ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਪੁਰਬ ਕਿਵੇਂ ਮਨਾਇਆ ਜਾਵੇ?

In ਮੁੱਖ ਲੇਖ
March 24, 2025
ਡਾਕਟਰ ਪਰਮਵੀਰ ਸਿੰਘ : ਗੁਰੂ ਤੇਗ ਬਹਾਦਰ ਜੀ ਦੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਇਸ ਸਾਲ 25 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ।ਇਨ੍ਹਾਂ ਤੋਂ ਇਕ ਦਿਨ ਪਹਿਲਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ ਸੀ, ਜਿਸ ਕਰਕੇ ਉਨ੍ਹਾਂ ਦੀ ਸ਼ਹਾਦਤ ਨੂੰ ਵੀ ਨਾਲ ਹੀ ਯਾਦ ਕੀਤਾ ਜਾਵੇਗਾ । ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦੇਣ ਲਈ ਦਿੱਲੀ ਜਾਣ ਤੋਂ ਪਹਿਲਾਂ ਗੁਰਿਆਈ ਆਪਣੇ ਸਪੁੱਤਰ ਗੋਬਿੰਦ ਰਾਇ (ਗੁਰੂ ਗੋਬਿੰਦ ਸਿੰਘ ਜੀ) ਨੂੰ ਪ੍ਰਦਾਨ ਕਰ ਦਿੱਤੀ ਸੀ । ਇਸ ਘਟਨਾ ਦੀ ਯਾਦ ਵਿਚ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਦਮਦਮਾ ਸਾਹਿਬ ਸੁਸ਼ੋਭਿਤ ਹੈ । ਇਸ ਕਰਕੇ ਇਸ ਸਾਲ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਿਆਈ ਦਿਵਸ ਦੇ ਵੀ 350 ਸਾਲ ਸੰਪੂਰਨ ਹੋ ਰਹੇ ਹਨ | ਇਸੇ ਸਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਸਥਾਪਨਾ ਦਿਵਸ ਆ ਰਿਹਾ ਹੈ ।1 ਨਵੰਬਰ, 1925 ਨੂੰ ਲਾਗੂ ਹੋਏ ਗੁਰਦੁਆਰਾ ਐਕਟ ਦੇ ਨਵੰਬਰ 2025 'ਚ 100 ਸਾਲ ਪੂਰੇ ਹੋ ਰਹੇ ਹਨ ਅਤੇ ਇਸ ਸਥਾਪਨਾ ਦਿਵਸ ਨੂੰ ਮਨਾਉਣ ਲਈ ਵੀ ਯਤਨ ਕੀਤੇ ਜਾਣੇ ਹਨ ।ਭਾਵੇਂ ਕਿ ਇਹ ਸਮੂਹ ਸ਼ਤਾਬਦੀਆਂ ਹੀ ਮਹੱਤਵਪੂਰਨ ਹਨ ਅਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਵਲੋਂ ਇਨ੍ਹਾਂ ਨੂੰ ਦੇਸ਼-ਵਿਦੇਸ਼ ਵਿਚ ਆਪੋ-ਆਪਣੇ ਢੰਗ ਨਾਲ ਮਨਾਇਆ ਜਾਵੇਗਾ । ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਧਰਮ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜਿਸ ਤਰ੍ਹਾਂ ਦੀ ਚੇਤਨਾ ਪੈਦਾ ਕੀਤੀ ਹੈ, ਉਹ ਇਕ ਵੱਖਰੀ ਮਿਸਾਲ ਪੇਸ਼ ਕਰਦੀ ਹੈ | ਇਸ ਦਿ੍ਸ਼ਟੀ ਤੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ 350 ਸਾਲਾ ਸ਼ਹੀਦੀ ਗੁਰਪੁਰਬ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ ਕਿ ਇਸ ਸ਼ਹੀਦੀ ਗੁਰਪੁਰਬ ਨੂੰ ਕਿਵੇਂ ਮਨਾਇਆ ਜਾਵੇ? ਜਾਂ ਇਸ ਸ਼ਤਾਬਦੀ ਮੌਕੇ ਅਜਿਹੇ ਕਿਹੜੇ ਸਮਾਗਮ ਆਯੋਜਿਤ ਕੀਤੇ ਜਾਣ ਜਿਹੜੇ ਕਿ ਆਮ ਲੋਕਾਂ ਵਿਚ ਉਨ੍ਹਾਂ ਦੇ ਜੀਵਨ ਅਤੇ ਸਿੱਖਿਆਵਾਂ ਦਾ ਸੰਚਾਰ ਕਰ ਸਕਣ । ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਜੀਵਨ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਜਾਂ ਇੰਝ ਕਹਿ ਲਵੋ ਕਿ ਜੇਕਰ ਉਨ੍ਹਾਂ ਦੀ ਬਾਣੀ ਅਤੇ ਜੀਵਨ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਹੀ ਉਨ੍ਹਾਂ ਸੰਬੰਧੀ ਸਹੀ ਸੋਚ ਅਤੇ ਸੂਝ ਪੈਦਾ ਹੋ ਸਕਦੀ ਹੈ । ਗੁਰੂ ਸਾਹਿਬ ਦੀ ਬਾਣੀ ਮਨੁੱਖ ਨੂੰ ਦੁੱਖ-ਸੁੱਖ, ਸਨੇਹ ਅਤੇ ਭੈਅ ਤੋਂ ਮੁਕਤ ਕਰਦੀ ਹੈ, ਉਸਤਤਿ-ਨਿੰਦਾ, ਲੋਭ-ਮੋਹ-ਹੰਕਾਰ, ਆਸਾ-ਮਨਸਾ, ਕਾਮ-ਕ੍ਰੋਧ ਆਦਿ ਤੋਂ ਨਿਰਲੇਪ ਰਹਿ ਕੇ ਗੁਰੂ ਦੀ ਬਖ਼ਸ਼ਿਸ਼ ਪ੍ਰਾਪਤ ਕਰਨ 'ਤੇ ਜ਼ੋਰ ਦਿੰਦੀ ਹੈ ।ਗੁਰੂ ਸਾਹਿਬ ਦੀ ਬਾਣੀ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ 'ਚ ਦਿਖਾਈ ਦਿੰਦੇ ਪਰਉਪਕਾਰ ਦੇ ਕਾਰਜ ਵਿਸ਼ੇਸ਼ ਮਹੱਤਵ ਰੱਖਦੇ ਹਨ ।ਅਨੰਦਪੁਰ ਸਾਹਿਬ ਤੋਂ ਮਾਲਵੇ ਦੇ ਵਿਭਿੰਨ ਨਗਰਾਂ 'ਚੋਂ ਹੁੰਦੇ ਹੋਏ ਗੁਰੂ ਜੀ ਪੂਰਬ ਦੀ ਪ੍ਰਚਾਰ-ਯਾਤਰਾ ਦੌਰਾਨ ਜਿਹੜੇ ਨਗਰਾਂ 'ਚੋਂ ਲੰਘੇ, ਉੱਥੇ ਕੀਤੇ ਗਏ ਵਿਸ਼ੇਸ਼ ਕਾਰਜ ਮਨੁੱਖਤਾ ਲਈ ਚਾਨਣ ਮੁਨਾਰੇ ਦਾ ਕਾਰਜ ਕਰਦੇ ਹਨ, ਜਿਵੇਂ ਪ੍ਰਭੂ-ਮੁਖੀ ਜੀਵਨ ਜਾਚ ਧਾਰਨ ਕਰਨ ਲਈ ਧਰਮਸ਼ਾਲਾਵਾਂ ਕਾਇਮ ਕਰਨੀਆਂ, ਪ੍ਰਚਾਰਕ ਨਿਯੁਕਤ ਕਰਨੇ, ਪਹਿਲਾਂ ਤੋਂ ਨਿਯੁਕਤ ਪ੍ਰਚਾਰਕਾਂ ਨੂੰ ਉਤਸ਼ਾਹ ਪ੍ਰਦਾਨ ਕਰਨਾ, ਬੰਜਰ ਜ਼ਮੀਨਾਂ ਨੂੰ ਆਬਾਦ ਕਰਨਾ, ਖ਼ੂਹ ਲਵਾਉਣੇ, ਗਊਆਂ ਦਾਨ ਕਰਨੀਆਂ, ਪਿੰਡਾਂ ਦੇ ਚੌਧਰੀਆਂ ਨੂੰ ਲੋਕਾਂ ਦੀ ਸੇਵਾ ਲਈ ਪ੍ਰੇਰਿਤ ਕਰਨਾ, ਬਾਗ਼ ਲਵਾਉਣੇ, ਛੱਪੜ ਸਾਫ਼ ਕਰਨੇ, ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ, ਕਿਰਤ ਕਰਨ 'ਤੇ ਜ਼ੋਰ, ਆਪਣੇ ਧਰਮ 'ਚ ਦਿ੍ੜ੍ਹਤਾ ਧਾਰਨ ਕਰਨਾ ਆਦਿ ।ਮੌਜੂਦਾ ਸਮੇਂ ਵਿਚ ਜਿਸ ਤਰ੍ਹਾਂ ਨਾਲ ਮਨੁੱਖ ਸਵਾਰਥੀ ਹੋ ਰਿਹਾ ਹੈ, ਦੂਜਿਆਂ ਨੂੰ ਦਬਾ ਕੇ ਜਾਂ ਪਿੱਛੇ ਧੱਕ ਕੇ ਅੱਗੇ ਲੰਘਣ ਲਈ ਯਤਨਸ਼ੀਲ ਹੈ, ਕੁਦਰਤ ਤੋਂ ਦੂਰ ਹੋ ਰਿਹਾ ਹੈ, ਕੁਦਰਤੀ ਸਰੋਤਾਂ ਨੂੂੰ ਨੁਕਸਾਨ ਪਹੁੰਚਾ ਰਿਹਾ ਹੈ, ਨਸ਼ਿਆਂ ਦੀ ਪਕੜ 'ਚ ਆ ਗਿਆ ਹੈ, ਲਾਲਚ ਵੱਸ ਧਰਮ ਨੂੰ ਧਾਰਨ ਕਰਨ ਦੀ ਥਾਂ ਧਰਮ ਬਦਲਣ ਵੱਲ ਰੁਚਿਤ ਹੋ ਰਿਹਾ ਹੈ ਆਦਿ ।ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਸੰਦੇਸ਼ ਅਜਿਹੇ ਮਨੁੱਖਾਂ ਨੂੰ ਜੀਵਨ ਦੀ ਸਹੀ ਦਿਸ਼ਾ ਪ੍ਰਦਾਨ ਕਰਨ ਵਿਚ ਸਹਾਈ ਹੁੰਦੇ ਹਨ ।ਇਹ ਕਿਸੇ ਵਿਸ਼ੇਸ਼ ਇਲਾਕੇ ਜਾਂ ਧਾਰਮਿਕ ਸਮੂਹ ਲਈ ਨਹੀਂ ਹਨ ।ਗੁਰੂ ਸਾਹਿਬ ਦਾ ਸੰਦੇਸ਼ ਸਮੁੱਚੀ ਮਨੁੱਖਤਾ ਲਈ ਸਾਂਝਾ ਹੈ, ਇਸ ਲਈ ਹੋਰਨਾਂ ਭਾਸ਼ਾਵਾਂ ਵਿਚ ਉਨ੍ਹਾਂ ਦੇ ਜੀਵਨ, ਬਾਣੀ ਅਤੇ ਸੰਦੇਸ਼ ਦਾ ਅਨੁਵਾਦ ਕਰਕੇ ਜਾਂ ਕਰਵਾ ਕੇ ਆਮ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ । ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਤੀਜੀ ਸ਼ਤਾਬਦੀ 1975 'ਚ ਬਹੁਤ ਹੀ ਸ਼ਰਧਾ ਭਾਵਨਾ ਅਤੇ ਚੜ੍ਹਦੀ ਕਲਾ ਨਾਲ ਮਨਾਈ ਗਈ ਸੀ । ਇਨ੍ਹਾਂ ਸਮਾਗਮਾਂ ਦੌਰਾਨ ਈਸਟ ਇੰਡੀਆ ਸਿੱਖ ਕੌਂਸਲ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਬਿਹਾਰ ਸਿੱਖ ਪ੍ਰਤੀਨਿਧ ਬੋਰਡ ਅਤੇ ਸਿੰਘ ਸਭਾਵਾਂ ਇਕ ਪਲੇਟਫਾਰਮ 'ਤੇ ਮੌਜੂਦ ਸਨ । ਸਭ ਨੇ ਮਿਲ ਕੇ ਇਹ ਮਤਾ ਕੀਤਾ ਸੀ ਕਿ ਜਿਹੜੀ ਵੀ ਸੰਸਥਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਕੋਈ ਵੀ ਸਮਾਗਮ ਉਲੀਕੇਗੀ, ਉਸ ਨੂੰ ਰਾਗੀ ਜਥੇ, ਪ੍ਰਚਾਰਕ ਅਤੇ ਭੇਟਾ-ਰਹਿਤ ਸਾਹਿਤ ਮੁਹੱਈਆ ਕਰਵਾਇਆ ਜਾਵੇਗਾ । ਬਿਹਾਰ ਦੀ ਸੰਗਤ ਗੁਰੂ ਤੇਗ ਬਹਾਦਰ ਜੀ ਨੂੰ 'ਪਿਤਾ ਜੀ' ਦੇ ਰੂਪ 'ਚ ਮੰਨਦੀ ਹੈ ਅਤੇ 1975 ਦੇ ਸ਼ਹੀਦੀ ਸਮਾਗਮਾਂ 'ਚ ਉਨ੍ਹਾਂ ਨੇ ਵਿਸ਼ੇਸ਼ ਰੁਚੀ ਦਿਖਾਈ ਸੀ । ਬਿਹਾਰ ਦੇ ਲਗਭਗ ਹਰ ਵੱਡੇ ਪਿੰਡ ਅਤੇ ਨਗਰ ਵਿਚ ਸਮਾਗਮ ਆਯੋਜਿਤ ਕੀਤੇ ਗਏ ਸਨ, ਜਿਨ੍ਹਾਂ 'ਚ ਸਥਾਨਕ ਲੋਕਾਂ ਵਲੋਂ ਵੱਡੇ ਪੱਧਰ 'ਤੇ ਹਾਜ਼ਰੀ ਭਰੀ ਗਈ ਸੀ । 1984 ਤੋਂ ਬਾਅਦ ਬਹੁਤ ਸਾਰੇ ਗੁਰਧਾਮਾਂ ਦੀ ਸਥਿਤੀ ਬਦਲ ਗਈ ਹੈ ਅਤੇ ਕਈ ਥਾਵਾਂ 'ਤੇ ਸਿੱਖ ਸੰਗਤ ਵੀ ਨਾ-ਮਾਤਰ ਹੀ ਮੌਜੂਦ ਹੈ । ਇਨ੍ਹਾਂ ਸਮਾਗਮਾਂ ਦੌਰਾਨ ਅਜਿਹੇ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਕਰ ਰਹੇ ਸਿੱਖਾਂ ਨੂੰ ਸਹਾਇਤਾ, ਉਤਸ਼ਾਹ ਅਤੇ ਪ੍ਰੇਰਨਾ ਦੇਣ ਦੀ ਲੋੜ ਹੈ ।ਪੰਜਾਬ, ਹਰਿਆਣਾ, ਦਿੱਲੀ, ਯੂ.ਪੀ. ਅਤੇ ਪਟਨਾ ਸਾਹਿਬ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਇਕ ਪਲੇਟਫਾਰਮ 'ਤੇ ਆ ਕੇ ਸਾਂਝੇ ਰੂਪ 'ਚ ਸਮਾਗਮ ਉਲੀਕਣੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਦਾ ਪ੍ਰਭਾਵ ਦੂਰ ਤੱਕ ਜਾ ਸਕੇ । ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਮਨਾਉਣ ਲਈ ਦੋ ਤਰ੍ਹਾਂ ਦੇ ਸਮਾਗਮ ਕਰਨ ਦੀ ਲੋੜ ਹੈ । ਪਹਿਲੀ ਤਰ੍ਹਾਂ ਦੇ ਰਵਾਇਤੀ ਸਮਾਗਮ ਲਗਭਗ ਹਰ ਇਕ ਗੁਰਪੁਰਬ ਜਾਂ ਸ਼ਤਾਬਦੀ ਮੌਕੇ ਕੀਤੇ ਜਾਂਦੇ ਹਨ, ਜਿਸ ਵਿਚ ਦੀਵਾਨ, ਕੀਰਤਨ, ਨਗਰ ਕੀਰਤਨ, ਕਥਾ ਆਦਿ ਮੌਜੂਦ ਹੁੰਦੇ ਹਨ ।ਰਾਗੀ, ਢਾਡੀ, ਪ੍ਰਚਾਰਕ ਆਦਿ ਇਨ੍ਹਾਂ ਸਮਾਗਮਾਂ ਦੀ ਸ਼ਾਨ ਹੁੰਦੇ ਹਨ ਅਤੇ ਵੱਡੀ ਗਿਣਤੀ 'ਚ ਸੰਗਤ ਇਨ੍ਹਾਂ ਸਮਾਗਮਾਂ 'ਚ ਹਾਜ਼ਰੀ ਭਰਦੀ ਹੈ । ਗੁਰੂ ਸਾਹਿਬ ਨਾਲ ਸੰਬੰਧਿਤ ਅਜਿਹੇ ਸਮਾਗਮ ਸਿੱਖ ਅਤੇ ਗ਼ੈਰ-ਸਿੱਖ ਲੋਕਾਂ 'ਚ ਚੰਗਾ ਪ੍ਰਭਾਵ ਸਿਰਜਦੇ ਹਨ ਅਤੇ ਆਮ ਲੋਕਾਂ ਨੂੰ ਗੁਰੂ-ਘਰ ਨਾਲ ਜੋੜਨ ਦਾ ਕਾਰਜ ਕਰਦੇ ਹਨ । ਦੂਜੀ ਤਰ੍ਹਾਂ ਦੇ ਸਮਾਗਮ ਅਕਾਦਮਿਕ ਪੱਧਰ ਦੇ ਹੋਣੇ ਚਾਹੀਦੇ ਹਨ, ਜਿਹੜੇ ਕਿ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ ਅਤੇ ਸ਼ਹਾਦਤ ਸੰਬੰਧੀ ਸਹੀ ਤੱਥ ਉਨ੍ਹਾਂ ਲੋਕਾਂ ਤੱਕ ਲੈ ਕੇ ਜਾਣ ਜਿਹੜੇ ਪੜ੍ਹਨ-ਲਿਖਣ ਦੀ ਰੁਚੀ ਰੱਖਦੇ ਹਨ ਅਤੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਸਦੀਵੀ ਰੂਪ ਵਿਚ ਕਲਮਬੱਧ ਕਰਨਾ ਹੁੰਦਾ ਹੈ ।ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਕੁਝ ਅਜਿਹੇ ਨੁਕਤੇ ਕਿਤਾਬਾਂ ਦਾ ਹਿੱਸਾ ਹਨ, ਜਿਹੜੇ ਕਿ ਉਨ੍ਹਾਂ ਦੇ ਜੀਵਨ ਅਤੇ ਬਾਣੀ ਨੂੰ ਸਹੀ ਰੂਪ 'ਚ ਬਿਆਨ ਨਹੀਂ ਕਰਦੇ, ਜਿਸ ਨਾਲ ਕਈ ਵਾਰੀ ਅਜਿਹੇ ਭਰਮ-ਭੁਲੇਖੇ ਪੈਦਾ ਹੋ ਜਾਂਦੇ ਹਨ, ਜਿਹੜੇ ਵਿਵਾਦ ਦਾ ਕਾਰਨ ਬਣ ਜਾਂਦੇ ਹਨ | ਸਹੀ ਤੱਥਾਂ ਤੋਂ ਕੋਰੇ ਕੁਝ ਅਜਿਹੇ ਬਿਰਤਾਂਤ ਪੁਸਤਕਾਂ ਦਾ ਹਿੱਸਾ ਬਣੇ ਹੋਏ ਹਨ, ਜਿਹੜੇ ਕਿ ਲਿਖਾਰੀਆਂ ਦੀ ਕਲਮ ਦਾ ਹਿੱਸਾ ਬਣ ਜਾਂਦੇ ਹਨ, ਜਿਸ ਨਾਲ ਧਾਰਮਿਕ ਅਤੇ ਸਮਾਜਿਕ ਪੱਧਰ 'ਤੇ ਦੂਸ਼ਣਬਾਜ਼ੀ ਆਰੰਭ ਹੋ ਜਾਂਦੀ ਹੈ ।ਭਾਰਤ ਦੇ ਵਿੱਦਿਅਕ ਪ੍ਰਬੰਧ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਤੱਕ ਗੁਰੂ ਤੇਗ ਬਹਾਦਰ ਜੀ ਸੰਬੰਧੀ ਸਹੀ ਜਾਣਕਾਰੀ ਕਿਵੇਂ ਲੈ ਕੇ ਜਾਣੀ ਹੈ, ਇਸ ਦਿਸ਼ਾ 'ਚ ਵਿਸ਼ੇਸ਼ ਯਤਨ ਕਰਨ ਦੀ ਲੋੜ ਹੈ । ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸੰਬੰਧੀ ਹਾਲੇ ਬਹੁਤ ਸਾਰੇ ਤੱਥ ਲੱਭਣੇ ਬਾਕੀ ਹਨ, ਜਿਨ੍ਹਾਂ 'ਚ ਉਨ੍ਹਾਂ ਦੀ ਮਾਲਵੇ ਵਿਚਲੀ ਪ੍ਰਚਾਰ-ਯਾਤਰਾ ਦੇ ਸਹੀ ਵੇਰਵੇ ਅਤੇ ਸ਼ਹਾਦਤ ਤੋਂ ਪਹਿਲਾਂ ਹੋਈ ਗ੍ਰਿਫਤਾਰੀ ਦਾ ਸਹੀ ਸਥਾਨ ਸ਼ਾਮਿਲ ਹੈ । ਵੱਖ-ਵੱਖ ਪੁਸਤਕਾਂ 'ਚ ਆਏ ਵਿਭਿੰਨ ਬਿਰਤਾਂਤ ਉਨ੍ਹਾਂ ਦੀਆਂ ਜੀਵਨ ਯਾਤਰਾਵਾਂ ਸੰਬੰਧੀ ਭੁਲੇਖੇ ਪੈਦਾ ਕਰਦੇ ਹਨ । ਗੁਰੂ ਸਾਹਿਬਾਨ ਦੇ ਸਮੇਂ ਫ਼ਾਰਸੀ ਰਾਜ-ਭਾਸ਼ਾ ਸੀ ਅਤੇ ਬਹੁਤ ਸਾਰੇ ਵੇਰਵੇ ਇਸ ਭਾਸ਼ਾ 'ਚ ਕੰਮ ਕਰਨ ਵਾਲੇ ਲਿਖਾਰੀਆਂ ਵਲੋਂ ਦਰਜ ਕੀਤੇ ਗਏ ਹਨ, ਭਾਵੇਂ ਕਿ ਇਨ੍ਹਾਂ ਸਰੋਤਾਂ 'ਚ ਵੀ ਤੱਥਾਂ ਦੀ ਘਾਟ ਅਤੇ ਉਲਾਰਵਾਦੀ ਬਿਰਤੀ ਨਜ਼ਰ ਆਉਂਦੀ ਹੈ, ਪਰ ਫਿਰ ਵੀ ਸੂਝਵਾਨ ਵਿਦਵਾਨ ਸਹੀ ਸਿੱਟੇ ਕੱਢਣ 'ਚ ਸਫ਼ਲ ਹੋ ਜਾਂਦੇ ਹਨ । ਸਹੀ ਤੱਥ ਇਕੱਤਰ ਕਰਨ ਲਈ ਫ਼ਾਰਸੀ ਭਾਸ਼ਾ ਜਾਣਨ ਵਾਲੇ ਸਿੱਖ ਵਿਦਵਾਨ ਤਿਆਰ ਕਰਨ ਦੀ ਲੋੜ ਹੈ, ਜਿਹੜੇ ਕਿ ਪੁਰਾਤਤਵ ਵਿਭਾਗਾਂ 'ਚ ਸੰਭਾਲ ਕੇ ਰੱਖੇ ਹੋਏ ਪੁਰਾਤਨ ਫ਼ਾਰਸੀ ਸਰੋਤਾਂ ਦੀ ਭਾਲ ਕਰਕੇ ਸਹੀ ਤੱਥ ਸਾਹਮਣੇ ਲਿਆਉਣ ਲਈ ਯਤਨ ਕਰਨ । ਭਾਵੇਂ ਕਿ ਇਹ ਕੰਮ ਲੰਮਾ ਅਤੇ ਖਰਚੀਲਾ ਹੈ, ਪਰ ਇਸ ਦਿਸ਼ਾ 'ਚ ਯਤਨ ਆਰੰਭ ਕਰਨ ਦੀ ਲੋੜ ਹੈ ਤਾਂ ਕਿ ਗੁਰ-ਇਤਿਹਾਸ ਅਤੇ ਸਿੱਖ ਇਹਿਤਾਸ ਸੰਬੰਧੀ ਹੋਰ ਵਧੇਰੇ ਖੋਜ ਕੀਤੀ ਜਾ ਸਕੇ | ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਅਤੇ ਬੰਗਾਲ ਤੋਂ ਇਲਾਵਾ ਇਕ ਗੁਰਧਾਮ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਖੇ ਵੀ ਸਥਿਤ ਹੈ, ਜਿਸ ਨੂੰ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹੈ । ਢਾਕੇ ਦੇ ਬੰਗਲਾ ਬਾਜ਼ਾਰ 'ਚ ਸਥਿਤ ਇਹ ਗੁਰਧਾਮ ਗੁਰੂ-ਘਰ ਦੇ ਪ੍ਰਚਾਰਕ ਬੁਲਾਕੀ ਦਾਸ ਦਾ ਘਰ ਸੀ । ਮੌਜੂਦਾ ਸਮੇਂ 'ਚ ਉਸ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ, ਉਸ ਦੀ ਸੇਵਾ-ਸੰਭਾਲ ਅਤੇ ਕਾਰ-ਸੇਵਾ ਲਈ ਯਤਨ ਕਰਨ ਦੀ ਲੋੜ ਹੈ ।

Loading