
28 ਸਾਲ ਤੱਕ ਕੁਸ਼ਤੀ ਦੀ ਦੁਨੀਆ ’ਤੇ ਰਾਜ ਕਰਨ ਵਾਲੇ ਗੋਲਡਬਰਗ ਨੇ ਆਖਰਕਾਰ ਰਿੰਗ ਨੂੰ ਅਲਵਿਦਾ ਕਹਿ ਦਿੱਤਾ। ਉਸਦਾ ਸਾਹਮਣਾ ਡਬਲਯੂ.ਡਬਲਯੂ.ਈ. ਦੇ ਸਭ ਤੋਂ ਖਤਰਨਾਕ ਚੈਂਪੀਅਨ, ਗੁੰਥਰ ਨਾਲ ਵਰਲਡ ਹੈਵੀਵੇਟ ਟਾਈਟਲ ਲਈ ਹੋਇਆ। ਇਹ ਮੈਚ ਆਸਾਨ ਨਹੀਂ ਸੀ।
ਗੋਲਡਬਰਗ, ਜੋ ਗੋਡੇ ਦੀ ਸੱਟ ਤੋਂ ਪੀੜਤ ਸੀ, ਨੇ ਮੈਚ ਵਿੱਚ ਜ਼ਬਰਦਸਤ ਜੋਸ਼ ਦਿਖਾਇਆ। ਆਪਣੇ ਕੈਰੀਅਰ ਦਾ ਆਖਰੀ ਮੈਚ ਆਪਣੇ ਜੱਦੀ ਸ਼ਹਿਰ ਅਟਲਾਂਟਾ ਵਿੱਚ ਖੇਡਿਆ। ਉਸਨੂੰ ਆਪਣੇ ਕੈਰੀਅਰ ਦੇ ਆਖਰੀ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਉਸਨੇ ਆਪਣੇ ਕੈਰੀਅਰ ਦੇ ਆਖਰੀ ਮੈਚ ਤੋਂ ਬਾਅਦ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ, ‘‘ ਸਭ ਤੋਂ ਪਹਿਲਾਂ, ਮੈਂ ਅਟਲਾਂਟਾ ਵਿੱਚ ਬਹੁਤ ਘੱਟ ਮੈਚ ਹਾਰਦਾ ਹਾਂ, ਇਸ ਲਈ ਉਸ ਪ੍ਰਦਰਸ਼ਨ ਲਈ ਮਾਫ਼ ਕਰਨਾ। ਦੁਨੀਆ ਭਰ ਦੇ ਮੇਰੇ ਪ੍ਰਸ਼ੰਸਕਾਂ ਅਤੇ ਪਰਿਵਾਰ ਦਾ ਧੰਨਵਾਦ। ਅਟਲਾਂਟਾ ਦੇ ਪ੍ਰਸ਼ੰਸਕਾਂ ਨੇ ਹਮੇਸ਼ਾ ਮੈਨੂੰ ਪਿਆਰ ਕੀਤਾ ਹੈ, ਅਤੇ ਮੈਂ ਤੁਹਾਡੇ ਸਾਰਿਆਂ ਤੋਂ ਬਿਨਾਂ ਇੰਨੀ ਦੂਰ ਨਹੀਂ ਪਹੁੰਚ ਸਕਦਾ ਸੀ। ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ।’’
ਗੋਲਡਬਰਗ ਦਾ ਡਬਲਯੂ.ਡਬਲਯੂ.ਈ. ਸਫ਼ਰ ਬਹੁਤ ਵਧੀਆ ਰਿਹਾ। ਗੋਲਡਬਰਗ ਨੇ 1997 ਵਿੱਚ ਡਬਲਯੂ.ਸੀ.ਡਬਲਯੂ. ਨਾਲ ਆਪਣੀ ਪੇਸ਼ੇਵਰ ਕੁਸ਼ਤੀ ਦੀ ਸ਼ੁਰੂਆਤ ਕੀਤੀ। ਉਸਨੇ ਲਗਾਤਾਰ 173 ਮੈਚਾਂ ਤੱਕ ਅਜੇਤੂ ਰਹਿਣ ਦਾ ਰਿਕਾਰਡ ਬਣਾਇਆ, ਜੋ ਉਸ ਸਮੇਂ ਇੱਕ ਇਤਿਹਾਸਕ ਪ੍ਰਾਪਤੀ ਸੀ। ਡਬਲਯੂ.ਡਬਲਯੂ.ਈ. ਵਿੱਚ ਵਾਪਸੀ ਤੋਂ ਬਾਅਦ, ਉਸਨੇ ਪੰਜ ਵਾਰ ਵਿਸ਼ਵ ਖਿਤਾਬ ਜਿੱਤਿਆ, ਜਿਸ ਵਿੱਚ ਦੋ ਵਾਰ ਯੂਨੀਵਰਸਲ ਚੈਂਪੀਅਨ ਬਣਨਾ ਵੀ ਸ਼ਾਮਲ ਹੈ। ਉਸਨੂੰ 2017 ਵਿੱਚ ਡਬਲਯੂ.ਡਬਲਯੂ.ਈ. ਹਾਲ ਆਫ਼ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸਨੇ ਆਖਰੀ ਵਾਰ 2020 ਵਿੱਚ ‘ਦ ਫਿਏਂਡ’ ਬ੍ਰੇ ਵਿਆਟ ਨੂੰ ਹਰਾ ਕੇ ਚੈਂਪੀਅਨਸ਼ਿਪ ਜਿੱਤੀ ਸੀ।