
ਅੰਮ੍ਰਿਤਸਰ/ਏ.ਟੀ.ਨਿਊਜ਼ : ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅਕਾਦਮਿਕ ਖੋਜ ਦੇ ਖੇਤਰ ਵਿੱਚ ਇੱਕ ਮੀਲ ਪੱਥਰ ਸਥਾਪਤ ਕਰਦਿਆਂ ਅਮਰੀਕਾ ਦੇ ਸੈਕਰਾਮੈਂਟੋ, ਕੈਲੀਫ਼ੋਰਨੀਆ ਸਥਿਤ ਪ੍ਰਸਿੱਧ ਅਟਾਰਨੀ ਅਤੇ ਸਮਾਜ ਸੇਵਕ ਜਸਪ੍ਰੀਤ ਸਿੰਘ ਨਾਲ ਇੱਕ ਇਤਿਹਾਸਕ ਸਮਝੌਤੇ ਅਧੀਨ ‘ਚੇਅਰ ਆਨ ਸਿੱਖ ਸਟੱਡੀਜ਼’ ਸਥਾਪਿਤ ਕਰਨ ਦਾ ਐਲਾਨ ਕੀਤਾ ਸੀ। ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ ਸਦਕਾ ਯੂਨੀਵਰਸਿਟੀ ਵਿਖੇ ਇਸ ਚੇਅਰ ਦੀ ਸਥਾਪਨਾ ਕਰ ਦਿੱਤੀ ਗਈ ਹੈ ਅਤੇ ਸੈਂਟਰ ਆਫ਼ ਸਟੱਡੀਜ਼ ਦੇ ਸਾਬਕਾ ਡਾਇਰੈਕਟਰ ਡਾ. ਅਮਰਜੀਤ ਸਿੰਘ ਨੂੰ ਇਸ ਚੇਅਰ ਦੇ ਮੁਖੀ ਨਿਯੁਕਤ ਕੀਤਾ ਗਿਆ ਹੈ। ਡਾ. ਅਮਰਜੀਤ ਸਿੰਘ ਦੇ ਅਹੁਦਾ ਸੰਭਾਲਣ ਮੌਕੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਅਤੇ ਰਜਿਸਟਰਾਰ ਪ੍ਰੋ. ਕੇਐਸ ਚਾਹਲ ਤੋਂ ਇਲਾਵਾ ਓਐੱਸਡੀ ਹਰਇਕਬਾਲ ਸਿੰਘ ਅਤੇ ਪਰਮਿੰਦਰ ਸਿੰਘ ਹਾਜ਼ਰ ਸਨ। ਵੀਸੀ ਪ੍ਰੋ. ਕਰਮਜੀਤ ਸਿੰਘ ਵਲੋਂ ਇਸ ਮੌਕੇ ਚੇਅਰ ਦੇ ਵਿਕਾਸ ਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ-ਤਿੰਨ ਮਹੀਨੇ ਦੇ ਨਿਸ਼ਾਨੇ ਨਿਰਧਾਰਤ ਕਰਕੇ ਚੇਅਰ ਦੀਆਂ ਸਰਗਰਮੀਆਂ ਤੇ ਪ੍ਰਗਤੀ ਬਾਰੇ ਵਿਚਾਰ ਕੀਤੀ ਜਾਂਦੀ ਰਹੇਗੀ ਤਾਂ ਜੋ ਜਸਪ੍ਰੀਤ ਸਿੰਘ ਅਟਾਰਨੀ ਯੂ.ਐਸ.ਏ. ਵੱਲੋਂ ਜਿਨ੍ਹਾਂ ਉਦੇਸ਼ਾਂ ਨੂੰ ਸਾਹਮਣੇ ਰੱਖਦਿਆਂ ਚੇਅਰ ਸਥਾਪਿਤ ਕੀਤੀ ਗਈ ਹੈ ਉਨ੍ਹਾਂ ਦੀ ਪੂਰਤੀ ਕੀਤੀ ਜਾ ਸਕੇ। ਇਸ ਚੇਅਰ ਉਤੇ ਸਿੱਖ ਧਰਮ ਨੂੰ ਆਧੁਨਿਕ ਦੌਰ ਵਿੱਚ ਸਿਧਾਂਤਕ, ਇਤਿਹਾਸਕ ਪੱਖ ਤੋਂ ਦਰਪੇਸ਼ ਚੁਣੌਤੀਆਂ ਦੇ ਅਕਾਦਮਿਕ ਪੱਧਰ ਉਤੇ ਢੁੱਕਵੇਂ ਹਲ ਤਲਾਸ਼ਣ ਦੇ ਨਾਲ-ਨਾਲ ਸਿੱਖ ਸਰੋਤਾਂ ਦੀ ਪੁਨਰ-ਸਮੀਖਿਆ ਲਈ ਉਪਰਾਲੇ ਕੀਤੇ ਜਾਣਗੇ। ਸਿੱਖ ਧਰਮ ਦੀ ਅਮੀਰ ਧਾਰਮਿਕ ਵਿਰਾਸਤ ਨਾਲ ਨੌਜਵਾਨ ਪੀੜ੍ਹੀ ਨੂੰ ਕਿਵੇਂ ਜੋੜਿਆ ਜਾਵੇ ਇਸ ਮਸਲੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਚੇਅਰ ਵੱਲੋਂ ਇੱਕ ਵਿਸ਼ੇਸ਼ ਲੈਕਚਰ ਲੜੀ ਅਰੰਭ ਕੀਤੀ ਜਾਵੇਗੀ ਜਿਸ ਵਿੱਚ ਸਮੇਂ-ਸਮੇਂ ਪ੍ਰਬੁੱਧ ਸਿੱਖ ਵਿਦਵਾਨਾਂ ਨੂੰ ਬੁਲਾ ਕੇ ਭਖਵੇਂ ਸਿੱਖ ਮੁੱਦਿਆਂ ਬਾਰੇ ਲੈਕਚਰ ਕਰਵਾਏ ਜਾਣਗੇ। ਇਥੇ ਵਰਣਨਯੋਗ ਹੈ ਕਿ ਇਸ ਚੇਅਰ ਦੀ ਸਥਾਪਤੀ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਵਿੱਚ ਇਹ ਸਮਝੌਤਾ ਜੂਨ ਮਹੀਨੇ ਦੇ ਆਰੰਭ ਵਿੱਚ ਕੀਤਾ ਗਿਆ ਸੀ ਅਤੇ ਵਾਈਸ ਚਾਂਸਲਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕੁਸ਼ਲਤਾ ਨਾਲ ਕਰਵਾਏ ਗਏ ਕਾਰਜਾਂ ਸਦਕਾ ਜੁਲਾਈ ਦੇ ਮੱਧ ਵਿੱਚ ਇਹ ਚੇਅਰ ਯੂਨੀਵਰਸਿਟੀ ਵਿਖੇ ਸਥਾਪਤ ਕਰ ਦਿੱਤੀ ਗਈ ਹੈ।