ਗੁਰਿੰਦਰਵੀਰ ਨੇ 100 ਮੀਟਰ ਦੌੜ ਵਿਚ ਬਣਾਇਆ ਨਵਾਂ ਕੌਮੀ ਰਿਕਾਰਡ

In ਖੇਡ ਖਿਡਾਰੀ
April 02, 2025
ਗੁਰਿੰਦਰਵੀਰ ਸਿੰਘ ਨੇ ਬੀਤੇ ਦਿਨੀਂ ਇੰਡੀਅਨ ਗ੍ਰਾਂ ਪ੍ਰੀ 1 (ਆਈਜੀਪੀ 1) ’ਚ 10.20 ਸੈਕਿੰਡ ਦੀ ਤੇਜ਼ ਦੌੜ ਨਾਲ ਪੁਰਸ਼ਾਂ ਦੀ 100 ਮੀਟਰ ਫਰਰਾਟਾ ਦੌੜ ’ਚ ਨਵਾਂ ਰਾਸ਼ਟਰੀ ਰਿਕਾਰਡ ਤੋੜ ਦਿੱਤਾ। ਰਿਲਾਇੰਸ ਦੀ ਅਗਵਾਈ ਕਰਨ ਵਾਲੇ 24 ਸਾਲਾ ਪੰਜਾਬ ਦੇ ਦੌੜਾਕ ਨੇ ਅਕਤੂਬਰ 2023 ’ਚ ਮਣੀਕਾਂਤ ਹੋਬਲੀਧਰ ਵੱਲੋਂ ਬਣਾਏ ਗਏ 10.23 ਸਕਿੰਟ ਦੇ ਪੁਰਾਣੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਗੁਰਿੰਦਰਵੀਰ ਦਾ ਪਿਛਲਾ ਵਿਅਕਤੀਗਤ ਸਰਬੋਤਮ 10.27 ਸੈਕਿੰਡ ਸੀ, ਜੋ ਉਸ ਨੇ 2021 ਵਿਚ ਬਣਾਇਆ ਸੀ। ਰਿਲਾਇੰਸ ਦੇ ਹੀ ਹੋਬਲੀਧਰ 10.22 ਸਕਿੰਟ ਦੇ ਸਮੇਂ ਨਾਲ ਦੂਜੇ ਸਥਾਨ 'ਤੇ ਰਹੇ। ਉਨ੍ਹਾਂ ਵੀ ਪੁਰਸ਼ਾਂ ਦੀ 100 ਮੀਟਰ ਫਾਈਨਲ ਰੇਸ 'ਡੀ' ਵਿਚ ਆਪਣੇ ਹੀ ਪਿਛਲੇ ਰਾਸ਼ਟਰੀ ਰਿਕਾਰਡ ਨੂੰ 0.01 ਸੈਕਿੰਡ ਨਾਲ ਬਿਹਤਰ ਕੀਤਾ। ਲੇਨ ਪੰਜ ਤੇ ਛੇ ਵਿਚ ਇਕ-ਦੂਜੇ ਨਾਲ ਦੌੜਦੇ ਹੋਏ ਗੁਰਿੰਦਰਵੀਰ ਤੇ ਹੋਬਲੀਧਰ ਵਿਚਕਾਰ ਬਹੁਤ ਹੀ ਸਖਤ ਮੁਕਾਬਲਾ ਹੋਇਆ। ਹਾਲਾਂਕਿ, ਗੁਰਿੰਦਰਵੀਰ ਨੇ ਥੋੜ੍ਹੇ ਫਰਕ ਨਾਲ ਰੇਸ ਜਿੱਤ ਕੇ ਰਾਸ਼ਟਰੀ ਰਿਕਾਰਡ ਨੂੰ 0.03 ਸੈਕਿੰਡ ਦੇ ਫਰਕ ਨਾਲ ਆਪਣੇ ਨਾਮ ਕਰ ਲਿਆ। ਅਮਲਾਨ ਬੋਰਗੋਹੇਨ ਨੇ 10.43 ਸੈਕਿੰਡ ਦੇ ਸਮੇਂ ਨਾਲ ਤੀਜਾ ਸਥਾਨ ਹਾਸਲ ਕੀਤਾ, ਜਿਸ ਨਾਲ ਰਿਲਾਇੰਸ ਨੇ ਟਾਪ ਦੇ ਤਿੰਨ ਸਥਾਨਾਂ 'ਤੇ ਕਬਜ਼ਾ ਕਰ ਲਿਆ। ਇਹ ਤਿਕੜੀ ਤੇ ਅਨਿਮੇਸ਼ ਕੁਜੂਰ 100 ਮੀਟਰ ’ਚ ਪਿਛਲੇ ਕੁਝ ਸਮੇਂ ਤੋਂ ਭਾਰਤ ਦੇ ਸਿਖਰ ਦੇ ਦੌੜਾਕ ਰਹੇ ਹਨ। ਕੁਜੂਰ ਨੇ ਇਸ ਮੁਕਾਬਲੇ ’ਚ ਹਿੱਸਾ ਨਹੀਂ ਲਿਆ। ਗੁਰਿੰਦਰਵੀਰ ਨੇ ਇਸ ਤੋਂ ਪਹਿਲਾਂ 2021 ਤੇ 2024 ਦੀ ਰਾਸ਼ਟਰੀ ਅੰਤਰਰਾਜ਼ੀ ਚੈਂਪੀਅਨਸ਼ਿਪ ਦੇ ਨਾਲ-ਨਾਲ 2024 ਫੈੱਡਰੇਸ਼ਨ ਕੱਪ ’ਚ 100 ਮੀਟਰ ’ਚ ਗੋਲਡ ਮੈਡਲ ਵੀ ਜਿੱਤਿਆ ਸੀ। ਗੁਰਿੰਦਰਵੀਰ ਸਿੰਘ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਿਆ ਅਤੇ ਮੈਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗਾ।ਮੇਰਾ ਅਗਲਾ ਟੀਚਾ ਏਸ਼ੀਅਨ ਚੈਂਪੀਅਨਸ਼ਿਪ ਵਿੱਚੋਂ ਗੋਲਡ ਮੈਡਲ ਹਾਸਿਲ ਕਰਨ ਦਾ ਹੈ। ਮੈਂ ਇਹ ਵੀ ਟੀਚਾ ਰੱਖਿਆ ਹੋਇਆ ਕਿ ਇਸੇ ਸਾਲ ਮੈਂ ਆਪਣੇ ਪ੍ਰਦਰਸ਼ਨ ਵਿੱਚ ਹੋਰ ਵੀ ਸੁਧਾਰ ਕਰਾਂ ਅਤੇ 10.01 ਸੈਕਿੰਡ ਦੇ ਸਮੇਂ ਵਿੱਚ ਆਪਣੀ 100 ਮੀਟਰ ਦੌੜ ਪੂਰੀ ਕਰਾਂlਗੁਰਿੰਦਰ ਸਿੰਘ ਕਹਿੰਦੇ ਹਨ ਕਿ ਮੈਂ ਚਾਹੁੰਦਾ ਹਾਂ ਕਿ ਓਲੰਪਿਕ ਵਿੱਚੋਂ ਵੀ ਮੈਡਲ ਹਾਸਿਲ ਕਰਾਂ ਤੇ ਆਉਣ ਵਾਲੇ ਸਮੇਂ ਵਿੱਚ ਆਪਣੇ ਪ੍ਰਦਰਸ਼ਨ ਨੂੰ ਹੋਰ ਵੀ ਸੁਧਾਰਾਂ ਅਤੇ ਆਪਣੀ 100 ਮੀਟਰ ਦੌੜ ਨੌ ਤੋਂ ਸਾਢੇ ਨੌ ਸੈਕਿੰਡ ਵਿੱਚ ਪੂਰੀ ਕਰਾਂ।" ਕੌਣ ਹਨ ਦੌੜਾਕ ਗੁਰਿੰਦਰਵੀਰ ਸਿੰਘ ਗੁਰਿੰਦਰਵੀਰ ਸਿੰਘ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਪਤਿਆਲਾ (ਪਤਿਆਲ) ਦੇ ਰਹਿਣ ਵਾਲੇ ਹਨ। ਗੁਰਿੰਦਰਵੀਰ ਸਿੰਘ ਨੇ ਅਥਲੈਕਿਟਸ ਉਦੋਂ ਸ਼ੁਰੂ ਕੀਤੀ, ਜਦੋਂ ਉਹ ਛੇਵੀਂ ਜਮਾਤ ਵਿੱਚ ਪੜ੍ਹਦੇ ਸਨ।ਗੁਰਿੰਦਰਵੀਰ ਸਿੰਘ ਨੂੰ ਅਥਲੈਟਿਸ ਵੱਲ ਲਾਉਣ ਵਾਲੇ ਉਨ੍ਹਾਂ ਦੇ ਪਿਤਾ ਹੀ ਸਨ, ਜੋ ਪੰਜਾਬ ਪੁਲਿਸ ਵਿੱਚ ਅੱਜ-ਕੱਲ੍ਹ ਏਐੱਸਆਈ ਵਜੋਂ ਸੇਵਾਵਾਂ ਨਿਭਾਅ ਰਹੇ ਸਨ।ਗੁਰਿੰਦਰਵੀਰ ਸਿੰਘ ਦੇ ਪਿਤਾ ਕਮਲਜੀਤ ਸਿੰਘ ਖੁਦ ਵੀ ਵਾਲੀਵਾਲ ਦੇ ਖਿਡਾਰੀ ਰਹਿ ਚੁੱਕੇ ਸਨ। ਜਦੋਂ ਗੁਰਿੰਦਰਵੀਰ ਸਿੰਘ ਨੌਵੀਂ ਜਮਾਤ ਵਿੱਚ ਆਇਆ ਤਾਂ ਉਸ ਨੇ ਸਰਵਣ ਸਿੰਘ ਕੋਚ ਕੋਲ ਗੁਰ ਲੈਣੇ ਸ਼ੁਰੂ ਕੀਤੇ। ਨੌਵੀਂ ਜਮਾਤ ਕਰਨ ਮਗਰੋਂ ਗੁਰਿੰਦਰਵੀਰ ਸਿੰਘ ਜਲੰਧਰ ਗਿਆ ਜਿੱਥੇ ਕੋਚ ਸਰਬਜੀਤ ਸਿੰਘ ਹੈਪੀ ਕੋਲ ਕੋਚਿੰਗ ਲੈਣੀ ਸ਼ੁਰੂ ਕੀਤੀ। ਸਰਬਜੀਤ ਸਿੰਘ ਹੈਪੀ ਕੋਲ ਕੋਚਿੰਗ ਲੈਣ ਬਾਅਦ ਗੁਰਿੰਦਰਵੀਰ ਸਿੰਘ ਦੀ ਜ਼ਿੰਦਗੀ ਬਦਲ ਗਈ। ਉਨ੍ਹਾਂ ਦੇ ਅੰਡਰ ਕੋਚਿੰਗ ਲੈਣ ਮਗਰੋਂ ਗੁਰਿੰਦਰਵੀਰ ਸਿੰਘ ਨੇ ਕਈ ਟੂਰਨਾਮੈਂਟਾਂ ਵਿੱਚ ਮੈਡਲ ਹਾਸਿਲ ਕੀਤੇ। ਕੋਚ ਸਰਬਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਇਨ੍ਹਾਂ ਦੇ ਪਿਤਾ ਨੂੰ ਪਹਿਲੇ ਹੀ ਦਿਨ ਕਿਹਾ ਸੀ ਕਿ ਪਹਿਲੇ ਤਿੰਨ ਚਾਰ ਸਾਲ ਕੋਈ ਉਮੀਦ ਨਾ ਕਰਿਓ, ਕਿਉਂਕਿ ਸ਼ੁਰੂਆਤੀ ਸਾਲਾਂ ਵਿੱਚ ਅਥਲੀਟ ਦਾ ਬੇਸ ਬਣਦਾ ਹੈ ਉਸ ਤੋਂ ਬਾਅਦ ਨਤੀਜੇ ਬਾਰੇ ਸੋਚ ਸਕਦੇ ਹਾਂ।ਕੋਚ ਸਰਬਜੀਤ ਸਿੰਘ ਹੈਪੀ ਮੁਤਾਬਕ ਗੁਰਿੰਦਰਵੀਰ ਸਿੰਘ ਵਿੱਚ ਆਪਣੀ ਗੇਮ ਪ੍ਰਤੀ ਲਗਨ ਬਹੁਤ ਸੀ। ਉਹ ਮਿਹਨਤ ਕਰਨ ਵਿੱਚ ਕਾਫ਼ੀ ਵਿਸ਼ਵਾਸ ਰੱਖਦਾ ਹੈ।ਗੁਰਿੰਦਰਜੀਤ ਸਿੰਘ ਨੇ ਅੰਡਰ-18 ਅਥਲੈਟਿਕਸ ਵਿੱਚ ਹਿੱਸਾ ਲੈਂਦਿਆਂ ਨੈਸ਼ਨਲ ਰਿਕਾਰਡ ਬਣਾਇਆ। ਇਸ ਤੋਂ ਬਾਅਦ ਅੰਡਰ-19 ਏਸ਼ੀਆਈ ਖੇਡਾਂ ਵਿੱਚੋਂ ਗੋਲਡ ਮੈਡਲ ਜਿੱਤਿਆ। ਅੰਡਰ-20 ਵਿੱਚ ਗੁਰਿੰਦਰਵੀਰ ਸਿੰਘ ਨੇ 10.35 ਸੈਕਿੰਡ ਵਿੱਚ 100 ਮੀਟਰ ਦੌੜ ਪੂਰੀ ਕਰਕੇ ਨੈਸ਼ਨਲ ਰਿਕਾਰਡ ਬਣਾਇਆ। ਯੂਥ ਏਸ਼ੀਆ, ਜੂਨੀਅਰ ਏਸ਼ੀਆ, ਜੂਨੀਅਰ ਸੈਫ, ਯੂਰੋ ਏਸ਼ੀਆ ਵਿਚੋਂ ਗੋਲਡ ਮੈਡਲ ਜਿੱਤੇ।ਸੈਫ ਸੀਨੀਅਰ ਗੇਮਾਂ ਵਿੱਚ ਰਿਲੇਅ ਦੌੜ ਦੌਰਾਨ ਸਿਲਵਰ ਮੈਡਲ ਜਿੱਤਿਆ।ਕੋਚ ਸਰਬਜੀਤ ਸਿੰਘ ਦੱਸਦੇ ਹਨ ਕਿ ਜਿਸ ਸਾਲ ਕੋਰੋਨਾ ਨੇ ਦਸਤਕ ਦਿੱਤੀ ਸੀ, ਉਸ ਸਮੇਂ ਸਾਨੂੰ ਕਾਫ਼ੀ ਚਿੰਤਾ ਹੋ ਗਈ ਸੀ ਕਿ ਪ੍ਰੈਕਟਿਸ ਕਿਸ ਤਰ੍ਹਾਂ ਜਾਰੀ ਰੱਖੀ ਜਾਵੇਗੀ। ਸਰਬਜੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਮੁਸ਼ਕਲ ਹਾਲਾਤ ਵਿੱਚ ਵੀ ਗੁਰਿੰਦਰਵੀਰ ਸਿੰਘ ਨੇ ਟ੍ਰੇਨਿੰਗ ਜਾਰੀ ਰੱਖੀ।ਫਿਰ ਕਰੋਨਾ ਤੋਂ ਬਾਅਦ 2021 ਵਿੱਚ ਪਟਿਆਲਾ ਵਿਖੇ ਹੋਈ ਮੀਟ ਵਿੱਚ ਗੁਰਿੰਦਰਵੀਰ ਸਿੰਘ ਨੇ 100 ਮੀਟਰ ਦੌੜ 10.27 ਸੈਕਿੰਡ ਵਿੱਚ ਪੂਰੀ ਕੀਤੀ।ਸਰਬਜੀਤ ਸਿੰਘ ਦੱਸਦੇ ਹਨ ਕਿ ਉਦੋਂ ਵੀ 1 ਮਾਈਕਰੋ ਸੈਕਿੰਡ ਤੋਂ ਰਿਕਾਰਡ ਟੁੱਟਣੋ ਰਹਿ ਗਿਆ ਸੀ। ਇਸੇ ਵਰ੍ਹੇ ਉਤਰਾਖੰਡ ਵਿੱਚ ਹੋਈਆਂ ਰਾਸ਼ਟਰੀ ਖੇਡਾਂ ਵਿੱਚ ਗੁਰਿੰਦਰਵੀਰ ਸਿੰਘ ਚੰਗਾ ਨਹੀਂ ਕਰ ਸਕਿਆ ਸੀ। ਜਿੱਥੇ ਉਹ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਿਹਾ। ਗੁਰਿੰਦਰਵੀਰ ਸਿੰਘ 10.96 ਸਕਿੰਟ ਦੇ ਨਾਲ ਆਪਣੀ ਹੀਟਸ ਵਿੱਚੋਂ ਤੀਜੇ ਸਥਾਨ 'ਤੇ ਰਿਹਾ। ਗੁਰਿੰਦਰਵੀਰ ਸਿੰਘ ਦੇ ਪੁਰਾਣੇ ਕੋਚ ਸਰਬਜੀਤ ਸਿੰਘ ਦੱਸਦੇ ਹਨ ਕਿ ਗੁਰਿੰਦਰ ਨੂੰ ਕੁਝ ਮਹੀਨੇ ਪਹਿਲਾਂ ਰਿਲਾਇੰਸ ਫਾਊਂਡੇਸ਼ਨ ਨੇ ਅਡਾਪਟ ਕਰ ਲਿਆ ਸੀ।ਕੋਚ ਸਰਬਜੀਤ ਦੱਸਦੇ ਹਨ ਕਿ ਪੰਜਾਬ ਤੇ ਉਥੋਂ ਦੀਆਂ ਸਹੂਲਤਾਂ ਵਿੱਚ ਕਾਫ਼ੀ ਅੰਤਰ ਹੈ। ਇਸੇ ਲਈ ਗੁਰਿੰਦਰਵੀਰ ਨੂੰ ਮੁੰਬਈ ਭੇਜਣ ਦਾ ਫੈਸਲਾ ਕੀਤਾ ਸੀ ਕਿਉਂਕਿ ਮੁੰਬਈ ਵਿੱਚ ਖਿਡਾਰੀਆਂ ਨੂੰ ਹਰ ਉਹ ਸਹੂਲਤ ਮਿਲਦੀ ਹੈ, ਜਿਸਦੀ ਅੱਜ ਦੇ ਸਮੇਂ ਵਿੱਚ ਲੋੜ ਹੈ।ਸਾਡੇ ਪੰਜਾਬ ਵਿਚ ਕੋਚ ਤਾਂ ਇਕ ਅਥਲੀਟ ਨੂੰ ਮਿਲ ਜਾਂਦਾ ਪਰ ਸਹਾਇਕ ਕੋਚ ਬਿਲਕੁਲ ਨਹੀਂ ਮਿਲਦੇ। ਨਾ ਹੀ ਪੂਰੀ ਡਾਇਟ ਮਿਲ ਪਾਊਂਦੀ ਹੈ।" ਸਰਬਜੀਤ ਦੱਸਦੇ ਹਨ ਕਿ ਜਦੋਂ ਜਲੰਧਰ ਵਿੱਚ ਸਿੰਥੈਟਿਕ ਦਾ ਟਰੈਕ ਨਹੀਂ ਸੀ ਬਣਿਆ ਤਾਂ ਉਦੋਂ ਗੁਰਿੰਦਰ ਤੇ ਹੋਰ ਖਿਡਾਰੀ ਪ੍ਰੈਕਿਟਸ ਕਰਵਾਉਣ ਲਈ ਕਈ ਕਿਲੋਮੀਟਰ ਦੂਰ ਜਲੰਧਰ ਤੋਂ ਤਰਨ ਤਾਰਨ ਜਾਂਦੇ ਸੀ। ਗੁਰਿੰਦਰ ਕਹਿੰਦੇ ਹਨ ਕਿ ਮੇਰਾ ਪੰਜਾਬ ਛੱਡ ਕੇ ਮੁੰਬਈ ਵਿੱਚ ਰਿਲਾਇੰਸ ਫਾਊਂਡੇਸ਼ਨ ਜੁਆਇਨ ਕਰਨ ਦਾ ਮੁੱਖ ਮਕਸਦ ਇਹ ਸੀ ਕਿ ਉੱਥੇ ਹਰ ਤਰ੍ਹਾਂ ਦੀ ਖਿਡਾਰੀ ਨੂੰ ਸਹੂਲਤ ਮਿਲਦੀ ਹੈ ਜਿਵੇਂ ਪੰਜਾਬ ਵਿੱਚ ਸਾਨੂੰ ਪ੍ਰਤੀ ਦਿਨ 160 ਰੁਪਏ ਦੀ ਡਾਇਟ ਮਿਲਦੀ ਸੀ, ਉਹ ਵੀ ਕਦੇ ਮਿਲ ਜਾਂਦੀ ਕਦੇ ਨਹੀਂ।ਇਸ ਕਰਕੇ ਕਈ ਦਿਨ ਸਾਨੂੰ ਭੁੱਖੇ ਵੀ ਰਹਿਣਾ ਪੈਂਦਾ ਅਤੇ ਕਈ ਵਾਰ ਬਾਹਰੋਂ ਖਾਣਾ ਪੈਂਦਾ, ਜਿਸ ਕਾਰਨ ਮੇਰੀ ਸਿਹਤ ਵੀ ਖਰਾਬ ਹੋ ਗਈ ਸੀ ਤੇ ਮੈਨੂੰ ਰਿਕਵਰ ਹੋਣ ਲਈ ਤਕਰੀਬਨ ਡੇਢ ਸਾਲ ਲੱਗੇ। ਰਿਲਾਇੰਸ ਫਾਊਂਡੇਸ਼ਨ ਵੱਲੋਂ ਇੱਕ ਦਿਨ ਦੀ ਤਕਰੀਬਨ 2000 ਰੁਪਏ ਦੀ ਡਾਇਟ ਦਿੱਤੀ ਜਾਂਦੀ ਹੈ ਅਤੇ ਕੋਚ ਤੋਂ ਲੈ ਕੇ ਹਰ ਪ੍ਰਕਾਰ ਦੀ ਸਹੂਲਤ ਵੀ ਖਿਡਾਰੀ ਨੂੰ ਮਿਲਦੀ ਹੈ।"

Loading