
ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ : ਵਕੀਲਾਂ ਦੁਆਰਾ ਦਾਇਰ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇਮੀਗ੍ਰੇਸ਼ਨ ਐਂਡ ਕਸਟਮਜ ਇਨਫ਼ੋਰਸਮੈਂਟ ਦੁਆਰਾ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਘਰਾਂ ਤੋਂ ਹਜ਼ਾਰਾਂ ਮੀਲ ਦੂਰ ਲਿਜਾਇਆ ਜਾ ਰਿਹਾ ਹੈ ਤਾਂ ਜੋ ਉਹ ਕਾਨੂੰਨੀ ਮਦਦ ਨਾ ਲੈ ਸਕਣ। ਪਟੀਸ਼ਨ ਅਨੁਸਾਰ ਜਾਰਜਟਾਊਨ ਯੂਨੀਵਰਸਿਟੀ ਵਿੱਚ ਭਾਰਤੀ ਮੂਲ ਦੇ ਪ੍ਰੋਫ਼ੈਸਰ ਬਦਰ ਖਾਨ ਸੂਰੀ ਨੂੰ ਸੰਘੀ ਅਧਿਕਾਰੀਆਂ ਦੁਆਰਾ ਅਰਲਿੰਗਟਨ, ਵਰਜੀਨੀਆ ਵਿੱਚ ਉਸ ਦੇ ਘਰ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਗਿਆ ਤੇ ਉਸ ਨੂੰ 1000 ਮੀਲ ਦੂਰ ਇੱਕ ਦਿਹਾਤੀ ਜੇਲ੍ਹ ਵਿੱਚ ਲਿਜਾਇਆ ਗਿਆ। ਵਕੀਲਾਂ ਦੁਆਰਾ ਦਾਇਰ ਸੋਧੀ ਅਪੀਲ ਵਿੱਚ ਕਿਹਾ ਗਿਆ ਹੈ ਕਿ ਖਾਨ ਸੂਰੀ ਕੋਲ ਬਕਾਇਦਾ ਵੀਜ਼ਾ ਹੈ ਤੇ ਉਹ ਪ੍ਰੋਫ਼ੈਸਰ ਵਜੋਂ ਕੰਮ ਕਰਨ ਦੇ ਨਾਲ ਨਾਲ ਪੜਾਈ ਵੀ ਕਰ ਰਿਹਾ ਹੈ। ਉਸ ਨੂੰ ਹੱਥ ਕੜੀਆਂ ਲਾ ਕੇ ਚਾਂਟਿਲੀ, ਵਰਜੀਨੀਆ ਲਿਜਾਇਆ ਗਿਆ ਜਿਥੇ ਉਸ ਦੇ ਉਂਗਲੀਆਂ ਦੇ ਨਿਸ਼ਾਨ ਲਏ ਗਏ ਤੇ ਹੋਰ ਕਾਗਜ਼ੀ ਕਾਰਵਾਈ ਕੀਤੀ ਗਈ। ਅੱਧੀ ਰਾਤ ਨੂੰ ਉਸ ਨੂੰ ਫ਼ਾਰਮਵਿਲੇ , ਵਰਜੀਨੀਆ ਵਿੱਚ ਇੱਕ ਬੰਦੀ ਕੇਂਦਰ ਵਿੱਚ ਲਿਜਾਇਆ ਗਿਆ ਜਿਥੋਂ ਉਸ ਨੂੰ ਆਈ ਸੀ ਈ ਦੇ ਰਿਚਮਾਂਡ ਦਫ਼ਤਰ ਵਿੱਚ ਭੇਜ ਦਿੱਤਾ ਗਿਆ। ਪਟੀਸ਼ਨ ਅਨੁਸਾਰ ਇਸ ਤੋਂ ਬਾਅਦ ਸੂਰੀ ਨੂੰ ਅਲੈਗਜੈਂਡਰੀਆ, ਲੋਇਸਿਆਨਾ ਵਿਖੇ ਬੰਦੀ ਕੇਂਦਰ ਵਿੱਚ ਲਿਜਾਇਆ ਗਿਆ ਜਿਥੇ ਉਸ ਨੂੰ ਕਿਹਾ ਗਿਆ ਅਗਲੇ ਦਿਨ ਉਸ ਨੂੰ ਨਿਊ ਯਾਰਕ ਭੇਜ ਦਿੱਤਾ ਜਾਵੇਗਾ ਪਰੰਤੂ ਇਸ ਦੀ ਬਜਾਏ ਬੇੜੀਆਂ ਵਿੱਚ ਜਕੜੇ ਸੂਰੀ ਨੂੰ ਅਲਵਰਾਡੋ, ਟੈਕਸਾਸ ਵਿਚ ਪਰੇਰੀਲੈਂਡ ਡਿਟੈਨਸ਼ਨ ਸੈਂਟਰ ਵਿੱਚ ਭੇਜ ਦਿੱਤਾ ਗਿਆ। ਜਿਥੇ ਉਸ ਨੂੰ ਬਹੁਤ ਹੀ ਭੈੜੇ ਹਾਲਾਤ ਵਿੱਚ ਰਖਿਆ ਗਿਆ ਹੈ। ਹੋਰ ਗ੍ਰਿਫ਼ਤਾਰ ਪ੍ਰਵਾਸੀਆਂ ਨਾਲ ਵੀ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿੱਚ ਟਫ਼ਟਸ ਯੂਨੀਵਰਸਿਟੀ ਦਾ ਗਰੈਜੂਏਟ ਵਿਦਿਆਰਥੀ ਰੂਮੇਸਾ ਉਜ਼ਤੁਰਕ ਤੇ ਸਾਬਕਾ ਕੋਲੰਬੀਆ ਯੂਨੀਵਰਸਿਟੀ ਦਾ ਗਰੈਜੂਏਟ ਵਿਦਿਆਰਥੀ ਮਹਿਮੂਦ ਖਲੀਲ ਵੀ ਸ਼ਾਮਿਲ ਹੈ। ਵਕੀਲਾਂ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਇਹ ਸਾਰੇ ਦਾਅ-ਪੇਚ ਇਸ ਲਈ ਵਰਤ ਰਿਹਾ ਹੈ ਤਾਂ ਜੋ ਗ੍ਰਿਫ਼ਤਾਰ ਪ੍ਰਵਾਸੀਆਂ ਨੂੰ ਵਕੀਲਾਂ, ਪਰਿਵਾਰਾਂ ਤੇ ਹੋਰ ਮਦਦਗਾਰ ਪ੍ਰਣਾਲੀ ਤੋਂ ਦੂਰ ਰੱਖਿਆ ਜਾ ਸਕੇ।