ਗੁਰਮਤਿ ਅਨੁਸਾਰ ਹੋਵੇ ਮੌਜੂਦਾ ਪੰਥਕ ਸੰਕਟ ਦਾ ਹੱਲ

In ਸੰਪਾਦਕੀ
February 21, 2025
ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਕਾਰਨ ਪੰਥ ਵਿੱਚ ਪੈਦਾ ਹੋਇਆ ਮੌਜੂਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਸ੍ਰ. ਧਾਮੀ ਦੇ ਅਸਤੀਫ਼ੇ ਨੇ ਜਿਥੇ ਪੰਥਕ ਗਲਿਆਰਿਆਂ ਵਿੱਚ ਜਿਥੇ ਨਵੀਂ ਚਰਚਾ ਛੇੜੀ ਹੈ, ਉਥੇ ਹੁਣ ਸਭ ਦੀਆਂ ਨਜ਼ਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲ ਲੱਗ ਗਈਆਂ ਹਨ ਕਿ ਉਹ ਇਸ ਸੰਕਟ ਦੀ ਘੜੀ ਵਿੱਚ ਕੀ ਫ਼ੈਸਲਾ ਲੈਂਦੇ ਹਨ? ਸ੍ਰ.ਧਾਮੀ ਦੇ ਅਸਤੀਫ਼ੇ ਤੋਂ ਬਾਅਦ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਅਤੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ’ਤੇ ਨੈਤਿਕ ਦਬਾਅ ਪੈਣਾ ਸ਼ੁਰੂ ਹੋ ਗਿਆ ਹੈ ਕਿ ਉਹ ਪੰਥਕ ਮਰਿਆਦਾ ਅਨੁਸਾਰ ਆਪਣੇ ਅਗਲੇ ਫ਼ੈਸਲੇ ਲੈਣ ਅਤੇ ਅਕਾਲੀ ਦਲ ਨੂੰ ਮੁੜ ਪੰਥਕ ਧਾਰਾ ਨਾਲ ਜੋੜਨ। ਸ਼੍ਰੋਮਣੀ ਅਕਾਲੀ ਦਲ ਲੰਬਾ ਸਮਾਂ ਸਿੱਖਾਂ ਦੀ ਪੰਥਕ ਜਥੇਬੰਦੀ ਰਹੇ ਹੋਣ ਦਾ ਮਾਣ ਹਾਸਿਲ ਕਰ ਚੁੱਕਿਆ ਹੈ ਅਤੇ ਇੱਕ ਸਮਾਂ ਅਜਿਹਾ ਵੀ ਸੀ ਕਿ ਹਰ ਸਿੱਖ ਹੀ ਆਪਣੇ ਆਪ ਨੂੰ ਅਕਾਲੀ ਸਮਝਦਾ ਸੀ ਅਤੇ ਅਕਾਲੀ ਦਲ ਦੀਆਂ ਪੱਕੀਆਂ ਪੰਥਕ ਵੋਟਾਂ ਸਨ। ਇਹਨਾਂ ਪੱਕੀਆਂ ਪੰਥਕ ਵੋਟਾਂ ਕਾਰਨ ਹੀ ਅਕਾਲੀ ਦਲ ਹਰ ਤਰ੍ਹਾਂ ਦੀਆਂ ਵੋਟਾਂ ਵਿੱਚ ਜਿੱਤ ਜਾਂਦਾ ਸੀ ਤੇ ਇਹਨਾਂ ਪੰਥਕ ਵੋਟਾਂ ਕਾਰਨ ਹੀ ਅਕਾਲੀ ਦਲ ਅਨੇਕਾਂ ਸਾਲ ਪੰਜਾਬ ਵਿੱਚ ਸੱਤਾ ਦਾ ਸੁੱਖ ਭੋਗਦਾ ਰਿਹਾ। ਕਈ ਸਾਲ ਪਹਿਲਾਂ ਅਕਾਲੀ ਦਲ ਦੇ ਉਸ ਸਮੇਂ ਦੇ ਪ੍ਰਧਾਨ ਸ੍ਰ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਸਿੱਖੀ ਅਤੇ ਪੰਥਕ ਸਰੂਪ ਨੂੰ ਤਿਲਾਂਜਲੀ ਦਿੰਦਿਆਂ ਇਸ ਨੂੰ ਪੂਰੇ ਪੰਜਾਬੀਆਂ ਦੀ ਪਾਰਟੀ ਬਣਾ ਦਿੱਤਾ ਗਿਆ। ਜਿਸ ਤੋਂ ਬਾਅਦ ਇਸ ਪਾਰਟੀ ਦਾ ਸਰੂਪ ਹੋਲੀ ਹੋਲੀ ਬਦਲਣਾ ਸ਼ੁਰੂ ਹੋ ਗਿਆ। ਭਾਵੇਂ ਕਿ ਇਹ ਪਾਰਟੀ ਕਾਫ਼ੀ ਸਮਾਂ ਸੱਤਾ ਦਾ ਸੁੱਖ ਭੋਗਦੀ ਰਹੀ ਪਰ ਬੇਦਅਬੀ ਮੁੱਦਿਆਂ ਕਾਰਨ ਇਸ ਪਾਰਟੀ ਤੋਂ ਇਸ ਦੀਆਂ ਪੰਥਕ ਵੋਟਾਂ ਹੀ ਇਸ ਤੋਂ ਦੂਰ ਹੋ ਗਈਆਂ, ਜਿਸ ਕਾਰਨ ਅਕਾਲੀ ਦਲ ਵੱਖ ਵੱਖ ਕਿਸਮ ਦੀਆਂ ਚੋਣਾਂ ਵਿੱਚ ਹਾਰਦਾ ਚਲਾ ਗਿਆ। ਜਿਸ ਕਾਰਨ ਅਕਾਲੀ ਦਲ ਇੱਕ ਤਰ੍ਹਾਂ ਪੰਜਾਬ ਦੀ ਸਿਆਸਤ ਵਿੱਚ ਹਾਸ਼ੀਏ ’ਤੇ ਪਹੁੰਚ ਗਿਆ। ਕੁਝ ਸਮਾਂ ਪਹਿਲਾਂ ਅਕਾਲੀ ਦਲ ਬਾਦਲ ਤੋਂ ਬਾਗੀ ਹੋਏ ਅਕਾਲੀ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਰਨ ਪਹੁੰਚੇ ਅਤੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਅਕਾਲੀ ਦਲ ਵਿੱਚ ਨਵੀਂ ਭਰਤੀ ਕਰਨ ਲਈ ਕਿਹਾ ਅਤੇ ਇਸ ਮੌਕੇ ਸੁਖਬੀਰ ਬਾਦਲ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ ਗਿਆ। ਸੁਖਬੀਰ ਬਾਦਲ ਵੱਲੋਂ ਭਾਵੇਂ ਆਪਣੀ ਧਾਰਮਿਕ ਸਜ਼ਾ ਤਾਂ ਭੁਗਤ ਲਈ ਗਈ, ਪਰ ਇਸ ਤੋਂ ਬਾਅਦ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਕੁਝ ਅਕਾਲੀ ਆਗੂਆਂ ਵਿਚਾਲੇ ਕੁਝ ਵਿਵਾਦ ਹੋ ਗਿਆ। ਉਸ ਤੋਂ ਬਾਅਦ ਦੇ ਘਟਨਾਕ੍ਰਮ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਫ਼ਾਰਗ ਕਰ ਦਿੱਤਾ ਗਿਆ। ਜੇ ਗਿਆਨੀ ਹਰਪ੍ਰੀਤ ਸਿੰਘ ਚਾਹੁੰਦੇ ਤਾਂ ਉਹ ਵੀ ਅਸਤੀਫ਼ਾ ਦੇ ਸਕਦੇ ਸਨ ਪਰ ਉਹਨਾਂ ਨੇ ਅਸਤੀਫ਼ਾ ਦੇਣ ਦੀ ਥਾਂ ਹਰ ਸਥਿਤੀ ਦਾ ਡਟ ਕੇ ਸਾਹਮਣਾ ਕੀਤਾ। ਇਸੇ ਕਾਰਨ ਪੰਥ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਪੱਖ ਵਿੱਚ ਹਮਦਰਦੀ ਲਹਿਰ ਚੱਲ ਪਈ। ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਫ਼ਾਰਗ ਕਰਨ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਵੀ ਵਿਰੋਧ ਕੀਤਾ। ਇਸ ਤੋਂ ਬਾਅਦ ਸ੍ਰ. ਧਾਮੀ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਕਾਰਨ ਹੁਣ ਪੰਥਕ ਸੰਕਟ ਹੋਰ ਡੂੰਘਾ ਹੋ ਗਿਆ ਹੈ। ਅਸਤੀਫ਼ਾ ਦੇ ਕੇ ਸ੍ਰ. ਧਾਮੀ ਨੇ ਆਪਣੇ ਆਪ ਨੂੰ ਭਾਵੇਂ ਸੁਰਖਰੂ ਕਰ ਲਿਆ ਹੈ, ਪਰ ਇਹ ਕਦਮ ਚੁੱਕ ਕੇ ਉਹਨਾਂ ਨੇ ਇੱਕ ਤਰ੍ਹਾਂ ਸਿਆਸੀ ਖੁਦਕੁਸ਼ੀ ਕਰ ਲਈ ਹੈ। ਕਿੰਨਾ ਚੰਗਾ ਹੁੰਦਾ ਕਿ ਜੇਕਰ ਧਾਮੀ ਸਾਹਿਬ ਅਸਤੀਫ਼ਾ ਦੇਣ ਦੀ ਬਜਾਏ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਲਾਗੂ ਕਰਦੇ ਤੇ ਬਾਦਲਕੇ ਉਹਨਾਂ ਨੂੰ ਦੋ ਤਿਹਾਈ ਮੈਂਬਰਾਂ ਨਾਲ ਲਾਂਭੇ ਕਰਦੇ। ਭਾਵੇਂ ਕਿ ਵੱਖ- ਵੱਖ ਸਿੱਖ ਜਥੇਬੰਦੀਆਂ ਵੱਲੋਂ ਸ੍ਰ. ਧਾਮੀ ’ਤੇ ਅਸਤੀਫ਼ਾ ਵਾਪਸ ਲੈਣ ਲਈ ਕਿਹਾ ਜਾ ਰਿਹਾ ਹੈ, ਪਰ ਸ੍ਰ. ਧਾਮੀ ਵੱਲੋਂ ਅਸਤੀਫ਼ਾ ਵਾਪਸ ਲੈਣ ਦੀ ਸੰਭਾਵਨਾ ਘੱਟ ਹੈ। ਪੰਥਕ ਹਲਕਿਆਂ ਵਿੱਚ ਇਹ ਵਿਚਾਰ ਪਾਇਆ ਜਾ ਰਿਹਾ ਹੈ ਕਿ ਬਾਦਲਕਿਆਂ ਵੱਲੋਂ ਆਪਣੇ ਨਿੱਜੀ ਹਿੱਤਾਂ ਲਈ ਪੰਥਕ ਸੰਸਥਾਵਾਂ ਦੀ ਵਰਤੋ ਕੀਤੀ ਜਾ ਰਹੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਬਾਦਲ ਪਰਿਵਾਰ ਵੱਲੋਂ ਆਪਣੀ ਨਿੱਜੀ ਪ੍ਰਾਪਰਟੀ ਸਮਝਿਆ ਜਾ ਰਿਹਾ ਹੈ। ਇਸੇ ਕਾਰਨ ਵੱਖ- ਵੱਖ ਅਕਾਲੀ ਆਗੂ ਹੁਣ ਸੁਖਬੀਰ ਬਾਦਲ ਦੀ ਅਗਵਾਈ ਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂ ਪਰ ਸੁਖਬੀਰ ਬਾਦਲ ਅਕਾਲੀ ਦਲ ਤੋਂ ਆਪਣਾ ਕਬਜ਼ਾ ਛੱਡਣ ਲਈ ਤਿਆਰ ਨਹੀਂ। ਦੋਵੇਂ ਧਿਰਾਂ ਦੀ ਇਸੇ ਅੜੀ ਕਾਰਨ ਹੀ ਮੌਜੂਦਾ ਪੰਥਕ ਸੰਕਟ ਪੈਦਾ ਹੋਇਆ ਹੈ, ਜਿਸ ਦਾ ਅਜੇ ਕੋਈ ਹੱਲ ਹੁੰਦਾ ਦਿਖਾਈ ਨਹੀਂ ਦੇ ਰਿਹਾ। ਗਿਆਨੀ ਹਰਪ੍ਰੀਤ ਸਿੰਘ ਅਤੇ ਹੋਰ ਸਿੱਖ ਆਗੂ ਕਹਿ ਰਹੇ ਹਨ ਕਿ ਅਕਾਲੀ ਦਲ ਹੁਣ ਭਗੌੜਾ ਦਲ ਬਣ ਚੁੱਕਿਆ ਹੈ। ਇਹ ਸਿੱਖ ਆਗੂ ਦਾਅਵਾ ਕਰ ਰਹੇ ਹਨ ਕਿ ਅਕਾਲੀ ਦਲ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੀਤੀ 2 ਦਸੰਬਰ ਨੂੰ ਸੁਣਾਏ ਗਏ ਫ਼ੈਸਲਿਆਂ ਤੋਂ ਹੀ ਭਗੌੜਾ ਹੋ ਗਿਆ ਹੈ। ਅਕਾਲੀ ਦਲ ਜਿਸ ਤਰ੍ਹਾਂ ਦੀ ਸਥਿਤੀ ਦਾ ਇਸ ਸਮੇਂ ਸਾਹਮਣਾ ਕਰ ਰਿਹਾ ਹੈ, ਇਸ ਤਰ੍ਹਾਂ ਦੀ ਸਥਿਤੀ ਦਾ ਪਹਿਲਾਂ ਕਦੇ ਵੀ ਸਾਹਮਣਾ ਨਹੀਂ ਕਰਨਾ ਪਿਆ। ਸੁਖਬੀਰ ਬਾਦਲ ਅਤੇ ਬਲਵਿੰਦਰ ਸਿੰਘ ਭੁੰਦੜ ਅੱਗੇ ਅਜੇ ਵੀ ਮੌਕਾ ਹੈ ਕਿ ਉਹ ਅਕਾਲੀ ਦਲ ਨੂੰ ਮੁੜ ਪੰਥਕ ਧਾਰਾ ਵਿੱਚ ਲੈ ਆਉਣ, ਨਹੀਂ ਤਾਂ ਉਹਨਾਂ ਦੀ ਗਿਣਤੀ ਪੰਥ ਦੇ ਭਗੌੜਿਆਂ ਵਿੱਚ ਹੋ ਸਕਦੀ ਹੈ। 1920 ਵਿੱਚ ਹੋਂਦ ’ਚ ਆਇਆ ਅਕਾਲੀ ਦਲ ਇੱਕ ਸਦੀ ਬਾਅਦ 2020 ਵਿੱਚ ਢਹਿ ਢੇਰੀ ਹੋਣਾ ਸ਼ੁਰੂ ਹੋ ਗਿਆ ਸੀ। ਹੁਣ 1925 ਵਿੱਚ ਹੋਂਦ ਵਿੱਚ ਆਈ ਸ਼੍ਰੋਮਣੀ ਕਮੇਟੀ ਨੂੰ ਸਾਲ 2025 ਵਿੱਚ ਮੌਜੂਦਾ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਇਸ ਦੇ ਪ੍ਰਧਾਨ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਲਾਗੂ ਕਰਵਾਉਣ ਦੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਅਸਤੀਫ਼ਾ ਹੀ ਦੇ ਗਏ। ਇਸ ਸਮੇਂ ਪੰਥ ਦੀ ਵੱਡੀ ਲੋੜ ਹੈ ਕਿ ਮੌਜੂਦਾ ਪੰਥਕ ਸੰਕਟ ਦੇ ਹੱਲ ਲਈ ਸਾਰੀਆਂ ਪੰਥਕ ਧਿਰਾਂ ਇਕੱਠੀਆਂ ਹੋਣ ਅਤੇ ਸਰਬ ਸੰਮਤੀ ਨਾਲ ਗੁਰਮਤਿ ਦੀ ਮਰਿਆਦਾ ਦਾ ਪਾਲਣ ਕਰਦਿਆਂ ਇਸ ਸੰਕਟ ਦਾ ਸਰਬ ਪ੍ਰਵਾਨਿਤ ਹੱਲ ਕੱਢਿਆ ਜਾਵੇ।

Loading