ਡਾ. ਇੰਦਰਜੀਤ ਸਿੰਘ ਗੋਗੋਆਣੀ
ਮਾਤ ਭਾਸ਼ਾ ਕੇਵਲ ਆਮ ਬੋਲ ਚਾਲ ਜਾਂ ਸ਼ਬਦਾਂ ਦਾ ਅਦਾਨ ਪ੍ਰਦਾਨ ਹੀ ਨਹੀਂ ਹੁੰਦੀ, ਸਗੋਂ ਉਸ ਦੇ ਗਰਭ ਵਿੱਚ ਸਫਲ ਜੀਵਨ ਜੀਊਣ ਦਾ ਤਰੀਕਾ, ਰੂਹ ਦੀਆਂ ਰਮਜ਼ਾਂ ਤੇ ਮੋਹ ਦੀਆਂ ਸੂਖਮ ਤੰਦਾਂ ਹੁੰਦੀਆਂ ਹਨ । ਮਾਤ ਭਾਸ਼ਾ ’ਚ ਰਚਿਆ ਸਾਹਿਤ ਅਕਲ ਤੇ ਜੀਵਨ ਦੇ ਤਜਰਬਿਆਂ ਦਾ ਬਹੁਮੁੱਲਾ ਭੰਡਾਰ ਹੁੰਦਾ ਹੈ । ਮਾਤ ਭਾਸ਼ਾ ਬੌਧਿਕ ਤੇ ਮਾਨਸਿਕ ਵਿਕਾਸ ਦੀ ਧਿਰ ਤੇ ਧੁਰਾ ਹੁੰਦੀ ਹੈ, ਪਰ ਜਦ ਕਿਸੇ ਲਾਲਚ, ਡਰ ਜਾਂ ਹੀਣ ਭਾਵਨਾ ਕਰਕੇ ਉਸ ਦੇ ਵਾਰਸ ਕਿਸੇ ਹੋਰ ਬੋਲੀ ਦਾ ਪ੍ਰਭਾਵ ਕਬੂਲ ਕਰ ਲੈਣ ਤਾਂ ਇਹ ਮਾਨਸਿਕ ਗ਼ੁਲਾਮੀ, ਆਪਣੇ ਈਮਾਨ ਅਤੇ ਵਿਰਾਸਤ ਦੀ ਜੜ੍ਹ ਤੋਂ ਟੁੱਟਣਾ ਹੁੰਦਾ ਹੈ ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਤਕਰੀਬਨ ਪੌਣੇ ਕੁ ਤਿੰਨ ਸੌ ਸਾਲ ਪਹਿਲਾਂ ਮੁਹੰਮਦ ਗੌਰੀ ਨੇ 1192 ਈ. ਵਿੱਚ ਤਰਾਵੜੀ ਦੇ ਮੈਦਾਨ ਵਿਚ ਪਿ?ਥਵੀ ਰਾਜ ਚੌਹਾਨ ਦੀ ਫ਼ੌਜ ਨੂੰ ਹਰਾ ਕੇ ਇਸਲਾਮਿਕ ਹਕੂਮਤ ਕਾਇਮ ਕੀਤੀ ਸੀ । ਜੋ ਰਾਜ ਸੱਤਾ ਪਹਿਲਾਂ ਕਸ਼ੱਤਰੀਆਂ ਦੇ ਅਧਿਕਾਰ ਹੇਠ ਸੀ, ਉਹ ਹੁਣ ਮੁਸਲਿਮ ਪ੍ਰਭਾਵ ਹੇਠ ਚਲੀ ਗਈ। ਇਸ ਦਾ ਨਤੀਜਾ ਇਹ ਹੋਇਆ ਕਿ ਲੋਕਾਂ ਨੇ ਆਪਣੀ ਭਾਸ਼ਾ ਤੇ ਸੱਭਿਆਚਾਰ ਨੂੰ ਤਿਆਗ ਕੇ ਰਾਜ ਸੱਤਾ ਵਾਲਿਆਂ ਦੇ ਸੱਭਿਆਚਾਰ ਨੂੰ ਅਪਣਾ ਲਿਆ। ਇਸ ਵਿੱਚ ਕਸ਼ੱਤਰੀ ਸਭ ਤੋਂ ਮੋਹਰੀ ਸਨ । ਕਿੱਥੇ ਉਹ ਦੇਸ਼ ਦੇ ਰੱਖਿਅਕ ਸਨ ਤੇ ਫਿਰ ਰਾਜ ਸੱਤਾ ਦੀ ਗੁਲਾਮੀ ਕਾਰਨ ਫ਼ਾਰਸੀ ਭਾਸ਼ਾ ਸਿੱਖ ਕੇ ਆਪਣੀ ਮਾਤ ਭਾਸ਼ਾ ਤਿਆਗ ਗਏ ।
ਵਿਸ਼ਵ ਦੇ ਰਹਿਬਰ ਸ੍ਰੀ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਭਾਰਤੀਆਂ ਦੀ ਇਸ ਗ਼ੁਲਾਮ ਮਾਨਸਿਕਤਾ ਦਾ ਵਰਣਨ ਕਰਦਿਆਂ ਫ਼ਰਮਾਇਆ:
ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥
ਸ੍ਰਿਸਟਿ ਸਭ ਇੱਕ ਵਰਨ ਹੋਈ ਧਰਮ ਕੀ ਗਤਿ ਰਹੀ॥
(ਧਨਾਸਰੀ ਮਹਲਾ 1, ਅੰਗ: 663)
ਭਾਵ ਖਤਰੀ ਲੋਕਾਂ ਨੇ ਕਸ਼ੱਤਰੀ ਧਰਮ ਛੱਡ ਕੇ ਗ਼ੁਲਾਮੀ ’ਚ ਉਹ ਬੋਲੀ ਅਪਣਾ ਲਈ, ਜਿਸ ਫ਼ਾਰਸੀ ਨੂੰ ਉਹ ਮਲੇਛਾਂ (ਮੱਲ ਇੱਛਾ ਵਾਲਿਆਂ) ਦੀ ਬੋਲੀ ਕਹਿੰਦੇ ਸਨ। ਹੁਣ ਤਾਂ ਸਾਰੇ ਹੀ ਲੋਕ ਗ਼ੁਲਾਮੀ ਵਾਲੀ ਜਾਤ ਗੋਤ ਦੇ ਹੋ ਗਏ ਹਨ ਤੇ ਧਰਮ ਕਰਮ ਦੀ ਕੋਈ ਮਰਯਾਦਾ ਨਹੀਂ ਰਹੀ ।
ਦੁਨੀਆ ਦਾ ਸੱਚ ਹੈ ਕਿ ਜਦ ਕਿਸੇ ਜਰਵਾਣੇ ਨੇ ਦੂਜਿਆਂ ਨੂੰ ਗ਼ੁਲਾਮ ਬਣਾਇਆ ਤਾਂ ਉਨ੍ਹਾਂ ਦੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਹੀ ਬਦਲ ਦਿੱਤਾ । ਇਸ ਤੋਂ ਅੱਗੇ ਜਦ ਲੋਕ ਰੀਸੋ ਰੀਸ ਜਾਂ ਮਾਨਸਿਕ ਕਮਜ਼ੋਰੀ ਕਰਕੇ ਆਪਣੇ ਵਿਰਸੇ ਤੇ ਵਿਰਾਸਤ ਤੋਂ ਬੇਮੁੱਖ ਹੋ ਗਏ ਤਾਂ ਉਨ੍ਹਾਂ ਦੀ ਹੋਂਦ ਖ਼ਤਮ ਹੋ ਗਈ। ਇਸੇ ਸੰਦਰਭ ਵਿੱਚ ਸਤਿਗੁਰਾਂ ਨੇ ਅਜਿਹੀ ਸੋਚ ਵਾਲਿਆਂ ਦਾ ਚਿੱਤਰ ਪੇਸ਼ ਕੀਤਾ ਹੈ:
ਆਦਿ ਪੁਰਖ ਕਉ ਅਲਹੁ ਕਹੀਐ ਸੇਖਾਂ ਆਈ ਵਾਰੀ॥
ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ॥
ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ॥
ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ॥
(ਬਸੰਤ ਹਿੰਡੋਲ ਮਹਲਾ 1, ਅੰਗ: 1191)
ਭਾਵ ਹੁਣ ਰੱਬ ਜਾਂ ਭਗਵਾਨ ਸ਼ਬਦ ਤਿਆਗ ਕੇ ਕੇਵਲ ਅੱਲ੍ਹਾ ਕਿਹਾ ਜਾਂਦਾ ਹੈ ਤੇ ਧਾਰਮਿਕ ਪੱਖੋਂ ਸ਼ੇਖਾਂ ਦਾ ਵੱਡਾ ਸਤਿਕਾਰ ਹੈ। ਦੇਵਤਿਆਂ ਦੇ ਮੰਦਰਾਂ ਉਪਰ ਟੈਕਸ ਲੱਗ ਰਿਹਾ ਹੈ ਪਰ ਦੂਜੇ ਪਾਸੇ ਰਾਜ ਸੱਤਾ ਵਾਲਿਆਂ ਦੇ ਧਰਮ ਸਥਾਨ ਨੂੰ ਪੂਰਨ ਸਹੂਲਤਾਂ ਹਨ । ਲੋਕ ਆਪਣੀ ਬੋਲੀ ਤਿਆਗ ਕੇ ਘਰ-ਘਰ ‘ਮੀਆਂ ਜੀ, ਮੀਆਂ ਜੀ’ ਕਹਿ ਰਹੇ ਹਨ ਅਤੇ ਇਹ ਬਿਗਾਨੀ ਭਾਸ਼ਾ ਦੀ ਗ਼ੁਲਾਮੀ ਤੇ ਆਪਣੇ ਈਮਾਨ ਦਾ ਤਿਆਗ ਹੈ। ਇਸੇ ਲਈ ਸਤਿਗੁਰਾਂ ਫ਼ਰਮਾਇਆ:
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥
ਨਾਨਕ ਅਵਰੁ ਨ ਜੀਵੈ ਕੋਇ॥
ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥
(ਵਾਰ ਮਾਝ ਕੀ ਮਹਲਾ 1- ਅੰਗ:142)
ਅਜਿਹੇ ਸਮਿਆਂ ’ਚ ਜਦੋਂ ਰਾਗ ’ਤੇ ਪਾਬੰਦੀ ਸੀ ਅਤੇ ਭਾਸ਼ਾ ਦੀ ਗ਼ੁਲਾਮੀ ਵੀ ਸਮਾਜ ਪ੍ਰਵਾਨ ਕਰ ਚੁੱਕਾ ਸੀ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਧੁਰ ਕੀ ਬਾਣੀ ਰਾਹੀਂ ਸੁੱਤੀ ਮਾਨਸਿਕਤਾ ਨੂੰ ਜਗਾਇਆ। ਇਸੇ ਲਈ ਭਾਈ ਗੁਰਦਾਸ ਜੀ ਸਤਿਗੁਰਾਂ ਦੀ ਦੈਵੀ ਸ਼ਖ਼ਸੀਅਤ ਬਾਰੇ ਲਿਖਦੇ ਹਨ-‘ਵਡਾ ਪੁਰਖੁ ਪਰਗਟਿਆ ਕਲਿਜੁਗਿ ਅੰਦਰਿ ਜੋਤਿ ਜਗਾਈ।’
ਸਤਿਗੁਰਾਂ ਦੀ ਬਾਣੀ ਉਸ ਸਮੇਂ ਦੀ ਪ੍ਰਚੱਲਿਤ ਪੰਜਾਬੀ ਭਾਸ਼ਾ ਹੈ ਅਤੇ ਇਸ ਤੋਂ ਇਲਾਵਾ ਸੰਤ ਭਾਸ਼ਾ ਜਾਂ ਸਾਧੁੱਕੜੀ ਭਾਸ਼ਾ ਦੀ ਵੀ ਵਰਤੋਂ ਹੋਈ ਹੈ, ਜੋ ਸਾਰੇ ਉੱਤਰੀ ਭਾਰਤ ’ਚ ਸਮਝੀ ਜਾਂਦੀ ਸੀ। ਵਿਦਵਾਨਾਂ ਦਾ ਮੱਤ ਹੈ ਕਿ ‘ਸੰਤ ਭਾਸ਼ਾ ਦੀ ਵਰਤੋਂ ਦੇਸਾਂ ਦੇਸਾਂਤਰਾਂ ’ਚ ਭ੍ਰਮਣ ਕਰਨ ਵਾਲੇ ਰਮਤੇ ਸਾਧੂ, ਸੰਤ ਤੇ ਜੋਗੀ ਨਾਥ ਕਰਦੇ ਸਨ ਪਰ ਇਸ ਉੱਪਰ ਸਭ ਤੋਂ ਵਧੀਕ ਪ੍ਰਭਾਵ ਪੰਜਾਬੀ ਦਾ ਸੀ। ਇਸ ਤੋਂ ਇਲਾਵਾ ਸਤਿਗੁਰਾਂ ਦੀ ਬਾਣੀ ਵਿੱਚ ਫ਼ਾਰਸੀ ਤੇ ਸੰਸਕਿਜ਼ ਦਾ ਰੂਪ ਵੀ ਮਿਲਦਾ ਹੈ। ਜਪੁਜੀ (ਜਪੁ) ਬਾਣੀ ਰਾਗ ਮੁਕਤ ਹੈ ਅਤੇ 19 ਰਾਗਾਂ ਵਿੱਚ ਗੁਰੂ ਜੀ ਦੇ 974 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਇਹ ਵੀ ਵਰਣਨਯੋਗ ਹੈ ਕਿ ਗੁਰਮੁਖੀ ਅੱਖਰ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਾਣੀ (ਰਾਗ ਆਸਾ ਮਹਲਾ 1 ਪਟੀ ਲਿਖੀ) ਵਿੱਚ ਮਿਲਦੇ ਹਨ। ਆਪ ਨੇ ਦੂਜੇ ਜਾਮੇ ’ਚ ਗੁਰਮੁਖੀ ਲਿੱਪੀ ਨੂੰ ਸੰਪੂਰਨ ਤਰਤੀਬ ਦਿੱਤੀ, ਜਦਕਿ ਉਸ ਸਮੇਂ ਸਿੱਧ ਮਾਤਿ ਕਾ, ਟਾਕਰੀ, ਭੱਟ ਅੱਛਰੀ ਤੇ ਲੰਡੇ ਆਦਿ ਲਿੱਪੀਆਂ ਪ੍ਰਚੱਲਿਤ ਸਨ ।
ਇਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਹਿਮਤ ਹੈ ਕਿ ਉਨ੍ਹਾਂ ਨੇ ਆਮ ਲੋਕਾਈ ਨੂੰ ਰੂਹਾਨੀ ਸਕੂਨ ਬਖਸ਼ਣ ਵਾਲੀ ਦੈਵੀ ਬਾਣੀ ਪੜ੍ਹਨ ਦਾ ਅਧਿਕਾਰ ਆਪਣੀ ਲੋਕ ਭਾਸ਼ਾ ’ਚ ਪ੍ਰਦਾਨ ਕੀਤਾ । ਸਧਾਰਨ ਮਾਨਵਤਾ ਨੂੰ ਸਰਲ ਸੁਖੈਨ ਸ਼ਬਦਾਂ ’ਚ ਸ਼ਬਦ ਗੁਰੂ ਦੀ ਸਿਧਾਂਤਕ ਸਮਝ ਆਈ ਅਤੇ ਫੋਕਟ ਭਰਮ-ਕਰਮ ਦੀ ਭਟਕਣਾ ਤੋਂ ਮੁਕਤੀ ਮਿਲੀ ।
ਸਤਿਗੁਰਾਂ ਨੇ ਜਿੱਥੇ ਲੋਕਾਈ ਨੂੰ ਧਾਰਮਿਕ, ਰਾਜਨੀਤਕ ਤੇ ਸਮਾਜਿਕ ਪਾਖੰਡਵਾਦ, ਲੁੱਟ-ਖਸੁੱਟ ਤੇ ਅੰਧ ਵਿਸ਼ਵਾਸਾਂ ਪ੍ਰਤੀ ਜਾਗਰੂਕ ਕੀਤਾ, ਉੱਥੇ ਗਿਆਨ ਵਿਹੂਣੇ ਹੰਕਾਰੀਆਂ ਬਾਰੇ ਵੀ ਫ਼ਰਮਾਇਆ ਕਿ ਕਈਆਂ ਨੂੰ ਨਾ ਚੰਗੀ ਸੂਝ ਹੈ, ਨਾ ਬੁੱਧ ਹੈ, ਨਾ ਅਕਲ ਦੀ ਸਾਰ ਹੈ ਅਤੇ ਨਾ ਹੀ ਕੋਈ ਅੱਖਰ ਪੜ੍ਹਨਾ ਜਾਣਦੇ ਹਨ । ਬਿਨਾਂ ਸਮਝ ਤੋਂ ਹੰਕਾਰੇ ਹੋਏ ਅਜਿਹੇ ਮਨੁੱਖ ਅਸਲ ਖਰ (ਗਧੇ) ਹਨ ।
ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ॥
ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ॥
(ਮਹਲਾ 1 ਅੰਗ 1246)
ਅਸਲ ਵਿਚ ਅੱਖਰ ਤੋਂ ਭਾਵ ਭਾਸ਼ਾ ਦਾ ਗਿਆਨ ਹੈ, ਜੋ ਸੰਸਾਰੀ ਤੇ ਨਿਰੰਕਾਰੀ ਬੌਧਿਕਤਾ ਦਾ ਮੂਲ ਹੈ। ਅੱਖਰ ਗਿਆਨ ਤੋਂ ਵਿਹੂਣਾ ਸਮਾਜ ਕਿਸੇ ਪੱਖੋਂ ਵੀ ਵਿਕਾਸ ਨਹੀਂ ਕਰ ਸਕਦਾ। ਸਤਿਗੁਰਾਂ ਨੇ ਮਨੁੱਖੀ ਜੀਵਨ ਦੀ ਸਫਲਤਾ ਤੇ ਸਵੈਮਾਣ ਨਾਲ ਜਿਊਣ ਦੀ ਕਲਾ ਦਾ ਆਧਾਰ ਅੱਖਰਾਂ ਨੂੰ ਪ੍ਰਵਾਨਿਆ ਹੈ । ਜਪੁਜੀ ਸਾਹਿਬ ਬਾਣੀ ’ਚ ਅਸੀਂ ਰੋਜ਼ਾਨਾਂ ਪਾਠ ਸਰਵਣ ਕਰਦੇ ਹਾਂ:-
ਅਖਰੀ ਨਾਮੁ ਅਖਰੀ ਸਾਲਾਹ॥
ਅਖਰੀ ਗਿਆਨੁ ਗੀਤ ਗੁਣ ਗਾਹ॥
ਅਖਰੀ ਲਿਖਣੁ ਬੋਲਣੁ ਬਾਣਿ॥
ਅਖਰਾ ਸਿਰਿ ਸੰਜੋਗੁ ਵਖਾਣਿ॥
(ਜਪੁਜੀ ਸਾਹਿਬ, (ਜਪੁ) ਅੰਗ 04)
ਭਾਵ ਭਾਸ਼ਾ ਦੇ ਸ਼ਬਦਾਂ ਨਾਲ ਹੀ ਪ੍ਰਭੂ ਦਾ ਨਾਮ ਲਿਆ ਜਾਂਦਾ ਹੈ ਅਤੇ ਅੱਖਰਾਂ ਨਾਲ ਹੀ ਸਿਫ਼ਤ ਸਲਾਹ ਹੋ ਸਕਦੀ ਹੈ। ਅੱਖਰਾਂ ਨਾਲ ਹੀ ਗਿਆਨ ਅਰਜਤ ਕੀਤਾ ਜਾਂਦਾ ਤੇ ਪ੍ਰਭੂ ਸਿਫਤੀ ਗਾ ਕੇ, ਗੁਣਾ ਤੋਂ ਵਾਕਫ ਹੋਇਆ ਜਾਂਦਾ ਹੈ । ਅੱਖਰਾਂ ਨਾਲ ਹੀ ਬਾਣੀ ਲਿਖੀ ਤੇ ਬੋਲੀ ਜਾਂਦੀ ਹੈ ਅਤੇ ਅੱਖਰਾਂ ਰਾਹੀਂ ਹੀ ਪ੍ਰਭੂ ਨਾਲ ਜੀਵ ਦਾ ਰਿਸ਼ਤਾ ਬਿਆਨ ਕੀਤਾ ਜਾਂਦਾ ਹੈ ।
ਤੱਤਸਾਰ ਕਿ ਅੱਖਰ ਹੀ ਭਾਸ਼ਾ ਦਾ ਮੂਲ ਹਨ ਅਤੇ ਮਾਤ ਭਾਸ਼ਾ ਦੇ ਅੱਖਰ ਹੀ ਰੂਹ ਨਾਲ ਸਦੀਵ ਸਾਂਝ ਰੱਖਦੇ ਹਨ। ਸੰਸਾਰ ਦਾ ਹਰ ਵਿਕਾਸ ਅੱਖਰਾਂ ਦੀ ਸ਼ਕਤੀ ’ਚ ਸਮਾਇਆ ਹੋਇਆ ਹੈ। ਇਸ ਲਈ ਮਾਤ ਭਾਸ਼ਾ ਹਰ ਮਨੁੱਖ ਦਾ ਈਮਾਨ (ਧਰਮ, ਭਰੋਸਾ, ਸਿਦਕ) ਹੈ। ਆਓ! ਜਿਸ ਭਾਸ਼ਾ ’ਚ ਪ੍ਰਭੂ ਦੇ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੈਵੀ ਬਾਣੀ ਬਖਸ਼ੀ, ਉਸ ਦੀ ਸ਼ਕਤੀ ਨੂੰ ਪਹਿਚਾਣੀਏ, ਅਮਲ ਤੇ ਪਿਆਰ ਕਰੀਏ।
![]()
