ਘੁੰਡ ਕੱਢ ਲੈ ਪਤਲੀਏ ਨਾਰੇ…

In ਮੁੱਖ ਲੇਖ
June 12, 2025
ਬਲਜਿੰਦਰ ਮਾਨ : ਪੰਜਾਬ ਦਾ ਸੱਭਿਆਚਾਰ ਅਨੋਖਾ ਅਤੇ ਨਿਵੇਕਲਾ ਰਿਹਾ ਹੈ। ਇੱਥੋਂ ਦੀਆਂ ਸਮਾਜਿਕ ਕਦਰਾਂ ਕੀਮਤਾਂ ਸਮੇਂ-ਸਮੇਂ ’ਤੇ ਕਰਵਟਾਂ ਬਦਲਦੀਆਂ ਰਹੀਆਂ ਹਨ ਕਿਉਂਕਿ ਵਿਦੇਸ਼ੀ ਹਮਲਾਵਰਾਂ ਦਾ ਪਹਿਲਾ ਤੀਰ ਪੰਜਾਬ ਦੇ ਸੀਨੇ ਵਿੱਚ ਹੀ ਵੱਜਦਾ ਸੀ। ਜੇਕਰ ਘੁੰਡ ਦਾ ਇਤਿਹਾਸ ਦੇਖੀਏ ਤਾਂ ਕੋਈ ਬਹੁਤ ਦੂਰ ਨਹੀਂ ਜਾਣਾ ਪੈਂਦਾ। ਮੁਗ਼ਲ ਹਮਲਾਵਰਾਂ ਨੇ ਜਦੋਂ ਭਾਰਤੀ ਨਾਰੀ ਦੀ ਬੇਪਤੀ ਸ਼ੁਰੂ ਕੀਤੀ ਤਾਂ ਘੁੰਡ ਦਾ ਰਿਵਾਜ ਪੈਣਾ ਲਾਜ਼ਮੀ ਹੋ ਗਿਆ ਕਿਉਂਕਿ ਉਹ ਰੂਪ ਕੱਜਣ ਦਾ ਸਿੱਧਾ ਸਾਦਾ ਤੇ ਸਸਤਾ ਸਾਧਨ ਸੀ। ਇਸਤਰੀ ਦੇ ਪ੍ਰਗਤੀਵਾਦੀ ਸਮਾਜ ਨੂੰ ਮੰਨੂੰ ਦੀਆਂ ਸਿਮ੍ਰਤੀਆਂ ਨੇ ਵੀ ਢਾਹ ਲਾਈ ਹੈ। ਇਸ ਤਰ੍ਹਾਂ ਇਸਤਰੀ ਨੂੰ ਗਿਰਾਵਟ ਵੱਲ ਅਤੇ ਉਸ ਨੂੰ ਮਰਦ ਦੀ ਛਤਰ ਛਾਇਆ ਹੇਠ ਪਲਣ ਦਾ ਜਾਗ ਮੰਨੂੰ ਨੇ ਹੀ ਲਾਇਆ। ਘਰ ਵਿੱਚ ਨੂੰਹ ਅਤੇ ਧੀ ਦਾ ਫ਼ਰਕ ਕਰਨ ਲਈ ਵੀ ਨੂੰਹ ਨੂੰ ਘੁੰਡ ਕੱਢ ਕੇ ਅਤੇ ਧੀ ਨੂੰ ਸਿਰ ’ਤੇ ਚੁੰਨੀ ਰੱਖਣ ਲਈ ਮਜਬੂਰ ਕੀਤਾ ਜਾਂਦਾ ਰਿਹੈ। ਪਿਛਲੇ ਸਮੇਂ ਵਿੱਚ ਭਾਵੇਂ ਇਹ ਸੁੱਘੜ ਸਿਆਣੀ ਔਰਤ ਦੇ ਗੁਣ ਰਹੇ ਹਨ ਪਰ ਅੱਜ ਦੇ ਕੰਪਿਊਟਰ ਯੁੱਗ ਵਿੱਚ ਇਹ ਕਦਰਾਂ ਕੀਮਤਾਂ ਸਾਡੇ ਜਨ ਜੀਵਨ ਵਿੱਚੋਂ ਉਡਾਰੀ ਮਾਰ ਚੁੱਕੀਆਂ ਹਨ। ਨਾਰੀ ਆਜ਼ਾਦੀ ਦੇ ਨਾਅਰੇ ਤਾਂ ਆਪਾਂ ਰੋਜ਼ ਬਾਹਾਂ ਉੱਚੀਆਂ ਚੁੱਕ-ਚੁੱਕ ਲਾਉਂਦੇ ਹਾਂ, ਪਰ ਸਾਡਾ ਪੇਂਡੂ ਸੱਭਿਆਚਾਰ ਇਹੋ ਜਿਹੀਆਂ ਅਨੇਕਾਂ ਫੋਕੀਆਂ ਅਤੇ ਜੰਗਾਲੀਆਂ ਰਸਮਾਂ ਦਾ ਅਜੇ ਵੀ ਸ਼ਿਕਾਰ ਬਣਿਆ ਬੈਠਾ ਹੈ। ਸਾਡੀ ਲੋਕ ਧਾਰਾ ਵਿੱਚ ਇਨ੍ਹਾਂ ਨੂੰ ਬੜਾ ਸਨਮਾਨ ਦਿੱਤਾ ਜਾਂਦਾ ਰਿਹਾ ਹੈ। ਖ਼ਾਸ ਕਰਕੇ ਸਹੁਰੇ ਘਰ ਘੁੰਢ ਕੱਢਣਾ ਲਾਜ਼ਮੀ ਦੇ ਨਾਲ-ਨਾਲ ਸਿਆਣਪ ਦਾ ਵੀ ਚਿੰਨ੍ਹ ਮੰਨਿਆ ਜਾਂਦਾ ਰਿਹਾ ਹੈ: ਘੁੰਢ ਕੱਢ ਲੈ ਪਤਲੀਏ ਨਾਰੇ ਸਹੁਰਿਆਂ ਦਾ ਪਿੰਡ ਆ ਗਿਆ। ਸੱਜ ਵਿਆਹੀ ਮੁਟਿਆਰ ਦੇ ਰੂਪ ਨੂੰ ਨਿਖਾਰਨ ਵਿੱਚ ਜਿੱਥੇ ਹੋਰ ਗਹਿਣੇ ਆਪਣਾ ਅਹਿਮ ਹਿੱਸਾ ਪਾਉਂਦੇ ਹਨ ਉੱਥੇ ਘੁੰਡ ਵੀ ਉਸ ਦੇ ਹੁਸਨ ਅਤੇ ਚਾਲ-ਢਾਲ ਨੂੰ ਚਾਰ ਚੰਨ ਲਾਉਣ ਵਿੱਚ ਕਦੇ ਪਿੱਛੇ ਨਹੀਂ ਰਹਿੰਦਾ: ਘੁੰਡ ਕੱਢ ਕੇ ਮੜ੍ਹਕ ਨਾਲ ਤੁਰਨਾ ਵੱਸਣਾ ਸਹੁਰਿਆਂ ਦਾ। ਜਦੋਂ ਪੰਜਾਬੀਆਂ ਦਾ ਮਨ ਬਹਾਰ ’ਤੇ ਹੁੰਦਾ ਹੈ ਤਾਂ ਸਾਰੇ ਹੱਦਾਂ ਬੰਨੇ ਟੱਪ ਕੇ ਧਰਤੀ ਦੀ ਹਿੱਕ ਹਿਲਾ ਦਿੰਦੇ ਹਨ। ਗਿੱਧੇ ਵਿੱਚ ਨੱਚਦੀ ਮੁਟਿਆਰ ਤੇ ਭੰਗੜਾ ਪਾਉਂਦੇ ਗੱਭਰੂ ਸਭ ਕੁਝ ਭੁੱਲ ਜਾਂਦੇ ਹਨ। ਇਸ ਵੇਲੇ ਘੁੰਡ ਵਾਲੀ ਮੁਟਿਆਰ ਨੂੰ ਇੰਝ ਆਖਿਆ ਜਾਂਦਾ ਹੈ: ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਮੇਖ ਸੋਹਣੀਏਂ ਘੁੰਡ ਚੁੱਕ ਕੇ ਵੱਲ ਅਸਾਡੇ ਦੇਖ। ਜਿੱਥੇ ਘੁੰਡ ਇੱਕ ਸ਼ਿੰਗਾਰ ਦਾ ਸਾਧਨ ਹੈ, ਉੱਥੇ ਇਹ ਬਦ ਨਜ਼ਰਾਂ ਤੋਂ ਵੀ ਬਚਾਈ ਰੱਖਦਾ ਹੈ: ਘੁੰਡ ਕੱਢ ਲੈ ਬਾਂਕੀਏ ਨਾਰੇ ਟੋਲੀ ਆਉਂਦੀ ਮੁੰਡਿਆਂ ਦੀ। ਇਸਤਰੀ ਦੀ ਪ੍ਰਗਤੀ ਵਿੱਚ ਘੁੰਡ ਇੱਕ ਰੁਕਾਵਟ ਦਾ ਚਿੰਨ੍ਹ ਬਣ ਗਿਆ ਹੈ ਕਿਉਂਕਿ ਅੱਜ ਔਰਤ ਅਤੇ ਮਰਦ ਇੱਕ ਗੱਡੀ ਦੇ ਬਰਾਬਰ ਦੇ ਪਹੀਏ ਬਣ ਚੁੱਕੇ ਹਨ। ਇੱਕ ਪੰਜਾਬੀ ਲੋਕ ਬੋਲੀ ਘੁੰਡ ਨੂੰ ਇੱਕ ਰੁਕਾਵਟ ਵਜੋਂ ਇੰਝ ਪੇਸ਼ ਕਰਦੀ ਹੈ: ਮੇਰੇ ਘੁੰਡ ਨੇ ਪਵਾੜਾ ਪਾਇਆ ਲਹਿੰਗੇ ਵਾਲੀ ਖਾਲ਼ ਟੱਪ ਗਈ। ਬਹੁਤ ਸਮਾਂ ਔਰਤ ਦੀ ਆਵਾਜ਼ ਨੂੰ ਇਸ ਤਰ੍ਹਾਂ ਦਬਾ ਦਿੱਤਾ ਗਿਆ ਕਿ ਉਹ ਆਪਣੇ ਦੁੱਖਾਂ ਤਕਲੀਫ਼ਾਂ ਦਾ ਇਜ਼ਹਾਰ ਵੀ ਨਾ ਕਰ ਸਕੇ। ਇਸ ਕਰਕੇ ਉਹ ਆਪਣੇ ਮਨ ਦਾ ਗੁਬਾਰ ਬੋਲੀਆਂ ਰਾਹੀਂ ਗਿੱਧੇ ਦੇ ਪਿੜ ਵਿੱਚ ਇੰਝ ਕੱਢਦੀ ਹੈ: ਝਾਵਾਂ! ਝਾਵਾਂ! ਝਾਵਾਂ! ਮਾਹੀ ਪ੍ਰਦੇਸ ਗਿਆ ਕਿਹੜੇ ਦਰਦੀ ਨੂੰ ਹਾਲ ਸੁਣਾਵਾਂ। ਸੱਸ ਮੇਰੀ ਮਾਰੇ ਬੋਲੀਆਂ ਘੁੰਡ ਕੱਢ ਕੇ ਅੱਥਰੂ ਬਹਾਵਾਂ। ਜਦੋਂ ਕਿਸੇ ਮੁਟਿਆਰ ਦੇ ਹੁਸਨ ਦਾ ਤੇਜ਼ ਝੱਲਿਆ ਨਹੀਂ ਜਾਂਦਾ ਤਾਂ ਕਿਹਾ ਜਾਂਦਾ ਹੈ: ਘੁੰਡ ਕੱਢ ਲੈ ਪੱਤਣ ’ਤੇ ਖੜ੍ਹੀਏ ਪਾਣੀਆਂ ਨੂੰ ਅੱਗ ਲੱਗ ਜੂ। ਜਦੋਂ ਕੋਈ ਔਰਤ ਆਪਣੇ ਹੁਸਨ ਨੂੰ ਛੁਪਾਈ ਫਿਰਦੀ ਹੈ ਤਾਂ ਬਾਂਕੇ ਗੱਭਰੂ ਬੋਲੀ ਮਾਰਦੇ ਹਨ: ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਇਆ ਪੱਖੀਆਂ ਗੋਰਾ ਰੰਗ ਤੇ ਸ਼ਰਬਤੀ ਅੱਖੀਆਂ ਘੁੰਡ ਵਿੱਚ ਕੈਦ ਰੱਖੀਆਂ। ਜਦੋਂ ਮੁਟਿਆਰ ਸਹੁਰੇ ਘਰ ਜਾਂਦੀ ਹੈ ਤਾਂ ਪਿੰਡ ਦੀਆਂ ਬੁੱਢੀਆਂ ਤੇ ਨੱਢੀਆਂ ਘੁੰਡ ਚੁਕਾ ਕੇ ਉਸ ਦਾ ਨਾਂ ਪੁੱਛਦੀਆਂ ਸਨ: ਨਵੀਂ ਬਹੂ ਮੁਕਲਾਵੇ ਆਈ ਬਹਿ ਗਈ ਪੀੜਾ ਡਾਹ ਕੇ ਲਹਿੰਗਾ ਜਾਮਣੀ ਕੁੜਤੀ ਵਰੀ ਦੀ ਬਹਿ ਗਈ ਚੌਂਕ ਚੰਦ ਪਾ ਕੇ ਪਿੰਡ ਦੀਆਂ ਆਈਆਂ ਕੁੜੀਆਂ ਆਈਆਂ ਹੁੰਮ ਹੁਮਾ ਕੇ ਨਵੀਂ ਵਿਆਹੀ ਦਾ ਨਾਂ ਪੁੱਛਣ ਘੁੰਡ ਚੁਕਾ ਕੇ। ਭਾਬੀ ਦਾ ਪਿਆਰਾ ਦਿਓਰ ਵੀ ਘੁੰਡ ਚੁਕਾਉਂਦਾ ਹੋਇਆ ਕਹਿ ਉੱਠਦਾ ਹੈ: ਘੁੰਡ ਚੁੱਕ ਲੈ ਪਤਲੀਏ ਨਾਰੇ ਲੈ ਲਈਂ ਜਿਹੜਾ ਮੁੱਲ ਲੱਗਦਾ। ਭਾਵੇਂ ਕਿਸੇ ਸਮੇਂ ਇੱਜ਼ਤ ਅਤੇ ਆਬਰੂ ਦੀ ਨਿਸ਼ਾਨੀ ਔਰਤ ਦੀ ਚੁੰਨੀ ਹੀ ਰਹੀ ਹੈ ਪਰ ਅੱਜ ਕੱਲ੍ਹ ਸਾਡੀ ਸੱਭਿਅਤਾ ਨਿਰੋਲ ਰਹਿਣ ਦੀ ਬਜਾਏ ਪੱਛਮੀ ਸੱਭਿਅਤਾ ਦਾ ਮਿਲਗੋਭਾ ਜਾਂ ਖਿਚੜੀ ਬਣ ਗਈ ਹੈ। ਕਈ ਫੈਸ਼ਨਮੱਤੀਆਂ ਨੱਢੀਆਂ ਨੇ ਤਾਂ ਚੁੰਨੀ ਦਾ ਕਜੀਆ ਹੀ ਮੁਕਾ ਦਿੱਤਾ ਹੈ ਘੁੰਡ ਕੱਢਣਾ ਤਾਂ ਵੱਖਰੀ ਗੱਲ ਰਹੀ। ਲੋਕ ਗੀਤਾਂ ਦਾ ਕਿਆਮਤ ਤੱਕ ਜ਼ਿਕਰ ਹੁੰਦਾ ਰਹੇਗਾ। ਇਹ ਆਪਣੇ ਵਿਰਸੇ ਨੂੰ ਨਾਲ ਲੈ ਕੇ ਤੁਰਦੇ ਹਨ। ਸ਼ਾਇਦ ਹੀ ਕੋਈ ਅਜਿਹਾ ਪੱਖ ਹੋਵੇਗਾ ਜਿਸ ਦਾ ਜ਼ਿਕਰ ਇਨ੍ਹਾਂ ਰਾਹੀਂ ਨਾ ਹੋਇਆ ਹੋਵੇਗਾ। ਮੁਟਿਆਰ ਨੇ ਆਪਣੀ ਦਬਾਈ ਹੋਈ ਆਵਾਜ਼ ਅਤੇ ਮਨੋਵੇਗਾਂ ਦੀ ਭੜਾਸ ਕੱਢਣ ਲਈ ਇਨ੍ਹਾਂ ਦੀ ਓਟ ਲਈ: * ਕੋਰੀ ਕੋਰੀ ਕੁੰਡੀ ਵਿੱਚ ਮਿਰਚਾ ਮੈਂ ਰਗੜਾਂ ਸਹੁਰੇ ਦੀ ਅੱਖ ’ਚ ਪਾ ਦੇਨੀ ਆਂ। ਘੁੰਡ ਕੱਢਣੇ ਦੀ ਅਲਖ ਮੁਕਾ ਦੇਨੀ ਆਂ। * ਘੁੰਡ ਦਾ ਭੋਲੀਏ ਕੰਮ ਕੀ ਗਿੱਧੇ ਵਿੱਚ ਏਥੇ ਨੇ ਤੇਰੇ ਹਾਣੀ ਜਾਂ ਘੁੰਡ ਕੱਢਦੀ ਬਹੁਤੀ ਸੋਹਣੀ ਜਾਂ ਘੁੰਡ ਕੱਢਦੀ ਕਾਣੀ ਤੂੰ ਤਾਂ ਮੈਨੂੰ ਦਿਸੇਂ ਸ਼ੌਕੀਨਣ ਮੈਂ ਘੁੰਡ ’ਚੋਂ ਅੱਖ ਪਛਾਣੀ। * ਹੌਲੀ ਜਿਹੇ ਘੁੰਡ ਚੁੱਕ ਕੇ ਤੱਕ ਲੈਨੀ ਆਂ ਸੌ-ਸੌ ਵਾਰੀ। * ਘੁੰਡ ਵਿੱਚੋਂ ਨੇ ਨਜ਼ਾਰੇ ਦੇਂਦੀਆਂ ਅੱਖੀਆਂ ਪ੍ਰੇਮ ਰੱਤੀਆਂ।

Loading