ਫ਼ਰੀਮੋਂਟ/ਕੈਲੀਫ਼ੋਰਨੀਆ/ਏ.ਟੀ.ਨਿਊਜ਼: ਸਥਾਨਕ ਅਮਰੀਕੀ ਪੰਜਾਬੀ ਕਵੀਆਂ ਵੱਲੋਂ 300 ਗੁਰਦੁਆਰਾ ਰੋਡ ਫ਼ਰੀਮੋਂਟ ਸੀ.ਏ. 94536 ਵਿਖੇ ਹਫ਼ਤਾਵਾਰੀ ਦੀਵਾਨਾਂ ਵਿੱਚ ਸ਼ਹੀਦੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਧਾਰਮਿਕ ਕਵੀ ਦਰਬਾਰ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਭਾਈ ਦਵਿੰਦਰ ਸਿੰਘ ਗੁਰਦੁਆਰਾ ਸਟੇਜ ਸਕੱਤਰ ਵੱਲੋਂ ਕਿਹਾ ਗਿਆ ਕਿ ਸਥਾਨਕ ਕਵੀਆਂ ਵੱਲੋਂ ਸਮੇਂ ਸਮੇਂ ਇਸ ਗੁਰਦੁਆਰਾ ਸਾਹਿਬ ਵਿਖੇ ਸਫ਼ਲ ਧਾਰਮਿਕ ਦਰਬਾਰ ਸਜਾਏ ਜਾਂਦੇ ਹਨ। ਪ੍ਰਵਾਨਾ ਵੱਲੋਂ ਸਟੇਜ ਸੰਭਾਲਦਿਆਂ ਇਤਿਹਾਸ ’ਤੇ ਰੌਸ਼ਨੀ ਪਾਈ ਗਈ। ਉਹਨਾਂ ਕਿਹਾ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਤੋਂ ਸਿੱਖ ਇਤਿਹਾਸ ਵਿੱਚ ਸ਼ਹੀਦੀਆਂ ਦਾ ਦੌਰ ਸ਼ੁਰੂ ਹੁੰਦਾ ਹੈ। ਜਦੋਂ ਮੁਗਲ ਬਾਦਸ਼ਾਹ ਜਹਾਂਗੀਰ ਨੂੰ ਸਿੱਖਾਂ ਦੀ ਵੱਧਦੀ ਤਾਕਤ ਤੋਂ ਖਤਰਾ ਜਾਪਣ ਲੱਗਿਆ ਤਾਂ ਟਕਰਾਉ ਹੋਣਾ ਲਾਜ਼ਮੀ ਸੀ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਿੱਖ ਕੌਮ ’ਤੇ ਆਉਣ ਵਾਲੇ ਖਤਰਿਆਂ ਲਈ ਕੌਮ ਤਿਆਰ ਹੋਣ ਲਈ ਆਪਣੀ ਸ਼ਹਾਦਤ ਦੀ ਮਿਸਾਲ ਦਿੱਤੀ। ਇਸੇ ਸਿਲਸਿਲੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ। ਸਮਕਾਲੀ ਮੁਗਲ ਬਾਦਸ਼ਾਹ ਔਰੰਗਜੇਬ ਨੇ ਗੈਰ ਮੁਸਲਮਾਨਾਂ ਦੇ ਜਬਰੀ ਧਰਮ ਪ੍ਰੀਵਰਤਨ ਦੀ ਖੂਨੀ ਨੀਤੀ ਅਪਣਾਈ ਹੋਈ ਸੀ। ਇਸ ਵਿਦਰੋਹ ਵਿੱਚ ਔਰੰਗਜੇਬ ਦੇ ਸਤਾਏ ਹ ੋਏ ਕਸ਼ਮੀਰੀ ਪੰਡਿਤ ਕ੍ਰਿਪਾ ਰਾਮ ਦੀ ਅਗਵਾਈ ਹੇਠ ਗੁਰੂ ਸਾਹਿਬ ਜੀ ਦੀ ਸ਼ਰਨ ਹੇਠ ਆਏ ਅਤੇ ਫ਼ਰਿਆਦ ਕੀਤੀ ਕਿ ਧਰਮ ਦੀ ਰੱਖਿਆ ਕਰੋ। ਗੁਰੂ ਸਾਹਿਬ ਜੀ ਨੂੰ ਆਗਰੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਕਰ ਦਿੱਤਾ ਗਿਆ। ਗੁਰੂ ਜੀ ਨੇ ਮਾਨਵਤਾ ਨੂੰ ਬਚਾਉਣ ਹਿੱਤ ਲਾਸਾਨੀ ਸ਼ਹੀਦੀ ਦਿੱਤੀ।
ਧਾਰਮਿਕ ਕਵੀ ਦਰਬਾਰ ਦੇ ਦੌਰ ਵਿੱਚ ਕਵੀਆਂ ਭਾਈ ਠਾਕਰ ਸਿੰਘ, ਭਾਈ ਤਰਸੇਮ ਸਿੰਘ, ਬੀਬੀ ਬਲਵਿੰਦਰ ਕੌਰ, ਭਾਈ ਤ੍ਰਲੋਚਨ ਸਿੰਘ ਦੁਪਾਲਪੁਰੀ, ਭਾਈ ਜਸਦੀਪ ਸਿੰਘ ਫ਼ਰੀਮੋਂਟ, ਪ੍ਰਮਿੰਦਰ ਸਿੰਘ ਪ੍ਰਵਾਨਾ ਨੇ ਆਪਣੀਆਂ ਜੋਸ਼ੀਲੀਆ ਰਚਨਾਵਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਯਾਦਗਾਰੀ ਤਸਵੀਰਾਂ ਨਾਲ ਪ੍ਰੋਗਰਾਮ ਸੰਪੰਨ ਹੋਇਆ।
![]()
