
ਸਿੰਗਾਪੁਰ, 13 ਦਸੰਬਰ:
ਭਾਰਤੀ ਗਰੈਂਡਮਾਸਟਰ ਡੀ ਗੁਕੇਸ਼ ਅੱਜ ਇੱਥੇ ਖ਼ਿਤਾਬੀ ਮੁਕਾਬਲੇ ਦੀ 14ਵੀਂ ਤੇ ਆਖ਼ਰੀ ਬਾਜ਼ੀ ਵਿੱਚ ਮੌਜੂਦਾ ਚੈਂਪੀਅਨ ਚੀਨ ਦੇ ਡਿੰਗ ਲਿਰੇਨ ਨੂੰ ਹਰਾ ਕੇ 18 ਸਾਲ ਦੀ ਉਮਰ ਵਿੱਚ ਸਭ ਤੋਂ ਘੱਟ ਉਮਰ ਦਾ ਵਿਸ਼ਵ ਸ਼ਤਰੰਜ ਚੈਂਪੀਅਨ ਬਣ ਗਿਆ।
ਗੁਕੇਸ਼ ਨੇ 14 ਬਾਜ਼ੀਆਂ ਦੇ ਇਸ ਮੁਕਾਬਲੇ ਦੀ ਆਖ਼ਰੀ ਕਲਾਸੀਕਲ ਬਾਜ਼ੀ ਮਾਰ ਕੇ ਖਿਤਾਬ ਜਿੱਤਣ ਲਈ ਲੋੜੀਂਦੇ 7.5 ਅੰਕ ਜੁਟਾਏ, ਜਦਕਿ ਲਿਰੇਨ ਦੇ ਨਾਮ 6.5 ਅੰਕ ਰਹੇ। ਹਾਲਾਂਕਿ, ਇਹ ਖੇਡ ਜ਼ਿਆਦਾਤਰ ਸਮਾਂ ਡਰਾਅ ਵੱਲ ਵਧਦੀ ਨਜ਼ਰ ਆ ਰਹੀ ਸੀ। ਗੁਕੇਸ਼ ਨੂੰ 25 ਲੱਖ ਡਾਲਰ ਦੀ ਇਨਾਮੀ ਰਾਸ਼ੀ ਮਿਲੇਗੀ। ਚੇਨੱਈ ਦੇ ਗੁਕੇਸ਼ ਨੇ ਇਤਿਹਾਸਕ ਜਿੱਤ ਦਰਜ ਕਰਨ ਮਗਰੋਂ ਇੱਥੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਪਿਛਲੇ ਦਸ ਸਾਲਾਂ ਤੋਂ ਇਸ ਪਲ ਦਾ ਸੁਫ਼ਨਾ ਦੇਖ ਰਿਹਾ ਸੀ। ਮੈਨੂੰ ਖੁਸ਼ੀ ਹੈ ਕਿ ਮੈਂ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲ ਦਿੱਤਾ।’’
ਗੁਕੇਸ਼ ਦੇ ਅੱਜ ਖਿਤਾਬ ਜਿੱਤਣ ਤੋਂ ਪਹਿਲਾਂ ਰੂਸੀ ਖਿਡਾਰੀ ਗੈਰੀ ਕਾਸਪਾਰੋਵ ਸਭ ਤੋਂ ਘੱਟ ਉਮਰ ਦਾ ਵਿਸ਼ਵ ਸ਼ਤਰੰਜ ਚੈਂਪੀਅਨ ਸੀ। ਉਸ ਨੇ 1985 ਵਿੱਚ ਅਨਾਤੋਲੀ ਕਾਰਪੋਵ ਨੂੰ ਹਰਾ ਕੇ 22 ਸਾਲ ਦੀ ਉਮਰ ਵਿੱਚ ਖਿਤਾਬ ਜਿੱਤਿਆ ਸੀ। ਮੁਕੇਸ਼ ਮਹਾਨ ਵਿਸ਼ਵਨਾਥਨ ਆਨੰਦ ਮਗਰੋਂ ਆਲਮੀ ਖਿਤਾਬ ਜਿੱਤਣ ਵਾਲਾ ਦੂਜਾ ਭਾਰਤੀ ਹੈ। ਪੰਜ ਵਾਰ ਦੇ ਵਿਸ਼ਵ ਚੈਂਪੀਅਨ ਆਨੰਦ ਨੇ 2013 ਵਿੱਚ ਮੈਗਨਸ ਕਾਰਲਸਨ ਨੂੰ ਵਿਸ਼ਵ ਖਿਤਾਬ ਗੁਆ ਦਿੱਤਾ ਸੀ। ਗੁਕੇਸ਼ ਨੇ ਚਾਰ ਘੰਟਿਆਂ ਵਿੱਚ 58 ਚਾਲਾਂ ਮਗਰੋਂ ਲਿਰੇਨ ਖ਼ਿਲਾਫ਼ 14ਵੀਂ ਬਾਜ਼ੀ ਜਿੱਤੀ ਅਤੇ ਕੁੱਲ ਮਿਲਾ ਕੇ 18ਵਾਂ ਵਿਸ਼ਵ ਸ਼ਤਰੰਜ ਚੈਂਪੀਅਨ ਬਣ ਗਿਆ।