ਗੁਰੂ ਹਰਿਕ੍ਰਿਸਨ ਸਾਹਿਬ ਜੀ

In ਮੁੱਖ ਲੇਖ
October 13, 2025

ਪ੍ਰਮਿੰਦਰ ਸਿੰਘ ਪ੍ਰਵਾਨਾ

ਜੀਵਨ ਜਾਂਚ ਦੇ ਰਾਹ ਦਸੇਰੇ ਗੁਰੂਆਂ ਦਾ ਆਗਮਨ ਮਨੁੱਖਤਾ ਦੀ ਭਲਾਈ ਵਾਸਤੇ ਹੋਇਆ ਕਰਦਾ ਹੈ। ਜਦ ਕਦੇ ਧਰਤੀ ’ਤੇ ਪਾਪ ਦੀ ਅਤਿ ਹੋ ਜਾਵੇ ਤਾਂ ਆਤਮ ਸ੍ਰਿਸ਼ਟੀ ਵਿਚੋਂ ਕੋਈ ਉਪਕਾਰੀ ਆਉਂਦਾ ਹੈ। ਜੋ ਤਪਦੇ ਸੰਸਾਰ ਵਿੱਚ ਠੰਡ ਵਰਤਾਉਂਦਾ ਹੈ। ਮਨੁੱਖੀ ਮਨਾਂ ਨੂੰ ਸ਼ਾਂਤ ਕਰਦਾ ਹੈ। ਸਿੱਖ ਗੁਰੂ ਕਾਲ ਵਿੱਚ ਦਸ ਗੁਰੂਆਂ ਦੀ ਇੱਕ ਜੋਤ ਜੋ ਦਸੀਂ ਜਾਮੀ ਨਿਰੰਤਰ ਰੱਬੀ ਸੀ। ਭਗਤੀ ਅਤੇ ਸ਼ਕਤੀ ਦੇ ਸੁਮੇਲ ਵਿਚੋਂ ਸ਼ਾਂਤ ਉਤਸ਼ਾਹ ਵਿੱਚ ਦੀਨ ਦਯਾ ਹਿੱਤ ਬੀਰ ਰਸ ਆਇਆ ਤੇ ਚੜ੍ਹਦੀ ਕਲਾ ਦਾ ਰੰਗ ਚੜਿ੍ਹਆ। ਗੁਰੂ ਨਾਨਕ ਦੇਵ ਸਾਹਿਬ ਜੀ ਦੁਆਰਾ ਚਲਾਏ ਨਿਰਮਲ ਪੰਥ ਦੇ ਅੱਠਵੇਂ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਉਹਨਾਂ ਦੀ ਸਿਆਣਪ ਨੂੰ ਵੇਖ ਕੇ ਬਾਲ ਗੁਰੂ ਜਾਂ ਬਾਲਾ ਪ੍ਰੀਤਮ ਵੀ ਕਿਹਾ ਜਾਂਦਾ ਹੈ। ਆਪ ਜੀ ਦਾ ਆਗਮਨ ਸਾਵਣ ਵਦੀ 10 ਸੰਮਤ 1713 ਅਰਥਾਤ 7 ਜੁਲਾਈ 1656 ਨੂੰ ਸੀਸ ਮਹੱਲ ਕੀਰਤਪੁਰ (ਰੋਪੜ) ਵਿਖੇ ਗੁਰੂ ਹਰਿ ਰਾਏ ਸਾਹਿਬ ਜੀ ਦੇ ਗ੍ਰਹਿ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁਖੋਂ ਹੋਇਆ। ਕੱਤਕ 6 ਸੰਮਤ 1718 ਅਨੁਸਾਰ 20 ਅਕਤੂਬਰ 1661 ਨੂੰ ਗੁਰਗੱਦੀ ’ਤੇ ਬਿਰਾਜਮਾਨ ਹੋਏ। ਉਸ ਸਮੇਂ ਆਪ ਜੀ ਦੀ ਉਮਰ 5 ਸਾਲ 3 ਮਹੀਨੇ ਸੀ।
ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੀ ਸ਼ਹਾਦਤ ਸਮੇਂ ਗੁਰੂ ਹਰਿਰਾਇ ਸਾਹਿਬ ਜੀ ਨੂੰ ਹਦਾਇਤ ਕੀਤੀ ਸੀ ਕਿ ਗੁਰਗੱਦੀ ’ਤੇ ਹਥਿਆਰਬੰਦ ਹੋ ਕੇ ਬੈਠਣਾ ਹੈ। ਤਦ ਗੁਰੂ ਹਰਿਰਾਏ ਸਾਹਿਬ ਜੀ ਨੇ ਕੌਮ ਨੂੰ ਬਕਾਇਦਾ ਤੇ ਜਥੇਬੰਦਕ ਹਥਿਆਰਬੰਦ ਬਣਾਇਆ। ਸੰਗਤਾਂ ਦੇ ਹੌਂਸਲੇ ਬੁਲੰਦ ਹੋਏ। ਮੁਗਲ ਹਕੂਮਤ ਜਿਥੇ ਜ਼ੁਲਮ ਨਾਲ ਜਬਰੀ ਲੋਕਾਂ ਨੂੰ ਇਸਲਾਮ ਵਿੱਚ ਲਿਆਉਣਾ ਚਾਹੁੰਦੀ ਸੀ, ਉਥੇ ਸਿੱਖ ਧਰਮ ਦੀ ਵਧਦੀ ਲੋਕਪ੍ਰਿਅਤਾ ਨੂੰ ਵੇਖ ਕੇ ਲੋਕ ਆਪਣੇ ਆਪ ਹੀ ਸਿੱਖ ਧਰਮ ਅਪਨਾਉਣ ਲੱਗੇ। ਮੁਗਲ ਬਾਦਸ਼ਾਹ ਔਰੰਗਜ਼ੇਬ ਬਹਾਨੇ ਨਾਲ ਸਿੱਖਾਂ ਦੀ ਤਾਕਤ ਨੂੰ ਪਰਖਣਾ ਚਾਹੁੰਦਾ ਸੀ। ਉਸਨੇ ਧਰਮ ਗਰੰਥ ਦੇ ਸ਼ੰਕਿਆਂ ਦੇ ਬਹਾਨੇ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਤਲਬ ਕਰਨਾ ਚਾਹਿਆ।
ਗੁਰੂ ਹਰਿਰਾਇ ਸਾਹਿਬ ਜੀ ਨੇ ਆਪਣੇ ਵੱਡੇ ਪੁੱਤਰ ਬਾਬਾ ਰਾਮ ਰਾਏ ਜੀ ਨੂੰ ਹਿਦਾਇਤ ਕੀਤੀ ਕਿ ਗੁਰਮਤਿ ਵਿਚਾਰਾਂ ਕਰਦੇ ਸਮੇਂ ਆਪਣੇ ਧਾਰਮਿਕ ਨਿਸਚੈ ’ਤੇ ਪੂਰਾ ਉੱਤਰਨਾ ਹੈ। ਬਾਦਸ਼ਾਹ ਨੇ ਸੁਆਲ ਕੀਤਾ ਕਿ ਤੁਹਾਡੇ ਗਰੰਥ ਵਿੱਚ ‘ਮਿੱਟੀ ਮੁਸਲਮਾਨ ਦੀ ਪੇੜੇ ਪਈ ਕੁਮਿਆਰ ’ ਸਿੱਧੀ ਇਸਲਾਮ ਦੀ ਹੱਤਕ ਨਹੀਂ ਹੈ? ਬਾਬਾ ਰਾਮ ਰਾਇ ਜੀ ਨੇ ਬਾਦਸ਼ਾਹ ਦੀ ਖੁਸ਼ੀ ਹਾਸਲ ਕਰਨ ਲਈ ਕਹਿ ਦਿੱਤਾ ਕਿ ਉਥੇ ਮਿੱਟੀ ਬੇਈਮਾਨ ਦੀ ਲਫ਼ਜ਼ ਹੈ। ਬਾਣੀਕਾਰ ਵੱਲੋਂ ਗਲਤੀ ਨਾਲ ਮੁਸਲਮਾਨ ਲਿਖਿਆ ਗਿਆ ਹੈ। ਬਾਦਸ਼ਾਹ ਤਾਂ ਖੁਸ਼ ਹੋ ਗਿਆ। ਉਸ ਨੇ ਉਸ ਨੂੰ ਜਾਗੀਰ ਵਜੋਂ ਪਿੰਡ ਦਿੱਤੇ: ਖੁਰਵੜਾ, ਧਮਵਾਲ, ਚਮਾਸਰੀ, ਰਾਜਪੁਰ, ਮੀਆਵਾਲਾ, ਪੰਡਿਤਵਾੜੀ, ਕਰਤਾਨਾਵਲੀ, ਜੋ ਜਗੀਰ ਦੂਨ ਦੇ ਸਨ ਪਰ ਗੁਰੂ ਹਰਿਰਾਇ ਸਾਹਿਬ ਨੇ ਆਪਣੇ ਦ੍ਰਿੜ ਇਰਾਦੇ ਨਾਲ ਫੈਸਲਾ ਕੀਤਾ ਕਿ ਬਾਬਾ ਰਾਮਰਾਇ ਜੀ ਗੁਰਗੱਦੀ ਦੇ ਯੋਗ ਨਹੀਂ ਹਨ। ਜਦ ਆਪ ਜੀ ਦੇ ਜੋਤੀ ਜੋਤਿ ਸਮਾਉਣ ਦਾ ਵੇਲਾ ਆਇਆ ਤਾਂ ਆਪ ਨੇ ਆਪਣੇ ਛੋਟੇ ਸਾਹਿਬਜ਼ਾਦਾ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਲਈ ਨੀਅਤ ਕੀਤਾ। ਆਪ ਨੇ ਗੁਰਤਾ ਦਾ ਕੰਮ ਬੜੇ ਸੋਹਣੇ ਢੰਗ ਨਾਲ ਤੋਰੀ ਰੱਖਿਆ। ਆਪ ਸੰਗਤਾਂ ਨੂੰ ਗੁਰਮਤਿ ਬਾਰੇ ਉਪਦੇਸ਼ ਦਿੰਦੇ। ਸੰਗਤਾਂ ਦੇ ਸ਼ੰਕੇ ਦੂਰ ਕਰਦੇ, ਨਾਮ ਦਾਨ ਬਖ਼ਸ਼ ਕੇ ਨਿਹਾਲ ਕਰਦੇ। ਗੁਰਸਿੱਖੀ ਦੇ ਪ੍ਰਚਾਰ ਵਾਸਤੇ ਪ੍ਰਚਾਰਕ ਭੇਜੇ। ਧਰਮ ਪ੍ਰਤੀ ਦ੍ਰਿੜ੍ਹਤਾ ਦੀ ਉਹਨਾਂ ਦੇ ਸਮੇਂ ਕੋਈ ਕਮੀ ਨਾ ਆਈ।
ਉਸ ਵੇਲੇ ਰਾਮਰਾਇ ਦਿੱਲੀ ਬਾਦਸ਼ਾਹ ਦੇ ਦਰਬਾਰ ਵਿੱਚ ਸੀ। ਉਸ ਨੇ ਗੁਰੂ ਸਾਹਿਬ ਵਿਰੁੱਧ ਗੁਰਗੱਦੀ ਨੂੰ ਲੈ ਕੇ ਸਾਜ਼ਿਸ਼ਾਂ ਸ਼ੁਰੂ ਦਿੱਤੀਆਂ, ਆਪਣੇ ਤਾਏ ਧੀਰਮਲ ਨਾਲ ਰਲਕੇ ਕੁਝ ਮਸੰਦਾ ਨੂੰ ਵੀ ਆਪਣੇ ਨਾਲ ਰਲਾ ਲਿਆ। ਉਹ ਆਪਣੇ ਆਪ ਹੀ ਗੁਰੂ ਬਣ ਬੈਠਾ। ਉਸ ਨੇ ਮਸੰਦਾਂ ਨੂੰ ਦਸਵੰਧ ਦੀ ਉਗਰਾਹੀ ਲਈ ਵੀ ਭੇਜਣਾ ਸ਼ੁਰੂ ਕੀਤਾ ਪਰ ਸੰਗਤਾਂ ਨੇ ਉਸ ਨੂੰ ਪ੍ਰਵਾਨ ਨਾ ਕੀਤਾ। ਮੂੰਹ ਦੀ ਖਾਹ ਕੇ ਉਹ ਬਾਦਸ਼ਾਹ ਔਰੰਗਜ਼ੇਬ ਕੋਲ ਜਾ ਕੇ ਫਰਿਆਦੀ ਹੋਇਆ। ਸ਼ਿਕਾਇਤ ਕੀਤੀ ਕਿ ਮੈਂ ਵੱਡਾ ਪੁੱਤਰ ਹਾਂ ਤੇ ਗੁਰਆਈ ’ਤੇ ਮੇਰਾ ਹੱਕ ਹੈ। ਬਾਦਸ਼ਾਹ ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਸ਼ਿਕਾਇਤ ਨੂੰ ਸੰਜੀਦੀ ਨਾਲ ਨਾ ਲਿਆ। ਫਿਰ ਉਸ ਨੂੰ ਸੁੱਝੀ ਕਿ ਜੇ ਕਰ ਰਾਮਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਨਾਲ ਚੱਲੇਗਾ ਤਾਂ ਹਕੂਮਤ ਸਿੱਖਾਂ ਵੱਲੋਂ ਬੇਫਿਕਰ ਹੋ ਜਾਵੇਗੀ। ਇਸ ਲਈ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਤਲਬ ਕਰ ਲਿਆ ਪਰ ਗੁਰੂ ਹਰਿਰਾਇ ਸਾਹਿਬ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ‘ਨਹਿ ਮਲੇਸ਼ ਕੋ ਦਰਸ਼ਨ ਦੇਹ ਹੈ’ ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ ਦਿੱਤਾ ਸੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਪਿਤਾ ਦਾ ਹੁਕਮ ਮੰਨਦਿਆਂ ਸਿੱਖੀ ਦੀ ਅਣਖ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਰਬਾਰ ਵਿੱਚ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਆਪਣਾ ਪ੍ਰਚਾਰ ਜਾਰੀ ਰੱਖਿਆ।
ਬਾਦਸ਼ਾਹ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਹੁਕਮ ਦਿੱਤਾ ਕਿ ਕਿਸੇ ਵੀ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਪ੍ਰੇਰਿਤ ਕੀਤਾ ਜਾਵੇ। ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਪਰਸ ਰਾਮ ਨੂੰ ਪੰਜਾਹ ਘੌੜ ਸਵਾਰ ਦੇ ਕੇ ਹਿਦਾਇਤ ਕੀਤੀ ਕਿ ਕੀਰਤਪੁਰ ਜਾ ਕੇ ਮੇਰੇ ਵੱਲੋਂ ਸਤਿਗੁਰੂ ਜੀ ਨੂੰ ਦਿੱਲੀ ਆਉਣ ਦੀ ਬੇਨਤੀ ਕਰਨੀ ਤੇ ਬੜੇ ਸਤਿਕਾਰ ਨਾਲ ਪਾਲਕੀ ’ਚ ਲੈ ਕੇ ਆਉਣਾ। ਜਦੋਂ ਸੰਗਤਾਂ ਨੂੰ ਪਤਾ ਲੱਗਾ ਤਾਂ ਤੌਖਲਾ ਹੋ ਹੋਇਆ।
ਸਤਿਗੁਰੂ ਜੀ ਦੇ ਤੁਰਨ ਵੇਲੇ ਸੰਗਤਾਂ ਦਾ ਭਾਰੀ ਇਕੱਠ ਹੋਇਆ ਅਤੇ ਗੁਰੂ ਜੀ ਅੱਗੇ ਰੋਸ ਰੱਖਿਆ। ਗੁਰੂ ਸਾਹਿਬ ਜੀ ਨੇ ਸਭ ਨੂੰ ਹੌਂਸਲਾ ਦਿੱਤਾ। ਸੈਂਕੜੇ ਸਿੱਖ ਨਾਲ ਚੱਲ ਪਏ। ਅੰਬਾਲੇ ਪਾਸਲੇ ਪੰਜਖਹੇ ਪਿੰਡ ਜ਼ਿਲ੍ਹਾ ਅੰਬਾਲਾ ਪਹੁੰਚ ਕੇ ਗੁਰੂ ਸਾਹਿਬ ਜੀ ਨੇ ਕੁਝ ਉੱਘੇ ਸਿੱਖਾਂ ਤੋਂ ਬਿਨਾਂ ਬਾਕੀ ਸਭ ਨੂੰ ਵਾਪਸ ਮੋੜ ਦਿੱਤਾ। ਉਥੇ ਇੱਕ ਹੰਕਾਰੀ ਬ੍ਰਾਹਮਣ ਲਾਲ ਚੰਦ ਮਿਲਿਆ ਅਤੇ ਕਹਿਣ ਲੱਗਾ ਕਿ ਤੁਸੀਂ ਆਪਣੇ ਆਪ ਨੂੰ ਹਰਿ ਕ੍ਰਿਸ਼ਨ ਅਖਵਾਉਂਦੇ ਹੋ। ਇਸ ਤਰ੍ਹਾਂ ਆਪ ਕ੍ਰਿਸ਼ਨ ਤੋਂ ਵੀ ਵੱਡੇ ਬਣਦੇ ਹੋ। ਸ੍ਰੀ ਕ੍ਰਿਸ਼ਨ ਨੇ ਤਾਂ ਗੀਤਾ ਉਚਾਰੀ ਸੀ, ਤੁਸੀਂ ਉਸ ਦੇ ਅਰਥ ਕਰਕੇ ਸੁਣਾਓ। ਨਾਲੇ ਸ਼ਾਸਤਰਾਂ ਦੇ ਅਰਥ ਕਰਨ ਲਈ ਮੇਰੇ ਨਾਲ ਮੁਕਾਬਲਾ ਕਰ ਲਓ।
ਬ੍ਰਹਮ ਗਿਆਨ ਦੇ ਪੁੰਜ ਤੇ ਸਰਬ ਕਲਾ ਸਮਰੱਥ ਗੁਰੂ ਸਾਹਿਬ ਜੀ ਨੇ ਕਿਹਾ ‘‘ ਅਸੀਂ ਤਾਂ ਰੱਬ ਦੇ ਸੇਵਕ ਹਾਂ। ਵੱਡੇ ਬਣ ਬਣ ਬਹਿਣਾ ਅਸੀਂ ਨਹੀਂ ਜਾਣਦੇ ਪਰ ਸਾਡੇ ਨਾਲ ਸ਼ਾਸਤਰਾਰਥ ਤੁਸੀਂ ਫੇਰ ਕਰਿਓ। ਪਹਿਲਾਂ ਤੁਸੀਂ ਆਪਣੀ ਮਰਜ਼ੀ ਨਾਲ ਚੁਣੇ ਹੋਏ ਕਿਸੇ ਸਿੱਖ ਨਾਲ ਟਾਕਰਾ ਵਿਚਾਰ ਕਰ ਵੇਖੋ। ਜਾਓ ਪਿੰਡ ਵਿਚੋਂ ਕੋਈ ਸ਼ਰਧਾਲੂ ਲੈ ਆਵੋ, ਉਹ ਹੀ ਤੁਹਾਨੂੰ ਉਤਰ ਦੇ ਕੇ ਤੁਹਾਡੀ ਨਿਸ਼ਾ ਕਰੇਗਾ। ਪੰਡਤ ਛੱਜੂ ਰਾਮ ਸੇਵਕ ਜੋ ਲੰਗਰਾਂ ਵਿੱਚ ਪਾਣੀ ਦੀ ਸੇਵਾ ਕਰਦਾ ਸੀ, ਗੁਰਬਾਣੀ ਸਰਵਣ ਕਰਦਾ ਸੀ। ਜਿਸ ਨੇ ਪੰਡਤ ਦੇ ਸੁਆਲਾਂ ਦੇ ਉਤਰ ਦੇ ਦਿੱਤੇ ਪੰਡਤ ਦਾ ਹੰਕਾਰ ਟੁੱਟ ਗਿਆ ਉਹ ਗੁਰੂ ਸਾਹਿਬ ਜੀ ਦਾ ਸਿੱਖ ਬਣ ਗਿਆ। ਗੁਰਾਂ ਨੇ ਫੁਰਮਾਇਆ ਕਿ ਗੁਰੂ ਦੀ ਸਮਰੱਥਾ ਅਰਥ ਕਰਨਾ ਹੀ ਨਹੀਂ, ਸਗੋਂ ਜੀਵਨ ਨੂੰ ਸਾਂਵੀਂ ਪੱਧਰੀ ਰਾਹ ’ਤੇ ਤੋਰਨਾ ਹੈ। ਮਨੁੱਖ ਵਿਚੋਂ ਅਗਿਆਨਤਾ ਦਾ ਨਾਸ ਕਰਨਾ ਹੈ। ਸਾਡਾ ਤਾਂ ਹਰ ਸਿੱਖ ਗਿਆਨਵਾਨ ਹੈ। ਉਸ ਨੂੰ ਗਿਆਨ ਪ੍ਰਾਪਤ ਕਰਨ ਦੀ ਖੁੱਲ ਹੈ ਤਾਂ ਜੋ ਧਾਰਮਿਕ , ਰਾਜਨੀਤਿਕ, ਵਿਦਿਅਕ ਤੇ ਵਿਵਹਾਰਿਕ ਸੋਝੀ ਨਾਲ ਆਪਣਾ ਜੀਵਨ ਸੰਵਾਰ ਸਕੇ।
ਸਫ਼ਰ ਕਰਦਿਆਂ ਗੁਰੂ ਸਾਹਿਬ ਦਿੱਲੀ ਜਾ ਪਹੁੰਚੇ। ਮਿਰਜ਼ਾ ਰਾਜਾ ਜੈ ਸਿੰਘ ਨੇ ਆਪ ਦਾ ਉਤਾਰਾ ਰਾਏ ਸੀਨਾ ਵਿੱਚ ਆਪਣੇ ਬੰਗਲੇ ਵਿੱਚ ਕਰਵਾਇਆ। ਉਥੇ ਗੁਰਦੁਆਰਾ ਬੰਗਲਾ ਸਾਹਿਬ ਹੈ। ਸੰਗਤਾਂ ਉਥੇ ਦਰਸ਼ਨਾਂ ਲਈ ਉਮੜ ਪਈਆਂ। ਬਾਦਸ਼ਾਹ ਔਰੰਗਜ਼ੇਬ ਨੇ ਵੀ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ ਪਰ ਗੁਰੂ ਸਾਹਿਬ ਜੀ ਨੇ ਇਨਕਾਰ ਕਰ ਦਿੱਤਾ। ਔਰੰਗਜ਼ੇਬ ਨੇ ਆਪਣੇ ਸਾਹਿਬਜ਼ਾਦਾ ਮਆਜ਼ਮ ਨੂੰ ਭੇਜਿਆ। ਉਹ ਗੁਰੂ ਸਾਹਿਬ ਜੀ ਦਾ ਆਤਮਿਕ ਉਪਦੇਸ਼ ਸੁਣ ਕੇ ਨਿਹਾਲ ਹੋ ਗਿਆ। ਗੁਰੂ ਸਾਹਿਬ ਨੇ ਰਾਮ ਰਾਇ ਦੇ ਗੁਰਗੱਦੀ ਦੇ ਦਾਅਵੇ ਬਾਰੇ ਸਪਸ਼ਟ ਕਰਨ ਲਈ ਔਰੰਗਜ਼ੇਬ ਨੂੰ ਸੁਨੇਹਾ ਭੇਜਿਆ ਕਿ ਗੁਰਗੱਦੀ ਵਿਰਾਸਤ ਜਾਂ ਜੱਦੀ ਮਲਕੀਅਤ ਨਹੀਂ ਹੈ। ਰਾਮ ਰਾਇ ਨੇ ਗੁਰਬਾਣੀ ਦੀ ਤੁਕ ਉਲਟਾਈ ਹੈ। ਪਿਤਾ ਨੇ ਗੁਰਗੱਦੀ ਤੋਂ ਵਾਂਝਾ ਕਰ ਦਿੱਤਾ। ਇਸ ਵਿੱਚ ਕੋਈ ਬੇਇਨਸਾਫ਼ੀ ਨਹੀਂ ਹੋਈ। ਬਾਦਸ਼ਾਹ ਔਰੰਗਜ਼ੇਬ ਨੇ ਰਾਮ ਰਾਇ ਦੇ ਗੁਰਗੱਦੀ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ। ਉਹ ਆਪਣੀ ਜਗੀਰ ਦੂਨ ਨੂੰ ਚਲਾ ਗਿਆ ਅਤੇ ਵੱਖਰੀ ਸੰਪ੍ਰਦਾ ਚਲਾਈ।
ਰਾਜਾ ਜੈ ਸਿੰਘ ਦੀ ਰਾਣੀ ਤੌਖਲਾ ਹੋਇਆ ਕਿ ਇੰਨਾ ਛੋਟਾ ਬਾਲਕ ਗੁਰੂ ਕਿਵੇਂ ਹੋ ਸਕਦਾ ਹੈ? ਜੇਕਰ ਸਮਰੱਥ ਗੁਰੂ ਹੈ ਤਾਂ ਮੈਨੂੰ ਹੀ ਢੂੰਡ ਦੇ ਦਸ ਦੇਵੇ ਕਿ ਸਵਾਗਤ ਕਰਨ ਵਾਲੀਆਂ ਵਿੱਚ ਮੈਂ ਕਿਥੇ ਹਾਂ? ਗੁਰੂ ਪਾਤਸ਼ਾਹ ਨੇ ਸਾਰੀਆਂ ਗੋਲੀਆਂ ਸਹੇਲੀਆਂ ਦੀ ਡੀਲ ਡੋਲ ਵੇਖ ਕੇ ਗੋਲੀ ਬਣੀ ਰਾਣੀ ਨੂੰ ਪਛਾਣ ਲਿਆ । ਇਹ ਭਰਮ ਦੂਰ ਕੀਤਾ ਕਿ ਗੁਰੂ ਜੋਤਿ ਨੂੰ ਸਰੀਰ ਪੱਖੋਂ ਜਾਂ ਉਮਰ ਪੱਖੋਂ ਵੇਖ ਕੇ ਪਰਖਿਆ ਨਹੀਂ ਜਾ ਸਕਦਾ।
ਸੰਨ 1663 ਦੇ ਦੌਰਾਨ ਜਦੋਂ ਗੁਰੂ ਜੀ ਦਿੱਲੀ ਵਿਚ ਸਨ ਤਾਂ ਹੈਜਾ ਚੇਚਕ ਦੀ ਮਹਾਂਮਾਰੀ ਫੈਲ ਗਈ। ਗੁਰਦੇਵ ਆਪ ਲੋਕਾਂ ਦੇ ਘਰ ਘਰ ਜਾ ਕੇ ਸੇਵਾ ਕਰਨ ਲੱਗੇ। ਲੋਕਾਈ ਦੇ ਭਲੇ ਲਈ ਮਾਇਆ ਵੀ ਖਰਚ ਕੀਤੀ। ਇਹ ਵੇਖ ਕੇ ਸੰਗਤਾਂ ਵੀ ਇਸ ਨੇਕ ਕੰਮ ਲਈ ਗੁਰੂ ਜੀ ਨਾਲ ਆਣ ਜੁੜੀਆਂ। ਇਸ ਛੂਤ ਦੀ ਬਿਮਾਰੀ ਵਿੱਚ ਆਪਣੀ ਬਾਲ ਉਮਰ ਦੀ ਪ੍ਰਵਾਹ ਵੀ ਨਹੀਂ ਕੀਤੀ। ਆਖਿਰ ਗੁਰੂ ਜੀ ਵੀ ਇਸ ਮਹਾਂਮਾਰੀ ਦਾ ਸ਼ਿਕਾਰ ਹੋ ਗਏ। ਮਾਤਾ ਜੀ ਅਤੇ ਸੰਗਤਾਂ ਵਿੱਚ ਘਬਰਾਹਟ ਹੋ ਗਈ ਪਰ ਪਾਤਸ਼ਾਹ ਨੇ ਇਸ ਨੂੰ ਰੱਬੀ ਰਮਜ਼ ਦੱਸਿਆ । ਸੰਗਤਾਂ ਨੂੰ ਧੀਰਜ ਵਿੱਚ ਰਹਿਣ ਲਈ ਕਿਹਾ। ਆਪਣਾ ਸੱਚਖੰਡ ਜਾਣ ਦਾ ਸਮਾਂ ਵੇਖ ਕੇ ਹੁਕਮ ਸੁਣਾਇਆ ਕਿ ਅਗਲਾ ਗੁਰੂ ਬਾਬਾ ਬਕਾਲੇ ਭਾਵ ਸੀ ਕਿ ਗੁਰੂ ਬਾਬਾ ਬਕਾਲਾ ਰਹਿੰਦਾ ਹੈ। ਆਪ ਜੀ 3 ਵਿਸਾਖ ਸੰਮਤ 1721 ਮੁਤਾਬਿਕ 30 ਮਾਰਚ 1664 ਨੂੰ ਜੋਤੀ ਜੋਤ ਸਮਾ ਗਏ। ਯਮੁਨਾ ਨਦੀ ਦੇ ਕੰਢੇ ਭੋਗਲ ਪਿੰਡ ਦੇ ਨੇੜੇ ਆਪ ਜੀ ਦੀਆਂ ਅੰਤਿਮ ਰਸਮਾਂ ਹੋਈਆਂ। ਉਸ ਜਗ੍ਹਾ ਬਾਲਾ ਸਾਹਿਬ ਗੁਰਦੁਆਰਾ ਹੈ। ਜੋਤੀ ਜੋਤਿ ਸਮਾਉਣ ਵੇਲੇ ਆਪ ਜੀ ਦੀ ਉਮਰ ਪੌਣੇ 8 ਸਾਲ ਸੀ। ਆਪ ਜੀ ਦਾ ਗੁਰਆਈ ਸਮਾਂ ਢਾਈ ਕੁ ਸਾਲ ਰਿਹਾ।

ਅੰਤਿਕਾ : ਵਰਣਨਯੋਗ ਹੈ ਕਿ ਆਪ ਬਾਲ ਉਮਰੇ ਵੀ ਗੁਰਗੱਦੀ ਦੀ ਜ਼ਿੰਮੇਵਾਰੀ ਨਿਭਾਅ ਕੇ ਦਰਸਾ ਦਿੱਤਾ ਕਿ ਗੁਰੂ ਸਰੀਰ ਨਹੀਂ ਜੋਤਿ ਹੈ। ਸਪਸ਼ਟ ਕੀਤਾ ਕਿ ਸਰੀਰ ਭਾਵੇਂ ਬਿਰਧ ਹੋਵੇ ਜਾਂ ਬਾਲ ਉਮਰ ਗੁਰੂ ਜੋਤਿ ਨਾਲ ਉਮਰ ਦਾ ਕੋਈ ਸਬੰਧ ਨਹੀਂ। ਢਾਈ ਸਾਲ ਦੀ ਗੁਰਤਾ ਵਿੱਚ ਗੁਰਦੇਵ ਨੇ ਬੜੀ ਸਿਆਣਪ , ਦ੍ਰਿੜ੍ਹਤਾ ਅਤ ਨਿਰਭੈਤਾ ਨਾਲ ਜਿੰਮੇਵਾਰੀ ਨਿਭਾਈ। ਉਹਨਾਂ ਨੇ ਧਰਮ ਪ੍ਰਚਾਰ ਵੀ ਪਹਿਲਾਂ ਦੀ ਤਰਾਂ ਜਾਰੀ ਰੱਖਿਆ। ਉਹਨਾਂ ਦੇ ਹੋਰ ਪਰ ਉਪਕਾਰਾਂ ਵਿੱਚ ਜਦ ਭਾਈ ਕਲਿਆਣ ਦੀ ਧਰਮਸ਼ਾਲਾ ਮਹੱਲਾ ਦਿਲਵਾਲੀ ਸਿੰਘਾਂ ਦਿੱਲੀ ਵਿਖੇ ਡੇਰੇ ਲਾਏ ਤਾਂ ਉਥੇ ਲੋਕ ਬੜੇ ਗਰੀਬ ਸਨ। ਪੀਣ ਲਈ ਸਾਫ਼ ਪਾਣੀ ਵੀ ਨਹੀਂ ਸੀ। ਲੋਕ ਬਿਮਾਰੀਆਂ ਵਿੱਚ ਘਿਰੇ ਹੋਏ ਸਨ। ਬੜਾ ਹੀ ਦੁਖੀ ਜੀਵਨ ਬਤੀਤ ਕਰ ਰਹੇ ਸਨ। ਗੁਰੂ ਦੀਆਂ ਸੰਗਤਾਂ ਨੇ ਲੰਗਰ ਲਗਾ ਦਿੱਤੇ । ਥਾਂ ਥਾਂ ਸਾਫ਼ ਪਾਣੀ ਦਾ ਪ੍ਰਬੰਧ ਕੀਤਾ। ਕਈ ਮੁਸਲਮਾਨ ਫ਼ਕੀਰ ਵੀ ਗੁਰਾਂ ਦੇ ਉਪਾਸਕ ਬਣ ਗਏ। ਗੁਰੂ ਜੀ ਸੱਚੀ ਸੁੱਚੀ ਕ੍ਰਿਤ ਕਰਦਿਆਂ ਰੱਬ ਦੀ ਰਜ਼ਾ ਵਿੱਚ ਰਹਿਣ ਦਾ ਉਪਦੇਸ਼ ਦਿੱਤਾ। ਸਿੱਖ ਗੁਰੂਆਂ ਨੇ ਬੇਗਰਜ਼ ਸੇਵਾ ਨੂੰ ਮੁਕਤੀ ਨਾਲ ਜੋੜ ਦਿੱਤਾ।

Loading