ਅੰਮ੍ਰਿਤਸਰ/ਏ.ਟੀ.ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਦੇ ਧਰੁਵ ਰਾਠੀ ਨਾਂ ਦੇ ਯੂਟਿਊਬਰ ਦੁਆਰਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਅਤੇ ਚਾਰ ਸਾਹਿਬਜ਼ਾਦਿਆਂ ਬਾਰੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਨਾਲ ਤਿਆਰ ਕੀਤੀ ਐਨੀਮੇਸ਼ਨ ਵੀਡੀਓ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਨੂੰ ਤੁਰੰਤ ਹਟਾਉਣ ਅਤੇ ਸਰਕਾਰ ਨੂੰ ਇਸ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਆਖਿਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਸ਼ਖ਼ਸੀਅਤਾਂ ਦਾ ਇਤਿਹਾਸ ਪਵਿੱਤਰ ਅਤੇ ਵਿਰਾਸਤ ਹੈ, ਜਿਸ ਨੂੰ ਕਿਸੇ ਵੀ ਵਿਅਕਤੀ ਨੂੰ ਵਿਗਾੜਨ ਜਾਂ ਗਲਤ ਢੰਗ ਨਾਲ ਪੇਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਫ਼ਿਲਮ ਜਾਂ ਐਨੀਮੇਸ਼ਨ ਨਹੀਂ ਬਣਾਈ ਜਾ ਸਕਦੀ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਮਤੇ ਪਾਸ ਕਰਕੇ ਪੂਰਨ ਤੌਰ ’ਤੇ ਰੋਕ ਲਗਾਈ ਹੋਈ ਹੈ।
ਉਨ੍ਹਾਂ ਕਿਹਾ ਕਿ ਧਰੁਵ ਰਾਠੀ ਦੀ ਵੀਡੀਓ ਵਿੱਚ ਇਤਿਹਾਸਕ ਗਲਤੀਆਂ ਤੋਂ ਇਲਾਵਾ ਗੁਰੂ ਸਾਹਿਬਾਨ ਨੂੰ ਦਰਸਾਉਂਦੀ ਏ.ਆਈ. ਨਾਲ ਤਿਆਰ ਕੀਤੀ ਵੀਡੀਓ ਸ਼ਾਮਲ ਕਰਕੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਗਈ ਹੈ। ਅਜਿਹੇ ਚਿਤਰਣ ਸਿੱਖ ਸਿਧਾਂਤਾਂ ਤੇ ਪ੍ਰੰਪਰਾਵਾਂ ਦੀ ਉਲੰਘਣਾ ਹਨ, ਕਿਉਂਕਿ ਸਿੱਖ ਧਰਮ ਅੰਦਰ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਾਤਰ ਦੇ ਰੂਪ ਵਿੱਚ ਨਹੀਂ ਦਿਖਾਇਆ ਜਾ ਸਕਦਾ। ਇਸ ਯੂਟਿਊਬਰ ਨੇ ਸਿੱਖ ਸਿਧਾਂਤਾਂ ਵਿਰੁੱਧ ਜਾਣ ਦੀ ਹਰਕਤ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਬੰਧਤ ਯੂਟਿਊਬਰ ਨੂੰ ਇਹ ਵੀਡੀਓ ਤੁਰੰਤ ਹਟਾਉਣ ਲਈ ਆਖਿਆ ਅਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਵੀਡੀਓ ਨਾ ਹਟਾਈ ਗਈ ਤਾਂ ਸ਼੍ਰੋਮਣੀ ਕਮੇਟੀ ਉਸ ਖਿਲਾਫ਼ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਵੇਗੀ।
ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਵੀਡੀਓ ’ਤੇ ਸਖਤ ਇਤਰਾਜ਼ ਕਰਦਿਆਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਸੀ ਕਿ ਉਹ ਇਸ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਅਮਲ ਆਰੰਭਣ।
![]()
