ਡਾਕਟਰ ਧਰਮ ਸਿੰਘ:
ਕਿਸੇ ਮੁਸ਼ਕਿਲ ਸ਼ਬਦ ਜਾਂ ਸਤਰ ਦੀ ਸਰਲ ਭਾਸ਼ਾ ਵਿਚ ਕੀਤੀ ਗਈ ਵਿਆਖਿਆ ਜਾਂ ਤਸ਼ਰੀਹ ਨੂੰ ਟੀਕਾ ਆਖਿਆ ਜਾਂਦਾ ਹੈ । ਕਈ ਤਰ੍ਹਾਂ ਦੀਆਂ ਸਮਾਜਿਕ, ਸੱਭਿਆਚਾਰਕ, ਭਾਸ਼ਾਈ ਅਤੇ ਸਾਹਿਤਕ ਤਬਦੀਲੀਆਂ ਕਰਕੇ ਪੁਰਾਣੇ ਗ੍ਰੰਥਾਂ ਦੇ ਟੀਕਿਆਂ ਦੀ ਲੋੜ ਪੈਂਦੀ ਹੈ ।
ਗੁਰਬਾਣੀ ਦੀ ਟੀਕਾਕਾਰੀ ਵਿਚ ਭਾਈ ਵੀਰ ਸਿੰਘ ਦਾ ਵਧੇਰੇ ਕੰਮ 'ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ' ਅਤੇ 'ਪੰਜ ਗ੍ਰੰਥੀ ਸਟੀਕ' ਵਿਚ ਮਿਲਦਾ ਹੈ ।ਇਸ ਕੰਮ ਵਿਚ ਭਾਈ ਜੀ ਨੂੰ ਆਪਣੇ ਛੋਟੇ ਭਰਾ ਸ. ਬਲਬੀਰ ਸਿਘ ਦਾ ਸਹਿਯੋਗ ਪ੍ਰਾਪਤ ਰਿਹਾ ਹੈ | ਭਾਈ ਵੀਰ ਸਿੰਘ ਦਾ ਦਿਹਾਂਤ 1957 ਈ. ਵਿਚ ਹੋਇਆ, ਜਦਕਿ ਸੰਥਯਾ ਪਹਿਲੀ ਵਾਰ 1958 ਈ. ਵਿਚ ਛਪੀ। ਇੱਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਡਾ. ਬਲਬੀਰ ਸਿੰਘ ਕੇਵਲ ਟੀਕਾਕਾਰੀ ਵਿਚ ਹੀ ਭਾਈ ਜੀ ਦੇ ਸਹਾਇਕ ਨਹੀਂ ਰਹੇ, ਸਗੋਂ ਉਨ੍ਹਾਂ ਇਸ ਟੀਕੇ ਦੀ ਭੂਮਿਕਾ ਵੀ ਲਿਖੀ ਹੈ, ਜਿਸ 'ਚ ਪਹਿਲਾਂ ਹੋ ਚੁੱਕੇ ਟੀਕਿਆਂ ਦਾ ਵੇਰਵਾ ਵੀ ਹੈ । ਸੰਥਯਾ ਤੋਂ ਬਾਅਦ 'ਪੰਜ ਗ੍ਰੰਥੀ ਸਟੀਕ' ਹੈ | ਇਸ ਸਟੀਕ ਦਾ ਕੋਈ ਸਫ਼ਾ ਅਜਿਹਾ ਨਹੀਂ, ਜਿਸ ਉੱਪਰ ਪੈਰ ਟਿੱਪਣੀਆਂ ਨਾ ਹੋਣ | ਇਹ ਟਿੱਪਣੀਆਂ ਡਾ. ਬਲਬੀਰ ਸਿੰਘ ਦੀਆਂ ਹਨ, ਭਾਈ ਵੀਰ ਸਿੰਘ ਦੀਆਂ ਨਹੀਂ ।ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਕ ਟੀਕਾ 'ਫ਼ਰੀਦਕੋਟੀ ਟੀਕੇ' ਦੇ ਨਾਂਅ ਨਾਲ ਮਸ਼ਹੂਰ ਹੈ, ਜਿਸ ਦਾ ਦੂਜਾ ਸੋਧਿਆ ਹੋਇਆ ਸੰਸਕਰਣ ਡਾ. ਬਲਬੀਰ ਸਿੰਘ ਦੁਆਰਾ ਹੀ ਤਿਆਰ ਕੀਤਾ ਗਿਆ ਸੀ ।
ਗੁਰਬਾਣੀ ਦੀ ਟੀਕਾਕਾਰੀ 'ਚ ਡਾ. ਬਲਬੀਰ ਸਿੰਘ ਦੀ ਸਭ ਤੋਂ ਵੱਧ ਕੁਸ਼ਲਤਾ 'ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ' (ਦੋ ਜਿਲਦਾਂ) 'ਚ ਵੇਖੀ ਜਾ ਸਕਦੀ ਹੈ । ਡਾ. ਬਲਬੀਰ ਸਿੰਘ ਦੀ ਖੋਜ ਦਾ ਇਕ ਉੱਤਮ ਨਮੂਨਾ ਨਿਰੁਕਤ (ਜਿਲਦ ਪਹਿਲੀ) ਦੀ ਭੂਮਿਕਾ ਹੈ, ਜਿਸ ਵਿਚ ਉਨ੍ਹਾਂ ਦੇ ਉਦੋਂ ਤੱਕ ਪ੍ਰਾਪਤ ਟੀਕਿਆਂ ਦੇ ਵਿਵਰਣ ਵਿਚ ਉਨ੍ਹਾਂ ਦੀਆਂ ਖੂਬੀਆਂ ਅਤੇ ਖਾਮੀਆਂ ਬਾਰੇ ਟਿੱਪਣੀਆਂ ਹਨ ।
ਗੁਰਬਾਣੀ ਦੀ ਟੀਕਾਕਾਰੀ 'ਚ ਡਾ. ਬਲਬੀਰ ਸਿੰਘ ਦੀ ਸਭ ਤੋਂ ਵੱਧ ਅਤੇ ਭਰਵੀਂ ਕੁਸ਼ਲਤਾ 'ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ' (ਦੋ ਜਿਲਦਾਂ) ਵਿਚ ਵੇਖੀ ਜਾ ਸਕਦੀ ਹੈ ।ਡਾ. ਬਲਬੀਰ ਸਿੰਘ ਦੀ ਨਜ਼ਰ ਵਿਚ ਪਹਿਲਾਂ ਹੋ ਚੁੱਕੇ ਟੀਕੇ ਜਾਂ ਵਿਆਖਿਆਕਾਰੀ ਵੀ ਸੀ, ਸੋ ਉਨ੍ਹਾਂ ਵਿਚਲੀਆਂ ਲੱਭਤਾਂ ਨੂੰ ਦੁਹਰਾਉਣ ਦੀ ਲੋੜ ਨਹੀਂ ਸੀ । ਭਾਈ ਵੀਰ ਸਿੰਘ ਨੇ ਸਭ ਤੋਂ ਪਹਿਲਾਂ ਆਪਣੇ ਨਾਨਾ ਗਿਆਨੀ ਹਜ਼ਾਰਾ ਸਿੰਘ ਦੀ ਅਗਵਾਈ ਵਿਚ 1897 ਈ. ਵਿਚ ਜੈਤਸਰੀ ਦੀ ਵਾਰ ਦਾ ਟੀਕਾ ਕੀਤਾ, ਜੋ ਸਹਿਜੇ-ਸਹਿਜੇ 1958 'ਚ ਸੰਥਯਾ ਦੇ ਰੂਪ 'ਚ ਛਪਿਆ । ਨਿਰੁਕਤ 1972 'ਚ ਪਹਿਲੀ ਜਿਲਦ 1972 ਈ. ਵਿਚ ਛਪੀ ।ਇੰਜ ਦੋਵਾਂ ਦਰਮਿਆਨ ਤਕਰੀਬਨ ਅੱਧੀ ਸਦੀ ਦਾ ਵਕਫ਼ਾ ਪੈ ਜਾਂਦਾ ਹੈ । ਇਸ ਅੱਧੀ ਸਦੀ 'ਚ ਕਈ ਹਵਾਲਾ ਪੁਸਤਕਾਂ ਅਤੇ ਕੋਸ਼ ਆਦਿ ਛਪੇ, ਜਿਨ੍ਹਾਂ ਦੀ ਮਦਦ ਨਾਲ ਹੋਰ ਕਈ ਘੁੰਡੀਆਂ ਖੁੱਲ੍ਹ ਸਕਦੀਆਂ ਸਨ ।ਸੋ ਨਿਰੁਕਤ ਲਈ ਨਾ ਕੇਵਲ ਟੀਕਿਆਂ, ਸਗੋਂ ਹੋਰ ਵੀ ਪੁਸਤਕਾਂ ਦੀ ਮਦਦ ਵੀ ਲਈ ਗਈ ।
'ਨਿਰੁਕਤ' ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦੇ ਅਰਥ ਹਨ ਨਿਸ਼ਚੇ ਕਰਕੇ ਕਹੀ ਹੋਈ ਗੱਲ, ਨਿਯੁਕਤ ਕੀਤਾ ਹੋਇਆ ਰੂਪ ਅਰਥਾਤ ਕਿਸੇ ਸ਼ਬਦ ਦੀ ਛਾਣ-ਬੀਣ ਕਰਕੇ ਉਸ ਦਾ ਠਹਿਰਾਇਆ ਹੋਇਆ ਅਰਥ ਰੂਪ (ਜਿਲਦ ਪਹਿਲੀ ਪੰਨਾ 'ਗ') ਡਾ. ਬਲਬੀਰ ਸਿੰਘ ਵਲੋਂ ਗੁਰਬਾਣੀ ਦੀ ਵਿਆਖਿਆਕਾਰੀ ਲਈ ਨਿਰੁਕਤ ਤਿਆਰ ਕਿਉਂ ਕਰਨਾ ਪਿਆ? ਇਸ ਵੱਲ ਸੰਕੇਤ ਕਰਦਿਆਂ ਉਨ੍ਹਾਂ ਲਿਖਿਆ ਹੈ, 'ਨਿਰੁਕਤ ਇਕ ਐਸੀ ਚੀਜ਼ ਹੋਣੀ ਚਾਹੀਦੀ ਹੈ, ਜੋ ਆਮ ਜਨਤਾ ਲਈ ਰੌਚਕ ਹੋਵੇ', ਗੁਰਬਾਣੀ ਦੇ ਪ੍ਰੇਮੀਆਂ ਲਈ ਪ੍ਰੇਰਨਾ ਭਰਪੂਰ ਅਤੇ ਕਥਾ ਕਰਨ ਵਾਲਿਆਂ ਲਈ ਪ੍ਰਮਾਣਾਂ ਦਾ ਮੂਲ ਸਰੋਤ ਹੋਵੇ । ਇਨ੍ਹਾਂ ਤਿੰਨਾਂ ਪਹਿਲੂਆਂ ਨੂੰ ਮੁੱਖ ਰੱਖ ਕੇ ਇਸ ਗੱਲ ਵੱਲ ਵੀ ਖਿਆਲ ਰੱਖਿਆ ਗਿਆ ਹੈ ਕਿ ਜਿੱਥੇ ਕਿਤੇ ਪਹਿਲਾਂ ਕੀਤੇ ਗਏ ਅਰਥਾਂ 'ਚ ਊਣਤਾਈ ਰਹਿ ਗਈ ਹੋਵੇ, ਉਨ੍ਹਾਂ ਨੂੰ ਸੋਧਿਆ ਜਾਵੇ ।
ਨਿਰੁਕਤ ਰਚੇ ਜਾਣ ਦੀ ਇਕ ਨਿਸ਼ਚਿਤ ਵਿਧੀ ਹੈ ।ਇਸ ਵਿਧੀ ਅਨੁਸਾਰ ਸਭ ਤੋਂ ਪਹਿਲਾਂ ਉਸ ਸ਼ਬਦ ਵਿਸ਼ੇਸ਼ ਦੇ ਅਰਥ ਹਨ, ਫਿਰ ਉਸ ਤੋਂ ਬਣਨ ਵਾਲੀਆਂ ਅਗਲੇਰੀਆਂ ਸ਼ਬਦ ਬਣਤਰਾਂ ਅਤੇ ਉਨ੍ਹਾਂ ਦੇ ਪ੍ਰਸੰਗਾਨਕੂਲ ਅਰਥ ਹਨ ।ਉਦਾਹਰਨ ਵਜੋਂ 'ਉਦਾਸੀ' ਸ਼ਬਦ ਦੇ 6 ਅਰਥ ਹਨ ਅਤੇ ਉਸ ਸ਼ਬਦ ਦੀ ਵੱਖ-ਵੱਖ ਥਾਵਾਂ ਅਤੇ ਸੰਦਰਭਾਂ ਵਿਚ ਵਰਤੋਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ।ਇਸੇ ਤਰ੍ਹਾਂ 'ਅੱਖਰ' ਸ਼ਬਦ ਦੇ 16 ਅਰਥ ਦੱਸ ਕੇ ਉਨ੍ਹਾਂ ਦੀ ਭਿੰਨ-ਭਿੰਨ ਸਰੋਤਾਂ 'ਚ ਵਰਤੋਂ ਬਿਆਨ ਕੀਤੀ ਗਈ ਹੈ ।ਇੰਜ ਨਿਰੁਕਤ ਕੇਵਲ ਟੀਕਾ ਜਾਂ ਸ਼ਬਦਾਰਥ ਨਾ ਰਹਿ ਕੇ ਦਰਸ਼ਨ ਕੋਸ਼, ਇਤਿਹਾਸ ਕੋਸ਼, ਸਾਹਿਤ ਕੋਸ਼, ਮਿਥਿਹਾਸ ਕੋਸ਼, ਸਾਹਿਤ-ਬਿਲਾਸ ਕੋਸ਼ ਅਤੇ ਸ਼ਬਦਾਵਲੀ ਕੋਸ਼ ਵੀ ਬਣ ਗਿਆ ਹੈ, ਜਿਸ ਦੀ ਵਰਤੋਂ ਬਹੁ-ਮੰਤਵੀ ਬਣ ਨਿਬੜੀ ਹੈ ।
ਨਿਰੁਕਤ 'ਚ ਜੇਕਰ ਕੋਈ ਵਿਸ਼ੇਸ਼ ਨਾਂਅ/ਥਾਂ ਆ ਗਿਆ ਹੈ, ਤਾਂ ਉਸ ਦਾ ਇਤਿਹਾਸ, ਉਸ ਦੀ ਮਹੱਤਤਾ, ਉਸ ਸੰਬੰਧੀ ਪਹਿਲਾਂ ਤੋਂ ਚਲ ਰਹੀਆਂ ਭ੍ਰਾਂਤੀਆਂ ਦਾ ਨਿਵਾਰਣ ਵੀ ਕੀਤਾ ਗਿਆ ਹੈ ।ਉਦਾਹਰਨ ਵਜੋਂ ਸ੍ਰੀ ਗੁਰੂ ਅਮਰਦਾਸ ਜੀ ਦੀ ਕੁਰੂਕਸ਼ੇਤਰ ਫੇਰੀ ਦੀ ਮਿਤੀ ਨੂੰ ਲੈ ਕੇ ਕਾਫੀ ਵਿਵਾਦ ਸੀ ਪਰ ਡਾ. ਬਲਬੀਰ ਸਿੰਘ ਨੇ ਆਪਣੀਆਂ ਦਲੀਲਾਂ ਅਤੇ ਬੁੱਧੀ-ਬਿਬੇਕ ਰਾਹੀਂ ਇਸ ਭ੍ਰਾਂਤੀ ਦਾ ਨਿਵਾਰਣ ਕਰਨ ਦੀ ਕੋਸ਼ਿਸ਼ ਕੀਤੀ ਹੈ ।
ਡਾ. ਤਾਰਨ ਸਿੰਘ ਨੇ ਨਾ ਕੇਵਲ ਇਸ ਗੱਲ ਦੀ ਪ੍ਰਸੰਸਾ ਕੀਤੀ ਹੈ, ਸਗੋਂ ਇਸ ਵਿਧੀ ਰਾਹੀਂ ਇਤਿਹਾਸਕ ਅਤੇ ਸਿੱਖ ਇਤਹਾਸ ਦੇ ਹੋਰ ਮਸਲੇ ਸੁਲਝਾਉੁਣ ਦੀ ਸਲਾਹ ਵੀ ਦਿੱਤੀ ਹੈ । ਉਨ੍ਹਾਂ ਦੇ ਸ਼ਬਦ ਹਨ, ਇਸ ਖੋਜੀ ਦੀ ਖ਼ਾਸ ਮਾਅਰਕੇ ਦੀ ਗੱਲ ਹੈ | ਡਾ. ਸਾਹਿਬ ਇਕ ਨਵਾਂ ਰਾਹ ਦਿਖਾ ਗਏ ਹਨ | ਆਪ ਜ਼ਬਾਨੀ ਕਹਿੰਦੇ ਸਨ ਕਿ ਅਜਿਹੇ ਹੋਰ ਵੀ ਕੁਝ ਸੰਕੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਨ, ਜਿਨ੍ਹਾਂ ਤੋਂ ਭਾਰਤੀ ਇਤਿਹਾਸ ਅਤੇ ਸਿੱਖ ਇਤਿਹਾਸ ਦੀਆਂ ਕਈ ਥਿਤਾਂ ਨਿਸ਼ਚਿਤ ਰੂਪ ਵਿਚ ਗਣਨਾ ਦੁਆਰਾ ਲੱਭੀਆਂ ਜਾ ਸਕਦੀਆਂ ਹਨ ।ਆਪ ਦੀ ਦਿੱਤੀ ਸੇਧ ਅਨੁਸਾਰ ਕੰਮ ਕਰਨ ਦੀ ਲੋੜ ਹੈ (ਜਿਲਦ ਦੂਜੀ) ਇਸੇ ਜਿਲਦ ਦੀ ਭੂਮਿਕਾ ਵਜੋਂ ਲਿਖਿਆ ਗਿਆ ਨਿਬੰਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਇਸ ਦੀਆਂ ਦਾਰਸ਼ਨਿਕ ਰਮਜ਼ਾਂ ਨੂੰ ਸਮਝਣ 'ਚ ਸਹਾਈ ਹੁੰਦਾ ਹੈ ।ਤਕਰੀਬਨ ਇਕ ਹਜ਼ਾਰ ਸਫ਼ੇ (ਪਹਿਲੀਆਂ ਦੋ ਜਿਲਦਾਂ) ਵਿਚ ਫੈਲਿਆ ਨਿਰੁਕਤ ਡਾ. ਬਲਬੀਰ ਸਿੰਘ ਦੀ ਵਿਆਖਿਆਕਾਰੀ ਦਾ ਇਕ ਉੱਤਮ ਨਮੂਨਾ ਮੰਨਿਆ ਜਾ ਸਕਦਾ ਹੈ ।
![]()
