ਡਾਕਟਰ ਸੁਖਦੇਵ ਸਿੰਘ
ਵਰਤਮਾਨ ਸਮੇਂ ਏ.ਆਈ. (ਆਰਟੀਫਿਸ਼ੀਅਲ ਇੰਟੈਲੀਜੈਂਸ) ਅਰਥਾਤ ਮਸਨੂਈ ਬੁੱਧੀ ਦਾ ਬਹੁਤ ਬੋਲਬਾਲਾ ਹੈ, ਜਿਸ ਨੇ ਜ਼ਿੰਦਗੀ ਦੇ ਹਰ ਖੇਤਰ ਵਿਚ ਪੈਰ ਪਸਾਰ ਲਏ ਹਨ। ਜ਼ਿੰਦਗੀ ਦੇ ਹੋਰ ਖੇਤਰਾਂ ਦੇ ਨਾਲ-ਨਾਲ ਗੁਰਬਾਣੀ ਵਿਆਖਿਆ ਵਿਚ ਵੀ ਮਸਨੂਈ ਬੁੱਧੀ ਸ਼ਾਮਿਲ ਹੋ ਚੁੱਕੀ ਹੈ। ਇਸ ਰਾਹੀਂ ਅਧਿਆਤਮਕਤਾ ਤੇ ਤਕਨੀਕ ਦਾ ਸੁਮੇਲ ਹੁੰਦਾ ਹੈ। ਮਸਨੂਈ ਬੁੱਧੀ ਦੇ ਵੱਖ-ਵੱਖ ਮੰਚ ਜਿਵੇਂ ਕਿ ਓਪਨ ਏ.ਆਈ., ਚੈਟ ਜੀ.ਪੀ.ਟੀ, ਗੂਗਲ ਕਲਾਊਡ ਪਲੇਟਫਾਰਮ ਏ.ਆਈ. ਤੇ ਹੋਰ ਉਪਭੋਗਤਾਵਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਭਾਵੇਂ ਕੀ ਇਨ੍ਹਾਂ ਦੁਆਰਾ ਮੁਹੱਈਆ ਕਰਵਾਈ ਜਾ ਰਹੀ ਗੁਰਬਾਣੀ ਵਿਆਖਿਆ ਨੂੰ ਉਪਭੋਗਤਾਵਾਂ ਦੁਆਰਾ ਵਰਤਿਆ ਜਾ ਰਿਹਾ ਹੈ ਪਰ ਅਜੇ ਇਨ੍ਹਾਂ ਪਲੇਟਫਾਰਮਾਂ ਦੁਆਰਾ ਪੇਸ਼ ਕੀਤੀ ਜਾ ਰਹੀ ਗੁਰਬਾਣੀ ਵਿਆਖਿਆ ‘ਤੇ ਕਈ ਪ੍ਰਕਾਰ ਦੇ ਪ੍ਰਸ਼ਨ-ਚਿੰਨ੍ਹ ਉਠਾਏ ਜਾ ਰਹੇ ਹਨ।
ਮਸਨੂਈ ਬੁੱਧੀ ਦੀ ਸਹਾਇਤਾ ਨਾਲ ਅਸੀਂ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਸਮਝ ਸਕਦੇ ਹਾਂ। ਇਸ ਰਾਹੀਂ ਗੁਰਬਾਣੀ ਦੀ ਭਾਸ਼ਾ, ਵਿਆਖਿਆ, ਇਤਿਹਾਸਕ ਪਿਛੋਕੜ ਆਦਿ ਨੂੰ ਸਮਝਿਆ ਜਾ ਸਕਦਾ ਹੈ। ਇਸ ਰਾਹੀਂ ਅਸੀਂ ਮਸਨੂਈ ਬੁੱਧੀ ਨੂੰ ਗੁਰਬਾਣੀ ਦੀ ਕੋਈ ਵੀ ਪੰਕਤੀ ਜਾਂ ਸ਼ਬਦ ਦੱਸ ਕੇ ਜਾਂ ਟਾਇਪ ਕਰਕੇ ਉਸ ਦੀ ਵਿਆਖਿਆ ਲਈ ਕਹਿ ਸਕਦੇ ਹਾਂ। ਮਸਨੂਈ ਬੁੱਧੀ ਇਸ ਕਾਰਜ ਨੂੰ ਉਸੇ ਸਮੇਂ ਕਰਦੀ ਹੈ ਤੇ ਜੇਕਰ ਉਸ ਕੋਲ ਹੋਰ ਵਿਆਖਿਆ ਬਾਰੇ ਪੁੱਛਿਆ ਜਾਵੇ ਤਾਂ ਉਹ ਉਸ ਸ਼ਬਦ ਦਾ ਹੋਰ ਵਿਸ਼ਲੇਸ਼ਣ ਵੀ ਕਰ ਦਿੰਦੀ ਹੈ। ਇਸ ਨਾਲ ਜਗਿਆਸੂ ਨੂੰ ਉਸੇ ਸਮੇਂ ਗੁਰਬਾਣੀ ਦੇ ਅਰਥਾਂ ਦੀ ਜਾਣਕਾਰੀ ਮਿਲ ਜਾਂਦੀ ਹੈ ਤੇ ਉਸ ਦੀ ਸ਼ਬਦ ਦੇ ਭਾਵ ਅਰਥਾਂ ਤੱਕ ਵੀ ਰਸਾਈ ਹੋ ਜਾਂਦੀ ਹੈ। ਸਵਾਲ ਇਹ ਹੈ ਕਿ ਮਸਨੂਈ ਬੁੱਧੀ ਨਾਲ ਗੁਰਬਾਣੀ ਵਿਆਖਿਆ ‘ਤੇ ਕਿੰਤੂ ਕਿਸ ਕਾਰਨ ਕੀਤੇ ਜਾ ਰਹੇ ਹਨ? ਅਸਲ ਵਿਚ ਮਸਨੂਈ ਬੁੱਧੀ ਇਕ ਮਸ਼ੀਨਯੁਕਤ ਪ੍ਰਣਾਲੀ ਹੈ, ਜੋ ਇੰਟਰਨੈੱਟ ‘ਤੇ ਪਏ ਡਾਟੇ ਨੂੰ ਖੰਗਾਲ ਕੇ ਆਪਣੀ ਸਮਰੱਥਾ ਮੁਤਾਬਕ ਵਰਤੋਂਕਾਰ ਦੇ ਸਾਹਮਣੇ ਪੇਸ਼ ਕਰਦੀ ਹੈ। ਇਸ ਵਿਚ ਕਈ ਪ੍ਰਕਾਰ ਦੀਆਂ ਖ਼ਾਮੀਆਂ ਦਾ ਰਹਿ ਜਾਣਾ ਸੁਭਾਵਿਕ ਹੈ। ਇਸ ਲਈ ਗੁਰਬਾਣੀ ਵਿਆਖਿਆ ਚਾਹੁਣ ਵਾਲਾ ਵਰਤੋਂਕਾਰ ਤਟਫਟ ਰੂਪ ‘ਚ ਆਪਣੀ ਲੋੜ ਤਾਂ ਪੂਰੀ ਕਰ ਸਕਦਾ ਹੈ ਪਰ ਉਹ ਅੱਖਾਂ ਮੀਟ ਕੇ ਇਸ ਨੂੰ ਪ੍ਰਵਾਨ ਨਹੀਂ ਕਰ ਸਕਦਾ। ਇਹੀ ਕਾਰਨ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਦੁਆਰਾ ਗੁਰਬਾਣੀ ਵਿਆਖਿਆ ਪ੍ਰਦਾਨ ਕਰਨ ਵਾਲੇ ਮਸਨੂਈ ਬੁੱਧੀ ਦੇ ਮੰਚਾਂ ਨੂੰ ਇਸ ਸੰਬੰਧੀ ਪੱਤਰ ਵੀ ਲਿਖਿਆ ਗਿਆ ਹੈ। ਇਸ ਪਿੱਛੇ ਕਾਰਨ ਇਹ ਹੈ ਕਿ ਗੁਰਬਾਣੀ ਬਿਬੇਕ ਬੁੱਧ ਦਾ ਵਿਸ਼ਾ ਹੈ, ਨਾ ਕਿ ਮਸਨੂਈ ਬੁੱਧੀ ਦਾ ਕਿਉਂਕਿ ਗੁਰਬਾਣੀ ਕਵਿਤਾ ਵਿਚ ਰਚੀ ਗਈ ਹੈ ਤੇ ਇਸ ਵਿਚ ਪਰਾਲੌਕਿਕ ਵਿਚਾਰਾਂ ਨੂੰ ਪ੍ਰਸਤੁਤ ਕੀਤਾ ਗਿਆ ਹੈ, ਜਿਸ ਕਾਰਨ ਗੁਰਬਾਣੀ ਨੂੰ ਸਹੀ ਤਰੀਕੇ ਨਾਲ ਸਮਝਣਾ ਸਧਾਰਨ ਪਾਠਕ ਲਈ ਥੋੜ੍ਹਾ ਕਠਿਨ ਹੁੰਦਾ ਹੈ। ਇਸ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਕਾਵਿ ‘ਚ ਰਚਿਤ ਗੁਰਬਾਣੀ ਵਿਆਖਿਆ ਦੇ ਯਤਨ ਨਿਰੰਤਰ ਹੁੰਦੇ ਰਹੇ ਹਨ। ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਦੇ ਸਮੇਂ ਭਾਈ ਗੁਰਦਾਸ ਜੀ ਨੇ ਹੀ ਗੁਰਬਾਣੀ ਵਿਆਖਿਆ ਦਾ ਕਾਰਜ ਕੀਤਾ ਤੇ ਉਨ੍ਹਾਂ ਦੀਆਂ ਵਾਰਾਂ ਨੂੰ ‘ਗੁਰਬਾਣੀ ਦੀ ਕੁੰਜੀ’ ਕਿਹਾ ਜਾਂਦਾ ਹੈ। ਇਸ ਮਗਰੋਂ ਗੁਰਬਾਣੀ ਵਿਆਖਿਆ ਦੇ ਯਤਨ ਲਗਾਤਾਰ ਹੁੰਦੇ ਰਹੇ ਤੇ ਇਸ ਨਾਲ ਸੰਬੰਧਿਤ ਕਈ ਪ੍ਰਣਾਲੀਆਂ ਵੀ ਸਥਾਪਤ ਹੋਈਆਂ, ਜਿਵੇਂ ਸਹਿਜ ਪ੍ਰਣਾਲੀ, ਭਾਈ ਪ੍ਰਣਾਲੀ, ਪਰਮਾਰਥ ਪ੍ਰਣਾਲੀ, ਉਦਾਸੀ ਪ੍ਰਣਾਲੀ, ਨਿਰਮਲਾ ਪ੍ਰਣਾਲੀ, ਸੰਪਰਦਾਇ ਪ੍ਰਣਾਲੀ, ਸਿੰਘ ਸਭਾਈ ਪ੍ਰਣਾਲੀ ਆਦਿ। ਇਨ੍ਹਾਂ ਦੁਆਰਾ ਗੁਰਬਾਣੀ ਦੀ ਕੀਤੀ ਵਿਆਖਿਆ ਸਦਕਾ ਨਾ ਕੇਵਲ ਸਧਾਰਨ ਪਾਠਕ ਨੂੰ ਗੁਰਬਾਣੀ ਸਮਝਣ ਵਿਚ ਆਸਾਨੀ ਹੋਈ, ਸਗੋਂ ਇਨ੍ਹਾਂ ਸਦਕਾ ਹੀ ਗੁਰਮਤਿ ਦੇ ਪ੍ਰਚਾਰ-ਪਸਾਰ ਵਿਚ ਵੀ ਉੱਨਤੀ ਹੋਈ। ਪ੍ਰੋ. ਸਾਹਿਬ ਸਿੰਘ ਦੁਆਰਾ ‘ਗੁਰੂ ਗ੍ਰੰਥ ਸਾਹਿਬ ਦਰਪਣ’ ਰਾਹੀਂ ਗੁਰਬਾਣੀ ਦੀ ਟੀਕਾਕਾਰੀ ਤੇ ਵਿਆਖਿਆ ਦਾ ਕਾਰਜ ਮੀਲ ਪੱਥਰ ਸਾਬਤ ਹੋਇਆ। ਗੁਰਬਚਨ ਸਿੰਘ ਤਾਲਿਬ ਤੇ ਮਨਮੋਹਨ ਸਿੰਘ ਨੇ ਗੁਰਬਾਣੀ ਦਾ ਅੰਗਰੇਜ਼ੀ ਵਿਚ ਤਰਜ਼ਮਾ ਤੇ ਵਿਆਖਿਆ ਕਰਕੇ ਇਸ ਖੇਤਰ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ।
ਸੂਚਨਾ ਤਕਨੀਕ ਦੇ ਆਉਣ ਨਾਲ ਤੇ ਵਿਸ਼ੇਸ਼ ਤੌਰ ‘ਤੇ ਇੰਟਰਨੈੱਟ ਦੀ ਆਮਦ ਨਾਲ ਗੁਰਬਾਣੀ ਵਿਆਖਿਆ ਵਿਚ ਕ੍ਰਾਂਤੀਕਾਰੀ ਪਰਿਵਰਤਨ ਆਇਆ ਹੈ। ਸਾਲ 2004 ਵਿਚ ਗੁਰੂ ਗ੍ਰੰਥ ਸਾਹਿਬ ਦੇ 400 ਸਾਲਾ ਪ੍ਰਕਾਸ਼ ਦਿਵਸ ਦੇ ਮੌਕੇ ਭਾਈ ਬਲਜਿੰਦਰ ਸਿੰਘ ਰਾੜਾ ਸਾਹਿਬ ਦੁਆਰਾ ਸ. ਕੁਲਬੀਰ ਸਿੰਘ ਥਿੰਦ ਅਮਰੀਕਾ ਵਾਲਿਆਂ ਦੀ ਸਹਾਇਤਾ ਨਾਲ ‘ਈਸ਼ਰ ਮਾਈਕ੍ਰੋ ਮੀਡੀਆ’ ਨਾਂਅ ਦੇ ਸਾਫਟਵੇਅਰ ਦੁਆਰਾ ਗੁਰਬਾਣੀ ਵਿਆਖਿਆ ਨੂੰ ਇੰਟਰਨੈੱਟ ‘ਤੇ ਮੁੱਹਈਆ ਕਰਾਉਣ ਦਾ ਕਾਰਜ ਕੀਤਾ ਗਿਆ। ਇਸ ਤੋਂ ਬਾਅਦ ਵੀ ਇਸ ਕਿਸਮ ਦੇ ਅਨੇਕਾਂ ਯਤਨ ਹੁੰਦੇ ਰਹੇ ਹਨ। ਪ੍ਰੋ. ਸਾਹਿਬ ਸਿੰਘ ਦੇ ‘ਗੁਰੂ ਗ੍ਰੰਥ ਸਾਹਿਬ ਦਰਪਣ’ ਤੋਂ ਬਾਅਦ ਡਾ. ਰਤਨ ਸਿੰਘ ਜੱਗੀ ਦੁਆਰਾ ‘ਗੁਰੂ ਗ੍ਰੰਥ ਸਾਹਿਬ ਬੋਧ’ ਦੇ ਨਾਂਅ ਹੇਠ ਗੁਰਬਾਣੀ ਵਿਆਖਿਆ ਦਾ ਕਾਰਜ ਕੀਤਾ ਗਿਆ। ਭਾਵੇਂ ਕਿ ਸਮੇਂ-ਸਮੇਂ ਕੁਝ ਹੋਰ ਯਤਨ ਵੀ ਹੁੰਦੇ ਰਹੇ ਹਨ ਪਰ ‘ਗੁਰੂ ਗ੍ਰੰਥ ਸਾਹਿਬ ਦਰਪਣ’ ਦੇ ਨਾਮਕਰਨ ਨਾਲ ਕੀਤਾ ਗਿਆ ਟੀਕਾ ਅੱਜ ਵੀ ਪੰਥ ਪ੍ਰਵਾਨਿਤ ਹੈ ਤੇ ਸ਼੍ਰੋਮਣੀ ਕਮੇਟੀ ਵੀ ਇਸੇ ਨੂੰ ਮਾਨਤਾ ਦਿੰਦੀ ਹੈ। ਸਮਾਰਟ ਫ਼ੋਨਾਂ ਦੇ ਆਉਣ ਨਾਲ ਵੱਖ-ਵੱਖ ਐਪਸ ਵੀ ਗੁਰਬਾਣੀ ਵਿਆਖਿਆ ਪਾਠਕਾਂ ਲਈ ਉਪਲਬਧ ਕਰਵਾਉਂਦੀਆਂ ਹਨ। ਇਨ੍ਹਾਂ ਦਾ ਆਧਾਰ ਵੀ ਅਕਸਰ ਪ੍ਰੋ. ਸਾਹਿਬ ਸਿੰਘ ਦੁਆਰਾ ਕੀਤਾ ਟੀਕਾ ਹੀ ਹੁੰਦਾ ਹੈ। ਹੁਣ ਸੂਚਨਾ ਤਕਨੀਕ ਮਸਨੂਈ ਬੁੱਧੀ ਦੇ ਪੱਧਰ ਤੱਕ ਪਹੁੰਚ ਚੁੱਕੀ ਹੈ। ਪਰ ਜਦੋਂ ਗੁਰਬਾਣੀ ਦੀ ਸਮਝ ਜਾਂ ਵਿਆਖਿਆ ਬਾਰੇ ਗੱਲ ਕਰਦੇ ਹਾਂ ਤਾਂ ਇਹ ਬਿਬੇਕ ਬੁੱਧ ਰਾਹੀਂ ਹੀ ਹੋ ਸਕਦੀ ਹੈ। ਇਸ ਦੀ ਵਿਆਖਿਆ ਦੀ ਗਹਿਰਾਈ ਲਈ ਵਿਦਵਤਾ ਦੇ ਨਾਲ-ਨਾਲ ਉੱਚ ਅਧਿਆਤਮਕ ਅਵਸਥਾ ਵੀ ਆਪਣਾ ਵੱਡਾ ਯੋਗਦਾਨ ਪਾਉਂਦੀ ਹੈ। ਜਦੋਂ ਅਸੀਂ ਗੁਰਬਾਣੀ ਵਿਆਖਿਆ ਲਈ ਮਸਨੂਈ ਬੁੱਧੀ ਦੀ ਵਰਤੋਂ ਕਰਦੇ ਹਾਂ ਤਾਂ ਇਸ ਦੀਆਂ ਕੁਝ ਸੀਮਾਵਾਂ ਸਾਹਮਣੇ ਆਉਂਦੀਆਂ ਹਨ। ਸਭ ਤੋਂ ਪਹਿਲੀ ਸੀਮਾ ਤਾਂ ਇਹ ਹੈ ਕਿ ਮਸਨੂਈ ਬੁੱਧੀ ਦੁਆਰਾ ਗੁਰਬਾਣੀ ਦੇ ਕੀਤੇ ਗਏ ਅਰਥ ਸਹੀ ਭਾਂਤ ਦੇ ਹੀ ਹੋਣਗੇ? ਇਸ ਗੱਲ ਦੀ ਸ਼ੰਕਾ ਬਣੀ ਰਹਿੰਦੀ ਹੈ। ਇਹ ਗੁਰਬਾਣੀ ਦੇ ਸੰਦੇਸ਼ ਦੀ ਗਹਿਰਾਈ ਤੱਕ ਅਪਹੁੰਚ ਹੀ ਰਹਿੰਦੀ ਹੈ। ਇਹ ਆਤਮਿਕ ਅਨੁਭੂਤੀ ਤੱਕ ਨਹੀਂ ਪਹੁੰਚ ਸਕਦੀ। ਇਸ ਦੇ ਨਾਲ ਹੀ ਇਹ ਤੱਥ ਵੀ ਮਹੱਤਵਪੂਰਨ ਹੈ ਕਿ ਸੰਦਰਭ ਦੇ ਨਾਲ ਗੁਰਬਾਣੀ ਦੇ ਅਰਥ ਵੀ ਬਦਲ ਜਾਂਦੇ ਹਨ।
ਗੁਰਬਾਣੀ ਦੇ ਕਈ ਸ਼ਬਦਾਂ ਨਾਲ ਉਥਾਨਕਾਵਾਂ ਵੀ ਜੁੜੀਆਂ ਹੋਈਆਂ ਹਨ। ਮਸਨੂਈ ਬੁੱਧੀ ਲਈ ਇਨ੍ਹਾਂ ਸੰਦਰਭਾਂ ਨੂੰ ਸਮਝਣਾ ਆਸਾਨ ਨਹੀਂ ਹੈ। ਇਸ ਲਈ ਇਸ ਦੁਆਰਾ ਕੀਤੀ ਗਈ ਵਿਆਖਿਆ ਨੂੰ ਬਿਬੇਕ ਬੁੱਧ ਦੇ ਮੁਕਾਬਲੇ ਨਹੀਂ ਰੱਖਿਆ ਜਾ ਸਕਦਾ। ਜਿਵੇਂ ਉੱਪਰ ਜ਼ਿਕਰ ਕੀਤਾ ਗਿਆ ਹੈ ਕਿ ਗੁਰਬਾਣੀ ਦੀਆਂ ਕਈ ਵਿਆਖਿਆ ਪ੍ਰਣਾਲੀਆਂ ਹਨ ਤੇ ਹਰ ਵਿਆਖਿਆਕਾਰ ਨੇ ਆਪਣੀ ਬਿਬੇਕ ਬੁੱਧ ਨਾਲ ਗੁਰਬਾਣੀ ਦੇ ਅਰਥ ਕੀਤੇ ਹਨ। ਮਸਨੂਈ ਬੁੱਧੀ ਲਈ ਕਿਸੇ ਸਹੀ ਸਰੋਤ ਦੀ ਤਲਾਸ਼ ਮੁਸ਼ਕਿਲ ਹੋ ਸਕਦੀ ਹੈ ਤੇ ਉਹ ਸੀਮਤ ਖੋਜ ਖੇਤਰ ‘ਚੋਂ ਹੀ ਆਪਣੀ ਸਮਰੱਥਾ ਅਨੁਸਾਰ ਚੋਣ ਕਰਕੇ ਵਿਆਖਿਆ ਸਮੱਗਰੀ ਪੇਸ਼ ਕਰ ਸਕਦੀ ਹੈ। ਅਜਿਹੇ ਵਿਚ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੁੰਦੇ ਹਨ ਕਿ ਕੀ ਮਸਨੂਈ ਬੁੱਧੀ ਗੁਰਬਾਣੀ ਦੇ ਅਸਲ ਅਰਥਾਂ ਨੂੰ ਹੀ ਪੇਸ਼ ਕਰ ਰਹੀ ਹੈ? ਕੀ ਇਹ ਵਰਤੋਂਕਾਰ ਦੇ ਸਾਹਮਣੇ ਮਨਮਰਜ਼ੀ ਦੀ ਵਿਆਖਿਆ ਤਾਂ ਪੇਸ਼ ਨਹੀਂ ਕਰ ਰਹੀ? ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕਿਤੇ ਧਾਰਮਿਕ ਭਾਵਨਾਵਾਂ ਨੂੰ ਜਾਣੇ-ਅਣਜਾਣੇ ਠੇਸ ਤਾਂ ਨਹੀਂ ਪਹੁੰਚ ਰਹੀ? ਇਨ੍ਹਾਂ ਸਾਰੇ ਕਾਰਨਾਂ ਕਰਕੇ ਅਜੇ ਗੁਰਬਾਣੀ ਦੀ ਮਸਨੂਈ ਬੁੱਧੀ ਦੁਆਰਾ ਕੀਤੀ ਵਿਆਖਿਆ ਨੂੰ ਵਿਸ਼ਵਾਸਯੋਗਤਾ ਦੇ ਦਾਇਰੇ ‘ਚ ਆਉਣ ਲਈ ਲੰਬਾ ਪੈਂਡਾ ਤੈਅ ਕਰਨਾ ਪਵੇਗਾ। ਜੇਕਰ ਸਾਰੇ ਮਸਨੂਈ ਬੁੱਧੀ ਦੇ ਮੰਚ ਉਪਰੋਕਤ ਉਠਾਏ ਪ੍ਰਸ਼ਨਾਂ ਦਾ ਹੱਲ ਕਰਦੇ ਹਨ ਤਾਂ ਇਨ੍ਹਾਂ ਦੁਆਰਾ ਕੀਤੀ ਗਈ ਗੁਰਬਾਣੀ ਵਿਆਖਿਆ ਤੋਂ ਵਰਤੋਂਕਾਰ ਵਧੇਰੇ ਲਾਭ ਉਠਾ ਸਕਦੇ ਹਨ। ਇਸ ਲਈ ਸਾਰੇ ਮਸਨੂਈ ਬੁੱਧੀ ਮੰਚਾਂ ਨੂੰ ਅਜੇ ਹੋਰ ਬਹੁਤ ਸਾਰੇ ਯਤਨ ਕਰਨੇ ਪੈਣਗੇ।
![]()
