ਅੰਮ੍ਰਿਤਸਰ/ਏ.ਟੀ.ਨਿਊਜ਼: ਉੱਤਰਾਖੰਡ ਵਿੱਚ ਕਰੀਬ 15 ਹਜ਼ਾਰ ਫੁੱਟ ਦੀ ਉੱਚਾਈ ’ਤੇ ਸਥਾਪਿਤ ਗੁਰਦੁਆਰਾ ਹੇਮਕੁੰਟ ਸਾਹਿਬ ’ਤੇ ਇਸ ਵੇਲੇ ਪੰਜ ਤੋਂ ਛੇ ਫੁੱਟ ਬਰਫ਼ ਹੈ। ਅਟਲਾਕੋਟੀ ਗਲੇਸ਼ੀਅਰ ਤੱਕ ਰਸਤੇ ਵਿੱਚ ਬਰਫ ਜੰਮੀ ਹੋਈ ਹੈ। ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਲਈ 23 ਮਈ ਤੋਂ ਗੁਰਦੁਆਰੇ ਦੇ ਕਪਾਟ ਸੰਗਤ ਵਾਸਤੇ ਖੋਲ੍ਹੇ ਜਾ ਰਹੇ ਹਨ। ਗੁਰਦੁਆਰਾ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਵਾਲੰਟੀਅਰਾਂ ਅਤੇ ਭਾਰਤੀ ਫ਼ੌਜ ਦੇ ਜਵਾਨਾਂ ਨੇ ਸਾਂਝੇ ਤੌਰ ’ਤੇ ਗੁਰਦੁਆਰਾ ਗੋਬਿੰਦਘਾਟ ਤੋਂ ਹੇਮਕੁੰਟ ਸਾਹਿਬ ਤੱਕ ਦੇ ਟਰੈਕ ਰੂਟ ਦੀ ਜਾਂਚ ਕੀਤੀ। ਇਸ ਦੌਰਾਨ ਪਤਾ ਲੱਗਿਆ ਕਿ ਹੇਮਕੁੰਟ ਸਾਹਿਬ ਵਿੱਚ ਲਗਪਗ ਪੰਜ ਤੋਂ ਛੇ ਫੁੱਟ ਬਰਫ ਜੰਮ੍ਹੀ ਹੋਈ ਸੀ। ਰਸਤੇ ਦੇ ਨਾਲ ਅਟਲਾਕੋਟੀ ਗਲੇਸ਼ੀਅਰ ਪੁਆਇੰਟ ’ਤੇ ਵੀ ਕਾਫ਼ੀ ਮਾਤਰਾ ਵਿੱਚ ਬਰਫ ਸੀ। ਟਰੱਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਦਸ ਦਿਨਾਂ ਤੋਂ ਪੈ ਰਹੀ ਬਰਫ਼ ਆਉਣ ਵਾਲੇ ਦਿਨਾਂ ਵਿੱਚ ਸੂਰਜ ਚਮਕਣ ’ਤੇ ਆਸਾਨੀ ਨਾਲ ਪਿਘਲ ਜਾਵੇਗੀ।
ਇਸ ਨਾਲ ਟਰੈਕ ਰੂਟ ਨੂੰ ਸਾਫ਼ ਕਰਨ ਅਤੇ ਯਾਤਰਾ ਨੂੰ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ। ਭਾਰਤੀ ਫ਼ੌਜ ਦੇ ਜਵਾਨਾਂ ਦੀ ਟੁਕੜੀ 15 ਅਪ੍ਰੈਲ ਤੋਂ ਬਾਅਦ ਰਸਤੇ ’ਤੇ ਬਰਫ਼ ਸਾਫ਼ ਕਰਨ ਲਈ ਜਾਵੇਗੀ। ਪ੍ਰਬੰਧਕ ਕਮੇਟੀ ਇਹ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ ਕਿ ਸਾਲਾਨਾ ਯਾਤਰਾ ਸਬੰਧੀ ਪੋਰਟਲ ਖੁੱਲ੍ਹਣ ਤੋਂ ਪਹਿਲਾਂ ਪੂਰੀ ਤਰ੍ਹਾਂ ਸੁਰੱਖਿਅਤ ਰਸਤੇ ਅਤੇ ਸ਼ਰਧਾਲੂਆਂ ਵਾਸਤੇ ਲੋੜੀਦੀਆਂ ਸਹੂਲਤਾਂ ਦਾ ਪ੍ਰਬੰਧ ਮੁਕੰਮਲ ਕੀਤਾ ਜਾ ਸਕੇ। ਯਾਤਰਾ ਲਈ ਪਹਿਲਾ ਜਥਾ 20 ਮਈ ਨੂੰ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ।
![]()
