ਗੁਰੂ ਤੇਗ ਬਹਾਦਰ ਜੀ ਦਾ ਨਿਰਭਉ ਤੇ ਨਿਰਵੈਰ ਸਮਾਜ ਦਾ ਸੰਕਲਪ

In ਮੁੱਖ ਖ਼ਬਰਾਂ
November 17, 2025

ਡਾ. ਅਰਵਿੰਦਰ ਸਿੰਘ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਇਲਾਹੀ ਬਾਣੀ ਅਤੇ ਸਰਬਵਿਆਪੀ ਸਿੱਖਿਆਵਾਂ ਦਾ ਮੁਤਾਲਿਆ ਕਰਦੇ ਹੋਏ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਮਨੁੱਖੀ ਏਕਤਾ, ਇੱਕ-ਦੂਜੇ ਦਾ ਸਤਿਕਾਰ, ਭਾਈਚਾਰਕ ਸਾਂਝ, ਆਪਸੀ ਸਦਭਾਵਨਾ, ਧਾਰਮਿਕ ਸਹਿਣਸ਼ੀਲਤਾ ਅਤੇ ਪਰਸਪਰ ਸਹਿਯੋਗ ਨੂੰ ਵਧਾਉਣ ਦੇ ਮਨੋਰਥ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇੱਕ ਆਦਰਸ਼ ਸਮਾਜ ਦੀ ਸਿਰਜਣਾ ਕੀਤੀ। ਅਜਿਹੇ ਆਦਰਸ਼ਕ ਸਮਾਜ ਨੂੰ ਸਿਰਜਣ ਲਈ, ਲੋਕਾਂ ਨੂੰ ਲਾਮਬੰਦ ਤੇ ਜਾਗਰੂਕ ਕਰਨ ਲਈ ਉਨ੍ਹਾਂ ਨੇ ਆਪਣਾ ਆਪ ਵਾਰ ਕੇ ਅਜਿਹੇ ਨਿਰਾਲੇ ਤੇ ਅਜ਼ੀਮੋਸ਼ਾਨ ਪੰਥ ਦੀ ਬੁਨਿਆਦ ਨੂੰ ਮਜ਼ਬੂਤ ਕਰਨ ਵਿਚ ਲਾਸਾਨੀ ਯੋਗਦਾਨ ਪਾਇਆ ਕਿ ਜਿਸ ਰਾਹੀਂ ਗਫ਼ਲਤ ਅਤੇ ਵਹਿਮਾਂ-ਭਰਮਾਂ ਵਿੱਚ ਭਟਕ ਰਹੇ ਲੋਕਾਂ ਨੂੰ ਜ਼ਹਾਲਤ, ਫਿਰਕਾਪ੍ਰਸਤੀ, ਤੰਗਦਿਲ ਸੋਚ ਅਤੇ ਨਿੱਜੀ ਮੁਫ਼ਾਦਾਂ ਦੀ ਦਲਦਲ ’ਚੋਂ ਬਾਹਰ ਕੱਢਿਆ ਜਾ ਸਕੇ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਧਿਆਤਮਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਫ਼ਲਸਫ਼ੇ ਦੇ ਬੁਨਿਆਦੀ ਸਿਧਾਂਤਾਂ ਅਤੇ ਸਰੋਕਾਰਾਂ ਵਿਚ ਦੱਬੇ-ਕੁਚਲੇ ਪੀੜਤ ਲੋਕਾਂ ਪ੍ਰਤੀ ਹਮਦਰਦੀ, ਜ਼ੁਲਮ ਦਾ ਟਾਕਰਾ, ਮਨੁੱਖੀ ਅਧਿਕਾਰਾਂ ਦੀ ਰਾਖੀ, ਸਮਾਜਿਕ, ਸੱਭਿਆਚਾਰਕ, ਧਾਰਮਿਕ ਅਤੇ ਨਸਲੀ ਭਿੰਨਤਾਵਾਂ ਦਾ ਸਤਿਕਾਰ ਸ਼ਾਮਿਲ ਹੈ। ਗੁਰੂ ਜੀ ਨੇ ਲੋਕਾਈ ਨੂੰ ਇੱਕ ਅਜਿਹੀ ਨਿਵੇਕਲੀ ਜੀਵਨ ਸ਼ੈਲੀ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ, ਜਿਸ ਨੂੰ ਅਪਣਾਉਣ ਪਿੱਛੋਂ ਇਨਸਾਨ ਸਚਿਆਰਾ, ਨਿਮਰ, ਨਿਰਸਵਾਰਥ, ਨਿਰਛਲ, ਨਿਰਭੈ, ਨਿਰਵੈਰ ਅਤੇ ਰਹਿਮਦਿਲ ਰਹਿੰਦੇ ਹੋਏ ਇਸ ਕਾਇਨਾਤ ਦੇ ਜ਼ਰੇ-ਜ਼ਰੇ ’ਚੋਂ ਉਸ ਪਰਵਰਦਗਾਰ ਦੀ ਹੋਂਦ ਨੂੰ ਮਹਿਸੂਸ ਕਰ ਸਕੇ। ਸ਼ਾਂਤਮਈ ਸਹਿਹੋਂਦ ਦੇ ਸੰਕਲਪ ’ਤੇ ਆਧਾਰਿਤ ਨਿਆਂਪੂਰਨ ਬਹੁ-ਸੱਭਿਆਚਾਰਕ ਸਮਾਜ ਦੇ ਸੰਕਲਪ ਦੀ ਪੁਰਜ਼ੋਰ ਵਕਾਲਤ ਕਰਦੇ ਹੋਏ ਗੁਰੂ ਜੀ ਨੇ ਬਿਹਤਰ, ਸੁਰੱਖਿਅਤ, ਸਥਿਰ ਅਤੇ ਰੌਸ਼ਨ ਭਵਿੱਖ ਲਈ ਰਾਜਸੀ ਅੱਤਿਆਚਾਰ, ਮਜ਼੍ਹਬੀ ਮੁਤੱਸਬੀਪੁਣੇ, ਨਾਬਰਾਬਰੀ, ਗੁਲਾਮੀ, ਸੱਭਿਆਚਾਰਕ ਤੇ ਨਸਲੀ ਟਕਰਾਅ ਦੀ ਸਥਿਤੀ ਨਾਲ ਨਜਿੱਠਣ ਲਈ ਸਰਬਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ।
ਗੁਰੂ ਜੀ ਨੇ ਨਜ਼ਰੀਆਤੀ, ਮਜ਼੍ਹਬੀ, ਨਸਲੀ, ਭਾਸ਼ਾਈ, ਜਾਤੀ, ਨਫ਼ਸੀਆਤੀ, ਸਕਾਫ਼ਤੀ ਅਤੇ ਇਲਾਕਾਈ ਆਧਾਰ ’ਤੇ ਮਿਲਦੀ ਕਸ਼ਮਕਸ਼ ਕਸ਼ੀਦਗੀ, ਇਖਤਲਾਫ਼ ਅਤੇ ਆਪਸੀ ਝਗੜਿਆਂ ਨੂੰ ਸਦੀਵੀ ਤੌਰ ’ਤੇ ਸੁਲਝਾਉਣ ਲਈ ਰਾਹ ਹਮਵਾਰ ਕਰਦੇ ਹੋਏ ਇਕ ਪੁਰਅਮਨ, ਪੁਰਸਕੂਨ, ਇਨਸਾਫ਼ ਪਸੰਦ, ਖੁਸ਼ਹਾਲ, ਮਾਨਵਤਾਵਾਦੀ ਅਤੇ ਬਹੁਲਵਾਦੀ ਸਮਾਜ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਮੁੱਚੀ ਮਾਨਵਤਾ ਨੂੰ ਆਪਣੀ ਇਲਾਹੀ ਬਾਣੀ ਰਾਹੀਂ ਨਵੀਂ ਸੇਧ ਦਿੱਤੀ। ਅਸਲ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਆਦਰਸ਼ ਸਮਾਜ ਸੁਤੰਤਰਤਾ, ਸਮਾਨਤਾ ਅਤੇ ਭਰਾਤਰੀ ਭਾਵ ਦੇ ਆਦਰਸ਼ਾਂ ਨੂੰ ਸਮਰਪਿਤ ਜਾਤ ਰਹਿਤ, ਸ਼ੋਸ਼ਣ ਰਹਿਤ, ਜਬਰ ਰਹਿਤ, ਵਰਗ ਰਹਿਤ, ਭੇਦਭਾਵ ਰਹਿਤ ਅਤੇ ਨਿਆਂ ’ਤੇ ਆਧਾਰਿਤ ਇਕ ਅਜਿਹਾ ਆਦਰਸ਼ ਸਮਾਜ ਹੈ, ਜਿਸ ਵਿੱਚ ਹਰ ਧਰਮ, ਜਾਤ, ਫਿਰਕੇ, ਵਰਗ ਜਾਂ ਸ਼੍ਰੇਣੀ ਨਾਲ ਸੰਬੰਧਿਤ ਪੁਰਸ਼ਾਂ ਤੇ ਔਰਤਾਂ ਨੂੰ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਵਿਕਾਸ ਕਰਨ ਦੇ ਬਰਾਬਰ ਮੌਕੇ ਹਾਸਿਲ ਹੋਣ ਅਤੇ ਮਨੁੱਖ ਇੱਕ ਖੁਸ਼ਹਾਲ ਤੇ ਸਨਮਾਨਜਨਕ ਜੀਵਨ ਗੁਜ਼ਾਰਨ ਦੇ ਸਮਰੱਥ ਹੋ ਸਕੇ। ਵੱਖ-ਵੱਖ ਜਾਤਾਂ, ਵਰਗਾਂ, ਧਰਮਾਂ, ਭਾਸ਼ਾਵਾਂ, ਕਿੱਤਿਆਂ ਅਤੇ ਖਿੱਤਿਆਂ ਨਾਲ ਸੰਬੰਧਿਤ ਲੋਕਾਂ ਲਈ ਗੁਰੂ ਜੀ ਵੱਲੋਂ ਜਿਸ ਨਵੇਂ ਸਮਾਜ ਦੀ ਨੀਂਹ ਰੱਖੀ ਗਈ, ਉਹ ਅੱਜ ਦੇ ਸਮੇਂ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ’ਤੇ ਆਧਾਰਿਤ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਲੋਕਤੰਤਰੀ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਲੋਕਤੰਤਰੀ ਕਦਰਾਂ-ਕੀਮਤਾਂ ਦੇ ਧਾਰਨੀ ਬਣਨ ਦਾ ਸੰਦੇਸ਼ ਵੀ ਦਿੱਤਾ, ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਸੀ ਕਿ ਜਦੋਂ ਤੱਕ ਲੋਕਾਂ ਦਾ ਵਾਸਤਵਿਕ ਨਜ਼ਰੀਆ ਅਤੇ ਵਿਵਹਾਰ ਨਹੀਂ ਬਦਲਿਆ ਜਾਵੇਗਾ, ਤਦ ਤੱਕ ਨਿਆਂਪੂਰਨ ਤੇ ਲੋਕਤੰਤਰੀ ਸਮਾਜ ਦੀ ਸਿਰਜਣਾ ਸੰਭਵ ਨਹੀਂ ਹੋ ਸਕੇਗੀ। ਉਨ੍ਹਾਂ ਨੇ ਸਮਾਜ ਵਿਚ ਮਿਲਦੀ ਕਾਣੀ ਵੰਡ, ਜਬਰ-ਜ਼ੁਲਮ, ਸਮਾਜਿਕ-ਸੱਭਿਆਚਾਰਕ ਭੇਦਭਾਵ ਅਤੇ ਆਰਥਿਕ ਸ਼ੋਸ਼ਣ ਦੇ ਖ਼ਿਲਾਫ਼ ਗੁਰੂ ਨਾਨਕ ਦੇਵ ਜੀ ਦੇ ਦੱਸੇ ਰਾਹ ’ਤੇ ਬੇਖ਼ੌਫ਼ ਤੁਰਦੇ ਹੋਏ ਕੇਵਲ ਜ਼ੋਰਦਾਰ ਆਵਾਜ਼ ਬੁਲੰਦ ਹੀ ਨਹੀਂ ਕੀਤੀ, ਸਗੋਂ ਆਪਣੇ ਜੀਵਨ ਦਾ ਬਲੀਦਾਨ ਦੇ ਕੇ ਮਨੁੱਖੀ ਇਤਿਹਾਸ ਵਿੱਚ ਇੱਕ ਮਿਸਾਲ ਪੈਦਾ ਕੀਤੀ ਹੈ।
ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਇਲਾਹੀ ਬਾਣੀ ਰਾਹੀਂ ਇੱਕ ਅਜਿਹੀ ਆਦਰਸ਼ਕ ਸਮਾਜਿਕ ਵਿਵਸਥਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਸ ਵਿੱਚ ਸਮਾਜ ਦੇ ਦੱਬੇ-ਕੁਚਲੇ, ਕਮਜ਼ੋਰ ਤੇ ਪੀੜਤ ਵਰਗਾਂ ਨੂੰ ਸਵੈਮਾਣ ਦੀ ਭਾਵਨਾ ਨਾਲ ਜਿਊਣ ਲਈ ਬਿਹਤਰ ਪ੍ਰਸਥਿਤੀਆਂ ਪ੍ਰਾਪਤ ਹੋ ਸਕਣ। ਨਿਰਭਉ ਦੇ ਭੈਅ ਵਿੱਚ ਰਹਿੰਦੇ ਹੋਏ ਬਿਨਾਂ ਕਿਸੇ ਵਿਤਕਰੇ ਦੇ ਅਦਲ ਪ੍ਰਦਾਨ ਕਰਨ ਵਾਲੇ ਸ਼ਾਸਕ ਦਾ ਸ਼ਾਸਨ ਹੋਵੇ। ਸੇਵਾ ਤੇ ਸਿਮਰਨ ਦੇ ਰਾਹ ’ਤੇ ਚਲਦਿਆਂ ਹੱਕ-ਸੱਚ ’ਤੇ ਪਹਿਰਾ ਦੇਣ ਵਾਲੇ ਲੋਕ ਸੱਚੀ ਕਿਰਤ ਕਮਾਉਣ। ਹੱਥੀਂ ਕਿਰਤ ਕਰਨ ਵਾਲਿਆਂ ਦਾ ਸਤਿਕਾਰ ਬਹਾਲ ਹੋਵੇ। ਇਨਸਾਫ਼ ਪਸੰਦ ਮੁਨਸਿਫ਼ (ਨਿਆਂ ਕਰਨ ਵਾਲਾ) ਸੱਚ ਤੇ ਝੂਠ ਦਾ ਨਿਤਾਰਾ ਕਰਨ। ਆਪਣੇ ਕਿੱਤੇ ਪ੍ਰਤੀ ਵਫ਼ਾਦਾਰ ਤੇ ਪ੍ਰਤੀਬੱਧ ਲੋਕ ਆਪਣੇ ਫ਼ਰਜ਼ਾਂ ਦੀ ਅਦਾਇਗੀ ਇਮਾਨਦਾਰੀ ਨਾਲ ਕਰਨ। ਦੇਸ਼, ਕੌਮ ਤੇ ਧੀਆਂ-ਭੈਣਾਂ ਦੀ ਇੱਜ਼ਤ ਦੇ ਰਖਵਾਲੇ, ਆਪਣੇ ਦੇਸ਼, ਕੌਮ ਤੇ ਅਣਖ਼ ਲਈ ਮਰ ਮਿਟਣ ਵਾਲੇ ਜੁਝਾਰੂ ਅਤੇ ਆਪਣੇ ਰਿਜ਼ਕ ਲਈ ਆਪਣੇ ਰਾਜਕ ਨੂੰ ਸਦਾ ਰਾਜ਼ੀ ਰੱਖਣ ਵਾਲੇ ਲੋਕ ਸਾਨੂੰ ਚੁਫੇਰੇ ਵਿਚਰਦੇ ਹੋਏ ਦਿਖਾਈ ਦੇਣ। ਵਿਕਾਰਾਂ ਤੋਂ ਦੂਰ ਰਹਿਣ ਨੂੰ ਤਰਜੀਹ ਦਿੰਦੇ ਹੋਏ ਲੋਕ ਸਾਫ਼ਗੋਈ, ਸਦਾਕਤ, ਦਿਆਨਤਦਾਰੀ, ਸਬਰ, ਸ਼ੁਕਰ, ਸੰਜਮ, ਸਹਿਜ ਅਤੇ ਸੰਤੋਖ ਦੇ ਰਾਹ ਨੂੰ ਅਪਣਾਉਣ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਵਿਅਕਤੀਗਤ ਸੁਤੰਤਰਤਾ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕਾਤਲ, ਜਾਬਰ ਅਤੇ ਮਗਰੂਰ ਹਾਕਮ ਔਰੰਗਜ਼ੇਬ ਦੀ ਈਨ ਮੰਨਣ ਤੋਂ ਇਨਕਾਰ ਕਰਦਿਆਂ ਆਪਣੇ-ਆਪ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੁਰਬਾਨ ਕਰ ਦਿੱਤਾ। ਉਨ੍ਹਾਂ ਵਲੋਂ ਦਰਸਾਏ ਗਏ ਮਾਰਗ ’ਤੇ ਚਲਦੇ ਹੋਏ ਸਾਹਿਬ-ਏ-ਕਮਾਲ, ਸਰਬੰਸਦਾਨੀ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦੇ ਹੁਕਮ ਅਧੀਨ ਨਾ ਕੇਵਲ ਇਸ ਮੁਲਕ ਤੋਂ ਆਪਣਾ ਸਰਬੰਸ ਵਾਰਿਆ, ਸਗੋਂ ਆਦਰਸ਼ ਸਮਾਜ ਅਤੇ ਆਦਰਸ਼ ਮਨੁੱਖ ਦੇ ਸੰਕਲਪ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਂਦੇ ਹੋਏ ਖ਼ਾਲਸਾ ਪੰਥ ਦੀ ਬੁਨਿਆਦ ਰੱਖੀ। ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਅਤੇ ਅਣਗਿਣਤ ਸਿੰਘਾਂ-ਸਿੰਘਣੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਦਰਸ਼ਾਂ ਨੂੰ ਹਕੀਕੀ ਰੂਪ ਦੇਣ ਲਈ ਸ਼ਹਾਦਤ ਦਾ ਜਾਮ ਪੀਤਾ। ਅਜੋਕੇ ਸਮੇਂ ਵਿਚ ਇਸ ਗੱਲ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਸਮੁੱਚੀ ਮਾਨਵ ਜਾਤੀ ਨੂੰ ਭੂਗੋਲਿਕ, ਨਸਲੀ, ਭਾਸ਼ਾਈ, ਧਾਰਮਿਕ, ਜਾਤੀ ਤੇ ਸੱਭਿਆਚਾਰਕ ਵਲਗਣਾਂ ਤੋਂ ਨਿਜਾਤ ਦਿਵਾਉਣ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਦੁੱਤੀ ਫ਼ਲਸਫ਼ੇ ਨੂੰ ਆਪਣੇ ਅਮਲੀ ਜੀਵਨ ਦਾ ਹਿੱਸਾ ਬਣਾਉਣ ਦੀ ਬੇਹੱਦ ਲੋੜ ਹੈ।

-ਪ੍ਰਿੰਸੀਪਲ, ਗੁਰੂ ਨਾਨਕ ਖ਼ਾਲਸਾ ਕਾਲਜ,
ਯਮੁਨਾਨਗਰ (ਹਰਿਆਣਾ)।

Loading