ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਇਕ ਅਜਿਹੀ ਮਹੱਤਵਪੂਰਨ ਘਟਨਾ ਹੈ ਜਿਸ ਨੇ ਸਿੱਖ ਧਰਮ ਅਤੇ ਇਤਿਹਾਸ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰ ਦਿੱਤੀ ਸੀ। ਇਹਨਾਂ ਦੀ ਸ਼ਹਾਦਤ ਨੇ ਧਰਮ ਦੇ ਮਾਰਗ ’ਤੇ ਚੱਲਦੇ ਹੋਏ ਸ਼ਾਂਤੀ ਅਤੇ ਸੰਜਮ ਨੂੰ ਜੀਵਨ ਵਿਚ ਧਾਰਨ ਕਰਨ ਦੀ ਵਿਲੱਖਣ ਮਿਸਾਲ ਕਾਇਮ ਕੀਤੀ ਸੀ। ਇਹ ਸਮਝਿਆ ਜਾ ਰਿਹਾ ਸੀ ਕਿ ਗੁਰੂ ਜੀ ਨੂੰ ਸ਼ਹੀਦ ਕਰਕੇ ਸਿੱਖ ਧਰਮ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਪਰ ਹਾਕਮਾਂ ਦਾ ਇਹ ਅਨੁਮਾਨ ਉਸ ਸਮੇਂ ਗਲਤ ਸਾਬਤ ਹੋਇਆ ਜਦੋਂ ਪੰਚਮ ਪਾਤਸ਼ਾਹ ਦੇ ਉੱਤਰਾਧਿਕਾਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਅਤੇ ਪੀਰੀ ਦੀਆਂ ਦੋ ਕ੍ਰਿਪਾਨਾਂ ਧਾਰਨ ਕਰਕੇ ਇਹ ਸੰਦੇਸ਼ ਦੇ ਦਿੱਤਾ ਸੀ ਕਿ ਸ਼ਾਂਤੀ ਦੀ ਭਾਵਨਾ ਹਰ ਸਮੇਂ ਅਤੇ ਸਥਾਨ ਵਿਚ ਇਕੋ ਜਿਹੀ ਨਹੀਂ ਰਹਿੰਦੀ, ਇਸ ਦੇ ਰੂਪ ਬਦਲਦੇ ਰਹਿੰਦੇ ਹਨ। ਕਈ ਵਾਰੀ ਸ਼ਾਂਤੀ ਸਥਾਪਿਤ ਕਰਨ ਲਈ ਸੰਘਰਸ਼ਮਈ ਸੂਰਬੀਰਤਾ ਨੂੰ ਧਾਰਨ ਕਰਨਾ ਜਰੂਰੀ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਕਾਇਮ ਕੀਤੀ ਗਈ ਪਰੰਪਰਾ ਨੇ ਸਿੱਖ ਧਰਮ ਦੇ ਨਾਲ-ਨਾਲ ਇਸ ਖਿੱਤੇ ਦੀ ਦਿਸ਼ਾ ਅਤੇ ਦਸ਼ਾ ਨੂੰ ਬਦਲਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਪ੍ਰਮੁੱਖ ਕਾਰਜ ਉਹਨਾਂ ਦੇ ਸਮੇਂ ਦੂਰ-ਦੁਰਾਡੇ ਇਲਾਕਿਆਂ ਤੱਕ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਹੋਣਾ ਮੰਨਿਆ ਜਾਂਦਾ ਹੈ ਜਿਸ ਦਾ ਤੁਅੱਸਬੀ ਨੀਤੀ ’ਤੇ ਚੱਲਣ ਵਾਲੇ ਵਿਰੋਧ ਕਰ ਰਹੇ ਸਨ। ਮੋਹਸਿਨ ਫਾਨੀ ਵਰਗੇ ਸਮਕਾਲੀ ਇਤਿਹਾਸਕਾਰ ਇਹ ਲਿਖਣ ਲੱਗੇ ਸਨ ਕਿ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖਾਂ ਦੀ ਗਿਣਤੀ ਇੰਨੀ ਵੱਧ ਚੁੱਕੀ ਸੀ ਕਿ ਮੁਲਕ ਵਿਚ ਕੋਈ ਵੀ ਵੱਡਾ ਨਗਰ ਅਜਿਹਾ ਨਹੀਂ ਸੀ ਜਿੱਥੇ ਕੁੱਝ ਸਿੱਖ ਨਾ ਵੱਸਦੇ ਹੋਣ। ਇਹਨਾਂ ਦੇ ਸਮੇਂ ਮਸੰਦ ਅਤੇ ਦਸਵੰਧ ਦੀ ਪ੍ਰਥਾ ਅਰੰਭ ਹੋਣ ਨਾਲ ਨਿਰਧਾਰਿਤ ਰੂਪ ਵਿਚ ਮਾਇਆ ਗੁਰੂ ਘਰ ਆਉਣ ਲੱਗੀ ਸੀ ਜਿਸ ਨਾਲ ਸਿੱਖੀ ਪ੍ਰਚਾਰ ਦੇ ਕਾਰਜਾਂ ਨੂੰ ਬਲ ਮਿਲਿਆ ਸੀ। ਗੁਰੂ ਸਾਹਿਬ ਦੇ ਸਮੇਂ ਦੋ ਅਜਿਹੇ ਵੱਡੇ ਕਾਰਜ ਸਾਹਮਣੇ ਆਏ ਜਿਨ੍ਹਾਂ ਨੇ ਸਿੱਖ ਧਰਮ ਦੀਆਂ ਨੀਹਾਂ ਮਜ਼ਬੂਤ ਕਰਨ ਅਤੇ ਇਸ ਨੂੰ ਦੂਰ-ਦੁਰਾਡੇ ਇਲਾਕਿਆਂ ਤੱਕ ਲਿਜਾਣ ਦਾ ਕਾਰਜ ਕੀਤਾ ਸੀ :
1. ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ
2. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ
ਇਹਨਾਂ ਮਹੱਤਵਪਰਨ ਕਾਰਜਾਂ ਨੇ ਸਿੱਖੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਦਾ ਕਾਰਜ ਕੀਤਾ ਸੀ ਜਿਸ ਨਾਲ ਇਕ ਵੱਡਾ ਰੁੱਖ ਪ੍ਰਗਟ ਹੋਣ ਦੇ ਚਿੰਨ੍ਹ ਦਿਖਾਈ ਦੇਣ ਲੱਗੇ ਸਨ ਜਿਹੜੇ ਕਿ ਤੁਅੱਸਬ ਦੀ ਨੀਤੀ ਧਾਰਨ ਕਰਨ ਵਾਲਿਆਂ ਨੂੰ ਰੜਕਣ ਲੱਗੇ ਸਨ। ਗੁਰੂ ਸਾਹਿਬ ਦੀ ਸ਼ਹਾਦਤ ਦਾ ਤਤਕਾਲੀ ਕਾਰਨ ਭਾਵੇਂ ਕੋਈ ਵੀ ਹੋਵੇ ਪਰ ਬਾਦਸ਼ਾਹ ਜਹਾਂਗੀਰ ਦੀ ਆਪਣੀ ਟਿੱਪਣੀ ਇਸ ਪ੍ਰਸੰਗ ਵਿਚ ਸਭ ਤੋਂ ਮਹੱਤਵਪੂਰਨ ਮੰਨੀ ਜਾਂਦੀ ਹੈ ਜਿਸ ਵਿਚ ਉਹ ਕਹਿੰਦਾ ਹੈ ਕਿ ਬਹੁਤ ਸਾਰੇ ਹਿੰਦੂ ਅਤੇ ਬੇਸਮਝ ਮੁਸਲਮਾਨ ਉਸ ਦੀ ਰਹੁ-ਰੀਤੀ ਨੂੰ ਧਾਰਨ ਕਰ ਰਹੇ ਹਨ ਅਤੇ ਮੇਰੇ ਮਨ ਵਿਚ ਇਹ ਖ਼ਿਆਲ ਆ ਰਿਹਾ ਹੈ ਕਿ ਝੂਠ ਦੀ ਇਸ ਦੁਕਾਨ ਨੂੰ ਬੰਦ ਕਰ ਦਿੱਤਾ ਜਾਵੇ ਅਤੇ ਉਸ ਨੂੰ ਮੁਸਲਮਾਨ ਬਣਾ ਕੇ ਇਸਲਾਮ ਦੇ ਘੇਰੇ ਵਿਚ ਲਿਆਂਦਾ ਜਾਵੇ। ਕਿਸੇ ਵੀ ਗੈਰ-ਮੁਸਲਮਾਨ ਨੂੰ ਇਸਲਾਮ ਦੇ ਘੇਰੇ ਵਿਚ ਲਿਆਉਣਾ ਉਸ ਸਮੇਂ ਸਭ ਤੋਂ ਵਡਾ ਧਾਰਮਿਕ ਫ਼ਰਜ਼ ਸਮਝਿਆ ਜਾਂਦਾ ਸੀ ਜਿਸ ਨੂੰ ਬਾਦਸ਼ਾਹ ਜਹਾਂਗੀਰ ਪੂਰਨ ਕਰਨ ਦਾ ਇਛੁੱਕ ਸੀ।
ਇਸ ਕਾਰਜ ਲਈ ਬਾਦਸ਼ਾਹ ਜਹਾਂਗੀਰ ਦੇ ਪੁੱਤਰ ਖੁਸਰੋ ਵੱਲੋਂ ਕੀਤੀ ਗਈ ਬਗ਼ਾਵਤ ਨੂੰ ਅਧਾਰ ਬਣਾ ਕੇ ਇਹ ਪ੍ਰਚਾਰਿਆ ਗਿਆ ਕਿ ਗੁਰੂ ਸਾਹਿਬ ਨੇ ਸ਼ਹਿਜ਼ਾਦੇ ਨੂੰ ਅਸ਼ੀਰਵਾਦ ਪ੍ਰਦਾਨ ਕਰਨ ਦੇ ਨਾਲ-ਨਾਲ ਉਸ ਦੀ ਸਹਾਇਤਾ ਕੀਤੀ ਹੈ। ਭਾਵੇਂ ਕਿ ਬਾਦਸ਼ਾਹ ਦੀ ਆਪਣੀ ਨੀਤੀ ਵੀ ਪੱਖਪਾਤ ਵਾਲੀ ਸੀ ਪਰ ਗੁਰੂ ਘਰ ਦੇ ਵਿਰੋਧੀ ਵੀ ਗੁਰੂ ਸਾਹਿਬ ਵਿਰੁੱਧ ਸਾਜਿਸ਼ਾਂ ਕਰ ਰਹੇ ਸਨ। ਜਦੋਂ ਬਾਦਸ਼ਾਹ ਦੀ ਗੱਦੀ ਡਾਵਾਂਡੋਲ ਹੋਵੇ ਤਾਂ ਉਹ ਆਪਣੇ ਵਿਰੋਧੀਆਂ ਨੂੰ ਖ਼ਤਮ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਅਜਿਹੇ ਸਮੇਂ ਬਾਦਸ਼ਾਹ ਦੇ ਕੰਨ ਭਰਨੇ ਕੋਈ ਵੱਡੀ ਗੱਲ ਨਹੀਂ ਜਾਪਦੀ। ਬਾਦਸ਼ਾਹ ਦੇ ਹੁਕਮ ਅਨੁਸਾਰ ਗੁਰੂ ਸਾਹਿਬ ਨੂੰ ਗ਼੍ਰਿਫ਼ਤਾਰ ਕਰਕੇ ਲਾਹੌਰ ਲਿਆਂਦਾ ਗਿਆ ਅਤੇ ਯਾਸਾ ਦੇ ਕਾਨੂੰਨ ਅਨੁਸਾਰ ਸ਼ਹੀਦ ਕਰ ਦੇਣ ਦਾ ਆਦੇਸ਼ ਜਾਰੀ ਕਰ ਦਿੱਤਾ।
ਯਾਸਾ ਮੰਗੋਲ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਨੂੰ ਮੰਗੋਲ ਬਾਦਸ਼ਾਹ ਚੰਗੇਜ਼ ਖ਼ਾਨ (1162-1227) ਨੇ 1206 ਵਿਚ ਬਣਾਏ ਗਏ ਆਪਣੇ ਕਾਨੂੰਨ ਵਿਚ ਸ਼ਾਮਲ ਕੀਤਾ ਸੀ। ਭਾਵੇਂ ਕਿ ਹੌਲੀ-ਹੌਲੀ ਮੰਗੋਲਾਂ ਨੇ ਇਸਲਾਮ ਧਾਰਨ ਕਰ ਲਿਆ ਸੀ ਪਰ ਚੰਗੇਜ਼ ਖ਼ਾਨ ਦੁਆਰਾ ਬਣਾਏ ਗਏ ਕਾਨੂੰਨ ਇਹਨਾਂ ਦੇ ਨਾਲ ਹੀ ਚੱਲਦੇ ਗਏ। ਮੰਗੋਲਾਂ ਦੁਆਰਾ ਬਣਾਏ ਗਏ ਕਾਨੂੰਨ ਦਾ ਲਿਖਤ ਹਵਾਲਾ ਚੀਨ ਦੇ ਇਤਿਹਾਸ ਵਿਚ ਚੰਗੇਜ਼ ਖ਼ਾਨ ਦੀ ਮੌਤ ਤੋਂ 2 ਸਾਲ ਪਿਛੋਂ ਭਾਵ 1229 ਵਿਚ ਮਿਲਦਾ ਹੈ। ਇਸ ਕਾਨੂੰਨ ਵਿਚ ਤਿੰਨ ਗੱਲਾਂ ਦਾ ਵਧੇਰੇ ਪ੍ਰਭਾਵ ਮਿਲਦਾ ਹੈ:
1. ਚੰਗੇਜ਼ ਖ਼ਾਨ ਦੀ ਅਧੀਨਗੀ
2. ਕਬੀਲਿਆਂ ਨੂੰ ਇਕੱਠੇ ਰੱਖਣਾ
3. ਗਲਤ ਕੰਮ ਲਈ ਕਠੋਰ ਦੰਡ
ਮੰਗੋਲਾਂ ਦੇ ਵਿਭਿੰਨ ਕਬੀਲਿਆਂ ਨੂੰ ਕਾਬੂ ਕਰਨ ਲਈ ਚੰਗੇਜ਼ ਖ਼ਾਨ ਨੇ ਜਿਹੜਾ ਕਾਨੂੰਨ ਬਣਾਇਆ ਸੀ ਉਸ ਦਾ ਪਹਿਲਾ ਨਿਯਮ ਇਕ ਪਰਮਾਤਮਾ ਦੀ ਹੋਂਦ ਵਿਚ ਵਿਸ਼ਵਾਸ ਰੱਖਣ ਦੀ ਤਾਕੀਦ ਕਰਦਾ ਹੈ। ਇਹ ਕਾਨੂੰਨ ਇੰਨਾ ਸਖ਼ਤ ਸੀ ਜਿਸ ਵਿਚ ਚੋਰੀ ਜਾਂ ਵਿਭਚਾਰੀ ਲਈ ਮੌਤ ਦੀ ਸਜ਼ਾ ਦਾ ਵਿਧਾਨ ਸੀ। ਸ਼ਰਾਬ ਪੀਣ ਨੂੰ ਆਮ ਤੌਰ ’ਤੇ ਨਿਰਉਤਸ਼ਾਹਿਤ ਕੀਤਾ ਜਾਂਦਾ ਸੀ।
ਇਸ ਕਾਨੂੰਨ ਦਾ ਇਕ ਮਹੱਤਵਪੂਰਨ ਪਹਿਲੂ ਇਹ ਸੀ ਕਿ ਇਸ ਕਬੀਲੇ ਦੇ ਲੋਕ ਦੈਵੀ ਸ਼ਕਤੀ ਵਿਚ ਵਿਸ਼ਵਾਸ ਰੱਖਦੇ ਸਨ, ਇਹ ਮੰਨਦੇ ਸਨ ਕਿ ਆਫਤ ਅਸਮਾਨ ਤੋਂ ਆਉਂਦੀ ਹੈ ਅਤੇ ਉਸ ਤੋਂ ਬਚਣ ਲਈ ਇਹ ਆਤਮਾਵਾਂ, ਰੁੱਖਾਂ ਅਤੇ ਅਸਮਾਨ ਦੀ ਪੂਜਾ ਕਰਦੇ ਸਨ; ਇਹਨਾਂ ਦੇ ਪੁਜਾਰੀਆਂ ਨੂੰ ਬਿਕੀ ਕਿਹਾ ਜਾਂਦਾ ਸੀ। ਕਾਨੂੰਨ ਦੀ ਅਵੱਗਿਆ ਕਰਕੇ ਜਦੋਂ ਕਿਸੇ ਬਿਕੀ ਨੂੰ ਸਜ਼ਾ ਦੇਣੀ ਪਵੇ ਤਾਂ ਉਸ ਦਾ ਖੂਨ ਦੈਵੀ ਕਰੋਪੀ ਦਾ ਕਾਰਨ ਬਣ ਜਾਣ ਦਾ ਵਿਸ਼ਵਾਸ ਇਹਨਾਂ ਵਿਚ ਪ੍ਰਚੱਲਿਤ ਸੀ। ਇਸ ਦਾ ਭਾਵ ਹੈ ਕਿ ਇਹ ਬਿਕੀ ਦੀ ਧਾਰਮਿਕ ਸ਼ਕਤੀ ਵਿਚ ਵਿਸ਼ਵਾਸ ਰੱਖਦੇ ਸਨ ਅਤੇ ਜੇਕਰ ਕਿਸੇ ਕਾਰਨ ਵੱਸ ਕਿਸੇ ਬਿਕੀ ਨੂੰ ਮਾਰਿਆ ਜਾਣਾ ਜਰੂਰੀ ਹੋ ਜਾਂਦਾ ਤਾਂ ਉਸ ਨੂੰ ਉਬਲਦੇ ਪਾਣੀ ਵਿਚ ਜਾਂ ਦਰਿਆਵਾਂ ਵਿਚ ਪੱਥਰ ਬੰਨ ਕੇ ਸੁੱਟ ਦਿਤਾ ਜਾਂਦਾ ਸੀ।
ਬਾਬਰ ਚੰਗੇਜ਼ ਖ਼ਾਨ ਦੇ ਕਬੀਲੇ ਵਿਚੋਂ ਸੀ। ਭਾਵੇਂ ਕਿ ਇਸ ਦੇ ਪੂਰਵਜਾਂ ਨੇ ਇਸਲਾਮ ਧਰਮ ਧਾਰਨ ਕਰ ਲਿਆ ਸੀ ਪਰ ਬਾਬਰ ਦੇ ਮਨ ’ਤੇ ਚੰਗੇਜ਼ ਖ਼ਾਨ ਦੇ ਬਣਾਏ ਕਾਨੂੰਨ ਦਾ ਸਕਾਰਾਤਮਕ ਪ੍ਰਭਾਵ ਸੀ ਜਿਸ ਦਾ ਪ੍ਰਗਟਾਵਾ ਕਰਦਾ ਹੋਇਆ ਉਹ ਕਹਿੰਦਾ ਹੈ, “ਮੇਰੇ ਪੂਰਵਜ ਅਤੇ ਪਰਿਵਾਰ ਦੇ ਮੈਂਬਰ ਚੰਗੇਜ਼ ਖ਼ਾਨ ਦੇ ਕਾਨੂੰਨ ਦੀ ਸਨਮਾਨ ਪੂਰਵਕ ਪਾਲਣਾ ਕਰਦੇ ਰਹੇ ਹਨ। ਮਹਿਫ਼ਲਾਂ, ਅਦਾਲਤਾਂ, ਤਿਉਹਾਰਾਂ, ਮਨੋਰੰਜਨ ਦੇ ਸਾਧਨਾਂ, ਬੈਠਣ ਅਤੇ ਉੱਠ ਕੇ ਖੜੇ ਹੋਣ ਸਮੇਂ ਉਹਨਾਂ ਨੇ ਕਦੇ ਵੀ ਚੰਗੇਜ਼ ਖ਼ਾਨ ਦੁਆਰਾ ਬਣਾਏ ਕਾਨੂੰਨਾਂ ਦੀ ਉਲੰਘਣਾ ਨਹੀਂ ਕੀਤੀ।”
ਜਦੋਂ ਇਸ ਦੁਆਰਾ ਸਥਾਪਿਤ ਕੀਤੇ ਦਿੱਲੀ ਦੇ ਤਖ਼ਤ ’ਤੇ ਇਸ ਦਾ ਵੰਸ਼ਜ਼ ਜਹਾਂਗੀਰ ਬਾਦਸ਼ਾਹ ਬਣਿਆ ਤਾਂ ਉਸ ਦੇ ਮਨ ’ਤੇ ਵੀ ਇਸ ਕਾਨੂੰਨ ਦਾ ਬਹੁਤ ਪ੍ਰਭਾਵ ਸੀ। ਆਪਣੀ ਰਚਨਾ ਤੁਜ਼ਕ-ਏ-ਜਹਾਂਗੀਰੀ ਵਿਚ ਜਦੋਂ ਇਹ ਗੁਰੂ ਅਰਜਨ ਦੇਵ ਜੀ ਪ੍ਰਤੀ ਆਪਣੇ ਮਨ ਦਾ ਭਾਵ ਪ੍ਰਗਟ ਕਰਦਾ ਹੈ ਤਾਂ ਕਹਿੰਦਾ ਹੈ ਕਿ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਇਸ ਦੇ ਪ੍ਰਭਾਵ ਅਧੀਨ ਆ ਗਏ ਹਨ। ਇਸ ਦੁਆਰਾ ਵਰਤੇ ਅਜਿਹੇ ਸ਼ਬਦ ਇਹ ਦੱਸਦੇ ਹਨ ਕਿ ਇਹ ਗੁਰੂ ਸਾਹਿਬ ਨੂੰ ਧਾਰਮਿਕ ਸ਼ਖ਼ਸੀਅਤ ਪ੍ਰਵਾਨ ਕਰਦਾ ਹੈ ਅਤੇ ਜਦੋਂ ਇਸ ਦੇ ਮਨ ਵਿਚ ਇਹਨਾਂ ਨੂੰ ਸ਼ਹੀਦ ਕਰਨ ਦਾ ਵਿਚਾਰ ਆਉਂਦਾ ਹੈ ਤਾਂ ਆਪਣੇ ਪੂਰਵਜਾਂ ਦੁਆਰਾ ਬਣਾਏ ਗਏ ਕਾਨੂੰਨ ਵੀ ਚੇਤੇ ਆ ਜਾਂਦੇ ਹਨ ਜਿਨ੍ਹਾਂ ਵਿਚ ਇਹ ਸਪਸ਼ਟ ਕੀਤਾ ਗਿਆ ਸੀ ਕਿ ਜਦੋਂ ਕਿਸੇ ਧਾਰਮਿਕ ਸ਼ਖ਼ਸ ਦਾ ਖ਼ੂਨ ਧਰਤੀ ’ਤੇ ਡੁੱਲ੍ਹਦਾ ਹੈ ਤਾਂ ਆਫ਼ਤ ਆਉਂਦੀ ਹੈ। ਇਸ ਲਈ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਲਈ ਇਹ ਆਪਣੇ ਪੂਰਵਜਾਂ ਵੱਲੋਂ ਬਣਾਏ ਗਏ ਵਿਧੀ-ਵਿਧਾਨ ਨੂੰ ਹੀ ਪ੍ਰਵਾਨ ਕਰਦਾ ਹੈ ਜਿਸ ਵਿਚ ਉਹਨਾਂ ਨੂੰ ਅਜਿਹੇ ਢੰਗ ਨਾਲ ਸ਼ਹੀਦ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਖ਼ੂਨ ਦਾ ਕਤਰਾ ਵੀ ਧਰਤੀ ’ਤੇ ਨਾ ਡਿੱਗੇ।
ਗੁਰੂ ਅਰਜਨ ਦੇਵ ਜੀ ਦੀ ਧਾਰਮਿਕ ਸ਼ਖ਼ਸੀਅਤ ਅਤੇ ਸ਼ਹਾਦਤ ਦਾ ਵਰਨਨ ਕਰਦੇ ਹੋਏ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਉਹ ਅਧਿਆਤਮਿਕਤਾ ਦੇ ਸਮੁੰਦਰ ਸਨ। ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤਾਂ ਉਹ ਪੂਰਨ ਤੌਰ ’ਤੇ ਸਹਿਜ ਅਵਸਥਾ ਵਿਚ ਸਨ ਅਤੇ ਉਹਨਾਂ ਦੀ ਸੁਰਤੀ ਪਰਮਾਤਮਾ ਨਾਲ ਲੱਗੀ ਹੋਈ ਸੀ :
ਰਹਿੰਦੇ ਗੁਰੁ ਦਰੀਆਉ ਵਿਚਿ ਮੀਨ ਕੁਲੀਨ ਹੇਤੁ ਨਿਰਬਾਣੀ।
ਦਰਸਨੁ ਦੇਖਿ ਪਤੰਗ ਜਿਉ ਜੋਤੀ ਅੰਦਰਿ ਜੋਤਿ ਸਮਾਣੀ। ਵਾਰ 24, ਪਉੜੀ 23.
ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ