ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਉਟਾਹ ਦੇ ਗਵਰਨਰ ਸਪੈਨਸਰ ਕਾਕਸ ਨੇ ਕਿਹਾ ਹੈ ਕਿ ਕੰਜਰਵੇਟਿਵ ਕਾਰਕੁੰਨ ਚਾਰਲੀ ਕਿਰਕ ਦੀ ਹੱਤਿਆ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸ਼ੱਕੀ ਟਾਇਲਰ ਰਾਬਿਨਸਨ ਜਾਂਚ ਵਿੱਚ ਐਫ਼. ਬੀ. ਆਈ. ਨਾਲ ਸਹਿਯੋਗ ਨਹੀਂ ਕਰ ਰਿਹਾ ਪਰੰਤੂ ਉਸ ਨਾਲ ਜੁੜੇ ਲੋਕ ਸਹਿਯੋਗ ਕਰ ਰਹੇ ਹਨ। ਸਹਿਯੋਗ ਕਰਨ ਵਾਲਿਆਂ ਵਿੱਚ ਰਾਬਿਨਸਨ ਦੀ ਸਹੇਲੀ ਵੀ ਸ਼ਾਮਿਲ ਹੈ ਜਿਸ ਨਾਲ 22 ਸਾਲਾ ਰਾਬਿਨਸਨ ਰਹਿੰਦਾ ਸੀ। ਕਾਕਸ ਅਨੁਸਾਰ ਰਾਬਿਨਸਨ ਦੇ ਨੇੜਲੇ ਲੋਕਾਂ ਵੱਲੋਂ ਸਹਿਯੋਗ ਕਰਨਾ ਮਹੱਤਵਪੂਰਨ ਹੈ। ਇਸ ਮਾਮਲੇ ਵਿੱਚ ਉਸ ਦੇ ਨਜ਼ਦੀਕੀਆਂ ਦਾ ਸਹਿਯੋਗ ਫੈਸਲਾਕੁੰਨ ਸਾਬਤ ਹੋਵੇਗਾ। ਕਾਕਸ ਨੇ ਕਿਹਾ ਕਿ ਰਾਬਿਨਸਨ ਦਾ ਪਾਲਣ ਪੋਸਣ ਧਾਰਮਿਕ ਮਾਪਿਆਂ ਦੁਆਰਾ ਕੀਤਾ ਗਿਆ ਪਰੰਤੂ ਉਸ ਦੀ ਵਿਚਾਰਧਾਰਾ ਆਪਣੇ ਮਾਪਿਆਂ ਨਾਲੋਂ ਬਹੁਤ ਵੱਖਰੀ ਹੈ। ਗਵਰਨਰ ਨੇ ਵੱਖਰੀ ਵਿਚਾਰਧਾਰਾ ਬਾਰੇ ਹੋਰ ਵਿਸਥਾਰ ਨਹੀਂ ਦਿੱਤਾ। ਪਿਛਲੇ ਹਫਤੇ ਉਟਾਹ ਕਾਲਜ ਕੈਂਪਸ ਵਿੱਚ ਕਿਰਕ ਦੀ ਹੋਈ ਹੱਤਿਆ ਨੇ ਕੌਮੀ ਪੱਧਰ ’ਤੇ ਰਾਜਸੀ ਹਿੰਸਾ ਦੇ ਮੁੱਦੇ ’ਤੇ ਬਹਿਸ ਛੇੜ ਦਿੱਤੀ ਹੈ। ਆਉਣ ਵਾਲੇ ਸਮੇਂ ਵਿੱਚ ਵੀ ਇਹ ਮੁੱਦਾ ਗਰਮਾਇਆ ਰਹਿਣ ਦੀ ਸੰਭਾਵਨਾ ਹੈ। ਉਧਰ ਕੈਨੇਡੀ ਸੈਂਟਰ ਵਾਸ਼ਿੰਗਟਨ ਵਿੱਚ ਕਿਰਕ ਦੇ ਆਖਰੀ ਦਰਸ਼ਨਾਂ ਲਈ ਭਾਰੀ ਭੀੜ ਇਕੱਠੀ ਹੋਈ। ਕੁਝ ਨੇ ਆਪਣੀਆਂ ਟੋਪੀਆਂ ਤੇ ਟੀ ਸ਼ਰਟਾਂ ਉਪਰ ਮੇਕ ਅਮੈਰਿਕਾ ਗਰੇਟ ਅਗੇਨ ਵਰਗੇ ਵੰਨ ਸਵੰਨੇ ਨਾਅਰੇ ਲਿਖੇ ਹੋਏ ਸਨ। ਕੈਨੇਡੀ ਸੈਂਟਰ ਦੇ ਬਾਹਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਕਿਰਕ ਦੀ ਮੌਤ ਉਪਰ ਸੋਗ ਮਨਾ ਰਹੇ ਲੋਕਾਂ ਦਾ ਮੰਨਣਾ ਹੈ ਕਿ ਕਿਰਕ ਦੀ ਮੌਤ ਇੱਕ ਟਰਨਿੰਗ ਪੁਆਇੰਟ ਸਾਬਤ ਹੋਵੇਗੀ। ਕੁਝ ਲੋਕ ਤਾਂ ਇਹ ਵੀ ਮੰਨਦੇ ਹਨ ਕਿ ਜੇਕਰ ਕਿਰਕ ਵਰਗੇ ਲੋਕ ਰਿਪਬਲੀਕਨ ਪਾਰਟੀ ਵਿੱਚ ਨਾ ਹੁੰਦੇ ਤਾਂ ਡੋਨਾਲਡ ਟਰੰਪ ਲਈ ਸੱਤਾ ਉੱਪਰ ਆਉਣਾ ਅਸੰਭਵ ਸੀ।