ਗੋਲਫ਼ ਦਾ ਬਾਦਸ਼ਾਹ ਟਾਈਗਰ ਵੁੱਡਜ਼

In ਖੇਡ ਖਿਡਾਰੀ
September 20, 2025

ਪ੍ਰਿੰਸੀਪਲ ਸਰਵਣ ਸਿੰਘ
ਟਾਈਗਰ ਵੁੱਡਜ਼ ਦਾ ਜਮਾਂਦਰੂ ਨਾਂ ਐਲਡ੍ਰਿਕ ਟੌਂਟ ਵੁੱਡਜ਼ ਸੀ। ‘ਟਾਈਗਰ’ ਉਸ ਦਾ ਨਿੱਕ ਨੇਮ ਹੈ ਜੋ ਉਸ ਨੇ ਆਪ ਰਜਿਸਟਰਡ ਕਰਵਾਇਆ। ਉਹ ਕੇਵਲ ਦੋ ਸਾਲਾਂ ਦਾ ਸੀ ਜਦੋਂ ਉਸ ਨੇ ਗੋਲਫ਼ ਦੀ ਛੜੀ ਫੜੀ। ਤਿੰਨ ਸਾਲਾਂ ਦਾ ਹੋਇਆ ਤਾਂ ਟੀਵੀ ’ਤੇ ਆਪਣੀ ਖੇਡ ਵਿਖਾਉਣ ਲੱਗਾ। ਦੁਨੀਆ ਉਸ ਨੂੰ ਗੋਲਫ਼ ਦਾ ਮਹਾਨਤਮ ਖਿਡਾਰੀ ਮੰਨਦੀ ਹੈ। ਉਸ ਦੀਆਂ ਕਈ ਗੱਲਾਂ ਅਦਭੁੱਤ ਹਨ। ਗੋਲਫ਼ ਦੀ ਖੇਡ ’ਚ ਜਿੱਥੇ ਉਸ ਨੇ ਗਲੋਬਲ ਪੱਧਰ ’ਤੇ ਨਾਮਣਾ ਖੱਟਿਆ, ਉੱਥੇ ਨਾਵਾਂ ਵੀ ਏਨਾ ਕਮਾਇਆ ਕਿ ਉਹਦੀ ਆਮਦਨ ਜਾਣ ਕੇ ਹੈਰਤ ਹੁੰਦੀ ਹੈ। 2025 ਤੱਕ ਉਹ 1.3 ਬਿਲੀਅਨ ਅਮਰੀਕਨ ਡਾਲਰ ਕਮਾ ਚੁੱਕਾ ਹੈ। ਭਾਰਤੀ ਅੰਕੜਿਆਂ ਮੁਤਾਬਿਕ 1 ਅਰਬ 30 ਕਰੋੜ ਡਾਲਰ। ਜਿਵੇਂ 100 ਕਰੋੜ ਦੇ ਜੋੜ ਨਾਲ 1 ਅਰਬ ਬਣਦਾ ਹੈ, ਉਵੇਂ 1000 ਮਿਲੀਅਨਜ਼ ਦੇ ਜੋੜ ਨਾਲ 1 ਬਿਲੀਅਨ ਬਣਦੈ। ਇਉਂ ਅੰਗਰੇਜ਼ੀ ਦਾ ਇੱਕ ਬਿਲੀਅਨ ਪੰਜਾਬੀ ਦਾ ਇੱਕ ਅਰਬ ਹੈ।
ਟਾਈਗਰ ਦਾ ਜਨਮ 30 ਦਸੰਬਰ 1975 ਨੂੰ ਸਾਈਪਰਸ, ਕੈਲੀਫੋਰਨੀਆ ਦੇ ਇੱਕ ਪੇਸ਼ਾਵਰ ਗੋਲਫ਼ਰ ਅਰਲ ਵੁੱਡਜ਼ ਦੇ ਘਰ ਹੋਇਆ ਸੀ। ਅਰਲ ਵੁੱਡਜ਼ ਅਮਰੀਕਾ ਦੀ ਫ਼ੌਜ ਵਿੱਚ ਨੌਕਰੀ ਕਰਦਾ ਸੀ। ਉਹ ਵੀਅਤਨਾਮ ਦੇ ਯੁੱਧ ਵਿੱਚ ਲੜਿਆ ਰਿਟਾਇਰਡ ਫ਼ੌਜੀ ਸੀ। ਟਾਈਗਰ ਦੀ ਮਾਂ ਕੁਲਟੀਡਾ ‘ਟੀਡਾ’ ਵੁੱਡਜ਼ ਥਾਈਲੈਂਡ ਵੱਲ ਦੀ ਬੋਧੀ ਸੀ।
ਟਾਈਗਰ ਦਾ ਬਚਪਨ ਕੈਲੀਫੋਰਨੀਆ ਦੀ ਔਰੇਂਜ ਕਾਉਂਟੀ ਵਿੱਚ ਬੀਤਿਆ। ਉਹ ਮਸੀਂ ਦੋ ਸਾਲਾਂ ਦਾ ਹੋਇਆ ਸੀ ਕਿ ਪਿਤਾ ਨੇ ਉਹਦੇ ਹੱਥ ਛੜੀ ਫੜਾ ਦਿੱਤੀ। ਪਿਤਾ ਖ਼ੁਦ ਗੋਲਫ਼ਰ ਸੀ ਜੋ ਲਾਸ ਏਂਜਲਸ ਦੇ ਲੌਂਗ ਵੀਕ ’ਤੇ ਗੋਲਫ਼ ਖੇਡਿਆ ਕਰਦਾ ਸੀ। 1978 ਵਿੱਚ ਜਦੋਂ ਟਾਈਗਰ 3 ਸਾਲਾਂ ਦਾ ਹੀ ਹੋਇਆ ਸੀ ਤਾਂ ਉਸ ਨੇ ਪੁੱਤਰ ਨੂੰ ਇੱਕ ਟੀਵੀ ਸ਼ੋਅ ’ਤੇ ਗੋਲਫ਼ ਖੇਡਦਾ ਵਿਖਾਇਆ। 5 ਸਾਲ ਦੀ ਉਮਰੇ ਉਹ ‘ਗੋਲਫ਼ ਡਾਈਜੈਸਟ’ ਵਿੱਚ ਆ ਗਿਆ। 7 ਸਾਲ ਦੀ ਉਮਰੇ 10 ਸਾਲ ਦੀ ਉਮਰ ਵਾਲਿਆਂ ’ਚ ਗੋਲਫ਼ ਮੁਕਾਬਲਾ ਜਿੱਤ ਗਿਆ ਤੇ 9-10 ਸਾਲ ਦੀ ਉਮਰੇ ਜੂਨੀਅਰ ਵਰਲਡ ਗੋਲਫ਼ ਚੈਂਪੀਅਨ ਬਣ ਗਿਆ।
ਟਾਈਗਰ ਨੇ ਕੈਲੀਫੋਰਨੀਆ ਦੇ ਵੈਸਟਰਨ ਹਾਈ ਸਕੂਲ ਐਨਾਹਾਈਮ ਤੋਂ ਸਕੂਲੀ ਪੜ੍ਹਾਈ ਕੀਤੀ। ਉਹ ਜਮਾਤਾਂ ਵੀ ਚੜ੍ਹਦਾ ਗਿਆ ਤੇ ਜੂਨੀਅਰ ਪੱਧਰ ’ਤੇ ਗੋਲਫ਼ ਮੁਕਾਬਲਿਆਂ ਦੀਆਂ ਜਿੱਤਾਂ ਵੀ ਜਿੱਤਦਾ ਗਿਆ। ਉਸ ਨੇ ਯੂ.ਐੱਸ.ਏ. ਜੂਨੀਅਰ ਐਮੇਚਿਓਰ ਚੈਂਪੀਅਨਸ਼ਿਪ 1991, 92, 93 ਤਿੰਨ ਸਾਲ ਲਗਾਤਾਰ ਜਿੱਤੀ। ਉਦੋਂ ਉਹ ਯੂ.ਐੱਸ. ਐਮੇਚਿਓਰ ਗੋਲਫ਼ ਚੈਂਪੀਅਨਸ਼ਿਪ ਜਿੱਤਣ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਸੀ। ਉਸ ਦੇ ਐਮੇਚਿਓਰ ਕੈਰੀਅਰ ਨੇ ਹੀ ਸੰਭਾਵਨਾ ਦਰਸਾ ਦਿੱਤੀ ਸੀ ਕਿ ਇਹ ਨੌਜਵਾਨ ਭਵਿੱਖ ਵਿੱਚ ਗੋਲਫ਼ ਦੀ ਦੁਨੀਆ ਦਾ ਸ਼ਹਿਨਸ਼ਾਹ ਬਣੇਗਾ। ਸਕੂਲ ਦੀ ਪੜ੍ਹਾਈ ਪੂਰੀ ਕਰ ਕੇ ਉਹ ਸਟੈਨਫੋਰਡ ਯੂਨੀਵਰਸਿਟੀ ਦੇ ਕਾਲਜ ਵਿੱਚ ਦਾਖਲ ਹੋਇਆ। ਉੱਥੇ 1996 ਵਿੱਚ ਐੱਨਸੀਏਏ ਵਿਅਕਤੀਗਤ ਗੋਲਫ਼ ਚੈਂਪੀਅਨਸ਼ਿਪ ਜਿੱਤੀ।
ਅਗਸਤ 1996 ’ਚ ਉਸ ਨੇ ਪ੍ਰੋਫੈਸ਼ਨਲ ਗੋਲਫ਼ ਵਿੱਚ ਐਂਟਰੀ ਕੀਤੀ। ਕੁਝ ਸਮੇਂ ਬਾਅਦ ਟਾਈਗਰ ਨਾਲ ਨਾਈਕ ਤੇ ਟਾਈਟਲਿਸਟ ਕੰਪਨੀਆਂ ਨੇ ਐਡ ਦੇ ਵੱਡੇ ਇਕਰਾਰਨਾਮੇ ਕੀਤੇ। 21ਵੇਂ ਸਾਲ ਦੀ ਉਮਰੇ ਉਹਨੇ ਵਿਸ਼ਵ ਪੱਧਰੀ ਸੁਰਖੀਆਂ ਬਟੋਰਨੀਆ ਸ਼ੁਰੂ ਕਰ ਦਿੱਤੀਆਂ। 1997 ਵਿੱਚ ਉਸ ਨੇ ਔਗੁਸਤਾ ’ਚ ਆਪਣਾ ਪਹਿਲਾ ਮਹਾਨ ਖ਼ਿਤਾਬ ਮੇਜਰ ਮਾਸਟਰਜ਼ ਟੂਰਨਾਮੈਂਟ ਜਿੱਤਿਆ। ਵਿਸ਼ਵ ਦਾ ਸਭ ਤੋਂ ਵੱਡਾ ਖ਼ਿਤਾਬ ਜਿੱਤਣ ਵਾਲਾ ਉਦੋਂ ਉਹ ਸਭ ਤੋਂ ਛੋਟੀ ਉਮਰ ਦਾ ਗੋਲਫ਼ਰ ਸੀ। ਉਹਦੀ ਜਿੱਤ ਵੀ 12 ਸਟਰੋਕਾਂ ਦੇ ਫ਼ਰਕ ਵਾਲੀ ਰਿਕਾਰਡ ਜਿੱਤ ਸੀ। ਫਿਰ ਜਿੱਤਾਂ ਦੀ ਚੱਲ ਸੋ ਚੱਲ ਹੋ ਗਈ। 1997 ਤੋਂ 2008 ਤੱਕ ਟਾਈਗਰ ਦੀਆਂ ਜਿੱਤਾਂ ਦਾ ਸੁਨਹਿਰੀ ਦੌਰ ਰਿਹਾ।
ਉਸ ਨੇ 14 ਮੇਜਰ ਖ਼ਿਤਾਬ ਜਿੱਤੇ ਤੇ 81 ਪੀਜੀਏ ਟੂਰ ਜਿੱਤਾਂ ਹਾਸਲ ਕੀਤੀਆਂ। 2000 ਵਿੱਚ ਉਸ ਨੇ ਲਗਾਤਾਰ 6 ਟੂਰਨਾਮੈਂਟ ਜਿੱਤੇ ਜਿਨ੍ਹਾਂ ’ਚ ਯੂ.ਐੱਸ. ਓਪਨ ਵੀ ਸ਼ਾਮਲ ਸੀ। ਉਹ ਉਸ ਨੇ 15 ਸਟਰੋਕਾਂ ਦੇ ਵੱਡੇ ਫ਼ਰਕ ਨਾਲ ਜਿੱਤਿਆ ਜੋ ਗੋਲਫ਼ ਦੇ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਮੰਨੀ ਜਾਂਦੀ ਹੈ। 2000-2001 ਵਿੱਚ ਉਸ ਨੇ 4 ਮੇਜਰ ਟੂਰਨਾਮੈਂਟ ਜਿੱਤ ਕੇ ਕਮਾਲਾਂ ਕਰ ਦਿੱਤੀਆਂ। ਇੰਜ ਉਸ ਨੇ ਟਾਈਗਰ ਸਲੈਮ ਨਾਂ ਦਾ ਨਵਾਂ ਇਤਿਹਾਸ ਸਿਰਜਿਆ। 25-26 ਸਾਲ ਦੀ ਉਮਰੇ ਉਸ ਨੂੰ ਵਿਸ਼ਵ ਦਾ ਮਹਾਨ ਖਿਡਾਰੀ ਮੰਨਿਆ ਗਿਆ।
ਟਾਈਗਰ ਦੀ ਵਡਿਆਈ ਇਸ ਗੱਲ ਵਿੱਚ ਹੈ ਕਿ ਉਸ ਨੇ ਯੂਰਪੀਅਨ ਟੂਰ ਦੀਆਂ 41, ਜਾਪਾਨ ਗੋਲਫ਼ ਟੂਰ ਦੀਆਂ 3, ਏਸ਼ੀਆ ਪੀਜੀਏ ਟੂਰ ਦੀਆਂ 2, ਪੀਜੀਏ ਟੂਰ ਆਸਟਰੇਲੀਆਂ ਦੀਆਂ 3, ਸ਼ੌਕੀਆ 21 ਤੇ ਹੋਰ 17 ਵੱਡੀਆਂ ਜਿੱਤਾਂ ਜਿੱਤੀਆਂ ਹਨ। 15 ਮੇਜਰ ਚੈਂਪੀਅਨਸ਼ਿਪਾਂ ਜਿੱਤਣੀਆਂ ਉਸ ਦਾ ਸਭ ਤੋਂ ਵੱਡਾ ਰਿਕਾਰਡ ਹੈ। ਉਸ ਨੂੰ ਜਿੱਥੇ ਦੁਨੀਆ ਦੇ ਵੱਡੇ ਐਵਾਰਡ ਮਿਲੇ ਹਨ, ਉੱਥੇ ਉਹਦਾ ਨਾਂ ਗੋਲਫ਼ ਦੇ ਹਾਲ ਆਫ ਫੇਮ ਵਿੱਚ ਦੇਰ ਤੱਕ ਚਮਕਦਾ ਰਹੇਗਾ।

Loading