ਘੱਲੂਘਾਰਾ ਜੂਨ 84 ਦੌਰਾਨ ਜ਼ਬਤ ਕੀਮਤੀ ਵਸਤਾਂ ਦਾ ਮਾਮਲਾ

In ਮੁੱਖ ਖ਼ਬਰਾਂ
April 01, 2026

ਚੰਡੀਗੜ੍ਹ/ਏ.ਟੀ.ਨਿਊਜ਼: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਲ 1984 ਵਿੱਚ ਹੋਏ ਸਿੱਖ ਘੱਲੂਘਾਰਾ ਜੂਨ 84 ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਅਤੇ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਜ਼ਬਤ ਕੀਤੀਆਂ ਗਈਆਂ ਇਤਿਹਾਸਕ ਤੇ ਧਾਰਮਿਕ ਵਸਤਾਂ ਦੇ ਮਾਮਲੇ ਵਿੱਚ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਅਦਾਲਤ ਨੇ ਇਸ ਸਬੰਧੀ ਕੇਂਦਰ ਸਰਕਾਰ, ਪੰਜਾਬ ਸਰਕਾਰ, ਭਾਰਤੀ ਫ਼ੌਜ ਅਤੇ ਸੀ.ਬੀ.ਆਈ. ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ।
ਕੀ ਹੈ ਪੂਰਾ ਮਾਮਲਾ?
ਪਟੀਸ਼ਨਰ ਸਤਿੰਦਰ ਸਿੰਘ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਸਿੱਖ ਘਲੂਘਾਰਾ ਜੂਨ 84 ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ, ਤੋਸ਼ਾਖਾਨਾ, ਸੈਂਟਰਲ ਸਿੱਖ ਮਿਊਜ਼ੀਅਮ ਅਤੇ ਗੁਰੂ ਰਾਮਦਾਸ ਲਾਇਬ੍ਰੇਰੀ ਤੋਂ ਜੋ ਵੀ ਹੱਥ-ਲਿਖਤਾਂ, ਧਾਰਮਿਕ ਗ੍ਰੰਥ ਅਤੇ ਹੋਰ ਦੁਰਲੱਭ ਚੀਜ਼ਾਂ ਜ਼ਬਤ ਕੀਤੀਆਂ ਗਈਆਂ ਸਨ, ਉਨ੍ਹਾਂ ਦੀ ਜਾਣਕਾਰੀ ਜਨਤਕ ਕੀਤੀ ਜਾਵੇ। ਪਟੀਸ਼ਨਰ ਦੇ ਵਕੀਲ ਨੇ ਅਪੀਲ ਕੀਤੀ ਹੈ ਕਿ ਸਰਕਾਰ ਅਤੇ ਸਬੰਧਤ ਏਜੰਸੀਆਂ ਨੂੰ ਉਨ੍ਹਾਂ ਸਾਰੀਆਂ ਵਸਤਾਂ ਦੀ ਇੱਕ ਵਿਸਤ੍ਰਿਤ ਸੂਚੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਜਾਣ ਜੋ ਜ਼ਬਤ ਕੀਤੀਆਂ ਗਈਆਂ ਸਨ। ਇਹ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਇਤਿਹਾਸਕ ਵਸਤਾਂ ਨੂੰ ਆਮ ਸੰਗਤ ਦੇ ਦਰਸ਼ਨਾਂ ਅਤੇ ਖੋਜਾਰਥੀਆਂ ਦੇ ਅਧਿਐਨ ਲਈ ਜਨਤਕ ਕੀਤਾ ਜਾਣਾ ਚਾਹੀਦਾ ਹੈ। ਪਟੀਸ਼ਨਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਵੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਜੋ ਚੀਜ਼ਾਂ ਵਾਪਸ ਨਹੀਂ ਮਿਲੀਆਂ, ਉਨ੍ਹਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦਾ ਰਵੱਈਆ ਬਹੁਤ ਢਿੱਲਾ ਰਿਹਾ ਹੈ। ਪਟੀਸ਼ਨ ਵਿੱਚ ਚਿੰਤਾ ਜਤਾਈ ਗਈ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਹੱਥਾਂ ਨਾਲ ਲਿਖੇ ਪਾਵਨ ਸਰੂਪ, ਦਸਮ ਗ੍ਰੰਥ ਅਤੇ ਇਤਿਹਾਸਕ ਹੁਕਮਨਾਮੇ ਵਰਗੀਆਂ ਬੇਸ਼ਕੀਮਤੀ ਚੀਜ਼ਾਂ ਗੁੰਮ ਹੋ ਚੁੱਕੀਆਂ ਹਨ, ਪਰ ਅਜੇ ਤੱਕ ਇਸ ਸਬੰਧੀ ਕੋਈ ਐਫ.ਆਈ.ਆਰ. ਦਰਜ ਨਹੀਂ ਕਰਵਾਈ ਗਈ।
ਹਾਈਕੋਰਟ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਂਦਰ, ਪੰਜਾਬ ਸਰਕਾਰ, ਸੀ.ਬੀ.ਆਈ. ਅਤੇ ਫ਼ੌਜ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਹੁਣ ਇਨ੍ਹਾਂ ਸਾਰੀਆਂ ਧਿਰਾਂ ਨੂੰ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕਰਨਾ ਹੋਵੇਗਾ ਕਿ ਅਸਲ ਵਿੱਚ ਕਿਹੜੀਆਂ ਚੀਜ਼ਾਂ ਜ਼ਬਤ ਹੋਈਆਂ ਸਨ ਅਤੇ ਇਸ ਵੇਲੇ ਉਹ ਕਿੱਥੇ ਹਨ। ਇਥੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਪਿਛਲੇ ਲੰਮੇ ਸਮੇਂ ਤੋਂ ਇਹ ਦਾਅਵਾ ਕਰਦੀ ਆ ਰਹੀ ਹੈ ਕਿ: ਕੇਂਦਰ ਸਰਕਾਰ ਅਤੇ ਫੌਜ ਨੇ ਲਾਇਬ੍ਰੇਰੀ ਦਾ ਸਾਰਾ ਸਾਮਾਨ ਵਾਪਸ ਨਹੀਂ ਕੀਤਾ। ਕਈ ਵਾਰ ਚਿੱਠੀ-ਪੱਤਰ ਕਰਨ ਦੇ ਬਾਵਜੂਦ ਸਰਕਾਰ ਇਹ ਕਹਿ ਕੇ ਪੱਲਾ ਝਾੜ ਲੈਂਦੀ ਰਹੀ ਹੈ ਕਿ ਸਾਮਾਨ ਵਾਪਸ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਨੇ 1984 ਵਿੱਚ ਹੋਏ ਨੁਕਸਾਨ ਲਈ ਅਦਾਲਤ ਵਿੱਚ ਕਰੋੜਾਂ ਰੁਪਏ ਦੇ ਹਰਜਾਨੇ ਦਾ ਕੇਸ ਵੀ ਪਹਿਲਾਂ ਹੀ ਦਾਇਰ ਕੀਤਾ ਹੋਇਆ ਹੈ, ਜੋ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਸ਼੍ਰੋਮਣੀ ਕਮੇਟੀ ਅਕਸਰ ਇਹ ਕਹਿੰਦੀ ਹੈ ਕਿ ਕੇਂਦਰੀ ਏਜੰਸੀਆਂ ਸਿੱਖ ਸੰਸਥਾ ਨੂੰ ਬਦਨਾਮ ਕਰਨ ਲਈ ਅਜਿਹਾ ਭੰਬਲਭੂਸਾ ਪੈਦਾ ਕਰਦੀਆਂ ਹਨ ਕਿ ਸਾਮਾਨ ਵਾਪਸ ਕਰ ਦਿੱਤਾ ਗਿਆ ਹੈ, ਜਦਕਿ ਅਸਲ ਵਿੱਚ ਬਹੁਤ ਸਾਰਾ ਕੀਮਤੀ ਸਰਮਾਇਆ ਅਜੇ ਵੀ ਵਾਪਸ ਨਹੀਂ ਮਿਲਿਆ।
ਸ਼੍ਰੋਮਣੀ ਅਨੁਸਾਰ ਹੇਠ ਲਿਖੀਆਂ ਮੁੱਖ ਚੀਜ਼ਾਂ ਅਜੇ ਵੀ ਲਾਪਤਾ ਹਨ ਜਾਂ ਸਰਕਾਰ/ਸੀਬੀਆਈ ਕੋਲ ਹਨ:

  1. ਦੁਰਲੱਭ ਹੱਥ-ਲਿਖਤ ਸਰੂਪ
    ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਗੁਰੂ ਸਾਹਿਬਾਨ ਦੇ ਸਮੇਂ ਦੇ ਕਈ ਹੱਥ-ਲਿਖਤ ਪਾਵਨ ਸਰੂਪ ਸਨ। ਸ਼੍ਰੋਮਣੀ ਕਮੇਟੀ ਮੁਤਾਬਕ ਲਗਭਗ 512 ਪਾਵਨ ਸਰੂਪ ਫੌਜ ਵੱਲੋਂ ਚੁੱਕੇ ਗਏ ਸਨ, ਜਿਨ੍ਹਾਂ ਵਿੱਚੋਂ ਬਹੁਤ ਘੱਟ ਵਾਪਸ ਮਿਲੇ ਹਨ।
    ਗੁਰੂ ਸਾਹਿਬਾਨ ਦੇ ਹੱਥਾਂ ਨਾਲ ਲਿਖੀਆਂ ਕੁਝ ਦੁਰਲੱਭ ਪੋਥੀਆਂ ਅਤੇ ਬੀੜਾਂ ਅਜੇ ਵੀ ਗੁੰਮ ਹਨ।
    ਗੁਰੂ ਸਾਹਿਬਾਨ ਵੱਲੋਂ ਵੱਖ-ਵੱਖ ਸਮਿਆਂ ’ਤੇ ਸੰਗਤਾਂ ਦੇ ਨਾਂ ਜਾਰੀ ਕੀਤੇ ਗਏ ਅਸਲ ਹੁਕਮਨਾਮੇ ਵੀ ਲਾਇਬ੍ਰੇਰੀ ਦਾ ਹਿੱਸਾ ਸਨ। ਇਨ੍ਹਾਂ ਦੀ ਇਤਿਹਾਸਕ ਮਹੱਤਤਾ ਬਹੁਤ ਜ਼ਿਆਦਾ ਹੈ ਅਤੇ ਇਨ੍ਹਾਂ ਵਿੱਚੋਂ ਕਈ ਅਜੇ ਤੱਕ ਵਾਪਸ ਨਹੀਂ ਆਏ।
    ਸਿੱਖ ਇਤਿਹਾਸ, ਮਿਸਲਾਂ ਦੇ ਸਮੇਂ ਦੇ ਦਸਤਾਵੇਜ਼, ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸਬੰਧਤ ਮਹੱਤਵਪੂਰਨ ਕਾਗਜ਼ਾਤ।ਵੱਖ-ਵੱਖ ਵਿਦਵਾਨਾਂ ਅਤੇ ਸਿੱਖ ਸ਼ਖਸੀਅਤਾਂ ਦੀਆਂ ਚਿੱਠੀਆਂ ਅਤੇ ਡਾਇਰੀਆਂ।
    ਹਾਲਾਂਕਿ ਤੋਸ਼ਾਖਾਨੇ ਦੀਆਂ ਕੁਝ ਵਸਤਾਂ ਨੂੰ ਨੁਕਸਾਨ ਪਹੁੰਚਿਆ ਸੀ, ਪਰ ਸ਼੍ਰੋਮਣੀ ਕਮੇਟੀ ਦਾ ਮੰਨਣਾ ਹੈ ਕਿ ਕੁਝ ਕੀਮਤੀ ਇਤਿਹਾਸਕ ਨਿਸ਼ਾਨੀਆਂ ਜੋ ਫੌਜ ਵੱਲੋਂ ਕਬਜ਼ੇ ਵਿੱਚ ਲਈਆਂ ਗਈਆਂ ਸਨ, ਉਹ ਪੂਰੀ ਤਰ੍ਹਾਂ ਵਾਪਸ ਨਹੀਂ ਕੀਤੀਆਂ ਗਈਆਂ।
    ਦੂਜੇ ਪਾਸੇ ਕੇਂਦਰ ਸਰਕਾਰ ਅਤੇ ਸੀ.ਬੀ.ਆਈ. ਕਈ ਵਾਰ ਇਹ ਕਹਿ ਚੁੱਕੀ ਹੈ ਕਿ ਉਨ੍ਹਾਂ ਨੇ ਜ਼ਬਤ ਕੀਤਾ ਗਿਆ ਸਾਰਾ ਸਾਮਾਨ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਦਿੱਤਾ ਹੈ ਜਾਂ ਉਹ ਕਾਰਵਾਈ ਦੌਰਾਨ ਸੜ ਕੇ ਸੁਆਹ ਹੋ ਗਿਆ ਸੀ। ਸ਼੍ਰੋਮਣੀ ਕਮੇਟੀ ਇਸ ਦਾਅਵੇ ਨੂੰ ਨਕਾਰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਸਿਰਫ ਕੁਝ ਅਖ਼ਬਾਰਾਂ ਦੀਆਂ ਕਾਪੀਆਂ, ਰਸਾਲੇ ਅਤੇ ਆਮ ਕਿਤਾਬਾਂ ਹੀ ਵਾਪਸ ਕੀਤੀਆਂ ਹਨ, ਜਦਕਿ ਸਭ ਤੋਂ ਮਹੱਤਵਪੂਰਨ ‘ਹੱਥ-ਲਿਖਤ ਖਜ਼ਾਨਾ’ ਅਜੇ ਵੀ ਉਨ੍ਹਾਂ ਦੇ ਕਬਜ਼ੇ ਵਿੱਚ ਹੈ ਜਾਂ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ।

Loading