਟ (ਇਕਰਾਰਨਾਮਾ) ਕਰਦੇ ਹਨ। ਬਿਜਾਈ ਦੇ ਸਮੇਂ ਹੀ ਰੇਟ ਤੈਅ ਕਰ ਲਏ ਜਾਂਦੇ ਹਨ। ਇੱਕ ਏਕੜ ਵਿੱਚੋਂ ਤਿੰਨ ਤੋਂ ਪੰਜ ਕੁਇੰਟਲ ਬੀਜ ਨਿਕਲਦਾ ਹੈ। ਬਾਜ਼ਾਰ ਵਿੱਚ ਇਸ ਬੀਜ ਦਾ ਭਾਅ 40 ਤੋਂ 45 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੱਕ ਮਿਲ ਜਾਂਦਾ ਹੈ। ਇਸ ਦੀ ਅੰਤਰਰਾਸ਼ਟਰੀ ਪੱਧਰ ’ਤੇ ਭਾਰੀ ਮੰਗ ਹੈ।
ਫ਼ੁੱਲਾਂ ਦੀ ਖੇਤੀ ਨੇ ਪਿੰਡ ਅਤੇ ਆਲੇ-ਦੁਆਲੇ ਦੀਆਂ ਔਰਤਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹੇ ਹਨ। ਜਿੱਥੇ ਰਵਾਇਤੀ ਖੇਤੀ ਮਸ਼ੀਨੀਕਰਨ ’ਤੇ ਨਿਰਭਰ ਹੈ, ਉੱਥੇ ਫ਼ੁੱਲਾਂ ਦੀ ਬਿਜਾਈ ਅਤੇ ਬੀਜ ਇਕੱਠੇ ਕਰਨ ਲਈ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਦੀ ਲੋੜ ਪੈਂਦੀ ਹੈ। ਸੁਖਵਿੰਦਰ ਕੌਰ ਵਰਗੀਆਂ ਕਈ ਔਰਤਾਂ ਇਸ ਰਾਹੀਂ ਮਹੀਨੇ ਦਾ 10 ਹਜ਼ਾਰ ਰੁਪਏ ਤੱਕ ਕਮਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੀਆਂ ਹਨ।
ਹਾਲਾਂਕਿ ਇਹ ਖੇਤੀ ਲਾਹੇਵੰਦ ਹੈ, ਪਰ ਇਹ ਚੁਣੌਤੀਆਂ ਤੋਂ ਮੁਕਤ ਨਹੀਂ। ਮਈ ਮਹੀਨੇ ਵਿੱਚ ਜਦੋਂ ਫ਼ੁੱਲਾਂ ਦੀ ਕਟਾਈ ਦਾ ਸਮਾਂ ਹੁੰਦਾ ਹੈ, ਉਸੇ ਵੇਲੇ ਮਨਰੇਗਾ ਦੇ ਕੰਮ ਚੱਲਣ ਕਾਰਨ ਮਜ਼ਦੂਰਾਂ ਦੀ ਕਿੱਲਤ ਮਹਿਸੂਸ ਹੁੰਦੀ ਹੈ। ਜ਼ਿਆਦਾ ਨਮੀ ਜਾਂ ਸ਼ੋਰੇ ਵਾਲੀ ਜ਼ਮੀਨ ਇਸ ਖੇਤੀ ਲਈ ਨੁਕਸਾਨਦੇਹ ਹੈ। ਪੰਜਾਬ ਸਰਕਾਰ ਦਾ ਬਾਗ਼ਬਾਨੀ ਵਿਭਾਗ ਇਸ ਖੇਤੀ ਨੂੰ ਉਤਸ਼ਾਹਿਤ ਕਰਨ ਲਈ 14,000 ਰੁਪਏ ਪ੍ਰਤੀ ਏਕੜ ਅਤੇ 35,000 ਰੁਪਏ ਪ੍ਰਤੀ ਹੈਕਟੇਅਰ ਤੱਕ ਦੀ ਸਬਸਿਡੀ ਵੀ ਦਿੰਦਾ ਹੈ।
ਕੀ ਹੈ ਖੇਤੀਬਾੜੀ ਮਾਹਿਰਾਂ ਦੀ ਰਾਇ?
ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਦੇ ਡਾਕਟਰ ਮਨਦੀਪ ਸਿੰਘ ਅਨੁਸਾਰ, ਜਗਸੀਰ ਸਿੰਘ ਵਰਗੇ ਕਿਸਾਨਾਂ ਨੇ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਦੇ ਸੰਪਰਕ ਵਿੱਚ ਰਹਿ ਕੇ ਤਕਨੀਕੀ ਮੁਹਾਰਤ ਹਾਸਲ ਕੀਤੀ ਹੈ। ਵਿਦੇਸ਼ਾਂ ਵਿੱਚ ਫ਼ਲੋਰੀਕਲਚਰ (ਫ਼ੁੱਲਾਂ ਦੀ ਖੇਤੀ) ਦਾ ਵਧਦਾ ਰੁਝਾਨ ਪੰਜਾਬ ਦੇ ਕਿਸਾਨਾਂ ਲਈ ਸੁਨਹਿਰੀ ਮੌਕਾ ਹੈ।
ਗਿਦੜਿਆਣੀ ਪਿੰਡ ਦੀ ਇਹ ਕਹਾਣੀ ਸਿੱਧ ਕਰਦੀ ਹੈ ਕਿ ਜੇਕਰ ਕਿਸਾਨ ਨਵੀਂ ਤਕਨੀਕ, ਸਹੀ ਮੰਡੀਕਰਨ ਅਤੇ ਸਰਕਾਰੀ ਸਬਸਿਡੀਆਂ ਦਾ ਲਾਹਾ ਲੈਣ, ਤਾਂ ਖੇਤੀ ਅੱਜ ਵੀ ਇੱਕ ਲਾਹੇਵੰਦ ਕਿੱਤਾ ਸਾਬਿਤ ਹੋ ਸਕਦੀ ਹੈ।
ਖੇਤੀ ਲਾਗਤ ਅਤੇ ਕੁਦਰਤੀ ਮਾਰਾਂ ਦਾ ਡਰ
ਕਿਸਾਨਾਂ ਅਨੁਸਾਰ ਫ਼ੁੱਲਾਂ ਦੀ ਕਿਸਮ ਦੇ ਆਧਾਰ ’ਤੇ ਪ੍ਰਤੀ ਏਕੜ ਲਾਗਤ 30,000 ਤੋਂ 50,000 ਰੁਪਏ ਤੱਕ ਆਉਂਦੀ ਹੈ। ਪਿਛਲੇ ਸਾਲਾਂ (2021-22) ਵਿੱਚ ਬੇਮੌਸਮੀ ਬਾਰਿਸ਼ ਅਤੇ ਵਧਦੇ ਤਾਪਮਾਨ ਨੇ ਫ਼ੁੱਲਾਂ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਫ਼ਸਲੀ ਬੀਮਾ ਜਾਂ ਵਿਸ਼ੇਸ਼ ਸਹਾਇਤਾ ਨਾ ਦੇਵੇ, ਤਾਂ ਸਾਰੀ ਮਿਹਨਤ ਮਿੱਟੀ ਵਿੱਚ ਮਿਲਣ ਦਾ ਡਰ ਬਣਿਆ ਰਹਿੰਦਾ ਹੈ।
ਸਰਕਾਰ ਦਾ ਪੱਖ: ਸਬਸਿਡੀ ਦੀ ਸ਼ੁਰੂਆਤ
ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਫ਼ੁੱਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਗੰਭੀਰ ਹੈ। ਪੰਜਾਬ ਸਰਕਾਰ ਨੇ ਫ਼ੁੱਲ ਉਤਪਾਦਕਾਂ ਨੂੰ 14,000 ਰੁਪਏ ਪ੍ਰਤੀ ਏਕੜ ਸਬਸਿਡੀ ਦੇਣੀ ਸ਼ੁਰੂ ਕੀਤੀ ਹੈ। ਸਰਕਾਰ ਨੇ ਭਵਿੱਖ ਵਿੱਚ ਨਵੇਂ ਪ੍ਰੋਗਰਾਮ ਉਲੀਕਣ ਅਤੇ ਫ਼ੁੱਲਾਂ ਦੀ ਪੈਦਾਵਾਰ ਵਧਾਉਣ ਲਈ ਲੋੜੀਂਦੇ ਉਪਕਰਨ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ।
![]()
