ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ
9815700916
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖਤਾ ਦੀ ਰਾਖੀ ਲਈ ਦਿੱਲੀ ਵਿੱਚ ਆਪਣਾ ਸੀਸ ਵਾਰਿਆ। 350 ਸਾਲ ਬਾਅਦ ਉਸੇ ਦਿੱਲੀ ਵਿੱਚ, ਉਸੇ ਅਨੰਦਪੁਰ ਸਾਹਿਬ ਵਿੱਚ ਅਤੇ ਪੰਜਾਬ ਦੇ ਹਰ ਪਾਸੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਨ ਦੇ ਸਮਾਗਮ ਹੋਏ, ਪਰ ਸਭ ਤੋਂ ਵੱਡੀ ਗੱਲ ਜੋ ਸਾਹਮਣੇ ਆਈ ਉਹ ਸੀ – ਸਿੱਖ ਆਗੂਆਂ ਵਿੱਚ ਏਕਤਾ ਦੀ ਘਾਟ। ਜਿੱਥੇ ਸਾਰੀ ਸਿੱਖ ਲੀਡਰਸ਼ਿਪ ਨੂੰ ਇੱਕਠੇ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਸੰਦੇਸ਼ ਫੈਲਾਉਣਾ ਚਾਹੀਦਾ ਸੀ, ਉੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਲੀ ਵਾਲੇ ਕਿਸੇ ਵੀ ਸਮਾਗਮ ਵਿੱਚ ਸ਼ਿਰਕਤ ਨਹੀਂ ਕੀਤੀ। ਇਹ ਸਮਾਗਮ ਦਿੱਲੀ ’ਤੇ ਤਿੰਨ ਦਿਨ ਧੂਮ-ਧਾਮ ਨਾਲ ਕੀਤੇ ਸਨ। ਆਖ਼ਰੀ ਦਿਨ ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਵੀ ਸ਼ਾਮਲ ਹੋਈ ਸੀ।
ਦਿੱਲੀ ਵਾਲੇ ਆਗੂਆਂ ਨੇ ਕੀ ਕਿਹਾ?
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਤੇ ਦਿੱਲੀ ਸਰਕਾਰ ਦੇ ਮੰਤਰੀ ਸ. ਮਨਜਿੰਦਰ ਸਿੰਘ ਸਿਰਸਾ ਨੇ ਸਾਫ਼ ਕਿਹਾ ਕਿ ਉਨ੍ਹਾਂ ਨੇ ਜਥੇਦਾਰ ਸਾਹਿਬ ਤੇ ਧਾਮੀ ਜੀ ਨੂੰ ਕਈ ਵਾਰ ਸੱਦਾ ਦਿੱਤਾ ਸੀ। ਅਸੀਂ ਅੰਮ੍ਰਿਤਸਰ ਜਾ ਕੇ ਖ਼ੁਦ ਸੱਦਾ ਦਿੱਤਾ ਸੀ। ਰਾਸ਼ਟਰਪਤੀ ਵਾਲੇ ਸਮਾਗਮ ਵਿੱਚ ਜਥੇਦਾਰ ਸਾਹਿਬ ਦਾ ਸੰਦੇਸ਼ ਪੜ੍ਹਨ ਲਈ ਵੀ ਸਮਾਂ ਰੱਖਿਆ ਸੀ। ਜਥੇਦਾਰ ਤੇ ਧਾਮੀ ਫਿਰ ਵੀ ਨਹੀਂ ਆਏ।”
ਉਨ੍ਹਾਂ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਨੇ ਸ਼ੁਰੂ ਵਿੱਚ ਸਾਂਝੇ ਸਮਾਗਮ ਲਈ ਹਾਮੀ ਭਰੀ ਸੀ ਪਰ ਬਾਅਦ ਵਿੱਚ ਪਿੱਛੇ ਹਟ ਗਈ। 5-6 ਨਵੰਬਰ ਨੂੰ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਆਦਿ ਅੰਮ੍ਰਿਤਸਰ ਗਏ। ਉੱਥੇ ਲਿਖਤੀ ਵਾਅਦਾ ਕੀਤਾ ਸੀ ਕਿ ਸਾਰੇ ਪ੍ਰਚਾਰ ਵਿੱਚ ਸ਼੍ਰੋਮਣੀ ਕਮੇਟੀ ਦਾ ਨਾਂ ਸਭ ਤੋਂ ਉੱਪਰ ਹੋਵੇਗਾ, ਜੇ ਇੱਕੋ ਸਿੱਖ ਆਗੂ ਨੂੰ ਬੋਲਣ ਦਾ ਮੌਕਾ ਮਿਲੇ ਤਾਂ ਧਾਮੀ ਜੀ ਹੀ ਬੋਲਣਗੇ, ਬੰਦੀ ਸਿੰਘਾਂ ਦਾ ਮੁੱਦਾ ਵੀ ਮਿਲਕੇ ਉਠਾਵਾਂਗੇ ।
ਪਰ ਜਦੋਂ ਬਾਦਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਗੱਲ ਹੋਈ ਤਾਂ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸੱਦਾ ਸਾਂਝੇ ਤੌਰ ’ਤੇ ਦੇਣਾ ਹੈ ਤੇ ਉਹ ਖ਼ੁਦ ਵੀ ਜਾਣਗੇ। ਇਸ ਗੱਲ ਤੋਂ ਬਾਅਦ ਸਾਰੀਆਂ ਗੱਲਾਂ ਖ਼ਤਮ ਹੋ ਗਈਆਂ।
ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਜੀ ਦਾ ਪੱਖ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਲਗਾਏ ਦੋਸ਼ਾਂ ਨੂੰ “ਅੱਧਾ ਸੱਚ” ਦੱਸਿਆ। ਉਨ੍ਹਾਂ ਕਿਹਾ, “ਉਨ੍ਹਾਂ ਨੇ ਪਹਿਲਾਂ ਹੀ ਪ੍ਰਧਾਨ ਮੰਤਰੀ ਨੂੰ ਸੱਦਾ ਭੇਜ ਦਿੱਤਾ ਸੀ, ਸਾਨੂੰ ਸਿਰਫ਼ ਉੱਥੇ ਫਿੱਟ ਕਰਨਾ ਚਾਹੁੰਦੇ ਸਨ। ਸੁਖਬੀਰ ਜੀ ਨੇ ਕਿਹਾ ਸੀ ਕਿ ਸੱਦਾ ਸਾਂਝਾ ਹੋਵੇ ਤਾਂ ਅਸੀਂ ਤਿੰਨੇ (ਸੁਖਬੀਰ, ਮੈਂ, ਕਾਲਕਾ) ਮਿਲ ਕੇ ਜਾਈਏ, ਪਰ ਕਾਲਕਾ ਨੇ ਮਨ੍ਹਾ ਕਰ ਦਿੱਤਾ। ਜਦੋਂ ਮੈਂ ਦਿੱਲੀ ਗਿਆ ਤਾਂ ਪਤਾ ਲੱਗਾ ਕਿ ਉਹ ਦਿੱਲੀ ਗੁਰਦੁਆਰਾ ਕਮੇਟੀ ਵਾਲੇ ਅਕਾਲੀ ਲੀਡਰਸ਼ਿਪ ਨੂੰ ਨਾਲ ਨਹੀਂ ਲੈ ਰਹੇ, ਇਸ ਲਈ ਮੀਟਿੰਗ ਵਿੱਚ ਨਹੀਂ ਗਿਆ।”
ਅਨੰਦਪੁਰ ਸਾਹਿਬ ਵਿੱਚ ਵੀ ਦੋ-ਦੋ ਸਮਾਗਮ
ਅਨੰਦਪੁਰ ਸਾਹਿਬ ਵਿੱਚ ਵੀ ਇੱਕੋ ਥਾਂ ’ਤੇ ਉੱਪਰ ਦੋ ਵੱਖਰੇ ਸਟੇਜ਼ ਲੱਗੇ। ਇੱਕ ਸਟੇਜ਼ ਸ਼੍ਰੋਮਣੀ ਕਮੇਟੀ ਦਾ, ਦੂਜੀ ਪੰਜਾਬ ਸਰਕਾਰ (ਆਮ ਆਦਮੀ ਪਾਰਟੀ) ਦੀ। ਮੁੱਖ ਮੰਤਰੀ ਭਗਵੰਤ ਮਾਨ ਨੇ ਜਥੇਦਾਰ ਸਾਹਿਬ ’ਤੇ ਤੰਜ ਕਸਿਆ ਤਾਂ ਜਥੇਦਾਰ ਸਾਹਿਬ ਨੇ ਵੀ ਜਵਾਬ ਦਿੱਤਾ। ਸੰਗਤ ਬਹੁਤ ਘੱਟ ਪਹੁੰਚੀ। ਸੜਕਾਂ ੳੁੱਪਰ ਸੰਗਤਾਂ ਦੀ ਬਹੁਤੀ ਆਵਾਜ਼ਾਈ ਨਹੀਂ ਦਿਖੀ ਜੋ ਹੋਲੇ ਮਹੱਲੇ ੳੁੱਪਰ ਪ੍ਰਭਾਵਸ਼ਾਲੀ ਦਿਖਦੀ ਹੈ। ਸ਼੍ਰੋਮਣੀ ਕਮੇਟੀ ਨੇ ਸ਼ਹੀਦੀ ਸਮਾਗਮਾਂ ਲਈ ਪੰਥਕ ਧਿਰਾਂ ਨਾਲ ਮੀਟਿੰਗ ਹੀ ਨਹੀਂ ਕੀਤੀ।
ਇਹ ਪਹਿਲੀ ਵਾਰ ਨਹੀਂ ਹੋਇਆ
- 2019 ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ੳੁੱਪਰ ਸੁਲਤਾਨਪੁਰ ਲੋਧੀ ਵਿੱਚ ਵੀ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੇ ਵੱਖਰੇ ਸਟੇਜ਼ ਸਨ।
1999 ਵਿੱਚ ਖ਼ਾਲਸਾ ਸਾਜਨਾ ਦੀ ਤੀਜੀ ਸ਼ਤਾਬਦੀ ਦੌਰਾਨ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਜਲੀਲ ਕਰਕੇ ਅਹੁੱਦੇ ਤੋਂ ਸ਼੍ਰੋਮਣੀ ਕਮੇਟੀ ਨੇ ਬਰਖ਼ਾਸਤ ਕੀਤਾ ਤੇ ਅਨੇਕਾਂ ਵਿਵਾਦ ਪੈਦਾ ਕੀਤੇ । ਇਹ ਸਭ ਰਾਜਸੀ ਹੰਕਾਰ ਕਰਕੇ ਸ਼ਤਾਬਦੀ ਰੋਲੀ।
2008 ਵਿੱਚ ਹਜ਼ੂਰ ਸਾਹਿਬ ’ਤੇ ਗੁਰਤਾ ਗੱਦੀ ਦੀ ਤੀਜੀ ਸ਼ਤਾਬਦੀ ਵੀ ਰਾਜਨੀਤੀ ਦੀ ਭੇਟ ਚੜ੍ਹ ਗਈ।
ਸਿੱਖ ਚਿੰਤਕ ਡਾ. ਪਰਮਜੀਤ ਸਿੰਘ ਮਾਨਸਾ ਦਾ ਕਹਿਣਾ ਹੈ ਕਿ ਹਰ ਵਾਰ ਗੱਲ ਆਉਂਦੀ ਹੈ ਕਿ “ਪੰਥ ਦੇ ਵੱਡੇ ਹਿੱਤ” ਦੀ, ਪਰ ਸਿੱਖ ਲੀਡਰਸ਼ਿਪ ਦੇ ਸਾਰੇ ਫੈਸਲੇ ਪਾਰਟੀਆਂ ਅਤੇ ਨਿੱਜੀ ਅਹੁਦਿਆਂ ਨੂੰ ਬਚਾਉਣ ਲਈ ਹੁੰਦੇ ਹਨ। ਸੱਤਾ ਦੀ ਲੜਾਈ, ਪੰਥ ਵਿੱਚ ਏਕਤਾ ਦੀ ਘਾਟ, ਨਖਿੱਧ ਸਿੱਖ ਲੀਡਰਸ਼ਿਪ ਕਾਰਨ ਸ਼ਤਾਬਦੀਆਂ ਦਾ ਪ੍ਰਭਾਵ ਖਤਮ ਹੋ ਰਿਹਾ। ਜੇ ਸ਼ਹੀਦੀ ਸ਼ਤਾਬਦੀ ਉੱਪਰ ਸਾਰੇ ਇਕੱਠੇ ਹੁੰਦੇ ਤਾਂ ਦਿੱਲੀ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਦਾ ਸੰਦੇਸ਼ ਦੁਨੀਆਂ ਭਰ ਵਿੱਚ ਗੂੰਜਦਾ। ਜਥੇਦਾਰ ਅਕਾਲ ਤਖ਼ਤ ਸਾਹਿਬ,ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਇੱਕੋ ਪੰਥਕ ਸਟੇਜ਼ ਉੱਪਰ ਹੁੰਦੇ। ਅੱਜ ਇੱਕ ਪਾਸੇ ਰਾਸ਼ਟਰਪਤੀ (ਦਿੱਲੀ), ਦੂਜੇ ਪਾਸੇ ਪ੍ਰਧਾਨ ਮੰਤਰੀ (ਕੁਰੂਕਸ਼ੇਤਰ) ਤੇ ਤੀਜੇ ਪਾਸੇ ਕੋਈ ਵੱਡਾ ਰਾਸ਼ਟਰੀ ਆਗੂ ਨਹੀਂ (ਅਨੰਦਪੁਰ ਸਾਹਿਬ)। ਇਸ ਤਰ੍ਹਾਂ ਇਸ ਸ਼ਤਾਬਦੀ ਦਾ ਲੋਕਾਂ ਉੱਪਰ ਪ੍ਰਭਾਵ ਨਹੀਂ ਜੰਮ ਸਕਿਆ।
ਲੰਬੇ ਸਮੇਂ ਦੇ ਪ੍ਰੋਜੈਕਟਾਂ ਦੀ ਘਾਟ ਕਿਉਂ ਹੈ ਪੰਥਕ ਲੀਡਰਸ਼ਿਪ ਕੋਲ?
ਸਿੱਖ ਕੌਮ ਕੋਲ ਪੈਸਾ ਵੀ ਹੈ, ਸੰਗਤ ਵੀ ਹੈ, ਪਰ ਸੋਚ ਈਵੈਂਟਾਂ ਤੱਕ ਸੀਮਤ ਹੈ।
ਜਦੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਨੂੰ 500 ਸਾਲ ਹੋਏ ਸਨ ਤਾਂ ਸਭ ਤੋਂ ਵੱਡਾ ਪ੍ਰੋਜੈਕਟ ਗੁਰੂ ਨਾਨਕ ਯੂਨੀਵਰਸਿਟੀ, ਅੰਮ੍ਰਿਤਸਰ, 1969 ਵਿੱਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦੇ ਪੰਜ ਸੌਂ ਸਾਲਾ ਮਨਾਉਂਦਿਆਂ ਸਥਾਪਿਤ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਜਸਟਿਸ ਗੁਰਨਾਮ ਸਿੰਘ ਉਸ ਸਮੇਂ ਗਠਜੋੜ ਸਰਕਾਰ ਦੇ ਮੁੱਖ ਮੰਤਰੀ ਸਨ। ਹੁਣ ਦੀ ਤਰ੍ਹਾਂ ਨਹੀਂ, ਉਸ ਵੇਲੇ ਪੰਜਾਬ ਸਰਕਾਰ ਅਤੇ ਐਸ.ਜੀ.ਪੀ.ਸੀ. ਵਿਚਕਾਰ ਸਹਿਯੋਗ ਸੀ। ਇੱਕ ਹੋਰ ਵੱਡਾ ਪ੍ਰੋਜੈਕਟ ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਸੀ। ਇਹ ਪਲਾਂਟ ਕੁਝ ਸਾਲ ਪਹਿਲਾਂ ਬੰਦ ਹੋ ਗਿਆ ਸੀ ਅਤੇ ਹੁਣ ਇਸ ਦੀ ਜ਼ਮੀਨ ਦੇ ਹਿੱਸੇ ਰਾਜ ਸਰਕਾਰ ਵੱਲੋਂ ਵੇਚੇ ਜਾ ਰਹੇ ਹਨ।
ਖ਼ਾਲਸਾ ਸਾਜਨਾ ਦੀ ਤੀਜੀ ਸਦੀ ਤੇ ਵਿਰਾਸਤ-ਏ-ਖ਼ਾਲਸਾ ਮਿਊਜ਼ੀਅਮ ਬਣਿਆ (ਹਾਲਾਂਕਿ ਉਸ ਵੇਲੇ ਵੀ ਬਹੁਤ ਵਿਵਾਦ ਹੋਏ)। ਅਨੰਦਪੁਰ ਸਾਹਿਬ ਵਿੱਚ ਵਿਕਾਸ ਪ੍ਰੋਜੈਕਟ ਵੀ ਲਏ ਗਏ। ਵੱਡੇ ਸਮਾਗਮ ਆਯੋਜਿਤ ਕੀਤੇ ਗਏ, ਪਰ ਇਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਵਿਚਕਾਰ ਟਕਰਾਅ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਮਾੜੇ ਤਰੀਕੇ ਨਾਲ ਕੀਤੀ ਬਰਖਾਸਤਗੀ ਨਾਲ ਗ੍ਰਹਿਣੇ ਗਏ । ਹਾਲਾਂਕਿ, ਨਵੀਆਂ ਇਮਾਰਤਾਂ ’ਤੇ ਜ਼ੋਰ ਦੇਣ ਨਾਲ, ਸ਼ਹਿਰ ਦੀ ਪ੍ਰਾਚੀਨ ਵਿਰਾਸਤ ਨੂੰ ਨੁਕਸਾਨ ਪਹੁੰਚਿਆ। ਦੁਖਦਾਈ ਹੈ ਕਿ ਅਨੰਦਪੁਰ ਸਾਹਿਬ ਵਿੱਚ ਗੁਰੂਆਂ ਦੇ ਸਮੇਂ ਦੀ ਕੋਈ ਪੁਰਾਣੀ ਨਿਸ਼ਾਨੀ ਨਹੀਂ ਬਚੀ। ਗੁਰੂ ਗੋਬਿੰਦ ਸਿੰਘ ਨੇ ਸ਼ਹਿਰ ਨੂੰ ਰਣਨੀਤਿਕ ਲੋੜਾਂ ਅਤੇ ਭੂਗੋਲਿਕਤਾ ਦੇ ਅਨੁਸਾਰ ਮਜ਼ਬੂਤ ਕੀਤਾ ਸੀ ਪਰ ਸਭ ਕੁਝ ਤਬਾਹ ਕਰ ਦਿੱਤਾ ਗਿਆ।
ਪਰ 350 ਸਾਲਾ ਸ਼ਹੀਦੀ ਵਰ੍ਹੇਗੰਢ ’ਤੇ ਕੋਈ ਵੱਡਾ ਪੱਕਾ ਪ੍ਰੋਜੈਕਟ ਨਹੀਂ। ਨਾ ਕੋਈ ਨਵੀਂ ਯੂਨੀਵਰਸਿਟੀ, ਨਾ ਕੋਈ ਵੱਡਾ ਰਿਸਰਚ ਸੈਂਟਰ, ਨਾ ਹੀ ਗੁਰੂ ਸਾਹਿਬ ਦੇ ਸੰਦੇਸ਼ ਨੂੰ ਦੁਨੀਆਂ ਤੱਕ ਪਹੁੰਚਾਉਣ ਵਾਲੀ ਕੋਈ ਵੱਡੀ ਮੀਡੀਆ/ਡਿਜੀਟਲ ਪਹਿਲ। ਨਾ ਹੀ ਏ ਆਈ ਸਿੱਖ ਯੂਨੀਵਰਸਿਟੀ,ਸਿਰਫ਼ ਨਗਰ ਕੀਰਤਨ, ਸਮਾਗਮ ਤੇ ਲੜਾਈਆਂ।
ਸੰਗਤ ਕਿਉਂ ਨਹੀਂ ਪਹੁੰਚੀ?
ਅਨੰਦਪੁਰ ਸਾਹਿਬ ਵਿੱਚ ਸੰਗਤ ਬਹੁਤ ਘੱਟ ਸੀ। ਕਾਰਨ ਸਾਫ਼ ਹੈ – ਜਦੋਂ ਸੰਗਤ ਨੂੰ ਪਤਾ ਲੱਗਦਾ ਹੈ ਕਿ ਆਗੂ ਆਪਸ ਵਿੱਚ ਲੜ ਰਹੇ ਹਨ, ਤਾਂ ਉਹ ਘਰ ਬੈਠ ਜਾਂਦੀ ਹੈ। ਦਿਲ ਦੁਖਦਾ ਹੈ ਕਿ ਗੁਰੂ ਦਾ ਸਮਾਗਮ ਹੈ ਪਰ ਸਿੱਖ ਆਗੂ ਆਪਣੀਆਂ ਕੁਰਸੀਆਂ ਬਚਾਉਣ ਤੇ ਚੌਧਰਾਂ ਚਮਕਾਉਣ ਵਿੱਚ ਲੱਗੇ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੀ ਰਾਖੀ ਲਈ ਸੀਸ ਦਿੱਤਾ। 350 ਸਾਲ ਬਾਅਦ ਉਨ੍ਹਾਂ ਦੇ ਵਾਰਸ ਆਪਸ ਵਿੱਚ ਹੀ ਲੜ ਰਹੇ ਹਨ। ਜੇ ਅੱਜ ਗੁਰੂ ਸਾਹਿਬ ਦੇਖ ਰਹੇ ਹੋਣ ਤਾਂ ਉਨ੍ਹਾਂ ਦੇ ਮਨ ਨੂੰ ਬਹੁਤ ਦੁੱਖ ਹੋ ਰਿਹਾ ਹੋਵੇਗਾ।
ਇਹ ਸਮਾਂ ਸੀ ਜਦੋਂ ਸਾਰੀ ਸਿੱਖ ਲੀਡਰਸ਼ਿਪ ਸੰਸਾਰ ਨੂੰ ਦਿਖਾਉਂਦੀ ਕਿ “ਸਰਬਤ ਦਾ ਭਲਾ ਸਿਰਫ਼ ਬੋਲ ਨਹੀਂ, ਅਸਲੀਅਤ ਹੈ। ਸਾਡੇ ਸਤਿਗੁਰੂ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ, ਨਿਆਂ ਤੇ ਸਰਬਤ ਦੇ ਭਲੇ ਲਈ ਹੈ ਪਰ ਸਿੱਖ ਲੀਡਰਸ਼ਿਪ ਵੰਡੀ ਦਿੱਖੀ। ਜਦੋਂ ਤੱਕ ਸਿੱਖ ਆਗੂ ਆਪਸ ਵਿੱਚ ਲੜਦੇ ਰਹਿਣਗੇ, ਇਹ ਫਤਿਹ ਸਿਰਫ਼ ਮੂੰਹ ਨਾਲ ਹੀ ਬੋਲੀ ਜਾਂਦੀ ਰਹੇਗੀ, ਅਸਲ ਵਿੱਚ ਕਦੇ ਫਤਹਿ ਨਹੀਂ ਹੋਵੇਗੀ।
![]()
