ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ

In ਮੁੱਖ ਲੇਖ
December 16, 2024
ਜੇਕਰ ਵੱਖ ਵੱਖ ਕੌਮਾਂ ਵਿੱਚ ਸ਼ਹੀਦਾਂ ਦੀ ਗੱਲ ਕਰੀਏ ਤਾਂ ਸਿੱਖ ਕੌਮ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ। ਇਹ ਕੌਮ ਸ਼ਹੀਦੀਆਂ ਨਾਲ ਭਰੀ ਪਈ ਹੈ। ਇਸ ਕੌਮ ਵਿੱਚ ਬਾਲ ਅਵਸਥਾਂ ਤੋਂ ਲੈਕੇ ਬਿਰਧ ਅਵਸਥਾ ਤੱਕ ਸ਼ਹੀਦ ਹਨ। ਧੰਨ ਸਨ ਸ਼੍ਰੀ ਗੁਰੂ ਗੋਬਿਦ ਸਿੰਘ ਜੀ ਦੇ ਚਾਰੇ ਲਾਲ ਜੋ ਮੁਗਲ ਹਕੂਮਤ ਮੂਹਰੇ ਹਾਰ ਨਾ ਮੰਨਦੇ ਹੋਏ ਸ਼ਹੀਦ ਹੋ ਗਏ। ਇਸ ਲੇਖ ਵਿੱਚ ਆਪਾਂ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਗੱਲ ਕਰਦੇ ਹਾਂ। ਇਹਨਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਛੋਟੀਆਂ ਜਿੰਦਾਂ ਵੱਡਾ ਸਾਕਾ ਹਨ! ਇਹ ਬਾਲ ਉਮਰ ਦੀਆਂ ਜਿੰਦਾਂ ਸਾਕਾ ਬਹੁਤ ਵੱਡਾ ਕਰ ਗਈਆ। ਸਾਕਾ ਹੋਣ ਵੇਲੇ ਸਭ ਨਾਲੋਂ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਦੀ ਉੱਮਰ 7 ਵਰ੍ਹੇ ਤੋਂ ਵੀ ਘੱਟ ਸੀ। ਬਾਬਾ ਫ਼ਤਿਹ ਸਿੰਘ ਜੀ ਤੋਂ ਵੱਡੇ ਬਾਬਾ ਜ਼ੋਰਾਵਰ ਸਿੰਘ ਜੀ ਲਗਭਗ 9 ਵਰ੍ਹਿਆਂ ਦੇ ਸਨ। ਇਹਨਾਂ ਸਾਹਿਬਜ਼ਾਦਿਆਂ ਨੂੰ ਜ਼ਾਲਮਾਨਾਂ ਢੰਗ ਨਾਲ ਮੌਤ ਦੇ ਘਾਟ ਉਤਾਰਿਆ ਗਿਆ। ਇਹ ਸਾਕਾ ਸਿੱਖ ਇਤਿਹਾਸ ਵਿੱਚ ਕੁਰਬਾਨੀਆਂ ਦੀਆਂ ਸਭ ਤੋਂ ਦਰਦਨਾਕ ਯਾਦਾਂ ਵਿਚੋਂ ਇੱਕ ਅਭੁੱਲ ਯਾਦ ਹੈ। ਅਨੰਦਪੁਰ ਛੱਡ ਦੇਣ ਤੋਂ ਬਾਅਦ ਜਦੋਂ ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਪੈਂਦਾ ਹੈ। ਉਸ ਵੇਲੇ ਸਭ ਤੋਂ ਪਹਿਲੀ ਮੁਸ਼ਕਲ ਸਰਸਾ ਨਦੀ ਪਾਰ ਕਰਨ ਵੇੇਲੇ ਦੀ ਹੈ। ਸਰਸਾ ਨਦੀ ਪਾਰ ਕਰਦਿਆਂ ਨਦੀ ਵਿਚ ਹੜ੍ਹ ਆਇਆ ਹੋਇਆ ਸੀ। ਹੜ੍ਹ ਦੇ ਕਾਰਨ ਗੁਰੂ ਜੀ ਦੇ ਪਰਿਵਾਰ ਵਿਚੋਂ ਦੋ ਛੋਟੇ ਸਾਹਿਬਜ਼ਾਦੇ ਤੇ ਬੱਚਿਆਂ ਦੀ ਮਾਂ ਦਾਦੀ ਗੁਜ਼ਰ ਕੌਰ ਜੀ ਗੁਰੂ ਜੀ ਅਤੇ ਸਿੰਘਾਂ ਨਾਲੋ ਵਿੱਛੜ ਗਏ ਅਤੇ ਗੰਗੂ ਬ੍ਰਾਹਮਣ (ਗੁਰੂ ਘਰ ਦਾ ਰਸੋਈਆ) ਇਹਨਾਂ ਤਿੰਨਾਂ ਨਾਲ ਰਹਿ ਗਿਆ। ਸਰਸਾ ਵਿੱਚ ਹੜ੍ਹ ਕਾਰਨ ਗੁਰੂ ਜੀ ਦੇ ਕਈ ਸਿੰਘ ਕਈ ਘੋੜੇ, ਭਾਰੀ ਖ਼ਜ਼ਾਨਾ ਅਤੇ ਕਾਫ਼ੀ ਕੀਮਤੀ ਇਤਿਹਾਸ ਹੜ੍ਹ ਦੀ ਭੇਂਟ ਚੜ੍ਹ ਗਿਆ। ਗੁਰੂ ਜੀ ਤੋਂ ਵਿੱਛੜ ਕੇ ਦਾਦੀ ਅਤੇ ਪੋਤਿਆਂ ਦੀ ਪਹਿਲੀ ਰਾਤ ਕੁੰਮੇ ਮਸ਼ਕੀ ਦੀ ਝੁਗੀ ਵਿੱਚ ਬੀਤੀ। ਇੱਥੇ ਹੀ ਛਮੀ ਨਾਮ ਦੀ ਮਾਈ ਨੇ ਉਹਨਾਂ ਨੂੰ ਰੋਟੀ ਪਹੁੰਚਾਈ। ਇੱਥੇ ਹੀ ਗੰਗੂ ਬ੍ਰਾਹਮਣ ਰਸੋਇਆ ਬੇਈਮਾਨ ਹੋਇਆ ਸੀ। ਇੱਥੋਂ ਦਾਦੀ ਅਤੇ ਪੋਤਿਆਂ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਸਹੇੜੀ (ਮੋਰਿੰਡੇ ਪਾਸ) ਲੈ ਗਿਆ। ਅੱਜ ਕੱਲ ਇਸ ਪਿੰਡ ਦਾ ਨਾਮ ਬਦਲ ਕੇ ਗੁਰੂ ਮਾਰੀ ਖੇੜੀ ਰੱਖ ਲਿਆ ਗਿਆ ਹੈ। ਬੇਈਮਾਨ ਗੰਗੂ ਬ੍ਰਾਹਮਣ ਨੇ ਇਹ ਖ਼ਬਰ ਮੋਰਿੰਡਾ ਥਾਣੇ ਨੂੰ ਦਿੱਤੀ ਕੇ ਜਿੰਨਾਂ ਨੂੰ ਮੁਗਲ ਸਰਕਾਰ ਭਾਲ ਰਹੀ ਹੈ ਉਹ ਮੇਰੇ ਕਬਜ਼ੇ ਵਿੱਚ ਹਨ। ਗੰਗੂ ਬ੍ਰਾਹਮਣ ਦੀ ਮੁਖ਼ਬਰੀ ਕੀਤੀ ਤੋਂ ਮੋਰਿੰਡਾ ਥਾਣੇ ਵਾਲੇ ਗੁਰੂ ਜੀ ਦੇ ਪਰਿਵਾਰ ਨੂੰ ਗ੍ਰਿਫ਼ਤਾਰ ਕਰਕੇ ਇੱਕ ਰਾਤ ਮੋਰਿੰਡੇ ਥਾਣੇ ਵਿੱਚ ਰੱਖ ਕੇ ਫਿਰ ਬਸੀ ਪਠਾਣਾ ਪਹੁੰਚ ਦਿੱਤਾ ਉੱਥੋਂ ਬੱਚਿਆਂ ਨੂੰ ਹੱਥਕੜੀਆਂ ਲਾਕੇ ਤੇ ਜੰਜੀਰਾਂ ਪਹਿਨਾ ਕੇ ਸਰਹੰਦ ਥਾਣੇ ਲਿਆਂਦਾ ਗਿਆ। 24 ਦਸੰਬਰ 1704 ਈ. ਨੂੰ ਦੋਹਾਂ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਨਾਲੋਂ ਵੱਖ ਕਰਕੇ ਸੂਬੇ ਦੀ ਕਚਿਹਰੀ ਵਿੱਚ ਪੇਸ਼ ਕੀਤਾ ਗਿਆ। ਪੇਸ਼ ਕਰਨ ਵੇਲੇ ਸਰਕਾਰੀ ਨੌਕਰਾਂ ਨੂੰ ਯਕੀਨ ਸੀ ਸਾਹਿਬਜ਼ਾਦੇ ਆਪਣੀ ਦਾਦੀ ਦੀ ਗੈਰਹਾਜ਼ਰੀ ਵਿੱਚ ਡੋਲ ਜਾਣਗੇ ਪਰ ਅਡੋਲ ਰਹੇ ਪਹਿਲੇ ਦਿਨ ਕਾਜ਼ੀ ਨੇ ਫਾਤਵਾ ਨਹੀਂ ਸੁਣਾਇਆ। ਕਾਜ਼ੀ ਦੇ ਕਹਿਣ ਤੇ ਬੱਚੇ ਵਾਪਸ ਉਹਨਾਂ ਦੀ ਦਾਦੀ ਕੋਲ ਠੰਡੇ ਬੁਰਜ਼ ਵਿੱਚ ਭੇਜ ਦਿੱਤੇ ਗਏ। ਇੱਥੇ ਹੀ ਰਾਜ ਦੇ ਸਹਿਮ ਅਤੇ ਸਖਤੀ ਦੇ ਬਾਵਜੂਦ ਭਾਈ ਮੋਤੀ ਰਾਮ ਮਹਿਰਾ ਨੇ ਭਾਰੀ ਜੋਖ਼ਮ ਉਠਾਕੇ ਇਨ੍ਹਾਂ ਨਿਰਭੈ ਨਿਰਵੈਰ ਸੂਰਬੀਰਾਂ ਦੀ ਦੁੱਧ ਪਾਣੀ ਨਾਲ ਸੇਵਾ ਕੀਤੀ। ਮਾਤਾ ਗੁਜਰ ਕੌਰ ਜੀ ਨੇ ਮੋਤੀ ਰਾਮ ਮਹਿਰਾ ਦਾ ਬੱਚਿਆ ਨੂੰ ਦੁੱਧ ਪਿਆਉਣ ਦੀ ਸੇਵਾ ਕੀਤੀ ਕਰਕੇ ਧੰਨਵਾਦ ਕੀਤਾ। ਪਿਖ ਕੇ ਪ੍ਰੇਮ ਸੂ ਮੋਤੀ ਕੇਰਾ।। ਮਾਤਾ ਕਹਯੋ ਭਲਾ ਹੋਵੇ ਤੇਰਾ।। ਜਿਸ ਦੇ ਨਤੀਜੇ ਵਜੋਂ ਬਾਅਦ ਵਿੱਚ ਭਾਈ ਮੋਤੀ ਰਾਮ ਮਹਿਰਾ ਨੂੰ ਸਮੇਤ ਪਰਿਵਾਰ ਸ਼ਾਹੀ ਹੁਕਮ ਅਨੁਸਾਰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ। ਦੂਜੇ ਦਿਨ 25 ਦਸੰਬਰ ਨੂੰ ਫਿਰ ਬੱਚਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ। ਬੱਚਿਆਂ ਨੂੰ ਕਚਹਿਰੀ ਵਿੱਚ ਦੀਨ ਕਬੂਲ ਕਰਨ ਲਈ ਲਾਲਚ ਦੇਣ ਅਤੇ ਡਰਾਉਣ ਧਮਕਾਉਣ ਦੇ ਯਤਨ ਕੀਤੇ ਗਏ। ਉਹਨਾਂ ਅੱਗੇ ਬਹੁਤ ਸਾਰੇ ਝੂਠ ਵੀ ਬੋਲੇ ਗਏ। ਬੱਚਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ। ਸੂਬਾ ਸਰਹਿੰਦ ਵਜ਼ੀਰ ਖਾਨ ਨੇ ਕਾਜ਼ੀ ਦੀ ਰਾਏ ਲਈ ਕਿ ਇਹਨਾਂ ਬੱਚਿਆਂ ਨੂੰ ਕੀ ਸਜਾ ਦਿੱਤੀ ਜਾ ਸਕਦੀ ਹੈ। ਕਾਜ਼ੀ ਨੇ ਕਿਹਾ ਇਸਲਾਮ ਵਿੱਚ ਬੱਚਿਆਂ ਨੂੰ ਸਜਾ ਦੇਣ ਦੀ ਇਜ਼ਾਜਤ ਨਹੀਂ ਹੈ। ਵਜ਼ੀਰ ਖ਼ਾਨ ਬੱਚਿਆਂ ਦੀ ਸਜਾ ਦਾ ਹੁਕਮ ਦੂਸਰੇ ਸਿਰ ਪਾਉਣਾ ਚਾਹੁੰਦਾ ਸੀ। ਵਜ਼ੀਰ ਖ਼ਾਨ ਨੇ ਮਲੇਰਕੋਟਲਾ ਦੇੇ ਨਵਾਬ ਸ਼ੇਰ ਖ਼ਾਨ ਨੂੰ ਕਿਹਾ ਤੂੂੰ ਗੁਰੂ ਸਾਹਿਬ ਜੀ ਦੇ ਜੰਗ ਵਿੱਚ ਮਾਰੇ ਗਏ ਆਪਣੇ ਭਰਾ ਦਾ ਬਦਲਾ ਬੱਚਿਆਂ ਨੂੰ ਸਖਤ ਤੋਂ ਸਖਤ ਸਜਾ ਦੇਕੇ ਲੈ ਸਕਦਾ ਏ! ਸ਼ੇਰ ਖ਼ਾਨ ਨੇ ਵੀ ਨਵਾਬ ਵਜ਼ੀਰ ਖ਼ਾਨ ਨੂੰ ਇਹ ਕਹਿਕੇ ਜਵਾਬ ਦੇ ਦਿੱਤਾ ਜੇਕਰ ਮੈਂ ਆਪਣੇ ਭਰਾ ਦਾ ਬਦਲਾ ਲੈਣਾ ਹੋਇਆ ਗੁਰੂ ਸਾਹਿਬ ਜੀ ਨਾਲ ਜੰਗ ਕਰਕੇ ਲਵਾਂਗਾ। ਇਹ ਮਸੂਮ ਬੱਚਿਆਂ ਰਾਹੀਂ ਬਦਲਾ ਲੈ ਕੇ ਮੈਂ ਪਾਪ ਮੁੱਲ ਨਹੀਂ ਲੈਣੇ। ਅੱਲ੍ਹਾ ਯਾਰ ਖਾਂ ਜੋਗੀ ਦੇ ਸ਼ਬਦਾਂ ਵਿੱਚ "ਬਦਲਾ ਹੀ ਲੇਨਾ ਹੋਗਾ ਤੋਂ ਲੇਂਗੇ ਬਾਪ ਸੇ। ਮਹਿਫ਼ੂਜ਼ ਰਖੇ ਹਮ ਕੇ ਖ਼ੁਦਾ ਐਸੇ ਪਾਪ ਸੇ। ਵਜ਼ੀਰ ਖ਼ਾਨ ਦਾ ਮਨ ਕੁਝ ਨਰਮ ਪੈ ਗਿਆ ਅਤੇ ਮਨ ਦੇ ਵਿਚਾਰ ਬਦਲੀ ਹੋਣ ਲੱਗੇ। ਦੀਵਾਨ ਸੁੱਚਾ ਨੰਦ ਖੱਤਰੀ ਇਹ ਨਹੀਂ ਚਹੁੰਦਾ ਸੀ ਕੇ ਬੱਚਿਆਂ ਨੂੰ ਜਿਊਂਦੇ ਛੱਡਿਆ ਜਾਵੇ। ਦੀਵਾਨ ਸੁੱਚਾ ਨੰਦ ਖੱਤਰੀ ਨੇ ਕਿਹਾ ਤੂੰ ਬੱਚਿਆਂ ਨੂੰ ਮੁਆਫ਼ ਕਰਕੇ ਸੁਖ ਦੀ ਨੀਦ ਨਹੀਂ ਸੌਂ ਸਕਦਾ ਦੁਸ਼ਮਣ ਅਤੇ ਸੱਪ ਨੂੰ ਭੁੱਲ ਜਾਣਾ ਬਹੁਤ ਵੱਡੀ ਗਲਤੀ ਹੈ। ਇਹ ਬੱਚੇ ਵੱਡੇ ਹੋਕੇ ਬਹੁਤ ਖਤਰਨਾਕ ਬਣ ਜਾਣਗੇ। ਇਹਨਾਂ ਨੂੰ ਇਸ ਦੁਨੀਆਂ ਤੋ ਖਤਮ ਕਰ ਦੇਣਾ ਹੀ ਠੀਕ ਹੈ। ਵਜ਼ੀਰ ਖ਼ਾਨ ਨੇ ਆਪਣੀ ਹਾਰ ਨੂੰ ਛਪਾਉਣ ਲਈ ਕਾਜ਼ੀ ਤੋਂ ਫਾਤਵਾ ਲਵਾਇਆ। ਕਾਜ਼ੀ ਨੇ ਸ਼ਰ੍ਹਾ ਦੀ ਕਿਤਾਬ ਖੋਲਦਿਆਂ ਕਿਹਾ ਇਹ ਬਾਗ਼ੀ ਦੇ ਪੁੱਤਰਾਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਵੇ। 27 ਦਸੰਬਰ 1704 (13 ਪੋਹ) ਨੂੰ ਜਦ ਗੁਰੂ ਜੀ ਦੇ ਪੁੱਤਰਾਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਫਿਰ ਉਹਨਾਂ ਦੇ ਜ਼ੈਕਾਰੇ ਦੀ ਗੂੰਜ਼ ਨਾਲ ਕੰਧ ਇਕਦਮ ਡਿੱਗ ਪਈ ਨੀਹਾਂ ਦੀ ਸਰੀਰਾਂ ਨੂੰ ਪਈ ਮਾਰ ਕਰਕੇ ਮਸੂਮ ਬੱਚੇ ਸਹਿਕਣ ਲੱਗੇ। ਕੁੱਝ ਮਿੰਟਾਂ ਬਾਅਦ ਵਜ਼ੀਰ ਖ਼ਾਨ ਨੇ ਜਲਾਦਾਂ ਨੂੰ ਹੁਕਮ ਦਿੱਤਾ ਬੱਚਿਆਂ ਦਾ ਖੰਜਰ ਨਾਲ ਜ਼ਿਬਹ (ਕਤਲ) ਕਰ ਦਿੱਤਾ ਜਾਵੇ। ਸਾਹ-ਰਗਾਂ ਕੱਟ ਦਿੱਤੀਆਂ ਜਾਣ। ਜਲਾਦ ਸ਼ਾਸ਼ਲਬੇਗ ਤੇ ਬਾਸ਼ਲਬੇਗ ਨੇ ਗਲਾਂ ਤੇ ਖੰਜਰ ਫੇਰ ਕੇ ਸਾਹ-ਰਗਾਂ ਕੱਟ ਦਿੱਤੀਆਂ। ਮਾਤਾ ਜੀ ਵੀ ਠੰਡੇ ਬੁਰਜ਼ ਵਿੱਚ ਸਰੀਰ ਛੱਡ ਗਏ। ਜਾਲਮਾਂ ਨੇ ਕਤਲ ਕਰਕੇ ਇਹਨਾਂ ਸਰੀਰਾਂ ਨੂੰ ਠੰਡੇ ਬੁਰਜ਼ ਨਾਲ ਲਗਦੀ ਹੰਸਲਾ ਨਦੀ ਵਿੱਚ ਸੁੱਟ ਦਿੱਤਾ। ਜਿੱਥੇ ਅੱਜ ਕੱਲ ਗੁਰਦੁਆਰਾ ਬਿਬਾਨਗ੍ਹੜ ਸਾਹਿਬ ਬਣਿਆ ਹੋਇਆ ਹੈ ਤਾਂਕਿ ਕਾਂ, ਕੁੱਤੇ ਤੇ ਇੱਲਾਂ ਸਰੀਰਾਂ ਨੂੰ ਖਾ ਜਾਣ ਸਰੀਰਾਂ ਦੀ ਬੇਅਦਬੀ ਹੋ ਜਾਵੇ। ਜਦ ਇਸ ਖ਼ਬਰ ਦਾ ਦੀਵਾਨ ਟੋਡਰ ਮੱਲ ਨੂੰ ਪਤਾ ਲੱਗਿਆ ਉਸ ਨੂੰ ਬੜਾ ਦੁੱਖ ਹੋਇਆ ਉਸ ਨੇ ਨਵਾਬ ਵਜ਼ੀਰ ਖਾਨ ਤੱਕ ਪਹੁੰਚ ਕੀਤੀ। ਵਜ਼ੀਰ ਖਾਨ ਦੀ ਮੰਗ ਅਨੁਸਾਰ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਸਰੀਰਾਂ ਦੇ ਸਸਕਾਰ ਲਈ ਜਗ੍ਹਾ ਮੁੱਲ ਖ੍ਰੀਦ ਕੇ ਮਾਤਾ ਜੀ ਅਤੇ ਬੱਚਿਆਂ ਦਾ ਸਸਕਾਰ ਕੀਤਾ। ਸਸਕਾਰ ਵਾਲੀ ਜਗ੍ਹਾ ਸੂਬਾ ਵਜ਼ੀਰ ਖ਼ਾਨ ਦੇ ਮਹਿਲ ਲਾਗੇ ਜ਼ਮੀਦਾਰ ਚੌਧਰੀ ਅੱਤੇ ਦੀ ਜ਼ਮੀਨ ਸੀ। ਦੀਵਾਨ ਟੋਡਰ ਮੱਲ ਨੇ ਉਸ ਨਾਲ ਗੱਲ ਕਰਕੇ ਇਹ ਜ਼ਮੀਨ ਮਹਿੰਗੇ ਭਾਅ ਖਰੀਦੀ। ਅੱਜ ਇਸ ਜਗ੍ਹਾ ਨੂੰ ਜੋਤੀ ਸਰੂਪ (ਫ਼ਤਿਹਗ੍ਹੜ ਸਾਹਿਬ) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਹਰ ਸਾਲ ਛੋਟੇ ਸਾਹਿਬਜ਼ਾਦਿਆਂ ਦੀ ਧਰਤੀ ਸ੍ਰੀ ਫ਼ਤਿਹਗ੍ਹੜ ਸਾਹਿਬ ਵਿਖੇ`ਾ ਪੋਹ ਮਹੀਨੇ ਸ਼ਹੀਦੀ ਸਮਾਗਮ ਹੁੰਦੇ ਹਨ। ਬੱਚਿਆਂ ਦੀ ਯਾਦ ਵਿੱਚ ਬਣੇ ਅਸਥਾਨਾਂ ਤੇ ਹਰ ਰੋਜ਼ ਲੱਖਾਂ ਸੀਸ ਝੁਕਦੇ ਹਨ। ਇਹਨਾਂ ਮਸੂਮ ਬੱਚਿਆਂ ਦੀ ਸ਼ਹੀਦੀ ਨੂੰ ਯਾਦ ਕਰਕੇ ਹਰ ਇੱਕ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਵਿਦੇਸ਼ਾਂ ਵਿੱਚ ਵਸਦੇ ਪਰਿਵਾਰਾਂ ਨੂੰ ਬੇਨਤੀ ਹੈ ਜਦ ਵੀ ਇੰਡੀਆ ਆਉਂਦੇ ਹੋ ਤਾਂ ਆਪਣੇ ਬੱਚਿਆਂ ਨੂੰ ਸ੍ਰੀ ਫ਼ਤਿਹਗ੍ਹੜ ਸਾਹਿਬ ਸ਼ਹੀਦ ਬੱਚਿਆਂ ਦੇ ਅਸਥਾਨਾਂ ਦੇ ਦਰਸ਼ਨ ਜ਼ਰੂਰ ਕਰਵਾ ਕੇ ਲਿਜਾਇਆ ਕਰੋ। ਸੁਖਵਿੰਦਰ ਸਿੰਘ ਮੁੱਲਾਂਪੁਰ

Loading