ਗੁਰੂ ਸਾਹਿਬਾਨ ਦੇ ਨਾਮ ’ਤੇ ਵਸਦੀ ਧਰਤੀ ਉੱਤੇ ਨਫ਼ਰਤ ਦੇ ਬੀਜ ਨਹੀਂ ਬੀਜੇ ਜਾਣੇ ਚਾਹੀਦੇ: ਗੜਗੱਜ

In ਪੰਜਾਬ
June 07, 2025
ਅੰਮ੍ਰਿਤਸਰ/ਏ.ਟੀ.ਨਿਊਜ਼: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਤੇ ਮੌਜੂਦਾ ਸਮੱਸਿਆਵਾਂ ਦੇ ਹੱਲ ਵਾਸਤੇ ਸਮੁੱਚੀ ਸਿੱਖ ਕੌਮ ਨੂੰ ਖ਼ਾਲਸਾਈ ਨਿਸ਼ਾਨ ਹੇਠ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਗੁਰੂ ਦੇ ਸਿੱਖ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਸੀ ਜੰਗ ਦਾ ਅਖਾੜਾ ਨਹੀਂ ਬਣਨ ਦੇ ਸਕਦੇ ਸਨ। ਉਨ੍ਹਾਂ ਕਿਹਾ ਕਿ ਉਹ ਬਾਹਰੀ ਤਾਕਤਾਂ ਨਾਲ ਤਾਂ ਲੜ ਸਕਦੇ ਹਨ ਪਰ ਆਪਣਿਆਂ ਨਾਲ ਕੋਈ ਟਕਰਾਅ ਨਹੀਂ ਚਾਹੁੰਦੇ। ਇੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ’ਚ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮੌਕੇ ਸਿੱਖ ਬੰਦੀਆਂ ਦੀ ਰਿਹਾਈ, ਧਰਮ ਪਰਿਵਰਤਨ ਨੂੰ ਰੋਕਣਾ, ਨਸ਼ਿਆਂ ਨੂੰ ਠੱਲ੍ਹ ਪਾਉਣਾ, ਨੌਜਵਾਨ ਪੀੜ੍ਹੀ ਨੂੰ ਬਾਣੀ ਤੇ ਬਾਣੇ ਨਾਲ ਜੋੜਨਾ ਅਹਿਮ ਕਾਰਜ ਹਨ। ਅਜਿਹੇ ਵੱਡੇ ਕਾਰਜਾਂ ਲਈ ਸਿੱਖ ਕੌਮ ਨੂੰ ਆਪਸੀ ਮੱਤਭੇਦ ਪਾਸੇ ਰੱਖ ਕੇ ਇਕਜੁੱਟ ਹੋਣਾ ਚਾਹੀਦਾ ਹੈ। ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੱਲੋਂ ਸੰਦੇਸ਼ ਨਾ ਦੇਣ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਤੋਂ ਰੋਕੇ ਜਾਣ ਸਬੰਧੀ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਕਈ ਵਾਰ ਵੱਡੇ ਹਿੱਤਾਂ ਲਈ ਬਹੁਤ ਕੁਝ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੂਹ ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਇਕਜੁੱਟ ਹੋ ਕੇ ਬੈਠਣ ਦਾ ਸੁਨੇਹਾ ਦਿੱਤਾ ਹੈ। ਇਸ ਦੌਰਾਨ ਉਨ੍ਹਾਂਂ ਨੇ ਧਰਮ ਪਰਿਵਰਤਨ ਮਾਮਲੇ ਵਿੱਚ ਬਟਾਲਾ ਸ਼ਹਿਰ ਵਿੱਚ ਕਰਸੇਡ ਦੇ ਨਾਂ ਹੇਠ ਕੀਤੇ ਜਾ ਰਹੇ ਸਮਾਗਮਾਂ ਉੱਤੇ ਸਖ਼ਤ ਇਤਰਾਜ਼ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂ ਸਾਹਿਬਾਨ ਦੇ ਨਾਮ ’ਤੇ ਵਸਦੀ ਧਰਤੀ ਉੱਤੇ ਨਫ਼ਰਤ ਦੇ ਬੀਜ ਨਹੀਂ ਬੀਜੇ ਜਾਣੇ ਚਾਹੀਦੇ। ਸਿੱਖ ਕੌਮ ਨੂੰ ਇਸ ਮਸਲੇ ’ਤੇ ਸੁਹਿਰਦ ਹੋਣ ਦੀ ਲੋੜ ਹੈ।

Loading