-ਡਾ. ਪ੍ਰਿਤਪਾਲ ਸਿੰਘ ਮਹਿਰੋਕ
ਪੰਜਾਬੀ ਲੋਕ ਗੀਤਾਂ ਵਿੱਚ ਰੇਲ ਗੱਡੀ ਦਾ ਜ਼ਿਕਰ ਉਦੋਂ ਤੋਂ ਹੁੰਦਾ ਆਇਆ ਹੈ, ਜਦੋਂ ਰੇਲ ਗੱਡੀਆਂ ਬਹੁਤ ਘੱਟ ਗਿਣਤੀ ਵਿੱਚ ਹੁੰਦੀਆਂ ਸਨ। ਬਹੁਤ ਘੱਟ ਰੂਟਾਂ ਉਪਰ ਵਿਰਲੀਆਂ-ਟਾਵੀਆਂ ਰੇਲ ਗੱਡੀਆਂ ਦਿਨ ਵਿੱਚ ਇਕ-ਦੋ ਵਾਰ ਆਉਂਦੀਆਂ ਜਾਂਦੀਆਂ ਸਨ। ਪਿੰਡਾਂ ਵਿੱਚ ਰਹਿਣ ਵਾਲੇ ਲੋਕ ਦੂਰ-ਦੁਰੇਡੇ ਤੋਂ ਜਾਂ ਕਈ ਹਾਲਤਾਂ ਵਿੱਚ ਨੇੜਲੇ ਪਿੰਡ, ਕਸਬੇ ਜਾਂ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਗੱਡੀ ’ਤੇ ਸਵਾਰ ਹੁੰਦੇ ਸਨ। ਗੱਡੀ ਦੀ ਉਡੀਕ ਕਰਨ,ਗੱਡੀ ਦੇ ਆਰਾਮਦਾਇਕ ਸਫ਼ਰ ਦੌਰਾਨ ਹੋਏ ਅਨੁਭਵ ਨੂੰ ਮਾਣਨ, ਉਸਨੂੰ ਯਾਦ ਕਰ ਕਰ ਕੇ ਆਨੰਦ ਹਾਸਲ ਕਰਨ, ਗੱਡੀ ਦੇ ਦੇਰੀ ਨਾਲ ਆਉਣ ਕਾਰਨ ਹੁੰਦੀ ਪਰੇਸ਼ਾਨੀ ਤੇ ਖੱਜਲ-ਖੁਆਰੀ ਬਾਰੇ ਚਰਚਾ ਕਰਨ, ਨਾਲ ਬੈਠੀਆਂ ਸਵਾਰੀਆਂ ਨਾਲ ਹੋਈ ਗੁਫ਼ਤਗੂ ਨੂੰ ਯਾਦ ਕਰਨ ਵਰਗੀਆਂ ਗੱਲਾਂ ਦਾ ਵੀ ਲੋਕ ਜੀਵਨ ਵਿੱਚ ਵਿਸ਼ੇਸ਼ ਮਹੱਤਵ ਹੈ। ਗੱਡੀ ਵਿੱਚ ਸਫ਼ਰ ਕਰਨ ਦੀ ਤਾਂਘ ਬਣੀ ਰਹਿਣ ਬਾਰੇ ਲੋਕ ਅਕਸਰ ਹੁੱਬ ਕੇ ਗੱਲਾਂ ਕਰਦੇ ਰਹੇ ਹਨ।
ਰੇਲ ਗੱਡੀ ਤੋਂ ਪਹਿਲਾਂ ਰਵਾਇਤੀ ਵਾਹਨਾਂ ਤੇ ਉਨ੍ਹਾਂ ਤੋਂ ਵੀ ਪਹਿਲਾਂ ਪਹੀਏ ਦੀ ਕਹਾਣੀ ਸਦੀਆਂ ਲੰਮਾਂ ਸਫ਼ਰ ਤੈਅ ਕਰਦੀ ਹੈ। ਪਹੀਏ ਦੀ ਖੋਜ ਕਰਨ,ਉਸਦੇ ਰੂਪ ਨੂੰ ਘੜਨ,ਉਸਦੇ ਰੂਪ ਵਿੱਚ ਸੁਧਾਰ ਕਰਨ,ਉਸਦਾ ਉਪਯੋਗ ਕਰਨ,ਆਵਾਜਾਈ ਦੇ ਰਵਾਇਤੀ ਸਾਧਨਾਂ ਦੀ ਘਾੜਤ ਘੜਨ, ਉਨ੍ਹਾਂ ਨੂੰ ਵਿਕਸਤ ਕਰਨ ਤੇ ਵਰਤੋਂ ਵਿੱਚ ਲਿਆਉਣ ਤੱਕ ਦਾ ਇਤਿਹਾਸ ਮਨੁੱਖੀ ਵਿਕਾਸ ਦੀਆਂ ਵਚਿੱਤਰ ਘਟਨਾਵਾਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਪਹੀਏ ਦੀ ਖੋਜ ਤੋਂ ਲੈ ਕੇ ਰੇਲ ਗੱਡੀ ਦੀ ਖੋਜ/ਨਿਰਮਾਣ ਤੱਕ ਦਾ ਸਫ਼ਰ ਮਨੁੱਖੀ ਇਤਿਹਾਸ ਦੀ ਗੌਰਵਸ਼ਾਲੀ ਪ੍ਰਾਪਤੀ ਸਮਝੀ ਜਾਂਦੀ ਹੈ।
ਰੇਲ ਗੱਡੀ ਪਟੜੀ ’ਤੇ ਚੱਲਦੀ/ਦੌੜਦੀ ਹੈ। ਕਦੇ ਹੌਲੀ, ਕਦੇ ਤੇਜ਼। ਕਈ ਵਾਰ ਰੇਲ ਮਨੁੱਖ ਦੇ ਅੰਦਰ ਵੀ ਚੱਲ ਰਹੀ ਹੁੰਦੀ ਹੈ- ਕਦੇ ਹੌਲੀ ਕਦੇ ਤੇਜ਼ ਦੌੜਦੀ ਹੈ, ਕਦੇ ਹਵਾ ਨਾਲ ਗੱਲਾਂ ਕਰਦੀ ਹੈ। ਸਫ਼ਰ ਵੀ ਮੁਕਾਉਂਦੀ ਹੈ, ਸ਼ੋਰ ਵੀ ਮਚਾਉਂਦੀ ਜਾਂਦੀ ਹੈ। ਹਲਚਲ ਵੀ ਮਚਾਉਂਦੀ ਹੈ। ਰੇਲ ਦੇ ਸਫਰ ਦਾ ਸੁਭਾਅ ਵੀ ਵੰਨ-ਸੁਵੰਨਾਂ ਹੁੰਦਾ ਹੈ। ਇੱਕ, ਛਾਲੇ-ਛਾਲੇ ਹੋ ਗਏ ਨੰਗੇ ਪੈਰਾਂ ਦਾ ਸਫ਼ਰ ਵੀ ਹੁੰਦਾ ਹੈ। ਇਕ ਸਫ਼ਰ ਕਿਰਚਾਂ ’ਤੇ ਚੱਲਣ ਵਰਗਾ ਪੈਰਾਂ ਨੂੰ ਲਹੂ ਲੁਹਾਨ ਕਰਨ ਵਾਲਾ ਵੀ ਹੁੰਦਾ ਹੈ। ਇੱਕ ਸਫ਼ਰ ਏਨਾਂ ਤਕਲੀਫ਼ਦੇਹ ਹੁੰਦਾ ਹੈ ਕਿ ਮੁੱਕਣ ਵਿੱਚ ਹੀ ਨਹੀਂ ਆਉਂਦਾ। ਇੱਕ ਸਫ਼ਰ ਦੌਰਾਨ ਕਿਸੇ ਨੇ ਪੈਰਾਂ ਹੇਠ ਫੁੱਲ ਪੱਤੀਆਂ ਜਾਂ ਮਖਮਲ ਵੀ ਵਿਛਾਈ ਹੋਈ ਹੋ ਸਕਦੀ ਹੈ। ਸਫ਼ਰ ਤਾਂ ਸਫ਼ਰ ਹੀ ਹੈ। ਇੱਕ ਸਫ਼ਰ ਭਿਆਨਕ, ਦਰਦ-ਪਰੁੰਨੇ ਤੇ ਦੁਖਦਾਈ ਹਾਦਸਿਆਂ ਦਾ ਸਫ਼ਰ ਵੀ ਹੁੰਦਾ ਹੈ। ਅਜਿਹੇ ਸਫ਼ਰ ਦਰਦ ਦੀ ਵਿਥਿਆ ਕਹਿੰਦੇ ਹਨ। ਗੱਡੀ ਫੜ੍ਹਨ ਲਈ ਕਾਹਲੀ ਕਾਹਲੀ ਤੁਰਦੇ ਤੇ ਦੌੜ ਦੌੜ ਕੇ ਹਫ਼ ਗਏ ਫਿਰ ਵੀ ਕਿਸੇ ਕਾਰਨ ਵਸ ਗੱਡੀ ’ਤੇ ਸਵਾਰ ਹੋਣ ਤੋਂ ਖੁੰਝ ਗਏ ਕਿਸੇ ਅਭਾਗੇ ਦੇ ਧੁਰ ਅੰਦਰ ਤੱਕ ਦੇ ਰੁਦਨ ਦੀ ਪੀੜਾ ਨੂੰ ਕੌਣ ਸਮਝ ਸਕਦਾ ਹੈ ? ਪੰਜਾਬੀ ਲੋਕ ਗੀਤਾਂ ਵਿੱਚ ਰੇਲ ਗੱਡੀ ਦੀ ਚਰਚਾ ਆਵਾਜਾਈ ਦੇ ਬਾਕੀ ਸਵਾਰੀ ਸਾਧਨਾਂ ਨਾਲੋਂ ਵਧੇਰੇ ਹੁੰਦੀ ਜਾਪਦੀ ਹੈ। ਰੇਲ ਗੱਡੀ ਉਪਰ ਪੰਜਾਬੀ ਲੋਕ ਕਾਵਿ ਨੇ ਬਹੁਤ ਲੰਮਾਂ ਪੰਧ ਤੈਅ ਕੀਤਾ ਹੈ ਤੇ ਇਸ ਪੈਂਡੇ ਦੇ ਅਨੁਭਵ ਵੀ ਬਹੁਤ ਨਿਰਾਲੇ ਹਨ :
- ਕੰਮ ਸਰਕਾਰੀ ਸ਼ੁਰੂ ਹੋ ਗਿਆ ਪੱਕੀ ਸੜਕ ਬਣਾਈ
ਪਹਿਲਾਂ ਸੜਕ ’ਤੇ ਸਿੱੱਟ ਲਏ ਬਾਲੇ ਪਿੱਛੋਂ ਲੈਣ ਟਿਕਾਈ
ਵੇਖੋ ਰੇਲ ਗੱਡੀ ਆ ਗਈ ਲੈਣ ’ਤੇ
ਇੰਜਣ ਨੇ ਸੀਟੀ ਵਜਾਈ
ਰਸਤਾ ਛੋੜ ਦਿਓ,ਹੀਰ ਮਜਾਜਣ ਆਈ…
ਰਸਤਾ ਛੋੜ ਦਿਓ… - ਗੱਡੀ ਆ ਗਈ ’ਟੇਸ਼ਣ ’ਤੇ ਪਰ੍ਹਾਂ ਹੋ ਜਾਹ ਵੇ ਬਾਬੂ ਸਾਨੂੰ ਮਾਹੀਏ ਨੂੰ ਵੇਖਣ ਦੇ… ਭਾਰਤੀ ਰੇਲ ਦਾ ਸ਼ੁਭ ਆਰੰਭ 19ਵੀਂ ਸਦੀ ਦੇ ਅੱਧ ਵਿੱਚ ਹੁੰਦਾ ਹੈ। ਰੇਲ ਗੱਡੀ ਦੀ ਸਵਾਰੀ ਮਨੁੱਖ ਲਈ ਅਚੰਭੇ ਭਰਪੂਰ ਬਣ ਕੇ, ਉਤਸ਼ਾਹਪੂਰਵਕ ਤੇ ਹੁਲਾਰਾ ਦੇਣ ਵਾਲਾ ਅਨੁਭਵ ਬਣ ਕੇ ਪ੍ਰਗਟ ਹੁੰਦੀ ਹੈ। ਲੋਕ ਰੇਲ ਗੱਡੀ ਦੀ ਸਵਾਰੀ ਦਾ ਭਰਵਾਂ ਤੇ ਭਰਪੂਰ ਸਵਾਗਤ ਕਰਦੇ ਹਨ।ਕੋਲੇ(ਭਾਫ਼ ਇੰਜਣ) ਨਾਲ ਚੱਲਣ ਵਾਲੀ ਮੁੱਢਲੇ ਦੌਰ ਦੀ ਯਾਤਰੂ ਰੇਲ ਗੱਡੀ ਦੀਆਂ ਮੀਲਾਂ ਵਿੱਚ ਨਾਪਣ ਵਾਲੀਆਂ ਦੂਰੀਆਂ ਵਧਦੀਆਂ ਗਈਆਂ ਤੇ ਰੇਲ ਸਫ਼ਰ ਵਿੱਚ ਮਿਲਣ ਵਾਲੀਆਂ ਸਹੂਲਤਾਂ ਵਿੱਚ ਵੀ ਵਾਧਾ ਹੁੰਦਾ ਗਿਆ। ਹੌਲੀ ਹੌਲੀ ਭਾਫ਼ ਇੰਜਣ ਰੇਲ ਗੱਡੀ ਦੇ ਡੀਜ਼ਲ ਇੰਜਣ ਵਿੱਚ ਤਬਦੀਲ ਹੋ ਜਾਂਦਾ ਹੈ ਤੇ ਬਿਹਤਰ ਨਤੀਜੇ ਦੇਣੇ ਸ਼ੁਰੂ ਕਰਦਾ ਹੈ। ਫਿਰ ਬਿਜਲੀ ਨਾਲ ਚੱਲਣ ਵਾਲਾ ਰੇਲ ਇੰਜਣ ਰੇਲਵੇ ਦੇ ਇਤਿਹਾਸ ਵਿੱਚ ਵੱਡਾ ਪਰਿਵਰਤਨ ਲੈ ਕੇ ਆਉਂਦਾ ਹੈ। ਰੇਲ ਟਿਕਟਾਂ ਦੀ ਅਗਾਊਂ ਹੋਣ ਲੱਗ ਪਈ ਔਨ ਲਾਈਨ ਬੁਕਿੰਗ ਦੀ ਵਿਵਸਥਾ ਨਾਲ ਰੇਲ ਸੇਵਾਵਾਂ ਵਿੱਚ ਹੋਰ ਵੱਡਾ ਪਰਿਵਰਤਨ ਵਾਪਰਦਾ ਹੈ। ਦੇਸ਼ ਦੇ ਕਈ ਖੇਤਰਾਂ ਵਿੱਚ ਵੰਡੀ ਹੋਈ ਭਾਰਤੀ ਰੇਲਵੇ ਦਾ ਵਿਸ਼ਾਲ ਪੱਧਰ ’ਤੇ ਵਿਛਿਆ ਜਾਲ ਵਿਸ਼ਵ ਵਿੱਚ ਚੌਥੇ ਸਥਾਨ ’ਤੇ ਹੋਣ ਦਾ ਦਾਅਵਾ ਕਰਦਾ ਹੈ। ਪਹਾੜੀ ਇਲਾਕਿਆਂ ਵਿੱਚ ਛੋਟੀ ਰੇਲ ਪਟੜੀ ਦੀ ਵਿਵਸਥਾ ਹੈ। ਦੇਸ਼ ਵਿੱਚ ਦੁਰਗਮ ਰਸਤਿਆਂ ’ਤੇ ਰੇਲ ਸੇਵਾਵਾਂ ਦੀ ਪਹੁੰਚ ਹੋਈ ਹੈ। ਕੁਝ ਰੂਟਾਂ ’ਤੇ ਅੰਤਰਰਾਸ਼ਟਰੀ ਰੇਲ ਸੇਵਾਵਾਂ ਵੀ ਉਨ੍ਹਾਂ ਮੁਲਕਾਂ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ। ਰੇਲ ਗੱਡੀ ਦੇ ਸਫ਼ਰ ਦੇ ਦਿਸਹੱਦੇ ਹੋਰ ਵਿਸਥਾਰ ਕਰਦੇ ਜਾਂਦੇ ਹਨ। * ਗੱਡੀ ਚੱਲਦੀ ਖਲੋ ਗਈ ਏ ਜੀਹਨੂੰ ਖੜੀ ਤੂੰ ਡੀਕਦੀ ਉਹਦੀ ਬਦਲੀ ਹੋ ਗਈ ਏ… * ਗੱਡੀ ਚੱਲਦੀ ਸਲਾਖਾਂ ’ਤੇ ਅੱਗੇ ਮਾਹੀਆ ਨਿੱਤ ਮਿਲਦਾ ਹੁਣ ਮਿਲਦਾ ਏ, ਆਖਾਂ ’ਤੇ… * ਗੱਡੀ ਚੱਲਦੀ ਏ ਗਾਡਰ ’ਤੇ ਅੱਗੇ ਮਾਹੀਆ ਨਿੱਤ ਮਿਲਦਾ ਹੁਣ, ਸਾਹਬ ਦੇ ਆਡਰ ’ਤੇ… * ਗੱਡੀ ਚੱਲਦੀ ਏ ਸੰਗਲਾਂ ’ਤੇ ਅੱਗੇ ਮਾਹੀਆ ਨਿੱਤ ਮਿਲਦਾ ਹੁਣ ਮਿਲਦਾ ਏ ਮੰਗਲਾਂ ’ਤੇ… ਖੋਜਾਂ ਹੁੰਦੀਆਂ ਜਾਂਦੀਆਂ ਹਨ ਤਾਂ ਰੇਲ ਗੱਡੀ ਮੈਟਰੋ ਰੇਲ, ਮੋਨੋ ਰੇਲ, ਬੁਲੇੱਟ ਰੇਲ, ਸਕਾਈ ਰੇਲ ਦੇ ਪੜਾਅ ਤੱਕ ਪਹੁੰਚ ਜਾਂਦੀ ਹੈ। ਅਤੀ ਤੇਜ਼ ਰਫਤਾਰ ਨਾਲ ਚੱਲਣ ਵਾਲੀਆਂ ਰੇਲ ਗੱਡੀਆਂ ਵਿੱਚ ਸਫ਼ਰ ਕਰਨ ਦੀ ਸਹੂਲਤ ਦਾ ਲਾਭ ਵੀ ਭਾਰਤੀ ਯਾਤਰੂ ਉਠਾ ਰਿਹਾ ਹੈ। ਹੁਣ ਨਿੱਜੀਕਰਨ ਵੱਲ ਵਧ ਰਹੀ ਭਾਰਤੀ ਰੇਲਵੇ ਦੇ ਭਵਿੱਖ ਬਾਰੇ ਸਮਾਂ ਹੀ ਦੱਸੇਗਾ। ਇੱਕ ਗੱਲ ਨਿਸਚਿਤ ਹੈ ਕਿ ਰੇਲ ਗੱਡੀ ਨਾਲ ਜੁੜੇ ਪੰਜਾਬੀ ਲੋਕ ਗੀਤਾਂ ਨੇ ਲੋਕ ਮਨਾਂ ਵਿੱਚ ਹਲਚਲ ਮਚਾਈ ਰੱਖਣੀ ਹੈ : * ਮੈਂ ਤੇ ਜਠਾਣੀ ਦੋਵੇਂ ਤੀਰਥਾਂ ਨੂੰ ਚੱਲੀਆਂ ਜੇਠ ਭੈੜਾ ਪੁੱਛੇ, ਦੋਵੇਂ ਕਿਥੇ ਚੱਲੀਆਂ ਟੈਮ ਗੱਡੀ ਦਾ ਹੋਣ ਲੱਗਿਆ ਜੇਠ ਮਾਰ ਕੇ ਦੁਹੱਥੜਾ ਰੋਣ ਲੱਗਿਆ… * ਗੱਡੀ ਜਾ ਵੜੀ ਕਲਕੱਤੇ, ਦਾਲ ਰਿੱਝੇ ਫੁਲਕਾ ਪੱਕੇ ਸਹੁਰਾ ਖਾਵੇ, ਜਵਾਈ ਤੱਕੇ ਸ਼ੂੰ ਗੱਡੀ ਆਈ ਆ ਨੀ, ਸ਼ਾਂ ਗੱਡੀ ਆਈ ਆ… * ਜਿਥੇ ਚੱਲੇਂਗਾ, ਚੱਲੂੰਗੀ ਨਾਲ ਤੇਰੇ ਟਿਕਟਾਂ ਦੋ ਲੈ ਲਈਂ… * ਗੱਡੀ ਚੜ੍ਹ ਤੇਰੇ ਘਰ ਆਵਾਂ ਚਿੱਠੀ ਤੀਏ ਦਿਨ ਮਿਲਣੀ… ਪੰਜਾਬੀ ਦੇ ਇਕ ਲੋਕ ਗੀਤ ਵਿੱਚ ਧੀ ਅਤੇ ਮਾਂ ਦਰਮਿਆਨ ਸੰਵਾਦ ਚੱਲ ਰਿਹਾ ਹੈ। ਧੀ ਨੇ ਬੜੇ ਚਾਵਾਂ ਨਾਲ ਵੰਨ-ਸੁਵੰਨੇ ਨਵੇਂ ਗਹਿਣੇ ਘੜਵਾਏ ਹਨ। ਉਸਨੇ ਰੇਲ ਗੱਡੀ ਵਿੱੱਚ ਸਵਾਰ ਹੋ ਕੇ ਕਿਧਰੇ ਜਾਣਾ-ਆਉਣਾ ਹੈ। ਉਹ ਆਪਣੀ ਮਾਂ ਅੱਗੇ ਵਾਸਤੇ ਪਾਉਂਦੀ ਹੈ ਕਿ ਉਹ ਉਸਨੂੰ ਰੇਲ ਗੱਡੀ ਦੇ ’ਟੇਸ਼ਣ ’ਤੇ ਆ ਕੇ ਮਿਲ ਜਾਵੇ। ਸੰਵਾਦ ਚੱਲਦਾ ਰਹਿੰਦਾ ਹੈ : * ਕੰਗਣ ਘੜਾਏ, ਮੋਤੀਆਂ ਜੜਤ ਜੜਾਈ ਕਿਤੇ ਮਿਲ ਨੀ ਮਾਏ ਗੱਡੀ ਟੇਸ਼ਣ ’ਤੇ ਆਈ… ਕਿਤੇ ਮਿਲ ਨੀ ਮਾਏ ਗੱਡੀ ਟੇਸ਼ਣ ’ਤੇ ਆਈ…
- ਗੱਡੀ ਆਉਂਦੀ ਨੂੰ ਲੁੱਕ ਲਾਵਾਂ
ਅੱਜ ਮੇਰੇ ਮਾਹੀ ਆਵਣਾ
ਸਿਰ ਵਾਹ ਕੇ ਕਲਿੱਪ ਲਾਵਾਂ… - ਹਾਏ ਹਾਏ ਨੀ ਮੇਰੀ ਚੁਗਲ ਬੁਟੇਰ ਹਾਏ ਹਾਏ ਨੀ ਮੇਰੀ ਚੁਗਲ ਬੁਟੇਰ ਤੁਰਦੀ ਗੱਡੀ ਚੜ੍ਹ ਗਈ,ਨੀ ਮੇਰੀ ਚੁਗਲ ਬੁਟੇਰ… ਜਿਨ੍ਹਾਂ ਨਵ-ਵਿਆਹੀਆਂ ਦੇ ਕੰਤ ਰੇਲ ਗੱਡੀ ਵਿੱਚ ਚੜ੍ਹ ਕੇ ਲੰਮੀਆਂ ਔਖੀਆਂ ਲੜਾਈਆਂ ਲੜਨ ਵਾਸਤੇ ਦੇਸ਼ ਦੀਆਂ ਸਰਹੱਦਾਂ ’ਤੇ ਚਲੇ ਜਾਂਦੇ ਹਨ, ਉਨ੍ਹਾਂ ਦੇ ਦਰਦ ਦੀ ਤਰਜਮਾਨੀ ਪੰਜਾਬੀ ਲੋਕ ਗੀਤਾਂ ਵਿੱਚ ਬਾਖੂਬੀ ਕੀਤੀ ਗਈ ਮਿਲਦੀ ਹੈ। ਗੁਰਬਚਨ ਸਿੰਘ ਭੁੱਲਰ ਲਿਖਦਾ ਹੈ-‘ਨਵੀਆਂ ਆਈਆਂ ਰੇਲ ਗੱਡੀਆਂ ਪੇਂਡੂ ਘਰਾਂ ਨੂੰ ਗੱਭਰੂਆਂ ਤੋਂ ਸੁੰਨੇ ਕਰ ਕੇ ਦੂਰ-ਦੁਰੇਡੀਆਂ ਛਾਉਣੀਆਂ ਨੂੰ ਆਬਾਦ ਕਰਨ ਲੱਗੀਆਂ। ਇਸੇ ਕਰਕੇ ਪੰਜਾਬਣਾਂ ਦੇ ਅਨੇਕ ਗੀਤਾਂ ਵਿੱਚ ਰੇਲ ਗੱਡੀ ਨੂੰ ਗਾਲ੍ਹਾਂ ਦਿੱਤੀਆਂ ਹੋਈਆਂ ਮਿਲਦੀਆਂ ਹਨ।’ ( ‘ਰਿਗਵੇਦ ਦੀਆਂ ਰਿਸ਼ੀਕਾਵਾਂ ਤੋਂ ਤੁਰਿਆ ਪੰਜਾਬੀ ਇਸਤਰੀ ਕਾਵਿ’, ਸਾਹਿਤਕ ਏਕਮ,ਅੰਮ੍ਰਿਤਸਰ, ਅਕਤੂਬਰ-ਦਸੰਬਰ, 2019)।
- ਟੁੱੱਟ ਜਾਵੇਂ ਰੇਲ ਗੱਡੀਏ
ਮੇਰੇ ਮਾਹੀ ਦਾ ਵਿਛੋੜਾ ਪਾਇਆ…
ਗੱਡੀਏ ਨੀ ਤੇਰੇ ਪਹੀਏ ਟੁੱਟ ਜਾਣ
ਨਾਲੇ ਟੁੱਟਣ ਬਾਹੀਆਂ
ਗੱਭਰੂ ਤੂੰ ਢੋਅ ਲਏ, ਨਾਰਾਂ ਦੇਣ ਦੁਹਾਈਆਂ… - ਰੇਲੇ ਨੀ ਤੇਰੇ ਗਜ਼ ਟੁੱਟ ਜਾਵਣ
ਚਾਰੇ ਟੁੱਟ ਜਾਣ ਬਾਹੀਆਂ
ਗੱਭਰੂ ਤੈਂ ਢੋਅ ਲਏ
ਨਾਰਾਂ ਦੇਣ ਦੁਹਾਈਆਂ…. - ਚੜ੍ਹ ਗਿਆ ਰਾਤ ਦੀ ਗੱਡੀ
ਨਾਲੇ ਧਾਰ ਕੱਢਾਂ, ਨਾਲੇ ਰੋਵਾਂ… - ਗੱਡੀ ਆ ਗਈ ਘੂੰ ਕਰ ਕੇ
ਹੁਣ ਕਿਉਂ ਰੋਨੀ ਆਂ ਬਾਲੋ
ਬਸਰੇ ਵੱਲ ਮੂੰਹ ਕਰ ਕੇ… - ਗੱਡੀ ਚੱਲਦੀ ਏ ਤਾਰਾਂ ’ਤੇ
ਅੱਗੇ ਮਾਹੀਆ ਨਿੱਤ ਮਿਲਦਾ
ਹੁਣ ਮਿਲਦਾ ਕਰਾਰਾਂ ’ਤੇ…
ਰੇਲ ਗੱਡੀ ਦੇ ਹਵਾਲੇ ਨਾਲ ਕਈ ਸਮਾਜਿਕ ਰਿਸ਼ਤਿਆਂ ਦੀ ਗੱਲ ਬੜੀ ਸ਼ਿੱਦਤ ਨਾਲ ਹੁੰਦੀ ਹੈ। ਧੀ ਵੱਲੋਂ ਆਪਣੇ ਬਾਬਲ ਨੂੰ, ਭੈਣ ਵੱਲੋਂ ਆਪਣੇ ਵੀਰ ਨੂੰ ਅਤੇ ਪਤਨੀ ਵੱਲੋਂ ਆਪਣੇ ਪਤੀ ਨੂੰ ਕਿਸੇ ਵਿਸ਼ੇਸ਼ ਗੱਡੀ ’ਤੇ ਚੜ੍ਹ ਕੇ ਆਉਣ ਲਈ ਦਿੱਤੀ ਜਾਂਦੀ ਸਲਾਹ ਵੇਖਣ ਯੋਗ ਹੈ :
- ਟੁੱੱਟ ਜਾਵੇਂ ਰੇਲ ਗੱਡੀਏ
- ਓਸ ਗੱਡੀ ਆਈਂ ਬਾਬਲਾ
ਜਿਹੜੀ ਧੀਆਂ ਦੇ ਦੇਸ ਨੂੰ ਜਾਵੇ..
- ਗੱਡੀ ਆਉਂਦੀ ਨੂੰ ਲੁੱਕ ਲਾਵਾਂ
- ਗੱਡੀ ਕਰਾ ਦੇ ਚੀਕਣੀ,ਅਸੀਂ ਚੜ੍ਹ ਕੇ ਜਾਣਾ ਪਿਓਕੜੇ
ਤੇਰੀ ਕੌਣ ਪੁੱਛੂ ਦਿਲ ਦੀ ਬਾਤ, ਨੀ ਨਾਜੋ ਗੋਰੀਏ
ਹੋ ਜੀ ਤੈਨੂੰ ਕੌਣ ਦਏਗਾ ਬੈਠਣਾ… - ਕਿਸੇ ਕੁੜੀ ਕਿਸੇ ਕੁੜੀ ਆਣ ਦੱਸਿਆ
ਤੇਰਾ ਸਹੁਰਾ ਨੀ ਗੱਡੀ ਦੇ ਵਿਚ ਰੋਵੇ
ਹੋ ਹੋ ਤੇਰਾ ਸਹੁਰਾ ਨੀ ਗੱਡੀ ਦੇ ਵਿਚ ਰੋਵੇ… - ਬੱਲੇ ਬੱਲੇ ਵੇ ਗੱਡੀ ਵਿਚ ਇੱਟ ਰੱਖ ਲੈ
ਇਥੋਂ ਜਾਈਂ ਨਾ ਪ੍ਰਾਹੁਣਿਆਂ ਖਾਲੀ… - ਬਹੁਤੇ ਨੀ ਭਰਾਵਾਂ ਵਾਲੀਏ ਗੱਡੀ ਆ ਗਈ ਸੰਦੂਕੋਂ ਖਾਲੀ… ਗੱਡੀਓਂ ਉਤਰਨ ਵਾਲੇ ਆਪਣੇ ਯਾਰ ਦੇ ਸਵਾਗਤ ਲਈ ਜਾ ਰਿਹਾ ਇਕ ਯਾਰ ਕੁਝ ਇਸ ਤਰ੍ਹਾਂ ਕਹਿੰਦਾ ਸੁਣਾਈ ਦਿੰਦਾ ਹੈ:
- ਝਰਨਾ ਝਰਨਾ ਝਰਨਾ, ਲੁੱਧੇਹਾਣਾ ਮੈਂ ਵੇਖਿਆ
ਜਿਥੇ ਰੇਲ ਗੱਡੀ ਨੇ ਖੜਨਾ
ਪਿੱਛੇ ਹਟ ਬੇਖਸਮਾ, ਮੈਂ ਯਾਰ ਗੁੱਸੇ ਨੀ ਕਰਨਾ… - ਛਾਲ ਗੱਡੀ ’ਚੋਂ ਮਾਰੀ ਮਿੱਤਰਾਂ ਦਾ ਬੋਲ ਸੁਣ ਕੇ… ਲੰਮੇ ਪੈਂਡੇ ਤੈਅ ਕਰਨ ਵਾਲੀ ਰੇਲ ਗੱਡੀ ਆਪਣਿਆਂ ਨੂੰ ਮਿਲਾਉਾਂਦੀਵੀ ਹੈ, ਵਿਛੋੜੇ ਵੀ ਪਾਉਾਂਦੀਹੈ। ਪੰਜਾਬੀ ਲੋਕ ਗੀਤਾਂ ਵਿੱਚ ਰੇਲ ਗੱਡੀ ਦੇ ਨਾਲ-ਨਾਲ ਗਾਰਡ, ਬਾਬੂ, ’ਟੇਸ਼ਣ, ਟਿਕਟਾਂ,ਰੇਲ ਗੱਡੀ ਦੇ ਇੰਜਣ, ਉਸਦੀ ਆਵਾਜ਼, ਰੇਲ ਗੱਡੀ ਦੀਆਂ ਲਾਈਨਾਂ(ਪਟੜੀਆਂ), ਮੁਸਾਫ਼ਰਾਂ, ਸ਼ਹਿਰਾਂ ਦੇ ਨਾਵਾਂ, ਧਰਤੀ ਦੇ ਦ੍ਰਿਸ਼ਾਂ, ਗੱਡੀ ਦੇ ਆਉਣ ਜਾਣ ਦੇ ਸਮੇਂ, ਗੱਡੀ ਵਿੱਚ ਚੜ੍ਹਨ ਦੇ ਚਾਅ, ਗੱਡੀ ਦੀ ਉਡੀਕ, ਰੇਲ ਗੱਡੀ ਦੇ ਸਫਰ ਆਦਿ ਦਾ ਜ਼ਿਕਰ ਬੜੀ ਬੇਬਾਕੀ ਨਾਲ ਹੁੰਦਾ ਹੈ।
- ਖੱਟ ਖੱਟ ਕੇ ਲਿਆਂਦਾ ਰਾਅ ਜਾਮਨੂੰ
ਵੇ ਸਵੇਰੇ ਗੱਡੀ ਮੋੜ
ਘਰ ਆ ਜਾ ਸ਼ਾਮ ਨੂੰ, ਵੇ ਸਵੇਰੇ… - ਗੱਡੀ ਟਿੱਬਿਆਂ ’ਚ ਰੁੱਸ ਕੇ ਖਲੋ ਗਈ
ਧੱਕਾ ਲਾ ਗਾਡ ਵੇਖਦਾ… - ਏਸ ਡਾਕ ਨੇ ਬਠਿੰਡੇ ਜਾਣਾ
ਮੋੜ ਉੱਤੇ ਘਰ ਯਾਰ ਦਾ… - ਗੱਡੀ ਲਾਈਨ ’ਤੇ ਆਈ ਏ
ਜਾਨ ਸਾਡੀ ਕੱਢਣ ਲਈ
ਮਹਿੰਦੀ ਹੱਥਾਂ ਉੱਤੇ ਲਾਈ ਏ… - ਗੱਡੀ ਚੜ੍ਹਦੀ ਭੁਨਾ ਲਏ ਗੋਡੇ
ਚਾਅ ਮੁਕਲਾਵੇ ਦਾ…
ਰੇਲ ਗੱਡੀ ਦਾ ਸਫ਼ਰ ਅਮੁੱਕ ਹੈ। ਇਸ ਸਫ਼ਰ ਦੌਰਾਨ ਪੰਜਾਬੀ ਲੋਕ ਗੀਤ ਰੇਲ ਗੱਡੀ ਦੇ ਨਾਲ-ਨਾਲ ਪੰਧ ਗਾਹੁੰਦੇ ਆਏ ਹਨ। ਇੱਕ ਸਫ਼ਰ ਚੁੱਪ ਦਾ ਸਫਰ ਵੀ ਹੁੰਦਾ ਹੈ। ਇਕ ਸਫ਼ਰ ਸ਼ੋਰ ਦਾ ਸਫ਼ਰ ਵੀ ਹੁੰਦਾ ਹੈ। ਇੱਕ ਸਫ਼ਰ ਖੁਸ਼ੀਆਂ ਖੇੜਿਆਂ ਦਾ ਸਫ਼ਰ ਵੀ ਹੁੰਦਾ ਹੈ। ਇੱਕ ਸਫ਼ਰ ਬੇਚੈਨੀ ਦਾ ਸਫ਼ਰ ਵੀ ਹੁੰਦਾ ਹੈ। ਪੰਜਾਬੀ ਲੋਕ ਗੀਤ ਮਨੁੱਖ ਦੇ ਹਰੇਕ ਸਫ਼ਰ ਦੇ ਨਾਲ ਉਸਦੇ ਅੰਗ-ਸੰਗ ਰਹੇ ਹਨ। ਸ਼ਾਲਾ! ਖੁਸ਼ੀਆਂ ਸਾਂਝੀਆਂ ਕਰਨ ਵਾਲੇ ਮਨੁੱਖ ਦਾ ਰੇਲ ਗੱਡੀ ਦਾ ਸਫ਼ਰ ਜਾਰੀ ਰਹੇ! ਰੇਲ ਗੱਡੀ ਮੁਸਾਫ਼ਰਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਤੱਕ ਪਹੁੰਚਾਉਂਦੀ ਰਹੇ!
- ਖੱਟ ਖੱਟ ਕੇ ਲਿਆਂਦਾ ਰਾਅ ਜਾਮਨੂੰ
- ਝਰਨਾ ਝਰਨਾ ਝਰਨਾ, ਲੁੱਧੇਹਾਣਾ ਮੈਂ ਵੇਖਿਆ
![]()
