
ਅਹਿਮਦਾਬਾਦ, 12 ਜੂਨ :
ਇਥੇ ਸਰਦਾਰ ਵੱਲਭਭਾਈ ਪਟੇਲ ਹਵਾਈ ਅੱਡੇ ਨੇੜੇ ਮੇਘਾਨੀਨਗਰ ਇਲਾਕੇ ਵਿਚ ਦੁਪਹਿਰ 2 ਵਜੇ ਦੇ ਕਰੀਬ ਉਡਾਣ ਭਰਨ ਮੌਕੇ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਪੁਲੀਸ ਕੰਟਰੋਲ ਰੂਮ ਮੁਤਾਬਕ ਏਅਰ ਇੰਡੀਆ ਦੀ ਉਡਾਣ ਏਆਈ 171 ਅਹਿਮਦਾਬਾਦ ਤੋਂ ਲੰਡਨ ਜਾ ਰਹੀ ਸੀ। ਜਹਾਜ਼ ਵਿਚ ਪਾਇਲਟ ਤੇ ਹੋਰ ਅਮਲੇ ਸਣੇ 242 ਯਾਤਰੀ ਸਵਾਰ ਦੱਸੇ ਜਾਂਦੇ ਹਨ। ਹਾਦਸਾ ਜਹਾਜ਼ ਦੇ ਹਵਾਈ ਅੱਡੇ ਦੀ ਬਾਊਂਡਰੀ ਵਾਲ ਨਾਲ ਟਕਰਾਉਣ ਕਰਕੇ ਵਾਪਰਿਆ ਦੱਸਿਆ ਜਾਂਦਾ ਹੈ। ਹਾਦਸਾਗ੍ਰਸਤ ਜਹਾਜ਼ ਇੱਕ ਬੋਇੰਗ 787-8 ਡ੍ਰੀਮਲਾਈਨਰ ਹੈ। ਗੁਜਰਾਤ ਭਾਜਪਾ ਮੁਤਾਬਕ ਜਹਾਜ਼ ਵਿਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੈ ਰੂਪਾਨੀ ਵੀ ਸਵਾਰ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲਾਤ ਦਾ ਜਾਇਜ਼ਾ ਲਿਆ ਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਅਹਿਮਦਾਬਾਦ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ। ਹਾਦਸੇ ਮਗਰੋਂ ਅਹਿਮਦਾਬਾਦ ਹਵਾਈ ਅੱਡੇ ’ਤੇ ਸੇਵਾਵਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਹਾਦਸਾਗ੍ਰਸਤ ਉਡਾਣ ਵਿਚ 169 ਭਾਰਤੀ, 53 ਬ੍ਰਿਟਿਸ਼ ਨਾਗਰਿਕ, ਇਕ ਕੈਨੇਡੀਅਨ ਤੇ 7 ਪੁਰਤਗਾਲੀ ਨਾਗਰਿਕ ਸਵਾਰ ਸਨ। ਇਨ੍ਹਾਂ ਵਿਚ 217 ਬਾਲਗ ਤੇ 11 ਬੱਚੇ ਸ਼ਾਮਲ ਹਨ।