
ਸੈਕਰਾਮੈਂਟੋ/ ਹੁਸਨ ਲੜੋਆ ਬੰਗਾ : ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਵੈਸਟ ਸੈਕਰਾਮੈਂਟੋ ਕੈਲੀਫ਼ੋਰਨੀਆ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕੈਨੇਡਾ ਤੋਂ ਪਹੁੰਚੇ ਬਲਬੀਰ ਸਿੰਘ ਚੰਗਿਆੜਾ ਨੇ ਆਖਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰੂ ਕੀ ਵਡਾਲੀ ਦੀ ਧਰਤੀ ’ਤੇ ਮਾਤਾ ਗੰਗਾ ਜੀ ਦੀ ਕੁੱਖੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਹੋਇਆ। ਪੰਜਵੇਂ ਪਾਤਸ਼ਾਹ ਨੇ ਛੇਹਰਟਾ ਸਾਹਿਬ ਦਾ ਇਤਿਹਾਸਕ ਅਸਥਾਨ ਸਥਾਪਿਤ ਕਰ ਇਲਾਕੇ ਦੀ ਪਾਣੀ ਦੀ ਘਾਟ ਨੂੰ ਪੂਰਾ ਕੀਤਾ। ਅੱਜ ਤੁਸੀਂ ਹਜ਼ਾਰਾਂ ਮੀਲਾਂ ਦੀ ਦੂਰੀ ’ਤੇ ਅਮਰੀਕਾ ਦੀ ਧਰਤੀ ’ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਅਸੀਸਾਂ ਪ੍ਰਾਪਤ ਕਰ ਰਹੇ ਹੋ। ਬੱਬਰ ਅਕਾਲੀ ਲਹਿਰ ’ਤੇ ਬੋਲਦਿਆਂ ਆਖਿਆ ਕਿ ਸਾਡੇ ਬਜ਼ੁਰਗਾਂ ਨੇ ਦੇਸ਼ ਵਿੱਚ ਜਾ ਕੇ ਕੁਰਬਾਨੀਆਂ ਦਿੱਤੀਆਂ, ਸ੍ਰ. ਕਰਮ ਸਿੰਘ ਦੋਲਤਪੁਰ ਕੈਨੇਡਾ ਦੀ ਧਰਤੀ ’ਤੇ ਚੱਲ ਕੇ ਬਬੇਲੀ ਵਿੱਚ ਪਹਿਲੀ ਸਤੰਬਰ 1923 ਨੂੰ ਸ਼ਹੀਦੀਆਂ ਪ੍ਰਾਪਤ ਕੀਤੀਆਂ। ਅੱਜ ਉਸ ਨਗਰ ਦੇ ਹੀ ਸ੍ਰ. ਨਰਿੰਦਰ ਸਿੰਘ ਥਾਦੀ ਇਸ ਗੁਰੂ ਘਰ ਦੇ ਮੁੱਖ ਸੇਵਾਦਾਰ ਹਨ। ਇਸ ਦੌਰਾਨ ਗੁਰੂ ਘਰ ਦੇ ਸਮੁੱਚੇ ਰਾਗੀ ਸਿੰਘਾਂ ਤੇ ਕਮੇਟੀ ਵੱਲੋਂ ਬਲਬੀਰ ਸਿੰਘ ਚੰਗਿਆੜਾ ਦਾ ਸਨਮਾਨ ਕੀਤਾ ਗਿਆ।