
ਤਹਿਰਾਨ, 8 ਅਪ੍ਰੈਲ :
ਉੱਤਰੀ ਈਰਾਨ ਵਿਚ ਇਕ ਕੋਲਾ ਖਾਨ ’ਚ ਗੈਸ ਲੀਕ ਹੋਣ ਕਾਰਨ ਸੱਤ ਮਜ਼ਦੂਰਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ ਤਿੰਨ ਅਫਗਾਨੀ ਸਨ। ਇਹ ਜਾਣਕਾਰੀ ਸਰਕਾਰੀ ਮੀਡੀਆ ਵੱਲੋਂ ਮੰਗਲਵਾਰ ਨੂੰ ਦਿੱਤੀ ਗਈ। ਸਰਕਾਰੀ IRNA ਨਿਊਜ਼ ਏਜੰਸੀ ਦੀ ਇਕ ਰਿਪੋਰਟ ਦੇ ਅਨੁਸਾਰ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ, ਜੋ ਕਿ ਸੋਮਵਾਰ ਦੁਪਹਿਰ ਨੂੰ ਰਾਜਧਾਨੀ ਤਹਿਰਾਨ ਤੋਂ ਲਗਭਗ 270 ਕਿਲੋਮੀਟਰ ਉੱਤਰ-ਪੱਛਮ ਵਿਚ ਦਮਘਨ ਸ਼ਹਿਰ ਦੇ ਨੇੜੇ ਵਾਪਰੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਈਰਾਨ ਵਿਚ ਹਰ ਸਾਲ ਉਦਯੋਗਿਕ ਹਾਦਸਿਆਂ ਕਾਰਨ ਲਗਭਗ 700 ਮਜ਼ਦੂਰਾਂ ਦੀ ਮੌਤ ਹੋ ਜਾਂਦੀ ਹੈ। ਪਿਛਲੇ ਹਫ਼ਤੇ ਇਕ ਲੋਹੇ ਦੀ ਖਾਣ ਢਹਿਣ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਸਤੰਬਰ ਵਿਚ ਪੂਰਬੀ ਈਰਾਨ ਵਿਚ ਇਕ ਕੋਲਾ ਖਾਨ ’ਚ ਹੋਏ ਧਮਾਕੇ ਵਿਚ ਦਰਜਨਾਂ ਮਜ਼ਦੂਰ ਮਾਰੇ ਗਏ ਸਨ।