ਘੜਾ ਵੱਜਦਾ ਘੜੋਲੀ ਵੱਜਦੀ…..

In ਮੁੱਖ ਲੇਖ
April 19, 2025
ਬਲਜਿੰਦਰ ਮਾਨ : ਘੜਾ ਪੰਜਾਬੀਆਂ ਦਾ ਹਰਮਨ ਪਿਆਰਾ ਬਰਤਨ ਰਿਹਾ ਹੈ ਜੋ ਕੁਝ ਅਰਸਾਂ ਪਹਿਲਾਂ ਹਰ ਘਰ ਦਾ ਸ਼ਿੰਗਾਰ ਹੁੰਦਾ ਸੀ। ਇਸ ਨੂੰ ਗ਼ਰੀਬਾਂ ਦਾ ਫਰਿੱਜ ਵੀ ਆਖਿਆ ਜਾਂਦਾ ਹੈ। ਕੋਰੇ ਘੜੇ ਵਿੱਚ ਪਾਣੀ ਜਿੱਥੇ ਸ਼ੁੱਧ ਰਹਿੰਦਾ ਹੈ ਉੱਥੇ ਠੰਢਾ ਸ਼ੀਤ ਵੀ ਰਹਿੰਦਾ ਹੈ। ਸਮੇਂ ਦੀ ਤੋਰ ਨੇ ਅਤੇ ਵਿਗਿਆਨਕ ਤਰੱਕੀ ਨੇ ਸਾਨੂੰ ਕਿਤੇ ਦੇ ਕਿਤੇ ਪਹੁੰਚਾ ਦਿੱਤਾ ਹੈ। ਹੁਣ ਘਰ-ਘਰ ਲੱਗੀਆਂ ਟੂਟੀਆਂ, ਸਬਮਰਸੀਬਲ ਪੰਪ ਘੜੇ ਵਰਗੇ ਬਰਤਨਾਂ ਦੀ ਯਾਦ ਵੀ ਨਹੀਂ ਆਉਣ ਦਿੰਦੇ। ਕੱਚੇ ਬਰਤਨਾਂ ਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਇਨ੍ਹਾਂ ਵਿੱਚ ਕੋਈ ਵੀ ਵਸਤੂ ਜਲਦੀ ਖ਼ਰਾਬ ਨਹੀਂ ਹੁੰਦੀ। ਪੁਰਾਣੇ ਜ਼ਮਾਨੇ ਵਿੱਚ ਕੱਚੇ ਕਟੋਰੇ, ਘੜੇ, ਚਾਟੀਆਂ, ਕੁੱਜੇ, ਘੜੋਲੀਆਂ, ਕਨਾਲੀਆਂ, ਦਧੂਨੇ, ਝੱਜਾ ਆਦਿ ਦੀ ਆਮ ਵਰਤੋਂ ਕੀਤੀ ਜਾਂਦੀ ਸੀ। ਹੁਣ ਇਨ੍ਹਾਂ ਦੇ ਦਰਸ਼ਨ ਅਜਾਇਬ ਘਰਾਂ ਵਿੱਚ ਹੀ ਹੁੰਦੇ ਹਨ। ਅਜੋਕੀ ਪੀੜ੍ਹੀ ਦੀਆਂ ਬਹੁਤੀਆਂ ਮੁਟਿਆਰਾਂ ਅਤੇ ਗੱਭਰੂ ਇਨ੍ਹਾਂ ਦੇ ਨਾਵਾਂ ਤੋਂ ਵੀ ਨਾ ਵਾਕਿਫ ਹਨ। ਸ਼ਾਇਦ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਅਜੂਬੇ ਲੱਗਣ। ਘੜੇ ਦਾ ਸਿੱਧਾ ਸਬੰਧ ਖੂਹ ਨਾਲ ਜੁੜਦਾ ਹੈ। ਜਦੋਂ ਨਲਕੇ ਅਤੇ ਟੂਟੀਆਂ ਨਹੀਂ ਹੁੰਦੇ ਸਨ ਤਾਂ ਮੁਟਿਆਰਾਂ ਡਾਰਾਂ ਬੰਨ੍ਹ-ਬੰਨ੍ਹ ਖੂਹ ਤੋਂ ਪਾਣੀ ਭਰਨ ਜਾਂਦੀਆਂ ਸਨ। ਉੱਥੇ ਉਨ੍ਹਾਂ ਨੂੰ ਗੱਲਾਂ ਬਾਤਾਂ ਅਤੇ ਹਾਸੇ ਠੱਠੇ ਲਈ ਮੋਕਲਾ ਮਾਹੌਲ ਮਿਲ ਜਾਂਦਾ ਸੀ। ਉਹ ਛੇੜਖਾਨੀ ਵੀ ਕਰਦੀਆਂ ਸਨ। ਕਈ ਜ਼ੋਰ ਵਾਲੀਆਂ ਮੁਟਿਆਰਾਂ ਆਪਣੀ ਸੀਨਾ ਜ਼ੋਰੀ ਦਿਖਾਉਂਦੀਆਂ ਹੋਈਆਂ ਤਿੰਨ ਤਿੰਨ ਘੜੇ ਚੁੱਕ ਕੇ ਮੜ੍ਹਕ ਨਾਲ ਤੁਰਦੀਆਂ ਸਨ। ਖੂਹ ’ਤੇ ਪਿਆ ਡੋਲ ਅਤੇ ਲੱਜ ਸਭ ਤੋਂ ਮਹੱਤਵਪੂਰਨ ਯੰਤਰ ਸਨ ਜਿਨ੍ਹਾਂ ਦੇ ਸਹਾਰੇ ਖੂਹ ਵਿੱਚੋਂ ਪਾਣੀ ਨੂੰ ਬਾਹਰ ਕੱਢਿਆ ਜਾਂਦਾ ਸੀ। ਕਈ ਪਹਾੜੀ ਪਿੰਡਾਂ ਵਿੱਚ ਇਹ ਖੂਹ ਸੱਤਰ ਸੱਤਰ ਫੁੱਟ ਤੱਕ ਵੀ ਡੂੰਘੇ ਹੁੰਦੇ ਸਨ। ਤੁਸੀਂ ਖ਼ੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਉਨ੍ਹਾਂ ਮੁਟਿਆਰਾ ਵਿੱਚ ਕਿੰਨੀ ਸ਼ਕਤੀ, ਸਬਰ ਸੰਤੋਖ ਅਤੇ ਹੌਸਲਾ ਹੁੰਦਾ ਹੋਵੇਗਾ ਜੋ ਸਾਰੇ ਘਰ ਦੀ ਵਰਤੋਂ ਵਾਲਾ ਪਾਣੀ ਲੱਜ ਅਤੇ ਡੋਲ ਨਾਲ ਖੂਹ ਵਿੱਚੋਂ ਕੱਢਦੀਆਂ ਸਨ। ਫਿਰ ਜਾ ਕੇ ਬਾਕੀ ਕਾਰੋਬਾਰ ਚੱਲਦੇ ਸਨ। ਉਸ ਜ਼ਮਾਨੇ ਦਾ ਜੀਵਨ ਬਹੁਤ ਕਠਿਨ ਸੀ। ਸੁਆਣੀਆਂ ਖਾਣ ਵਾਸਤੇ ਆਟਾ ਵੀ ਘਰ ਵਿੱਚ ਹੀ ਚੱਕੀ ’ਤੇ ਪੀਸਦੀਆਂ ਹੁੰਦੀਆਂ ਸਨ। ਲੋਕ ਸਾਹਿਤ ਵਿੱਚ ਇਸ ਜਨ ਜੀਵਨ ਬਾਰੇ ਬਹੁਤ ਸਰਮਾਇਆ ਪਿਆ ਹੈ; ਘੜਾ ਚੁੱਕੀ ਜਾਣ ਮੁਟਿਆਰਾਂ ਜਿਉਂ ਹਰਨਾਂ ਦੀਆਂ ਡਾਰਾਂ। ਜਦੋਂ ਇੱਕ ਮੁਟਿਆਰ ਇਕੱਲੀ ਖੂਹ ’ਤੇ ਰਹਿ ਜਾਂਦੀ ਹੈ ਤਾਂ ਉਸ ਨੂੰ ਲਾਗੇ ਖੜ੍ਹੇ ਕਿਸੇ ਚੋਬਰ ਨੂੰ ਆਵਾਜ਼ ਮਾਰ ਕੇ ਘੜਾ ਚੁਕਾਉਣਾ ਪੈਂਦਾ ਸੀ ਕਿਉਂਕਿ ਮਨਚਲਿਆਂ ਲਈ ਖੂਹ ਇੱਕ ਖਿੱਚ ਦਾ ਕੇਂਦਰ ਹੁੰਦਾ ਸੀ; ਘੜਾ ਚੁਕਾ ਜਾਈਂ ਵੇ ਚੋਬਰਾ ਖੜ੍ਹੀ ਆਵਾਜ਼ਾਂ ਮਾਰਾਂ ਛੱਡ ਕੇ ਮੈਨੂੰ ਤੁਰ ਗਈਆਂ ਮੇਰੇ ਹਾਣ ਦੀਆਂ ਮੁਟਿਆਰਾਂ। ਪੁਰਾਣੇ ਜ਼ਮਾਨੇ ਵਿੱਚ ਜਦੋਂ ਲੋਕ ਪੈਦਲ ਹੀ ਸਫ਼ਰ ਕਰਦੇ ਸਨ ਤਾਂ ਅਮੀਰ ਲੋਕਾਂ ਵੱਲੋਂ ਦਸ ਬਾਰ੍ਹਾਂ ਕੋਹ ’ਤੇ ਪਉ ਦਾ ਪ੍ਰਬੰਧ ਕੀਤਾ ਹੁੰਦਾ ਸੀ। ਜਿਸ ਥਾਂ ਰਾਹੀ ਬੈਠ ਕੇ ਆਰਾਮ ਕਰਦੇ ਅਤੇ ਦਰੱਖਤ ਹੇਠਾਂ ਰੱਖੇ ਪਾਣੀ ਦੇ ਘੜੇ ਵਿੱਚੋਂ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਂਦੇ ਸਨ। ਇਸੇ ਤਰ੍ਹਾਂ ਰਾਹਾਂ ਵਿੱਚ ਅਮੀਰਾਂ, ਦਾਨੀਆਂ, ਰਾਜਿਆਂ ਵੱਲੋਂ ਸਰਾਵਾਂ ਦਾ ਨਿਰਮਾਣ ਵੀ ਕਰਵਾਇਆ ਜਾਂਦਾ ਸੀ। ਸਰਾਵਾਂ ਵਿੱਚ ਰਿਹਾਇਸ਼ ਵਾਸਤੇ ਕਮਰੇ ਅਤੇ ਪਾਣੀ ਪੀਣ ਵਾਸਤੇ ਖੂਹ ਲਗਵਾਏ ਜਾਂਦੇ ਸਨ। ਕਈ ਬਜ਼ੁਰਗ ਆਪਣੇ ਖੇਤਾਂ ਵਿੱਚ ਦਰੱਖਤਾਂ ’ਤੇ ਜੇਠ ਹਾੜ੍ਹ ਦੇ ਮਹੀਨਿਆਂ ਵਿੱਚ ਘੜੇ ਚਾਟੀਆਂ ਦੇ ਟੁੱਟੇ ਹੋਏ ਠੀਕਰਿਆਂ ਵਿੱਚ ਪੰਛੀਆਂ ਅਤੇ ਜਾਨਵਰਾਂ ਵਾਸਤੇ ਪਾਣੀ ਭਰਿਆ ਕਰਦੇ ਸਨ। ਅੱਜ ਵੀ ਅਜਿਹੇ ਕਾਰਜਾਂ ਨੂੰ ਪੁੰਨ ਦਾ ਕਾਰਜ ਮੰਨਿਆ ਜਾਂਦਾ ਹੈ। ਸਾਡੇ ਸੱਭਿਆਚਾਰ ਦੇ ਵੱਖ-ਵੱਖ ਪਹਿਲੂਆਂ ਵਿੱਚ ਘੜੇ ਦਾ ਨਿਵੇਕਲੇ ਅੰਦਾਜ਼ ਨਾਲ ਬਿਆਨ ਕੀਤਾ ਮਿਲਦਾ ਹੈ। ਦਿਉਰ-ਭਾਬੀ ਦਾ ਰਿਸ਼ਤਾ ਵੀ ਬੜਾ ਨਿੱਘਾ ਤੇ ਪਿਆਰ ਵਾਲਾ ਹੁੰਦਾ ਹੈ। ਇਸੇ ਲਈ ਉਹ ਆਖਦਾ ਹੈ; ਕੱਚੀਆਂ ਖੂਹੀਆਂ ’ਤੇ ਡੋਲ ਖੜਕਦੇ ਪਾਣੀ ਦਿਆਂ ਘੜਿਆਂ ਨੂੰ ਕੌਣ ਢੋਊਗਾ। ਭਾਬੀ ਸਾਗ ਨੂੰ ਨਾ ਜਾਈਂ ਤੇਰਾ ਮੁੰਡਾ ਰੋਊਗਾ। ਸੋਹਣੀ ਮਹੀਂਵਾਲ ਦੇ ਪਿਆਰ ਦੀ ਅਮਰ ਕਹਾਣੀ ਵਿੱਚ ਘੜਾ ਵੀ ਇੱਕ ਪਾਤਰ ਵਜੋਂ ਉੱਭਰਿਆ ਹੈ। ਕੱਚੇ ਘੜੇ ਨੇ ਉਸ ਦੀ ਜੀਵਨ ਕਹਾਣੀ ਹੀ ਪਲਟ ਕੇ ਰੱਖ ਦਿੱਤੀ। ਅੱਲ੍ਹੜ ਉਮਰ ਦੀਆਂ ਲੱਗੀਆਂ ਨਿਭਾਉਣ ਲਈ ਜਦੋਂ ਉਹ ਕੱਚਾ ਪੱਕਾ ਦੇਖੇ ਬਗੈਰ ਹੀ ਝਨਾ ਵਿੱਚ ਠਿੱਲ ਪੈਂਦੀ ਹੈ ਤਾਂ ਘੜਾ ਕੱਚਾ ਹੋਣ ਕਰਕੇ ਖੁਰਨ ਲੱਗ ਪੈਂਦਾ ਹੈ ਤਾਂ ਉਹ ਆਖਦੀ ਹੈ; ਮੈਨੂੰ ਪਾਰ ਲੰਘਾਦੇ ਵੇ ਘੜਿਆ ਮਿੰਨਤਾਂ ਤੇਰੀਆਂ ਕਰਦੀ। ਜੇਕਰ ਸੋਹਣੀ ਦਾ ਸਾਥੀ ਘੜਾ ਨਾ ਬਣਦਾ ਤਾਂ ਸ਼ਾਇਦ ਇਸ ਕਹਾਣੀ ਦਾ ਮੂੰਹ-ਮੱਥਾ ਕਿਸੇ ਹੋਰ ਢੰਗ ਦਾ ਹੁੰਦਾ। ਉਸ ਦੀ ਨਣਦ ਨੇ ਦਗਾ ਕਮਾਇਆ ਤੇ ਪੱਕੇ ਦੀ ਥਾਂ ਕੱਚਾ ਰੱਖ ਦਿੱਤਾ। ਇਸ਼ਕ ਵਿੱਚ ਪਾਗਲ ਹੋਈ ਸੋਹਣੀ ਨੂੰ ਕੁਝ ਵੀ ਦਿਖਾਈ ਨਾ ਦਿੱਤਾ; ਨਣਦ ਨੇ ਡਾਢਾ ਕਹਿਰ ਕਮਾਇਆ ਪੱਕਾ ਚੁੱਕ ਕੇ ਕੱਚਾ ਟਿਕਾਇਆ ਪੰਜਾਬਣਾਂ ਜਦੋਂ ਗਿੱਧੇ ਦੇ ਪਿੜ ਵਿੱਚ ਜਾਂਦੀਆਂ ਹਨ ਤਾਂ ਧਰਤੀ ਦੀ ਹਿੱਕ ਹਿਲਾ ਦਿੰਦੀਆਂ ਹਨ; ਘੜਾ ਆਰ ਸੋਹਣੀਏ, ਘੜਾ ਪਾਰ ਸੋਹਣੀਏ ਘੜਾ ਚੁੱਕ ਲੈ ਦੰਦਾਂ ਦੇ ਨਾਲ ਸੋਹਣੀਏ। ਘੜੇ ਨਾਲ ਸਾਡਾ ਅਧਿਆਤਮਕ ਜੀਵਨ ਵੀ ਜੁੜਿਆ ਹੋਇਆ ਹੈ। ਮਹਾਪੁਰਖਾਂ ਨੇ ਉਸ ਨੂੰ ਦ੍ਰਿਸ਼ਟਾਂਤ ਵਜੋਂ ਵੀ ਵਰਤਿਆ ਹੈ। ਗੁਰੂ ਅਮਰਦਾਸ ਜੀ ਨੇ ਫੁਰਮਾਇਆ ਹੈ: ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ॥ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ॥ ਇਹ ਗੱਲ ਨਿਸ਼ਚੇ ਨਾਲ ਆਖੀ ਜਾ ਸਕਦੀ ਹੈ ਕਿ ਸਾਡੇ ਸੱਭਿਆਚਾਰਕ ਜੀਵਨ ਦਾ ਘੜੇ ਤੋਂ ਬਗੈਰ ਅਧਿਐਨ ਅਧੂਰਾ ਹੈ। ਮੁਟਿਆਰ ਦੀ ਜੀਵਨ ਕਹਾਣੀ ਨਾਲ ਜੁੜੇ ਘੜੇ ਬਾਰੇ ਕੁਝ ਹੋਰ ਅਮਰ ਸਤਰਾਂ ’ਤੇ ਇੱਕ ਝਾਤ ਮਾਰ ਲੈਂਦੇ ਹਾਂ; * ਉਸ ਪਾਰ ਮੇਰੇ ਮਾਹੀ ਦਾ ਡੇਰਾ ਘੜਿਆ ਸਾਥ ਨਿਭਾਈਂ ਮੇਰਾ। * ਘੜਾ ਆਰ ਨੂੰ ਵੇ ਘੜਾ ਪਾਰ ਨੂੰ ਵੇ ਘੜਾ ਚੁੱਕਿਆ ਨਾ ਜਾਏ ਮੁਟਿਆਰ ਤੋਂ ਵੇ। * ਘੜਾ ਵੱਜਦਾ ਘੜੋਲੀ ਵੱਜਦੀ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ.. ਅੱਜ ਅਸੀਂ ਆਪਣੀ ਅਮੀਰੀ ਦਾ ਦਿਖਾਵਾ ਕਰਨ ਲਈ ਘੜਿਆਂ ਨੂੰ ਛੱਡ ਫਰਿੱਜਾਂ ਦੇ ਕਾਇਲ ਹੋ ਗਏ ਹਾਂ। ਸਮੇਂ ਦੀ ਤੋਰ ਨਾਲ ਘਰ ਦੇ ਬਰਤਨਾਂ ਵਿੱਚ ਤਬਦੀਲੀ ਆ ਗਈ ਹੈ ਪਰ ਇਹ ਵੀ ਵਿਗਿਆਨ ਨੇ ਸਿੱਧ ਕਰ ਦਿੱਤਾ ਹੈ ਕਿ ਘੜੇ ਦਾ ਪਾਣੀ ਫਿਲਟਰ ਵਾਲੇ ਪਾਣੀ ਨਾਲੋਂ ਕਿਤੇ ਸਿਹਤਮੰਦ ਹੁੰਦਾ ਹੈ। ਇਸੇ ਕਰਕੇ ਘੜੇ ਦੇ ਵੰਨ ਸੁਵੰਨੇ ਮਾਡਲ ਬਾਜ਼ਾਰ ਵਿੱਚ ਉਪਲੱਬਧ ਹੋਣ ਲੱਗ ਪਏ ਹਨ। ਫਰਿੱਜ ਅਤੇ ਕੂਲਰਾਂ ਦੇ ਪਾਣੀ ਨੂੰ ਛੱਡ ਕੇ ਕੁਝ ਲੋਕ ਮੁੜ ਇਸ ਦੀ ਵਰਤੋਂ ਕਰਨ ਲੱਗ ਪਏ ਹਨ। ਇਸ ਤਰ੍ਹਾਂ ਘੜਾ ਪੁਰਾਣੇ ਸਮੇਂ ਤੋਂ ਹੀ ਸਾਡੇ ਜਨ ਜੀਵਨ ਦਾ ਆਧਾਰ ਬਣਿਆ ਹੋਇਆ ਹੈ। ਪਾਠ ਪੂਜਾ ਮੌਕੇ ਵੀ ਕੁੱਜੇ ਜਾਂ ਘੜੇ ਵਿੱਚ ਜਲ ਰੱਖਿਆ ਜਾਂਦਾ ਹੈ ਜਿਸ ਨੂੰ ਅੰੰਮ੍ਰਿਤ ਕਿਹਾ ਜਾਂਦਾ ਹੈ। ਸ਼ੁਭ ਮੌਕਿਆਂ ’ਤੇ ਮਹੂਰਤ ਵੇਲੇ ਕੁੱਜੇ ਵਿੱਚ ਜਲ ਦਾ ਹੋਣਾ ਲਾਜ਼ਮੀ ਮੰਨਿਆ ਜਾਂਦਾ ਹੈ। ਭਾਵ ਸਾਡਾ ਸਾਰਾ ਜੀਵਨ ਕੁੰਭ ਦੁਆਲੇ ਹੀ ਘੁੰਮਦਾ ਹੈ। ਘੜਾ ਅਤੇ ਪਾਣੀ ਸਾਡੀ ਜੀਵਨ ਕਹਾਣੀ ਨੂੰ ਘੜਨ ਵਾਲੇ ਹਨ। ਅੱਜਕੱਲ੍ਹ ਚਾਟੀ, ਚੁੱਲ੍ਹਾ, ਚੱਕੀ, ਚਰਖਾ ਸਭ ਯੰਤਰ ਅਜਾਇਬ ਘਰਾਂ ਦਾ ਸ਼ਿੰਗਾਰ ਬਣ ਗਏ ਹਨ। ਅਜੋਕੀ ਪੀੜ੍ਹੀ ਦੀਆਂ ਬਹੁਤੀਆਂ ਮੁਟਿਆਰਾਂ ਲਈ ਘੜਾ ਚੁੱਕਣਾ ਤਾਂ ਦੂਰ ਦੀ ਗੱਲ ਰਹੀ, ਉਨ੍ਹਾਂ ਨੂੰ ਤਾਂ ਘੜੇ ਦੀਆਂ ਨਿਹਮਤਾਂ ਦਾ ਵੀ ਗਿਆਨ ਨਹੀਂ ਹੈ। ਕਿਸੇ ਨੇ ਠੀਕ ਹੀ ਇਸ ਨੂੰ ਗ਼ਰੀਬਾਂ ਦੀ ਫਰਿੱਜ ਆਖਿਆ ਹੈ।

Loading